Khanna ਵਿੱਚ ਝੜਪਾਂ ਦੇ ਬਾਵਜੂਦ 53.8 ਫ਼ੀਸਦੀ Polling
ਕਾਂਗਰਸ ਅਤੇ ‘ਆਪ’ ਸਮਰਥਕ ਭਿੜੇ; ਵੋਟਰ ਸੂਚੀਆਂ ’ਚੋਂ ਨਾਂ ਗਾਇਬ ਹੋਣ ’ਤੇ ਹੰਗਾਮਾ
ਖੰਨਾ ਨਗਰ ਕੌਂਸਲ ਦੇ 32 ਵਾਰਡਾਂ ਲਈ ਅੱਜ ਹੋਈਆਂ ਚੋਣਾਂ ਦੌਰਾਨ ਕਈ ਥਾਵਾਂ ’ਤੇ ਹਿੰਸਕ ਝੜਪਾਂ ਅਤੇ ਤਣਾਅ ਦੇ ਬਾਵਜੂਦ ਕੁੱਲ 53.8 ਫੀਸਦੀ ਮਤਦਾਨ ਦਰਜ ਕੀਤਾ ਗਿਆ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਿਆਸੀ ਧਿਰਾਂ ਵਿਚਾਲੇ ਹੋਏ ਟਕਰਾਅ ਅਤੇ ਵੋਟਰ ਸੂਚੀਆਂ ਵਿੱਚ ਹੇਰਾਫੇਰੀ ਦੇ ਦੋਸ਼ਾਂ ਨੇ ਚੋਣ ਅਮਲ ਵਿੱਚ ਖ਼ਲਲ ਪਾਇਆ। ਵਾਰਡ ਨੰਬਰ 12 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰੀਸ਼ ਗੁਪਤਾ ਦੀ ਪਹਿਲਾਂ ਹੀ ਨਿਰਵਿਰੋਧ ਚੋਣ ਹੋ ਚੁੱਕੀ ਹੈ, ਜਦਕਿ ਬਾਕੀ 140 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੁਣ 29 ਮਈ ਨੂੰ ਵੋਟਾਂ ਦੀ ਗਿਣਤੀ ਮੌਕੇ ਹੋਵੇਗਾ। ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ 31-31, ਕਾਂਗਰਸ ਦੇ 32, ਭਾਜਪਾ ਦੇ 26, ਬਸਪਾ ਦੇ 3 ਅਤੇ 19 ਆਜ਼ਾਦ ਉਮੀਦਵਾਰ ਮੈਦਾਨ ਵਿੱਚ ਹਨ।
ਮਤਦਾਨ ਦੌਰਾਨ ਵਾਰਡ ਨੰਬਰ 5, 7, 8 ਅਤੇ 24 ਸਭ ਤੋਂ ਵੱਧ ਸੰਵੇਦਨਸ਼ੀਲ ਰਹੇ, ਜਿੱਥੇ ਕਾਂਗਰਸੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਸਮਰਥਕਾਂ ਵਿਚਾਲੇ ਤਿੱਖੀਆਂ ਝੜਪਾਂ ਹੋਈਆਂ। ਪੁਲੀਸ ਨੇ ਮੁਸਤੈਦੀ ਦਿਖਾਉਂਦਿਆਂ ਹਾਲਾਤ ਨੂੰ ਵੱਡੀ ਹਿੰਸਾ ਵੱਲ ਵਧਣ ਤੋਂ ਰੋਕਿਆ। ਐੱਸ ਐੱਸ ਪੀ ਡਾ. ਦਰਪਣ ਆਹਲੂਵਾਲੀਆ ਨੇ ਖੁਦ ਭਾਰੀ ਪੁਲੀਸ ਫੋਰਸ ਸਮੇਤ ਵੱਖ-ਵੱਖ ਬੂਥਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ।
