ਮੁਲਾਜ਼ਮ ਮਾਰੂ ਫ਼ੈਸਲਿਆਂ ਖ਼ਿਲਾਫ਼ ਲੜਨ ਦਾ ਸੱਦਾ
ਲੁਧਿਆਣਾ ਵਿੱਚ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਵੱਖ-ਵੱਖ ਥਾਵਾਂ ’ਤੇ ਸਮਾਗਮ
ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਵੱਖ-ਵੱਖ ਮਜ਼ਦੂਰ ਸੰਗਠਨਾਂ ਵੱਲੋਂ ਸਮਾਗਮ ਕਰਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਮਜ਼ਦੂਰਾਂ ਦੇ ਹੱਕਾਂ ਦੀ ਰੱਖਿਆ ਕਰਨ ਦਾ ਸੰਕਲਪ ਕੀਤਾ ਗਿਆ। ਕਾਰਖਾਨਾ ਮਜ਼ਦੂਰ ਯੂਨੀਅਨ ਅਤੇ ਟੈਕਸਟਾਇਲ ਹੌਜਰੀ ਕਾਮਗਾਰ ਯੂਨੀਅਨ ਵੱਲੋਂ ਨੌਜਵਾਨ ਭਾਰਤ ਸਭਾ ਦੇ ਸਹਿਯੋਗ ਨਾਲ ਤਾਜਪੁਰ ਰੋਡ ਵਿੱਖੇ ਮਜ਼ਦੂਰ ਦਿਵਸ ਕਾਨਫਰੰਸ ਕੀਤੀ ਗਈ। ਇਸ ਵਿੱਚ ਪ੍ਰਧਾਨ ਲਖਵਿੰਦਰ, ਮਜ਼ਦੂਰ ਆਗੂ ਵਿਸ਼ਵਨਾਥ, ਰਵਿੰਦਰ ਕੌਰ, ਰਾਜਵਿੰਦਰ ਅਤੇ ਵਿਦਿਆਰਥੀ ਆਗੂ ਸਾਰਾਹ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਅੱਜ ਭਾਰਤ ਵਿੱਚ ਮਜ਼ਦੂਰ ਲਹਿਰ ਦੀ ਕਮਜ਼ੋਰੀ ਦੀ ਹਾਲਤ ਵੇਖਦਿਆਂ ਮਜ਼ਦੂਰਾਂ, ਕਿਰਤੀਆਂ ਉੱਤੇ ਸਰਮਾਏਦਾਰ ਜਮਾਤ ਵੱਲੋਂ ਤਿੱਖਾ ਆਰਥਿਕ ਤੇ ਸਿਆਸੀ ਹੱਲਾ ਬੋਲਿਆ ਜਾ ਰਿਹਾ ਹੈ ਅਤੇ ਮਜ਼ਦੂਰਾਂ ਦੇ ਕਾਨੂੰਨੀ ਕਿਰਤ ਹੱਕ ਵੀ ਖੋਹੇ ਜਾ ਰਹੇ ਹਨ। ਸੰਸਾਰੀਕਰਨ-ਉਦਾਰੀਕਰਨ-ਨਿੱਜੀਕਰਨ ਦੀਆਂ ਨੀਤੀਆਂ ਧੜਾਧੜ ਲਾਗੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਅੱਠ ਘੰਟੇ ਕੰਮ ਦਿਹਾੜੀ, ਤਨਖਾਹ ਵਾਧੇ ਅਤੇ ਹੋਰ ਮੰਗਾਂ ਲਈ ਛਿੜੇ ਮਜ਼ਦੂਰ ਸੰਘਰਸ਼ ਨੂੰ ਹੋਰ ਹੁਲਾਰਾ ਦੇ ਕੇ ਇਸ ਵਿੱਚ ਸ਼ਾਮਲ ਹੋਣ ਦੀ ਲੋੜ ਹੈ। ਇਸ ਮੌਕੇ ‘ਇੱਕ ਮਜ਼ਦੂਰ ਦੀ ਮੌਤ’ ਨਾਟਕ ਪੇਸ਼ ਕੀਤਾ ਗਿਆ। ਇਲਾਕੇ ’ਚ ਪੈਦਲ ਝੰਡਾ ਮਾਰਚ ਕੀਤਾ ਗਿਆ।
