ਪੱਤਰ ਪ੍ਰੇਰਕ
ਮਾਛੀਵਾੜਾ, 7 ਸਤੰਬਰ
ਸਥਾਨਕ ਪੁਲੀਸ ਨੇ ਕੈਨੇਡਾ ਭੇਜਣ ਲਈ ਧੋਖਾਧੜੀ ਕਰਨ ਦੇ ਕਥਿਤ ਦੋਸ਼ ਹੇਠ ਸਤਵਿੰਦਰ ਕੌਰ ਔਜਲਾ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਰਾਜਪਾਲ ਸਿੰਘ ਵਾਸੀ ਇੰਦਰਾ ਕਾਲੋਨੀ ਨੇ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਕਿ ਸਤਵਿੰਦਰ ਕੌਰ ਔਜਲਾ ਜਿਸ ਨੇ ਮਾਛੀਵਾੜਾ ਵਿੱਚ ਘਰ ’ਚ ਹੀ ਆਪਣਾ ਦਫ਼ਤਰ ਬਣਾਇਆ ਹੋਇਆ ਹੈ। ਔਜਲਾ ਨੇ ਨਵੰਬਰ 2022 ਉਸ ਨੂੰ ਕੈਨੇਡਾ ਵਰਕ ਪਰਮਿਟ ’ਤੇ ਭੇਜਣ ਲਈ 10 ਲੱਖ ਰੁਪਏ ਮੰਗੇ। ਉਸ ਨੇ ਪਾਸਪੋਰਟ ਅਤੇ 80 ਹਜ਼ਾਰ ਰੁਪਏ ਐਡਵਾਂਸ ਦੇ ਦਿੱਤੇ। ਮਗਰੋਂ ਉਸ ਨੇ 40 ਹਜ਼ਾਰ ਰੁਪਏ ਹੋਰ ਉਸ ਦੇ ਖਾਤੇ ਵਿਚ ਪਾ ਦਿੱਤੇ। ਮਗਰੋਂ ਟਰੈਵਲ ਏਜੰਟ ਮਹਿਲਾ ਨੇ ਉਸ ਨੂੰ ਦਿੱਲੀ ਤੋਂ ਵੈਨਕੂਵਰ ਦੀ ਟਿਕਟ ਦੇ ਕੇ ਅਤੇ ਉਸ ਨੇ 25 ਹਜ਼ਾਰ ਰੁਪਏ ਹੋਰ ਮਹਿਲਾ ਨੂੰ ਦੇ ਦਿੱਤੇ। ਸ਼ਿਕਾਇਤਕਰਤਾ ਨੇ ਕਿਹਾ ਕਿ ਜਦੋਂ ਉਸ ਦਾ ਪਾਸਪੋਰਟ ਆਇਆ ਤਾਂ ਉਸ ਨੇ ਦੇਖਿਆ ਕਿ ਉਸ ’ਤੇ ਕੈਨੇਡਾ ਦਾ ਕੋਈ ਵੀਜ਼ਾ ਨਹੀਂ ਲੱਗਿਆ ਸੀ ਅਤੇ ਜੋ ਉਸ ਨੇ ਟਿਕਟ ਦਿੱਤੀ ਸੀ, ਉਹ ਜਾਅਲੀ ਨਿਕਲੀ। ਔਰਤ ਨੇ ਮਗਰੋਂ ਉਸ ਨੂੰ 2 ਚੈੱਕ ਅਤੇ ਬਾਕੀ ਪੈਸੇ ਜਲਦ ਵਾਪਸ ਕਰਨ ਦਾ ਵਾਅਦਾ ਕੀਤਾ। ਚੈੱਕ ਬਾਊਂਸ ਹੋਣ ’ਤੇ ਮਹਿਲਾ ਟ੍ਰੈਵਲ ਏਜੰਟ ਦੇ ਘਰ ਜਾਣ ’ਤੇ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ। ਮਹਿਲਾ ਟ੍ਰੈਵਲ ਏਜੰਟ ਨੇ ਦਪਿੰਦਰਦੀਪ ਸਿੰਘ, ਹਰਮੀਤ ਕੌਰ ਵਾਸੀ ਜੋਗਿਆਨਾ ਕਾਲੋਨੀ, ਪਠਾਨਕੋਟ ਨਾਲ ਵੀ ਧੋਖਾਧੜੀ ਕੀਤੀ ਹੈ। ਪੁਲੀਸ ਜ਼ਿਲ੍ਹਾ ਖੰਨਾ ਦੇ ਉੱਚ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਉਪਰੰਤ ਮਾਛੀਵਾੜਾ ਪੁਲੀਸ ਨੂੰ ਨਿਰਦੇਸ਼ ਦਿੱਤੇ ਕਿ ਸਤਵਿੰਦਰ ਕੌਰ ਖਿਲਾਫ਼ ਕੇਸ ਦਰਜ ਕੀਤਾ ਜਾਵੇ। ਸਬ-ਇੰਸਪੈਕਟਰ ਸੰਤੋਖ ਸਿੰਘ ਨੇ ਦੱਸਿਆ ਕਿ ਪੁਲੀਸ ਵਲੋਂ ਕੇਸ ਦਰਜ ਕਰ ਲਿਆ ਗਿਆ ਹੈ ਪਰ ਇਸ ਸਬੰਧੀ ਅਜੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ।