ਨਿੱਜੀ ਪੱਤਰ ਪ੍ਰੇਰਕ
ਖੰਨਾ, 21 ਜੂਨ
ਇਥੇ ਖੰਨਾ ਪੁਲੀਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ 22 ਲੱਖ 97 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਸਹਿਜੋਤ ਕੌਰ ਮਾਲਕ ਵੀਜ਼ਾ ਗੈਜੇਟ ਜੀਟੀਬੀ ਮਾਰਕੀਟ ਖੰਨਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਕਰਨੈਲ ਸਿੰਘ ਵਾਸੀ ਮੁਹੱਲਾ ਗੋਬਿੰਦਪੁਰਾ ਖੰਨਾ ਦੀ ਸ਼ਿਕਾਇਤ ’ਤੇ ਕੀਤੀ ਇਸ ਕਾਰਵਾਈ ਵਿੱਚ ਮੁਲਜ਼ਮ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ। ਕਰਨੈਲ ਸਿੰਘ ਨੇ ਦੱਸਿਆ ਕਿ ਉਸ ਦੇ ਬੇਟੇ ਨੂੰ ਵਿਦੇਸ਼ ਭੇਜਣ ਲਈ ਸਹਿਜੋਤ ਕੌਰ ਨੇ 22 ਲੱਖ 97 ਹਜ਼ਾਰ ਰੁਪਏ ਹਾਸਲ ਕੀਤੇ ਪਰ ਉਸ ਦੇ ਬੇਟੇ ਨੂੰ ਵਿਦੇਸ਼ ਨਹੀਂ ਭੇਜਿਆ ਤੇ ਨਾ ਹੀ ਰਕਮ ਵਾਪਸ ਕੀਤੀ। ਪੁਲੀਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਇਸੇ ਤਰ੍ਹਾਂ ਥਾਣਾ ਸਿਟੀ-2 ਵੱਲੋਂ ਕੈਨੇਡਾ ਭੇਜਣ ਦੇ ਨਾਂ ’ਤੇ ਤੇਜਿੰਦਰ ਸਿੰਘ ਵਾਸੀ ਬੱਸੀਂ ਪਠਾਣਾ ਹਾਲ ਵਾਸੀ ਪਿੰਡ ਲੱਲ੍ਹਕਲਾਂ (ਸਮਰਾਲਾ) ਦੀ ਸ਼ਿਕਾਇਤ ’ਤੇ ਗੁਰਪਾਲ ਸਿੰਘ ਵਾਸੀ ਗੁਰੂ ਨਾਨਕ ਨਗਰ ਖੰਨਾ ਖ਼ਿਲਾਫ਼ 4 ਲੱਖ 85 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਤੇਜਿੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਗੁਰਪਾਲ ਸਿੰਘ ਨੇ ਉਸ ਤੋਂ 4 ਲੱਖ 85 ਹਜ਼ਾਰ ਰੁਪਏ ਲੈ ਲਏ ਪਰ ਉਸ ਨੂੰ ਵਿਦੇਸ਼ ਨਹੀਂ ਭੇਜਿਆ ਜਿਸ ਮਗਰੋਂ ਨਵੰਬਰ 2024 ਨੂੰ ਹੋਏ ਰਾਜੀਨਾਮੇ ਮੁਤਾਬਕ ਗੁਰਪਾਲ ਸਿੰਘ ਨੇ ਰਕਮ ਵਾਪਸ ਕਰਨ ਦਾ ਵਾਅਦਾ ਕੀਤਾ ਪਰ ਬਾਅਦ ਵਿੱਚ ਮੁਕਰ ਗਿਆ।