ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 21 ਸਤੰਬਰ
ਵੱਖ ਵੱਖ ਥਾਣਿਆਂ ਦੀ ਪੁਲੀਸ ਵੱਲੋਂ ਅਣ ਅਧਿਕਾਰਤ ਕਾਲੋਨੀ ਕੱਟਣ ਦੇ ਦੋਸ਼ ਤਹਿਤ ਦੋ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਥਾਣਾ ਫੋਕਲ ਪੁਆਇੰਟ ਦੇ ਥਾਣੇਦਾਰ ਗੁਰਦਿਆਲ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਵਧੀਕ ਮੁੱਖ ਪ੍ਰਸਾਸ਼ਕ ਗਲਾਡਾ ਦਫ਼ਤਰ ਦੇ ਜੂਨੀਅਰ ਇੰਜਨੀਅਰ (ਰੈਗੂਲੇਟਰੀ) ਵਰਿੰਦਰ ਸਿੰਘ ਦੀ ਸ਼ਿਕਾਇਤ ’ਤੇ ਪਿੰਕੀ ਗੁਪਤਾ ਪਤਨੀ ਪ੍ਰਦੀਪ ਕੁਮਾਰ ਗੁਪਤਾ ਵਾਸੀ ਚੰਬਲ ਘਾਟੀ ਢੰਡਾਰੀ ਕਲਾਂ ਖ਼ਿਲਾਫ਼ ਸਰਕਾਰੀ ਹੁਕਮਾਂ ਦੀ ਉਲੰਘਣਾ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਕੀ ਗੁਪਤਾ ਵੱਲੋਂ ਪਿੰਡ ਜੰਡਿਆਲੀ ਦੀ ਜ਼ਮੀਨ ਵਿੱਚ ਰਤਨ ਇਨਕਲੇਵ ਨਾਮ ਦੀ ਅਣ-ਅਧਿਕਾਰਤ ਕਲੋਨੀ ਕੱਟੀ ਗਈ ਹੈ ਜੋ ਕਿ ਪੀਏਪੀਆਰਏ ਦੀ ਉਲੰਘਣਾ ਹੈ।
ਇਸੇ ਤਰ੍ਹਾਂ ਥਾਣਾ ਜਮਾਲਪੁਰ ਦੇ ਥਾਣੇਦਾਰ ਜਤਿੰਦਰ ਕੁਮਾਰ ਨੇ ਦੱਸਿਆ ਹੈ ਕਿ ਵਧੀਕ ਮੁੱਖ ਪ੍ਰਸ਼ਾਸਕ ਦਫ਼ਤਰ ਦੇ ਜੂਨੀਅਰ ਇੰਜੀਨੀਅਰ (ਰੈਗੂਲੇਟਰੀ) ਕਰਨ ਅਗਰਵਾਲ ਦੀ ਸ਼ਿਕਾਇਤ ’ਤੇ ਅਮਿਤ ਸ਼ਰਮਾ ਪੁੱਤਰ ਰੋਸ਼ਨ ਲਾਲ ਸ਼ਰਮਾ, ਉਸ ਦੇ ਭਰਾ ਗੌਰਵ ਸ਼ਰਮਾ ਅਤੇ ਰਾਜੇਸ਼ ਕੁਮਾਰ ਸ਼ਰਮਾ ਪੁੱਤਰ ਵਿਜੈ ਕੁਮਾਰ ਵਾਸੀਆਨ ਫੇਸ-2, ਅਰਬਨ ਅਸਟੇਟ, ਜਮਾਲਪੁਰ ਖ਼ਿਲਾਫ਼ ਵੀ ਸਰਕਾਰੀ ਹੁਕਮਾਂ ਦੀ ਉਲੰਘਣਾ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਗਿਆ ਹੈ ਕਿਉਂਕਿ ਇਨ੍ਹਾਂ ਵੱਲੋਂ ਪਿੰਡ ਤਾਜਪੁਰ ਤਹਿਸੀਲ ਲੁਧਿਆਣਾ ਪੂਰਬੀ ਦੀ ਜ਼ਮੀਨ ਵਿੱਚ ਐਚਆਰ ਇਨਕਲੇਵ ਨਾਮ ਦੀ ਅਣ-ਅਧਿਕਾਰਤ ਕਲੋਨੀ ਕੱਟੀ ਗਈ ਹੈ।