ਖੇਡ ਟਰਾਇਲਾਂ ’ਚ 667 ਖਿਡਾਰੀਆਂ ਨੇ ਹਿੱਸਾ ਲਿਆ
ਖੇਡ ਵਿਭਾਗ ਵੱਲੋਂ ਲੁਧਿਆਣਾ ’ਚ ਅਥਲੈਟਿਕਸ, ਬਾਸਕਟਬਾਲ, ਹਾਕੀ ਅਤੇ ਵਾਲੀਬਾਲ ਦੇ ਅੰਡਰ-14, 17, 19, 21 ਅਤੇ 21 ਪਲੱਸ ਉਮਰ ਵਰਗ ਗਰੁੱਪ ਵਿੱਚ ਚੋਣ ਲਈ ਟਰਾਇਲ ਲਏ ਗਏ। ਟਰਾਇਲ ਦੌਰਾਨ ਕੁੱਲ 667 ਖਿਡਾਰੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ 600 ਲੜਕੇ ਅਤੇ...
ਖੇਡ ਵਿਭਾਗ ਵੱਲੋਂ ਲੁਧਿਆਣਾ ’ਚ ਅਥਲੈਟਿਕਸ, ਬਾਸਕਟਬਾਲ, ਹਾਕੀ ਅਤੇ ਵਾਲੀਬਾਲ ਦੇ ਅੰਡਰ-14, 17, 19, 21 ਅਤੇ 21 ਪਲੱਸ ਉਮਰ ਵਰਗ ਗਰੁੱਪ ਵਿੱਚ ਚੋਣ ਲਈ ਟਰਾਇਲ ਲਏ ਗਏ। ਟਰਾਇਲ ਦੌਰਾਨ ਕੁੱਲ 667 ਖਿਡਾਰੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ 600 ਲੜਕੇ ਅਤੇ 67 ਲੜਕੀਆਂ ਸ਼ਾਮਲ ਸਨ। ਇਸ ਮੌਕੇ ਖੇਡ ਵਿਭਾਗ, ਪੰਜਾਬ ਦੇ ਡਿਪਟੀ ਡਾਇਰੈਕਟਰ ਗੁਰਦੀਪ ਕੌਰ ਅਤੇ ਡਾਇਰੈਕਟਰ ਟਰੇਨਿੰਗ (ਪੀ ਆਈ ਐੱਸ) ਦਰੋਣਾਚਾਰੀਆ ਐਵਾਰਡੀ ਜੀਵਨਜੋਤ ਸਿੰਘ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ।
ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਨੇ ਦੱਸਿਆ ਕਿ ਖੇਡ ਵਿਭਾਗ ਵੱਲੋਂ 28 ਫਰਵਰੀ ਤੋਂ 1 ਮਾਰਚ ਤੱਕ ਲੁਧਿਆਣਾ ਵਿੱਚ ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸ ਸਕੀਮ ਅਧੀਨ ਸਾਲ 2026-27 ਦੇ ਸੈਸ਼ਨ ਦੌਰਾਨ ਵੱਖ-ਵੱਖ ਖੇਡਾਂ ਵਿੱਚ ਸਿਲੈਕਸ਼ਨ ਟਰਾਇਲ ਕਰਵਾਏ ਗਏ।
ਟਰਾਇਲ ਦੌਰਾਨ ਅਥਲੈਟਿਕਸ (ਲੜਕੇ/ਲੜਕੀਆਂ) ਵਿੱਚ 93 ਖਿਡਾਰੀਆਂ ਨੇ ਹਿੱਸਾ ਲਿਆ ਜਦਕਿ ਬਾਸਕਟਬਾਲ (ਲੜਕੇ/ਲੜਕੀਆਂ) ਵਿੱਚ 150, ਹਾਕੀ (ਲੜਕੇ) 223 ਅਤੇ ਵਾਲੀਬਾਲ (ਲੜਕੇ) ਵਿੱਚ 201 ਖਿਡਾਰੀ ਸ਼ਾਮਲ ਹੋਏ। ਸ੍ਰੀ ਚੁੱਘ ਨੇ ਦੱਸਿਆ ਕਿ ਅਥਲੈਟਿਕਸ ਅਤੇ ਬਾਸਕਟਬਾਲ ਖੇਡ ਦੇ ਟਰਾਇਲ ਸਥਾਨਕ ਗੁਰੂ ਨਾਨਕ ਸਟੇਡੀਅਮ, ਹਾਕੀ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਵਾਲੀਬਾਲ ਦੇ ਟਰਾਇਲ ਐਸ ਸੀ ਡੀ ਸਰਕਾਰੀ ਕਾਲਜ (ਲੜਕੇ) ਵਿਖੇ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿੱਚ ਚੁਣੇ ਗਏ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਮੁਫ਼ਤ ਡਾਈਟ, ਰਿਹਾਇਸ਼, ਖੇਡ ਸਾਮਾਨ ਅਤੇ ਉੱਚ ਪੱਧਰ ਦੀ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ।

