
ਨਤੀਜਾ ਆਉਣ ਮਗਰੋਂ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਦੇ ਵਿਦਿਆਰਥੀ ਖੁਸ਼ੀ ਦੇ ਰੌਂਅ ਵਿੱਚ। -ਫੋਟੋਆਂ: ਹਿਮਾਸ਼ੂ ਮਹਾਜਨ
ਸਤਵਿੰਦਰ ਬਸਰਾ
ਲੁਧਿਆਣਾ, 26 ਮਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 10ਵੀਂ ਜਮਾਤ ਦੇ ਐਲਾਨੇ ਨਤੀਜੇ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕੀਤੇ ਹਨ। ਬੋਰਡ ਵੱਲੋਂ ਜਾਰੀ ਕੀਤੀ ਮੈਰਿਟ ਸੂਚੀ ਅਨੁਸਾਰ ਅਜੀਤਸਰ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਦੀ ਵਿਦਿਆਰਥਣ ਕਿਰਨਜੀਤ ਕੌਰ ਨੇ 98.92 ਫ਼ੀਸਦੀ ਅੰਕਾਂ ਨਾਲ ਸੂਬੇ ਵਿੱਚੋਂ ਪੰਜਵਾਂ ਰੈਂਕ ਪ੍ਰਾਪਤ ਕੀਤਾ ਜਦਕਿ ਜ਼ਿਲ੍ਹੇ ਵਿੱਚੋਂ ਉਹ ਪਹਿਲੇ ਸਥਾਨ ’ਤੇ ਰਹੀ। ਇਸੇ ਤਰ੍ਹਾਂ ਹਿਮਗਿਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੀਆਂ ਕਲਾਂ ਦਾ ਦਿਵਿਆਂਸ਼ੂ ਕੁਮਾਰ 98.77 ਫ਼ੀਸਦੀ ਅਤੇ ਆਰਐੱਸ ਮਾਡਲ ਸਕੂਲ ਦਾ ਦਿਵਜੋਤ ਸਿੰਘ 98.46 ਫ਼ੀਸਦੀ ਅੰਕਾਂ ਨਾਲ ਜ਼ਿਲ੍ਹੇ ਵਿੱਚ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਰਹੇ।

