ਨਸ਼ਾ ਛੁਡਾਊ ਕੇਂਦਰ ’ਚੋਂ 55 ਜਣੇ ਛੁਡਾਏ
ਕੇਂਦਰ ਸੰਚਾਲਕ ਸਕੇ ਭਰਾਵਾਂ ਤੋਂ ਨਸ਼ੀਲੇ ਪਦਾਰਥ ਬਰਾਮਦ; ਪੁਲੀਸ ਨੇ ਕੇਂਦਰ ਸੀਲ ਕੀਤਾ
ਖੰਨਾ ਪੁਲੀਸ ਨੇ ਪਿੰਡ ਘੁੰਗਰਾਲੀ ਰਾਜਪੂਤਾਂ ’ਚ ਗ਼ੈਰ-ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਕਾਰਵਾਈ ਦੌਰਾਨ ਉੱਥੇ ਮੌਜੂਦ ਲਗਪਗ 55 ਵਿਅਕਤੀਆਂ ਨੂੰ ਸੁਰੱਖਿਅਤ ਛੁਡਾਉਣ ਮਗਰੋਂ ਕੇਂਦਰ ਨੂੰ ਸੀਲ ਕਰ ਦਿੱਤਾ ਗਿਆ। ਮੌਕੇ ’ਤੇ ਕੇਂਦਰ ਦੇ ਸੰਚਾਲਕ ਸਕੇ ਭਰਾਵਾਂ ਤੋਂ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ। ਖੰਨਾ ਪੁਲੀਸ ਵੱਲੋਂ ਨਸ਼ਾ ਪੀੜਤਾਂ ਨੂੰ ਯੋਗ ਦੇਖਭਾਲ, ਡਾਕਟਰੀ ਸਹਾਇਤਾ ਅਤੇ ਅਗਲੇ ਇਲਾਜ ਲਈ ਸਰਕਾਰੀ ਨਸ਼ਾ ਮੁਕਤੀ ਤੇ ਮੁੜਵਸੇਬਾ ਕੇਂਦਰਾਂ ’ਚ ਭੇਜ ਦਿੱਤਾ ਗਿਆ। ਐੱਸ ਪੀ (ਡੀ) ਰਾਕੇਸ਼ ਯਾਦਵ ਨੇ ਦੱਸਿਆ ਕਿ ਕਾਰਵਾਈ ਦੌਰਾਨ ਕੇਂਦਰ ਵਿਚੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਮਾਮਲੇ ’ਚ ਪਵਨਦੀਪ ਸਿੰਘ ਅਤੇ ਜਸਵਿੰਦਰ ਸਿੰਘ ਵਾਸੀ ਘੁੰਗਰਾਲੀ ਰਾਜਪੂਤਾਂ ਨੂੰ ਨਾਮਜ਼ਦ ਕੀਤਾ ਗਿਆ। ਐੱਸ ਐੱਸ ਪੀ ਡਾ. ਆਹਲੂਵਾਲੀਆ ਨੇ ਦੱਸਿਆ ਕਿ ਇਸ ਕਾਰਵਾਈ ਦਾ ਮਕਸਦ ਸਿਰਫ਼ ਗ਼ੈਰ-ਕਾਨੂੰਨੀ ਧੰਦਾ ਬੰਦ ਕਰਵਾਉਣਾ ਹੀ ਨਹੀਂ ਸਗੋਂ ਨਸ਼ਾ ਪੀੜਤ ਵਿਅਕਤੀਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਵੀ ਹੈ। ਉਨ੍ਹਾਂ ਕਿਹਾ, ‘‘ਮਾਮਲੇ ’ਚ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਗ਼ੈਰ-ਕਾਨੂੰਨੀ ਕੇਂਦਰ ਕਿਹੜੇ ਤਰੀਕੇ ਅਤੇ ਕਿਸ ਦੀ ਸ਼ਹਿ ਨਾਲ ਚਲਾਇਆ ਜਾ ਰਿਹਾ ਸੀ। ਇੱਥੇ ਰਹਿਣ ਵਾਲੇ ਵਿਅਕਤੀਆਂ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਜਾਂਦਾ ਸੀ ਅਤੇ ਨਸ਼ੀਲੇ ਪਦਾਰਥ ਕਿਵੇਂ ਪਹੁੰਚਦੇ ਸਨ। ਪੁਲੀਸ ਬਰਾਮਦ ਹੈਰੋਇਨ ਨਾਲ ਜੁੜੇ ਹੋਰ ਵਿਅਕਤੀਆਂ ਸਬੰਧੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।’’

