ਜਾਅਲੀ ਦਸਤਾਵੇਜ਼ ਲਗਾ ਕੇ ਲਗਜ਼ਰੀ ਕਾਰਾਂ ਲੈਣ ਵਾਲੇ 2 ਕਾਬੂ, 3 ਫ਼ਰਾਰ

ਜਾਅਲੀ ਦਸਤਾਵੇਜ਼ ਲਗਾ ਕੇ ਲਗਜ਼ਰੀ ਕਾਰਾਂ ਲੈਣ ਵਾਲੇ 2 ਕਾਬੂ, 3 ਫ਼ਰਾਰ

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 28 ਸਤੰਬਰ

ਆਪਣੀਆਂ ਜਾਅਲੀ ਆਈਡੀ ’ਤੇ ਲੋਨ ਕਰਵਾ ਕੇ ਅੱਗੇ ਭੋਲੇ ਭਾਲੇ ਲੋਕਾਂ ਨੂੰ ਕਾਰਾਂ ਵੇਚਣ ਵਾਲੇ ਗਰੋਹ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੇ 2 ਮੈਂਬਰ ਪੁਲੀਸ ਦੇ ਹੱਥ ਆ ਗਏ ਹਨ ਤੇ 3 ਫ਼ਰਾਰ ਹੋ ਗਏ ਹਨ। ਇਹ ਗਰੋਹ ਜਾਅਲੀ ਆਈਡੀ ’ਤੇ ਲਗਜ਼ਰੀ ਕਾਰਾਂ ’ਤੇ ਲੋਨ ਕਰਵਾ ਲੈਂਦੇ ਸਨ ਤੇ ਅੱਗੇ ਲੋਕਾਂ ਨੂੰ ਵੇਚ ਦਿੰਦੇ ਸਨ। ਪੁਲੀਸ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ’ਚੋਂ ਅਤੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ 10 ਕਾਰਾਂ, ਜਾਅਲੀ ਪੰਜ ਆਰਸੀਜ਼ ਤੇ 10 ਜੋੜੀ ਨੰਬਰ ਪਲੇਟਾਂ ਬਰਾਮਦ ਕੀਤੀਆਂ ਹਨ। ਪੁਲੀਸ ਨੇ ਇਸ ਮਾਮਲੇ ’ਚ ਲੱਕੜ ਬਾਜ਼ਾਰ ਸਥਿਤ ਨਵਾਂ ਮੁਹੱਲਾ ਵਾਸੀ ਗੁਰਪਤਵੰਤਵੀਰ ਸਿੰਘ ਤੇ ਫਗਵਾੜਾ ਸਥਿਤ ਪ੍ਰੋਫੈਸਰ ਕਲੋਨੀ ਬੰਗਾ ਰੋਡ ਵਾਸੀ ਤਰੁਣ ਸਿੰਘ ਉਰਫ਼ ਬੋਬੀ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਤੋਂ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਤੋਂ ਪੁੱਛਗਿਛ ਦੇ ਆਧਾਰ ’ਤੇ ਉਨ੍ਹਾਂ ਦੇ ਤਿੰਨ ਸਾਥੀਆਂ ਹਰਿਆਣਾ ਵਾਸੀ ਮੌਨੀ ਚੌਹਾਨ, ਖਰੜ ਵਾਸੀ ਅਵਤਾਰ ਸਿੰਘ ਤੇ ਅਤੀਕ ਹੁਸੈਨ ਉਰਫ਼ ਅਤੀਕ ਦੀ ਭਾਲ ’ਚ ਲੱਗੀ ਹੋਈ ਹੈ। ਡੀਸੀਪੀ ਜਾਂਚ ਸਿਮਰਤਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਪੁਲੀਸ ਨੇ 2 ਦਿਨ ਪਹਿਲਾ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮਾਂ ਨੇ ਇੱਕ ਗਰੋਹ ਬਣਾ ਰੱਖਿਆ ਹੈ ਤੇ ਜਾਅਲੀ ਆਈਡੀ ਤਿਆਰ ਕਰਦੇ ਹਨ ਤੇ ਫਿਰ ਲਗਜ਼ਰੀ ਕਾਰਾਂ ’ਤੇ ਲੋਨ ਕਰਵਾਉਂਦੇ ਹਨ, ਉਸ ਤੋਂ ਬਾਅਦ ਅੱਗੇ ਲੋਕਾਂ ਨੂੰ ਵੇਚ ਦਿੰਦੇ ਸਨ। ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਗੁਰਪਤਵੰਤਵੀਰ ਸਿੰਘ ਤੇ ਤਰੁਣ ਦੋਵੇਂ ਕਾਰਾਂ ਲਿਆ ਕੇ ਫਿਰੋਜ਼ਗਾਂਧੀ ਮਾਰਕੀਟ ’ਚ ਹਨ। ਪੁਲੀਸ ਨੇ ਦੋਹਾਂ ਨੂੰ ਕਾਬੂ ਕਰ ਲਿਆ ਤੇ ਉਨ੍ਹਾਂ ਦੇ ਕਬਜ਼ੇ ਤੋਂ 10 ਕਾਰਾਂ ਬਰਾਮਦ ਕੀਤੀਆਂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All