ਸੀ ਟੀ ਯੂ ਪੰਜਾਬ ਦੇ ਬੈਨਰ ਹੇਠ ਲਾਲ ਝੰਡਾ ਬਜਾਜ ਸੰਨਜ਼ ਮਜ਼ਦੂਰ ਯੂਨੀਅਨ ਵੱਲੋਂ ਬਜਾਜ ਸੰਨਜ਼ ਫੈਕਟਰੀ ਦੇ ਮੁੱਖ ਗੇਟ ਅੱਗੇ ਲਾਲ ਝੰਡਾ ਲਹਿਰਾਇਆ ਗਿਆ ਅਤੇ ਮਜ਼ਦੂਰ ਏਕਤਾ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੀ ਟੀ ਯੂ ਪੰਜਾਬ ਦੇ ਸੀਨੀਅਰ ਆਗੂ ਮੰਗਤ ਰਾਮ ਪਾਸਲਾ, ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਅਤੇ ਕਾ. ਜਗਦੀਸ਼ ਚੰਦ ਨੇ ਸੰਬੋਧਨ ਕੀਤਾ। ਉਨ੍ਹਾਂ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਆਪਣੇ ਹੱਕਾਂ ਦੀ ਰੱਖਿਆ ਲਈ ਇਕੱਠੇ ਹੋਣ ਅਤੇ ਜਥੇਬੰਦੀ ਦੀ ਤਾਕਤ ਨੂੰ ਮਜ਼ਬੂਤ ਕਰਨ। ਭਾਜਪਾ ਵੱਲੋਂ ਮਜ਼ਦੂਰ ਦਿਵਸ ਸਬੰਧੀ ਸਮਾਗਮ ਕੀਤਾ ਗਿਆ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਮਜ਼ਦੂਰਾਂ ਦੇ ਅਧਿਕਾਰਾਂ ਦੀ ਰੱਖਿਆ ਅਤੇ ਉਨ੍ਹਾਂ ਦੇ ਸਤਿਕਾਰ ਨੂੰ ਸਭ ਤੋਂ ਵੱਧ ਤਰਜੀਹ ਦੇਣ ਦੀ ਗੱਲ ਵੀ ਦੁਹਰਾਈ।
ਇਸੇ ਤਰ੍ਹਾਂ ਪੀ ਏ ਯੂ ਐਂਪਲਾਈਜ਼ ਯੂਨੀਅਨ, ਪੀ ਏ ਯੂ ਫੌਰਥ ਕਲਾਸ ਵਰਕਰਜ਼ ਯੂਨੀਅਨ ਅਤੇ ਪੀ ਏ ਯੂ ਪੈਨਸ਼ਨਰ ਅਤੇ ਰਿਟਾਇਰੀਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਪੀ ਏ ਯੂ ਸਥਿਤ ਯੂਨੀਅਨ ਦਫਤਰ ਵਿੱਚ ਮਈ ਦਿਵਸ ਮਨਾਇਆ ਗਿਆ| ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਯੂਨੀਅਨ ਦੇ ਸਾਬਕਾ ਪ੍ਰਧਾਨ ਡੀਪੀ ਮੌੜ ਅਤੇ ਡਾ. ਰਾਜਿੰਦਰ ਪਾਲ ਸਿੰਘ ਔਲਖ ਵੱਲੋਂ ਅਦਾ ਕੀਤੀ ਗਈ| ਮੌਜੂਦਾ ਪ੍ਰਧਾਨ ਬਲਦੇਵ ਸਿੰਘ ਵਾਲੀਆ, ਜਨਰਲ ਸਕੱਤਰ ਮਨਮੋਹਨ ਸਿੰਘ, ਐੱਚ ਐੱਸ ਕਿੰਗਰਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਮਾਰੂ ਫੈਸਲਿਆਂ ਵਿਰੁੱਧ ਸੰਘਰਸ਼ ਦੀ ਲੋੜ ’ਤੇ ਜ਼ੋਰ ਦਿੱਤਾ| ਡੀ ਟੀ ਐੱਫ ਦੀ ਕੁਹਾੜਾ ਇਕਾਈ ਵੱਲੋਂ ਜ਼ਿਲ੍ਹਾ ਵਿੱਤ ਸਕੱਤਰ ਰਾਜਿੰਦਰ ਜੰਡਿਆਲੀ, ਡੈਮੋਕਰੈਟਿਕ ਟੀਚਰਜ਼ ਫਰੰਟ ਲੁਧਿਆਣਾਂ ਦੇ ਜਨਰਲ ਸਕੱਤਰ ਰੁਪਿੰਦਰ ਪਾਲ ਸਿੰਘ ਗਿੱਲ, ਮਿੱਡ-ਡੇਅ ਮੀਲ ਯੂਨੀਅਨ ਦੀ ਪ੍ਰਵੀਨ ਕੁਮਾਰੀ ਅਤੇ ਤਰਕਸ਼ੀਲ ਆਗੂ ਗੁਰਿੰਦਰ ਸਿੰਘ ਜੰਡਿਆਲੀ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ| ਇਨਕਲਾਬੀ ਮਜ਼ਦੂਰ ਕੇਂਦਰ ਵੱਲੋਂ ਕਿਰਤੀ ਭਵਨ ਦੁਗਰੀ ’ਚ ਝੰਡਾ ਝੁਲਾਉਣ ਦੀ ਰਸਮ ਕੀਤੀ ਗਈ| ਸਮਾਗਮ ’ਚ ਕਾਮਰੇਡ ਸੁਰਿੰਦਰ ਸਿੰਘ, ਰਵਿਤਾ, ਕਰਮਜੀਤ ਕੌਰ, ਲਲਿਤਾ, ਬਾਨੀ, ਜਸਜੀਤ ਕੌਰ, ਸਤਨਾਮ ਸਿੰਘ, ਸਤਪਾਲ ਸਿੰਘ, ਵਿਨੋਦ ਕੁਮਾਰ, ਰਾਜਨ, ਹਰਚਰਨ ਚੌਧਰੀ, ਵਿਜੈ ਨਰਾਇਣ ਸ਼ਾਮਲ ਸਨ| ਖੇਤੀਬਾੜੀ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਵੀ ਪੈਨਸ਼ਨਰ ਭਵਨ ਵਿੱਚ ਸਮਾਗਮ ਕਰਵਾਇਆ ਗਿਆ|
ਸਮਰਾਲਾ (ਡੀ ਪੀ ਐੱਸ ਬੱਤਰਾ): ਪਾਵਰਕੌਮ ਵਿੱਚ ਕੰਮ ਕਰ ਰਹੀਆਂ ਜਥੇਬੰਦੀਆਂ ਪੈਨਸ਼ਨਰਜ਼ ਐਸੋਸੀਏਸ਼ਨ, ਟੈਕਨੀਕਲ ਸਰਵਿਸ ਯੂਨੀਅਨ ਅਤੇ ਸੀ ਐੱਚ ਬੀ ਠੇਕਾ ਮੁਲਾਜ਼ਮ ਜਥੇਬੰਦੀਆਂ ਵੱਲੋਂ ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਸਿਕੰਦਰ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਕੰਪਲੈਂਟ ਸੈਂਟਰ ਖੰਨਾ ਰੋਡ ਸਮਰਾਲਾ ਵਿਖੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਦੌਰਾਨ ਆਉਣ ਵਾਲੇ ਸੰਘਰਸ਼ਾਂ ਲਈ ਤਿਆਰ ਹੋਣ ਦਾ ਸੱਦਾ ਦਿੱਤਾ ਗਿਆ।
ਸ਼ਹੀਦਾਂ ਦੀ ਯਾਦ ਵਿੱਚ ਕਾਨਫਰੰਸ ਮਗਰੋਂ ਮਾਰਚ ਕੱਢਿਆ
ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਕੌਮਾਂਤਰੀ ਮਜ਼ਦੂਰ ਦਿਹਾੜਾ ਅੱਜ ਇਥੇ ਵੱਖ-ਵੱਖ ਜਥੇਬੰਦੀਆਂ ਨੇ ਵੱਖ-ਵੱਖ ਥਾਈਂ ਮਨਾਇਆ। ਪੇਂਡੂ ਮਜ਼ਦੂਰ ਯੂਨੀਅਨ ਨੇ ਸਿੱਧਵਾਂ ਕਲਾਂ ਤੇ ਰਸੂਲਪੁਰ ਦੀਆਂ ਮੰਡੀਆਂ ਵਿੱਚ, ਜਦਕਿ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਸਥਾਨਕ ਪੰਜ ਨੰਬਰ ਚੂੰਗੀ ਵਿੱਚ ਦਿਹਾੜਾ ਮਨਾਇਆ। ਇਸੇ ਤਰ੍ਹਾਂ ਇਲਾਕੇ ਦੀਆਂ ਟਰੇਡ ਯੂਨੀਅਨਾਂ ਅਤੇ ਜਨਤਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਸਥਾਨਕ ਬਸ ਸਟੈਂਡ ’ਤੇ ਵਿਸ਼ਾਲ ਕਾਨਫਰੰਸ ਅਤੇ ਸ਼ਹਿਰ ਦੀਆਂ ਸੜਕਾਂ ’ਤੇ ਮਾਰਚ ਕੀਤਾ ਗਿਆ। ਕਾਨਫਰੰਸ ਵਿੱਚ ਇਨਕਲਾਬੀ ਕੇਂਦਰ ਪੰਜਾਬ, ਪੈਨਸ਼ਨਰ ਸਾਂਝਾ ਫਰੰਟ, ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ, ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ, ਦਿਹਾਤੀ ਮਜ਼ਦੂਰ ਸਭਾ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਜਮਹੂਰੀ ਕਿਸਾਨ ਸਭਾ, ਫੂਡ ਐਂਡ ਅਲਾਈਡ ਵਰਕਰਜ਼ ਯੂਨੀਅਨ, ਗੱਲਾ ਮਜ਼ਦੂਰ ਯੂਨੀਅਨ, ਸਫ਼ਾਈ ਵਰਕਰਜ਼ ਯੂਨੀਅਨ ਦੇ ਵਰਕਰਾਂ ਨੇ ਭਾਗ ਲਿਆ। ਆਸ਼ਾ ਵਰਕਰ ਯੂਨੀਅਨ ਅਤੇ ਮਗਨਰੇਗਾ ਵਰਕਰਜ਼ ਯੂਨੀਅਨ ਦੀਆਂ ਮੈਂਬਰ ਬੀਬੀਆਂ ਨੇ ਵੀ ਵੱਡੀ ਗਿਣਤੀ ਵਿੱਚ ਭਾਗ ਲਿਆ। ਸਭ ਤੋਂ ਪਹਿਲਾਂ ਮਈ ਦਿਵਸ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਪ੍ਰਣ ਲਿਆ ਗਿਆ। ਇਸ ਮੌਕੇ ਵੱਖ-ਵੱਖ ਸਮਾਗਮਾਂ ਨੂੰ ਅਵਤਾਰ ਸਿੰਘ ਰਸੂਲਪੁਰ, ਬਲਜੀਤ ਸਿੰਘ ਗੋਰਸੀਆਂ, ਬਲਰਾਜ ਸਿੰਘ ਕੋਟਉਮਰਾ, ਕੰਵਲਜੀਤ ਖੰਨਾ, ਅਵਤਾਰ ਬਿੱਲਾ, ਰਮੇਸ਼ ਮੇਸ਼ੀ ਸਹੋਤਾ, ਜਗਤਾਰ ਸਿੰਘ ਦੇਹੜਕਾ, ਮਦਨ ਸਿੰਘ, ਹੁਕਮ ਰਾਜ ਦੇਹੜਕਾ, ਅਸ਼ੋਕ ਭੰਡਾਰੀ, ਸਰਵਨ ਸਿੰਘ ਹਠੂਰ, ਅਰੁਣ ਗਿੱਲ, ਅਮਰਜੀਤ ਕੌਰ, ਕੁਲਦੀਪ ਕੌਰ ਆਦਿ ਨੇ ਸੰਬੋਧਨ ਕੀਤਾ।

