'Mera Ghar Mere Naam' Scheme: 210 ਪਰਿਵਾਰਾਂ ਨੂੰ ਘਰਾਂ ਦੇ ਮਾਲਕੀ ਹੱਕ ਮਿਲੇ
ਸੌਂਦ ਨੇ ਪੰਜਰੁੱਖਾ ਦੇ 70 ਤੇ ਕੋਟਲਾ ਢੱਕ ਦੇ 140 ਪਰਿਵਾਰਾਂ ਨੂੰ ਪ੍ਰਾਪਰਟੀ ਕਾਰਡ ਵੰਡੇ
ਪੰਜਾਬ ਸਰਕਾਰ ਦੀ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਹਲਕੇ ਦੇ ਪਿੰਡ ਪੰਜਰੁੱਖਾ ਅਤੇ ਕੋਟਲਾ ਢੱਕ ਦੇ ਕੁੱਲ 210 ਪਰਿਵਾਰਾਂ ਨੂੰ ਉਨ੍ਹਾਂ ਦੇ ਰਿਹਾਇਸ਼ੀ ਮਕਾਨਾਂ ਦੇ ਸਰਕਾਰੀ ਮਾਲਕੀ ਹੱਕ (ਪ੍ਰਾਪਰਟੀ ਕਾਰਡ) ਸੌਂਪੇ ਗਏ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਰਵਾਏ ਇਸ ਵਿਸ਼ੇਸ਼ ਸਮਾਗਮ ਦੌਰਾਨ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪਿੰਡ ਕੋਟਲਾ ਢੱਕ ਦੇ 70 ਅਤੇ ਪਿੰਡ ਪੰਜਰੁੱਖਾ ਦੇ 140 ਲਾਭਪਾਤਰੀ ਪਰਿਵਾਰਾਂ ਨੂੰ ਪ੍ਰਾਪਰਟੀ ਕਾਰਡ ਤਕਸੀਮ ਕੀਤੇ।
ਇਸ ਮੌਕੇ ਕੈਬਨਿਟ ਮੰਤਰੀ ਸੌਂਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਲਾਲ ਲਕੀਰ ਦੇ ਅੰਦਰ ਆਉਂਦੇ ਘਰਾਂ ਵਿੱਚ ਲੰਮੇ ਸਮੇਂ ਤੋਂ ਰਹਿ ਰਹੇ ਲੋਕਾਂ ਨੂੰ ਹੁਣ ਜਾਇਦਾਦ ਦੇ ਪੱਕੇ ਮਾਲਕੀ ਹੱਕ ਮਿਲਣ ਨਾਲ ਬਹੁਤ ਵੱਡੀ ਰਾਹਤ ਮਿਲੀ ਹੈ। ਇਹ ਇਤਿਹਾਸਕ ਕਦਮ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਸਮਾਜਿਕ ਅਤੇ ਆਰਥਿਕ ਤੌਰ ’ਤੇ ਮਜ਼ਬੂਤ ਬਣਾਉਣ ਵੱਲ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਪ੍ਰਾਪਰਟੀ ਕਾਰਡ ਮਿਲਣ ਨਾਲ ਹੁਣ ਮਕਾਨਾਂ ਦੇ ਮਾਲਕ ਨਿਯਮਾਂ ਅਨੁਸਾਰ ਆਪਣੀ ਜਾਇਦਾਦ ਨੂੰ ਖ਼ਰੀਦ ਜਾਂ ਵੇਚ ਸਕਣਗੇ। ਇਸ ਤੋਂ ਇਲਾਵਾ ਉਹ ਇਸ ਸੰਪਤੀ ਦੇ ਆਧਾਰ ’ਤੇ ਬੈਂਕਾਂ ਤੋਂ ਆਸਾਨੀ ਨਾਲ ਕਰਜ਼ਾ ਲੈ ਸਕਣਗੇ ਅਤੇ ਆਪਣੀ ਜਾਇਦਾਦ ਆਪਣੇ ਕਾਨੂੰਨੀ ਵਾਰਸਾਂ ਦੇ ਨਾਮ ਤਬਦੀਲ ਕਰਵਾਉਣ ਦੇ ਪੂਰੀ ਤਰ੍ਹਾਂ ਯੋਗ ਹੋਣਗੇ।
ਮਾਲ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਪ੍ਰਾਪਰਟੀ ਕਾਰਡ ਆਉਣ ਵਾਲੇ ਸਮੇਂ ਵਿੱਚ ਜਾਇਦਾਦ ਨਾਲ ਜੁੜੇ ਕਾਨੂੰਨੀ ਕੰਮਕਾਜ ਲਈ ਇੱਕ ਅਹਿਮ ਅਤੇ ਮਜ਼ਬੂਤ ਦਸਤਾਵੇਜ਼ ਬਣਨਗੇ। ਇਸ ਮੌਕੇ ਲਾਭਪਾਤਰੀ ਪਰਿਵਾਰਾਂ ਨੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ।

