ਦਰੇਸੀ ਮੈਦਾਨ ’ਚ 30 ਫੁੱਟ ਉੱਚਾ ਰਾਵਣ ਦਾ ਪੁਤਲਾ ਸਾੜਿਆ

ਦਰੇਸੀ ਮੈਦਾਨ ’ਚ 30 ਫੁੱਟ ਉੱਚਾ ਰਾਵਣ ਦਾ ਪੁਤਲਾ ਸਾੜਿਆ

ਲੁਧਿਆਣਾ ਦੇ ਦਰੇਸੀ ਮੈਦਾਨ ਵਿੱਚ ਰਾਵਣ ਦਾ ਸੜ ਰਿਹਾ ਪੁਤਲਾ। -ਫੋਟੋ: ਧੀਮਾਨ

ਸਤਵਿੰਦਰ ਬਸਰਾ

ਲੁਧਿਆਣਾ, 25 ਅਕਤੂਬਰ

ਸਨਅਤੀ ਸ਼ਹਿਰ ਵਿੱਚ ਵੱਖ ਵੱਖ ਥਾਵਾਂ ’ਤੇ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦਸਹਿਰਾ ਰਾਵਣ ਦੇ ਪੁਤਲੇ ਸਾੜ ਕੇ ਮਨਾਇਆ ਗਿਆ। ਕਰੋਨਾ ਮਹਾਮਾਰੀ ਕਰਕੇ ਇਸ ਵਾਰ ਸ਼ਹਿਰ ਵਿੱਚ ਦਸਹਿਰੇ ਦੀਆਂ ਰੌਣਕਾਂ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਘੱਟ ਰਹੀਆਂ। ਇਸ ਪਿੱਛੇ ਵੱਡਾ ਕਾਰਨ ਦਸਹਿਰਾ ਕਮੇਟੀਆਂ ਨੂੰ ਸਮਾਗਮ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਮਨਜ਼ੂਰੀ ਮਿਲਣ ਵਿੱਚ ਦੇਰੀ ਹੋਣਾ ਵੀ ਮੰਨਿਆ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਇਹ ਵੀ ਹਦਾਇਤਾਂ ਸਨ ਕਿ ਦਸਹਿਰੇ ਦਾ ਤਿਉਹਾਰ ਰਸਮੀ ਤੌਰ ’ਤੇ ਹੀ ਮਨਾਇਆ ਜਾਵੇ ਅਤੇ ਇਸ ਮੌਕੇ ਜ਼ਿਆਦਾ ਭੀੜ ਨਾ ਹੋਣ ਦਿੱਤੀ ਜਾਵੇ। ਇਸ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਬਹੁਤੀਆਂ ਥਾਵਾਂ ’ਤੇ ਪਿਛਲੇ ਸਾਲ ਦੇ ਮੁਕਾਬਲੇ ਛੋਟੇ ਆਕਾਰ ਦੇ ਰਾਵਣ ਦੇ ਪੁਤਲੇ ਸਾੜੇ ਗਏ, ਜਦਕਿ ਮੇਘਨਾਥ ਅਤੇ ਕੁੰਭਕਰਣ ਦੇ ਪੁਤਲੇ ਬਣਾਉਣ ਤੋਂ ਗੁਰੇਜ਼ ਕੀਤਾ ਗਿਆ। ਸਥਾਨਕ ਦਰੇਸੀ ਗਰਾਊਂਡ ਵਿੱਚ ਪਿਛਲੇ ਸਾਲ 90 ਫੁੱਟ ਤੋਂ ਉੱਚਾ ਰਾਵਣ ਬਣਾਇਆ ਗਿਆ ਸੀ, ਜਦਕਿ ਇਸ ਵਾਰ ਸਿਰਫ 30 ਫੁੱਟ ਦਾ ਹੀ ਰਾਵਣ ਤਿਆਰ ਕੀਤਾ ਗਿਆ ਹੈ। ਇਸ ਨੂੰ ਤਿਆਰ ਕਰਨ ਲਈ ਵਿਸ਼ੇਸ਼ ਤੌਰ ’ਤੇ ਆਗਰਾ ਤੋਂ ਅਜ਼ਰ ਅਲੀ ਦੀ ਅਗਵਾਈ ਹੇਠ 10 ਕਾਰੀਗਰ ਆਏ ਹੋਏ ਸਨ। ਦਰੇਸੀ ਮੈਦਾਨ ਤੋਂ ਇਲਾਵਾ ਉਪਕਾਰ ਨਗਰ, ਹੈਬੋਵਾਲ ਕਲਾਂ, ਰਾਜਗੁਰੂ ਨਗਰ ਆਦਿ ਥਾਵਾਂ ’ਤੇ ਰਾਵਣ ਦੇ ਪੁਤਲੇ ਸਾੜੇ ਗਏ। ਇਸ ਦੌਰਾਨ ਇਨ੍ਹਾਂ ਥਾਵਾਂ ’ਤੇ ਲੋਕਾਂ ਦੇ ਮਨੋਰੰਜਨ ਝੂਲੇ, ਸਰਕਸ ਆਦਿ ਵੀ ਕਿਤੇ ਦਿਖਾਈ ਨਹੀਂ ਦੇ ਰਹੀ ਸੀ।

ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਸਰਵਹਿੱਤਕਾਰੀ ਸਭਾ ਸ੍ਰੀ ਰਾਮ ਲੀਲਾ ਕਮੇਟੀ ਵੱਲੋਂ ਸਥਾਨਕ ਦੁਸਹਿਰਾ ਮੈਦਾਨ ਵਿਚ ਨੇਕੀ ਦੀ ਬਦੀ ’ਤੇ ਜਿੱਤ ਦਾ ਪ੍ਰਤੀਕ ਦਸਹਿਰੇ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਦਸਹਿਰਾ ਮੈਦਾਨ ਵਿਚ ਇਸ ਵਾਰ ਕਰੋਨਾ ਹਦਾਇਤਾਂ ਅਨੁਸਾਰ ਕੇਵਲ ਰਾਵਣ ਦਾ ਪੁਤਲਾ ਹੀ ਪੁਤਲਾ ਫੂਕਿਆ, ਜਦਕਿ ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਨਹੀਂ ਲਗਾਏ ਗਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਤੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆ ਨੇ ਸ਼ਮੂਲੀਅਤ ਕੀਤੀ ਅਤੇ ਉਨ੍ਹਾਂ ਪਵਿੱਤਰ ਦਿਹਾੜੇ ਦੀ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੋਕ ਸੱਚਾਈ ਦੇ ਰਸਤੇ ’ਤੇ ਚੱਲਣ। ਸ਼ਾਮ ਸੂਰਜ ਛਿਪਦਿਆਂ ਹੀ ਰਾਵਣ ਦਾ ਪੁਤਲਾ ਫੂਕਿਆ। ਦਸਹਿਰਾ ਮੇਲੇ ’ਚ ਆਏ ਲੋਕਾਂ ਦੀ ਸੁਰੱਖਿਆ ਲਈ ਪੁਲੀਸ ਵੱਲੋਂ ਪੂਰੀ ਮੁਸ਼ਤੈਦੀ ਵਰਤੀ ਗਈ।

ਰਾਏਕੋਟ (ਰਾਮ ਗੋਪਾਲ ਰਾਏਕੋਟੀ): ਬੁਰਾਈ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦਸਹਿਰਾ ਅੱਜ ਇੱਥੇ ਧੂਮਧਾਮ ਨਾਲ ਮਨਾਇਆ ਗਿਆ। ਪ੍ਰਧਾਨ ਗੋਪਾਲ ਕ੍ਰਿਸ਼ਨ ਜੋਸ਼ੀ ਦੀ ਅਗਵਾਈ ’ਚ ਦਸਹਿਰਾ ਕਮੇਟੀ ਰਾਏਕੋਟ ਵੱਲੋਂ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਰੱਖੇ ਗਏ ਦਸਹਿਰਾ ਮੇਲਾ ਸਮਾਗਮ ਵਿੱਚ ਸੰਸਦ ਮੈਂਬਰ ਡਾ. ਅਮਰ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਤੋਂ ਇਲਾਵਾ ਕਾਮਿਲ ਬੋਪਾਰਾਏ, ਹੀਰਾ ਲਾਲ ਬਾਂਸਲ (ਮੁਸਕਾਨ ਫੀਡ ਵਾਲੇ), ਐਸ.ਪੀ ਰਾਜਵੀਰ ਸਿੰਘ, ਹਰਦੀਪ ਕੁਮਾਰ ਜੋਸ਼ੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਸਨਾਤਨ ਧਰਮ ਦਾ ਝੰਡਾ ਚੜ੍ਹਾਉਣ ਦੀ ਰਸਮ ਵਿਨੋਦ ਕੁਮਾਰ ਵਲੋਂ ਅਦਾ ਕੀਤੀ। ਜੋਤੀ ਪ੍ਰਚੰਡ ਸੁਸ਼ੀਲ ਕੁਮਾਰ ਵੱਲੋਂ ਕੀਤੀ ਗਈ, ਜਦਕਿ ਉਦਘਾਟਨ ਸੰਜੀਵ ਕੁਮਾਰ ਬੌਬਾ ਵਲੋਂ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਦਸਹਿਰੇ ਮੇਲੇ ਵਿੱਚ ਮਨੋਰੰਜਨ ਲਈ ਸੱਭਿਆਚਾਰਕ ਸਮਾਗਮ ਵੀ ਕਰਵਾਇਆ ਗਿਆ। ਸੂਰਜ ਡੁੱਬਣ ਦੇ ਨਾਲ ਹੀ ਬੁਰਾਈ ਦੇ ਪ੍ਰਤੀਕ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨੀ ਭੇਟ ਕਰ ਦਿੱਤਾ ਗਿਆ।

