ਕੱਟੜਪੰਥੀਆਂ ਖ਼ਿਲਾਫ਼ ਇਕਜੁੱਟ ਹੋਣ ਦਾ ਸੱਦਾ
ਜਮਹੂਰੀ ਅਧਿਕਾਰ ਸਭਾ ਪੰਜਾਬ (ਜ਼ਿਲ੍ਹਾ ਲੁਧਿਆਣਾ) ਦੀ ਮੀਟਿੰਗ ਸਥਾਨਕ ਬੀਬੀ ਅਮਰ ਕੌਰ ਯਾਦਗਾਰੀ ਲਾਇਬ੍ਰੇਰੀ ਵਿੱਚ ਜਸਵੰਤ ਜ਼ੀਰਖ ਦੀ ਪ੍ਰਧਾਨਗੀ ਹੇਠ ਹੋਈ। ਇਸ ਸਮੇਂ ਦੇਸ਼ ਵਿੱਚ ਸਰਕਾਰੀ ਸਰਪ੍ਰਸਤੀ ਹੇਠ ਪਨਪ ਰਹੀ ਫ਼ਿਰਕਾਪ੍ਰਸਤੀ ਸਣੇ ਬਾਬਾ ਬੁੱਲ੍ਹੇ ਸ਼ਾਹ ਦੀ ਮਸੂਰੀ (ਉੱਤਰਾਖੰਡ) ਵਿੱਚ ਬਣੀ...
ਜਮਹੂਰੀ ਅਧਿਕਾਰ ਸਭਾ ਪੰਜਾਬ (ਜ਼ਿਲ੍ਹਾ ਲੁਧਿਆਣਾ) ਦੀ ਮੀਟਿੰਗ ਸਥਾਨਕ ਬੀਬੀ ਅਮਰ ਕੌਰ ਯਾਦਗਾਰੀ ਲਾਇਬ੍ਰੇਰੀ ਵਿੱਚ ਜਸਵੰਤ ਜ਼ੀਰਖ ਦੀ ਪ੍ਰਧਾਨਗੀ ਹੇਠ ਹੋਈ। ਇਸ ਸਮੇਂ ਦੇਸ਼ ਵਿੱਚ ਸਰਕਾਰੀ ਸਰਪ੍ਰਸਤੀ ਹੇਠ ਪਨਪ ਰਹੀ ਫ਼ਿਰਕਾਪ੍ਰਸਤੀ ਸਣੇ ਬਾਬਾ ਬੁੱਲ੍ਹੇ ਸ਼ਾਹ ਦੀ ਮਸੂਰੀ (ਉੱਤਰਾਖੰਡ) ਵਿੱਚ ਬਣੀ ਮਜ਼ਾਰ ਤੋੜਨ ਦਾ ਗੰਭੀਰ ਨੋਟਿਸ ਲਿਆ ਗਿਆ। ਸਭਾ ਦੇ ਸੂਬਾ ਪ੍ਰਧਾਨ ਪ੍ਰੋ. ਜਗਮੋਹਣ ਸਿੰਘ ਨੇ ਕਿਹਾ ਕਿ ਧਰਮਾਂ ਦੇ ਆਧਾਰ ’ਤੇ ਫ਼ਿਰਕਾਪ੍ਰਸਤ ਧਾਰਮਿਕ ਕੱਟੜਪੰਥੀ ਆਪਣੇ ਫ਼ਿਰਕੂ ਏਜੰਡੇ ਲਾਗੂ ਕਰ ਕੇ, ਸੌੜੇ ਸਿਆਸੀ ਮੰਤਵਾਂ ਲਈ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਬਾਬਾ ਬੁੱਲੇ ਸ਼ਾਹ ਦੀ ਸ਼ਾਇਰੀ ਉਸ ਵੇਲੇ ਵੀ ਇਨਸਾਨੀਅਤ ਦੇ ਦੁਸ਼ਮਣਾਂ ਨੂੰ ਵੰਗਾਰਦੀ ਰਹੀ ਹੈ ਅਤੇ ਇਹ ਅੱਜ ਵੀ ਓਨੀ ਹੀ ਸਾਰਥਿਕ ਹੈ। ਉਨ੍ਹਾਂ ਕੱਟੜਪੰਥੀਆਂ ਦੇ ਇਨਸਾਨੀਅਤ ਵਿਰੋਧੀ ਮਨਸੂਬੇ ਚਕਨਾਚੂਰ ਕਰਨ ਲਈ ਦੇਸ਼ ਦੀਆਂ ਲੋਕ-ਪੱਖੀ ਜਥੇਬੰਦੀਆਂ ਨੂੰ ਇਸ ਖ਼ਿਲਾਫ਼ ਅੱਗੇ ਆਉਣ ’ਤੇ ਜ਼ੋਰ ਦਿੰਦਿਆਂ ਮਜ਼ਾਰ ਤੋੜਨ ਕਰਨ ਵਾਲਿਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕੀਤੀ।
ਇਸ ਸਮੇਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਵਿੱਚ ਨਾਕਾਮ ਰਹਿ ਰਹੀਆਂ ਕੇਂਦਰ ਤੇ ਪੰਜਾਬ ਸਰਕਾਰਾਂ ਤੋਂ ਸਵਾਲ ਪੁੱਛਣ, ਲੋਕ ਹਿਤ ’ਚ ਸੰਘਰਸ਼ ਕਰ ਰਹੇ ਕਾਰਕੁਨਾਂ, ਪੱਤਰਕਾਰਾਂ ਉੱਪਰ ਝੂਠੇ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਜੇਲ੍ਹੀਂ ਬੰਦ ਕਰਨ ਦੇ ਇਰਾਦਿਆਂ ਖ਼ਿਲਾਫ਼ ਉੱਠ ਰਹੀ ਆਵਾਜ਼ ਦਾ ਸਮਰਥਨ ਕਰਨ ਦਾ ਵੀ ਸੱਦਾ ਦਿੱਤਾ। ਮੀਟਿੰਗ ਵਿੱਚ ਪ੍ਰੋ. ਏ ਕੇ ਮਲੇਰੀ, ਡਾ. ਹਰਬੰਸ ਗਰੇਵਾਲ, ਡਾ. ਦਰਸ਼ਨ ਖੇੜੀ, ਅਜਮੇਰ ਦਾਖਾ, ਐਡਵੋਕੇਟ ਨਰਿੰਦਰ ਸਿੰਘ, ਐਡਵੋਕੇਟ ਹਰਪ੍ਰੀਤ ਜ਼ੀਰਖ, ਸੁਰਜੀਤ ਸਿੰਘ, ਉਜਾਗਰ ਸਿੰਘ ਬੱਦੋਵਾਲ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।