ਦੂਜੇ ਪਾਸੇ, ਵੋਟਰ ਸੂਚੀਆਂ ਵਿੱਚੋਂ ਵੱਡੀ ਗਿਣਤੀ ਵਿੱਚ ਵੋਟਰਾਂ ਦੇ ਨਾਂ ਗਾਇਬ ਹੋਣ ਕਾਰਨ ਮਾਹੌਲ ਕਾਫੀ ਗਰਮ ਰਿਹਾ। ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੀ ਅਗਵਾਈ ਹੇਠ ਕਾਂਗਰਸ ਨੇ ਸਰਕਾਰ ਵਿਰੁੱਧ ਧਰਨਾ ਦਿੰਦਿਆਂ ਦੋਸ਼ ਲਾਇਆ ਕਿ ਜਾਣਬੁੱਝ ਕੇ ਵੋਟਾਂ ਕੱਟੀਆਂ ਗਈਆਂ ਹਨ। ਕੋਟਲੀ ਨੇ ਕਿਹਾ ਕਿ ਜਿਹੜੇ ਵੋਟਰਾਂ ਕੋਲ ਵੋਟ ਪਰਚੀਆਂ ਮੌਜੂਦ ਸਨ, ਉਨ੍ਹਾਂ ਨੂੰ ਵੀ ਅੰਦਰਲੀਆਂ ਸੂਚੀਆਂ ਵਿੱਚ ਨਾਂ ਨਾ ਹੋਣ ਦੀ ਗੱਲ ਕਹਿ ਕੇ ਮੋੜ ਦਿੱਤਾ ਗਿਆ। ਅਤਿ ਦੀ ਗਰਮੀ ਵਿੱਚ ਬਿਨਾਂ ਵੋਟ ਪਾਏ ਮੁੜਨ ਵਾਲੇ ਲੋਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਪ੍ਰਗਟਾਇਆ।
ਦੋਰਾਹਾ ਦੇ 15 ਵਾਰਡਾਂ ’ਚ 69.43 ਫੀਸਦੀ ਵੋਟਾਂ ਪਈਆਂ
ਦੋਰਾਹਾ (ਪੱਤਰ ਪ੍ਰੇਰਕ): ਨਗਰ ਕੌਂਸਲ ਦੋਰਾਹਾ ਦੇ 15 ਵਾਰਡਾਂ ਲਈ ਅੱਜ ਹੋਈਆਂ ਚੋਣਾਂ ਦੌਰਾਨ ਕੁੱਲ 69.43 ਫੀਸਦ ਮਤਦਾਨ ਦਰਜ ਕੀਤਾ ਗਿਆ। ਚੋਣ ਮੈਦਾਨ ਵਿੱਚ ਕਿਸਮਤ ਅਜ਼ਮਾ ਰਹੇ 60 ਉਮੀਦਵਾਰਾਂ ਦੀ ਸਿਆਸੀ ਤਕਦੀਰ ਬੈਲੇਟ ਬਕਸਿਆਂ ਵਿੱਚ ਬੰਦ ਹੋ ਗਈ ਹੈ। ਖਾਸ ਕ ਰਕੇ ਵਾਰਡ ਨੰਬਰ 2, 3, 4, 9 ਅਤੇ 14 ਵਿੱਚ ਵੋਟਾਂ ਪਾਉਣ ਦਾ ਉਤਸ਼ਾਹ ਸਿਖਰਾਂ ’ਤੇ ਰਿਹਾ। ਚੋਣਾਂ ਦੌਰਾਨ ‘ਆਪ’ ਅਤੇ ਕਾਂਗਰਸ ਨੇ ਸਾਰੇ 15 ਵਾਰਡਾਂ ਵਿੱਚ ਉਮੀਦਵਾਰ ਉਤਾਰੇ ਸਨ, ਜਦਕਿ ਅਕਾਲੀ ਦਲ ਦੇ 12 ਅਤੇ ਭਾਜਪਾ ਦੇ 8 ਉਮੀਦਵਾਰ ਮੈਦਾਨ ਵਿੱਚ ਸਨ। ਤਕਰੀਬਨ ਸਾਰੇ ਵਾਰਡਾਂ ਵਿੱਚ ਵਿਰੋਧੀ ਉਮੀਦਵਾਰ ਆਪਸ ਵਿੱਚ ਮਿਲ ਕੇ ਗੱਲਾਂ ਕਰਦੇ ਨਜ਼ਰ ਆਏ, ਜਿਸ ਕਰ ਕੇ ਮਾਹੌਲ ਪੂਰੀ ਤਰ੍ਹਾਂ ਸ਼ਾਂਤ ਰਿਹਾ। ਦੋਰਾਹਾ ਪੁਲੀਸ ਵੱਲੋਂ ਹਰ ਬੂਥ ’ਤੇ ਤਿੱਖੀ ਨਜ਼ਰ ਰੱਖੀ ਗਈ। ਵਾਰਡ ਨੰਬਰ 14 ਅਤੇ 15 ਵਿੱਚ ਪੁਲੀਸ ਨੇ ਕੁਝ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਸੀ, ਪਰ ਪੁੱਛਗਿੱਛ ਮਗਰੋਂ ਉਨ੍ਹਾਂ ਨੂੰ ਛੱਡ ਦਿੱਤਾ ਗਿਆ।