ਪਾਇਲ ਵਾਸੀਆਂ ਨੇ ਰਾਵਣ ਦੀ ਪੂਜਾ ਕੀਤੀ

ਪਾਇਲ (ਦੇਵਿੰਦਰ ਸਿੰਘ ਜੱਗੀ): ਭਾਵੇਂ ਵੱਖ-ਵੱਖ ਥਾਵਾਂ ’ਤੇ ਰਾਵਣ ਦੇ ਪੁਤਲੇ ਫੂਕੇ ਜਾਂਦੇ ਹਨ ਪਰ ਪਾਇਲ ਇੱਕ ਅਜਿਹਾ ਸ਼ਹਿਰ ਹੈ, ਜਿਥੇ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ। ਰਾਵਣ ਦੇ ਆਦਮ ਕੱਦ ਬੁੱਤ ’ਤੇ ਪਾਇਲ ਵਾਸੀਆਂ ਤੇ ਖਾਸਕਰ ਦੂਬੇ ਪਰਿਵਾਰ ਵੱਲੋਂ ਰਾਵਣ ਦੀ ਪੂਜਾ ਕੀਤੀ ਗਈ। ਪੂਜਾ ਦੀ ਰਸਮ ਕਰਨ ਸਮੇਂ ਸ਼ਰਾਬ ਦੀ ਬੋਤਲ, ਬੱਕਰਾ ਅਤੇ ਹੋਰ ਸਮੱਗਰੀ ਹਾਜ਼ਰ ਕੀਤੀ ਗਈ। ਬੱਕਰੇ ਦਾ ਕੰਨ ਕੱਟ ਦੇ ਖੂਨ ਦਿੱਤਾ ਅਤੇ ਸ਼ਰਾਬ ਦੀ ਬੋਤਲ ਦਾ ਭੋਗ ਲਵਾਇਆ ਗਿਆ। ਕਰੋਨਾ ਦੇ ਡਰੋ ਦਸਹਿਰੇ ’ਤੇ ਨਾ ਹੀ ਰਾਮ ਲੀਲਾ ਹੋਈ ਅਤੇ ਨਾ ਹੀ ਮੱਥਾ ਟੇਕਣ ਵਾਲਿਆਂ ਦੀ ਲਾਇਨਾਂ ਲੱਗੀਆਂ। ਰਾਮ ਮੰਦਰ ਵਿੱਚ ਸਵੇਰੇ ਤੋਂ ਹੀ ਕਰੋਨਾ ਦੇ ਮੱਦੇਨਜ਼ਰ ਲੋਕਾਂ ਨੇ ਇੱਕ ਦੂਜੇ ਤੋਂ ਦੂਰੀ ਬਣਾ ਕੇ ਮੱਥਾ ਟੇਕਿਆ। ਇਸ ਮੌਕੇ ਡੀਐੱਸਪੀ ਖੰਨਾ ਸੁਰਜੀਤ ਸਿੰਘ ਧਨੋਆ ਵਿਸ਼ੇਸ਼ ਤੌਰ ’ਤੇ ਪੁੱਜੇ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਐੱਸਐੱਚਓ ਪਾਇਲ ਜਸਪਾਲ ਸਿੰਘ ਧਾਲੀਵਾਲ ਦੀ ਦੇਖ-ਰੇਖ ਹੇਠ ਪ੍ਰਬੰਧ ਕਰੜੇ ਕੀਤੇ ਗਏ।

ਦਸਹਿਰਾ ਮੇਲੇ ਵਿੱਚ ਆਮ ਲੋਕਾਂ ਦੀ ਗ਼ੈਰਹਾਜ਼ਰੀ ਰੜਕੀ

ਲੁਧਿਆਣਾ (ਗੁਰਿੰਦਰ ਿਸੰਘ): ਅੱਜ ਸ਼ਹਿਰ ਦੇ ਬਹੁਤ ਘੱਟ ਇਲਾਕਿਆਂ ਵਿੱਚ ਦਸਹਿਰਾ ਮਨਾਇਆ ਗਿਆ ਜਦਕਿ ਦੁਸਹਿਰਾ ਮੇਲੇ ਵਿੱਚ ਆਮ ਲੋਕਾਂ ਦੀ ਗੈਰਹਾਜ਼ਰੀ ਰੜਕੀ। ਕਰੋਨਾ ਵਾਇਰਸ ਕਾਰਨ ਸੰਕੇਤਕ ਤੌਰ ’ਤੇ ਅੱਜ ਮੁੱਖ ਸਮਾਗਮ ਦਰੇਸੀ ਮੈਦਾਨ ਵਿੱਚ ਹੋਇਆ ਜਿੱਥੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਅਤੇ ਪੁਲੀਸ ਕਮਿਸ਼ਨਰ ਰਕੇਸ਼ ਅਗਰਵਾਲ ਨੇ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕੀਤਾ। ਇਸ ਮੌਕੇ ਵਿਧਾਇਕ ਸੁਰਿੰਦਰ ਡਾਵਰ, ਸੁਸ਼ੀਲ ਮਲਹੋਤਰਾ, ਪਰਮਿੰਦਰ ਮਹਿਤਾ ਸਮੇਤ ਗਿਣਤੀ ਦੇ ਸਿਆਸੀ ਆਗੂ ਹੀ ਹਾਜ਼ਰ ਸਨ। ਇਸ ਤੋਂ ਇਲਾਵਾ ਉਪਕਾਰ ਨਗਰ ਸਿਵਲ ਲਾਈਨ, ਰਾਜਗੁਰੂ ਨਗਰ, ਜਮਾਲਪੁਰ ਪ੍ਰਤਾਪ ਚੌਕ ਸਮੇਤ ਇਕ ਦਰਜਨ ਥਾਵਾਂ ਤੇ ਰਾਵਣ ਦੇ ਪੁਤਲੇ ਫੂਕੇ ਗਏ। ਇਸ ਦੌਰਾਨ ਰਤਨਾਕਰ ਸੈਨਾ ਵਲੋਂ ਮਹਾਤਮਾ ਰਾਵਣ ਦੀ ਪੂਜਾ ਕੀਤੀ ਗਈ ਅਤੇ ਦੇਸ਼ ਵਿਚ ਰਾਵਣ ਦੇ ਪੁਤਲੇ ਫ਼ੂਕਣ ਦੀ ਪ੍ਰਥਾ ਬੰਦ ਕਰਨ ਦੀ ਮੰਗ ਕੀਤੀ ਗਈ। ਸਥਾਨਕ ਗੋਪਾਲ ਨਗਰ ਸਥਿਤ ਰਤਨਾਕਰ ਚੌਕ ਵਿੱਚ ਰਤਨਾਕਰ ਸੈਨਾ ਵੱਲੋਂ ਮਹਾਤਮਾ ਲੰਕਾਪਤੀ ਰਾਜਾ ਰਾਵਣ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿਚ ਵਾਲਮੀਕਿ ਸਮਾਜ ਦੇ ਆਗੂਆਂ ਵਲੋਂ ਸ਼ਿਰਕਤ ਕੀਤੀ ਗਈ। ਰਤਨਾਕਰ ਸੈਨਾ ਦੇ ਪੰਜਾਬ ਪ੍ਰਧਾਨ ਬੀਕੇ ਟਾਂਕ ਨੇ ਮਹਾਤਮਾ ਰਾਵਣ ਦੇ ਜੀਵਨ ਉਪਰ ਰੋਸ਼ਨੀ ਪਾਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਸ਼ਹਿਰ

View All