ਇੱਥੋਂ ਦੀ ਹੋਲਸੇਲ ਸਬਜ਼ੀ ਮੰਡੀ ਵਿੱਚ ਵਿੱਕ ਰਹੇ ਨਕਲੀ ਪਨੀਰ ਅਤੇ ਕੈਮੀਕਲ ਲਗਾ ਕੇ ਫਰੂਟ ਵੇਚਣ ਵਾਲਿਆਂ ’ਤੇ ਅੱਜ ਸਿਹਤ ਵਿਭਾਗ ਦੀ ਟੀਮ ਨੇ ਛਾਪਾ ਮਾਰਿਆ।
ਜ਼ਿਲ੍ਹਾ ਸਿਹਤ ਅਫ਼ਸਰ ਡਾ. ਆਸ਼ੀਸ਼ ਚਾਵਲਾ ਦੀ ਅਗਵਾਈ ਹੇਠ ਫੂਡ ਸੇਫਟੀ ਵਿਭਾਗ ਦੀ ਟੀਮ ਨੇ ਸਬਜ਼ੀ ਮੰਡੀ ਵਿੱਚ ਛਾਪਾ ਮਾਰਿਆ। ਇਸ ਕਾਰਵਾਈ ਦੌਰਾਨ ਮਿਆਰੀ ਮਾਪਦੰਡਾਂ ’ਤੇ ਖਰਾ ਨਾ ਉਤਰਨ ਵਾਲਾ ਕਰੀਬ 18 ਕਿਲੋ ਸ਼ੱਕੀ ਪਨੀਰ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤਾ ਗਿਆ। ਇਸ ਦੇ ਨਾਲ ਹੀ ਸਿਹਤ ਵਿਭਾਗ ਦੀ ਟੀਮ ਨੇ ਬਾਗ਼ਬਾਨੀ ਅਤੇ ਵਾਤਾਵਰਨ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਅੰਬ, ਪਪੀਤਾ ਅਤੇ ਕੇਲਾ ਪਕਾਉਣ ਵਾਲੇ ਸੈਂਟਰਾਂ ਦੀ ਵੀ ਜਾਂਚ ਕੀਤੀ।
ਚੈਕਿੰਗ ਦੌਰਾਨ ਫੂਡ ਸੇਫਟੀ ਟੀਮ ਨੇ ਮੰਡੀ ਵਿੱਚਲੀਆਂ ਦੁਕਾਨਾਂ ਅਤੇ ਰੇਹੜੀਆਂ ’ਤੇ ਵਿਕ ਰਹੇ ਪਨੀਰ ਦੀ ਗੁਣਵੱਤਾ ਨੂੰ ਪਰਖਿਆ। ਇਸੇ ਦੌਰਾਨ ਇੱਕ ਦੁਕਾਨ ’ਤੇ ਮਿਲਾਵਟੀ ਪਨੀਰ ਹੋਣ ਦਾ ਖ਼ਦਸ਼ਾ ਹੋਣ ’ਤੇ ਤੁਰੰਤ ਉਸ ਦਾ ਸੈਂਪਲ ਲੈ ਕੇ ਸਰਕਾਰੀ ਲੈਬੋਰਟਰੀ ਵਿੱਚ ਜਾਂਚ ਲਈ ਭੇਜ ਦਿੱਤਾ ਗਿਆ, ਜਦਕਿ 18 ਕਿਲੋ ਪਨੀਰ ਨੂੰ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤਾ ਗਿਆ। ਡਾ. ਚਾਵਲਾ ਨੇ ਦੁਕਾਨਦਾਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਕੁਝ ਪੈਸਿਆਂ ਦੇ ਮੁਨਾਫ਼ੇ ਲਈ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਭਵਿੱਖ ਵਿੱਚ ਕੋਈ ਵੀ ਗ਼ੈਰ-ਮਿਆਰੀ ਡੇਅਰੀ ਉਤਪਾਦ ਵੇਚਦਾ ਪਾਇਆ ਗਿਆ, ਤਾਂ ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਐਕਟ ਤਹਿਤ ਜੇਲ੍ਹ ਭੇਜਿਆ ਜਾਵੇਗਾ। ਪਨੀਰ ਦੀ ਚੈਕਿੰਗ ਤੋਂ ਬਾਅਦ ਟੀਮ ਨੇ ਮੰਡੀ ਦੇ ਫੱਲ ਪਕਾਉਣ ਵਾਲੇ ਸੈਂਟਰਾਂ ਅਤੇ ਕੋਲਡ ਸਟੋਰਾਂ ’ਤੇ ਛਾਪੇ ਮਾਰੇ। ਅਧਿਕਾਰੀਆਂ ਨੇ ਫਲ ਵਿਕਰੇਤਾਵਾਂ ਨੂੰ ਸਮਝਾਇਆ ਕਿ ਪਾਬੰਦੀਸ਼ੁਦਾ ‘ਕੈਲਸ਼ੀਅਮ ਕਾਰਬਾਈਡ’ (ਮਸਾਲੇ) ਦੀ ਵਰਤੋਂ ਮਨੁੱਖੀ ਸਰੀਰ ਲਈ ਧੀਮਾ ਜ਼ਹਿਰ ਵਾਂਗ ਹੈ। ਜੇਕਰ ਕਿਸੇ ਵੀ ਸਟੋਰ ਵਿੱਚ ਇਸ ਦੀ ਵਰਤੋਂ ਮਿਲੀ, ਤਾਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਕੱਟੇ ਹੋਏ ਫਲ ਨਾ ਵੇਚਣ ਦੀ ਹਦਾਇਤ
ਗਰਮੀ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਵਿਭਾਗ ਨੇ ਰੇਹੜੀ-ਫੜ੍ਹੀ ਵਾਲਿਆਂ ਨੂੰ ਕੱਟੇ ਹੋਏ ਫਲ ਨਾ ਵੇਚਣ ਦੀ ਹਦਾਇਤ ਕੀਤੀ ਹੈ। ਇਸ ਦੇ ਨਾਲ ਹੀ ਜਨਤਾ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਖ਼ੁਦ ਜਾਗਰੂਕ ਬਣਨ ਅਤੇ ਹਮੇਸ਼ਾ ਢਕੇ ਹੋਏ ਤੇ ਸਾਫ਼-ਸੁਥਰੇ ਖਾਧ ਪਦਾਰਥ ਹੀ ਖਰੀਦਣ। ਕਿਸੇ ਵੀ ਤਰ੍ਹਾਂ ਦੀ ਮਿਲਾਵਟ ਦਾ ਸ਼ੱਕ ਹੋਣ ’ਤੇ ਤੁਰੰਤ ਫੂਡ ਸੇਫ਼ਟੀ ਵਿਭਾਗ ਨੂੰ ਸ਼ਿਕਾਇਤ ਦਰਜ ਕਰਵਾਈ ਜਾਵੇ। ਸਿਹਤ ਅਫ਼ਸਰਾਂ ਮੁਤਾਬਕ ਇਹ ਚੈਕਿੰਗ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਲਗਾਤਾਰ ਜਾਰੀ ਰਹੇਗੀ।