ਜ਼ਿਲ੍ਹੇ ਦੇ 37,212 ਵਿਦਿਆਰਥੀਆਂ ਨੇ 10ਵੀਂ ਦੀ ਪ੍ਰੀਖਿਆ ਦਿੱਤੀ ਸੀ ਅਤੇ ਇਨ੍ਹਾਂ ਵਿੱਚੋਂ 35,773 ਵਿਦਿਆਰਥੀ ਪਾਸ ਹੋਏ ਹਨ। ਭਾਵੇਂ ਬੋਰਡ ਵੱਲੋਂ ਜਾਰੀ ਆਰਜ਼ੀ ਮੈਰਿਟ ਸੂਚੀ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ 52 ਵਿਦਿਆਰਥੀਆਂ ਦੇ ਨਾਮ ਸ਼ਾਮਿਲ ਹਨ ਪਰ ਜ਼ਿਲ੍ਹਾਵਾਰ ਪਾਸ ਫ਼ੀਸਦ ਵਿੱਚ ਲੁਧਿਆਣਾ ਹੋਰਨਾਂ ਜ਼ਿਲ੍ਹਿਆਂ ਨਾਲੋਂ ਬੁਰੀ ਤਰ੍ਹਾਂ ਪਛੜ ਗਿਆ ਹੈ। ਲੁਧਿਆਣਾ 96.13 ਫ਼ੀਸਦੀ ਪਾਸ ਫ਼ੀਸਦ ਨਾਲ 23 ਜ਼ਿਲ੍ਹਿਆਂ ਵਿੱਚੋਂ 22ਵੇਂ ਸਥਾਨ ’ਤੇ ਖਿਸਕ ਗਿਆ ਹੈ। ਦਸਵੀਂ ਦੇ ਨਤੀਜੇ ਦੀ ਜਾਰੀ ਮੈਰਿਟ ਸੂਚੀ ਵਿੱਚ ਸਭ ਤੋਂ ਵੱਧ ਆਰਐੱਸ ਮਾਡਲ ਸਕੂਲ ਦੇ 11, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਦੇ 6, ਐੱਸਜੀਡੀ ਗਰਾਮਰ ਸਕੂਲ ਢੰਡਾਰੀ ਕਲਾਂ ਦੇ 6, ਅਜੀਤਸਰ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਦੇ 3, ਬੀਸੀਐੱਮ ਫੋਕਲ ਪੁਆਇੰਟ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਅਤੇ ਭਾਈਦਾਨ ਸਿੰਘ ਸਕੂਲ ਮਾਣੂੰਕੇ ਦੇ ਦੋ-ਦੋ ਵਿਦਿਆਰਥੀਆਂ ਦੇ ਨਾਮ ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ ਮੈਰੀ ਮਿੰਟ ਪਬਲਿਕ ਸਕੂਲ, ਕੈਂਬਰਿਜ ਮਾਡਰਨ ਸਕੂਲ ਚੋਮੋਂ, ਸਾਈਂ ਪਬਲਿਕ ਸਕੂਲ ਸ਼ਿਮਲਾਪੁਰੀ, ਆਤਮ ਮਨੋਹਰ ਜੈਨ ਸਕੂਲ ਖੰਨਾ, ਗੁਰੂ ਨਾਨਕ ਮਾਡਲ ਸਕੂਲ ਢੋਲੇਵਾਲ, ਚਿਲਡਰਨ ਵੈਲੀ ਸਕੂਲ ਮੁੰਡੀਆਂ ਕਲਾਂ, ਸੇਂਟ ਸੰਤ ਰਾਮ ਗੁਰੂਕੁਲ ਸਕੂਲ ਜਗਰਾਉਂ, ਗਿਆਨ ਵਿਦਿਆ ਮੰਦਰ ਦੁੱਗਰੀ, ਆਦਰਸ਼ ਸਕੂਲ ਡੇਹਲੋਂ, ਡੀਸੇਂਟ ਪਬਲਿਕ ਸਕੂਲ, ਸੁਭਾਸ਼ ਨਗਰ, ਭਾਈਦਾਨ ਸਿੰਘ , ਨਨਕਾਣਾ ਸਾਹਿਬ ਸਕੂਲ ਜਨਤਾ ਨਗਰ, ਸਨਰਾਇਜ ਕਾਨਵੈਂਟ ਸਕੂਲ, ਜੀਐਚਜੀ ਖਾਲਸਾ, ਹਰਸ਼ ਵਿਦਿਆ ਮੰਦਰ, ਜੋਜ਼ਫ ਸਕੂਲ ਧਾਂਦਰਾ, ਯੂਵੀਐਮ ਸਕੂਲ, ਸ਼ਹੀਦ ਮੋਤੀ ਰਾਮ ਮਹਿਰਾ ਸਕੂਲ, ਸ਼ਾਲੀਮਾਰ ਮਾਡਲ ਸਕੂਲ ਅਤੇ ਆਨੰਦ ਈਸ਼ਰ ਪਬਲਿਕ ਸਕੂਲ ਦਾ ਇੱਕ-ਇੱਕ ਵਿਦਿਆਰਥੀ ਮੈਰਿਟ ਸੂਚੀ ਵਿੱਚ ਆਇਆ। ਬੋਰਡ ਵੱਲੋਂ ਦੁਪਹਿਰ ਸਮੇਂ ਜਿਉਂ ਹੀ ਨਤੀਜੇ ਦਾ ਐਲਾਨ ਕੀਤਾ, ਸਕੂਲਾਂ ਵਿੱਚ ਚੰਗੇ ਅੰਕਾਂ ਨਾਲ ਪਾਸ ਹੋਏ ਵਿਦਿਆਰਥੀ ਇਕੱਠੇ ਹੋਣੇ ਸ਼ੁਰੂ ਹੋ ਗਏ। ਸਾਰਿਆਂ ਨੇ ਖੁਸ਼ੀ ਵਿੱਚ ਭੰਗੜੇ ਪਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ।

ਗੌਰਵ ਧਵਨ ਪੰਜਾਬ ਭਰ ਵਿੱਚੋਂ 9ਵੇਂ ਸਥਾਨ ’ਤੇ ਆਇਆ

ਪਾਇਲ (ਦੇਵਿੰਦਰ ਜੱਗੀ): ਕੈਂਬਰਿਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਚੋਮੋਂ ਦੇ ਵਿਦਿਆਰਥੀ ਗੌਰਵ ਧਵਨ ਪੁੱਤਰ ਨਵੀਨ ਧਵਨ ਵਾਸੀ ਮਲੌਦ ਨੇ 98.31 ਫ਼ੀਸਦੀ ਅੰਕ ਹਾਸਲ ਕਰਕੇ ਦਸਵੀਂ ਜਮਾਤ ਵਿੱਚੋਂ ਪੂਰੇ ਪੰਜਾਬ ਵਿੱਚੋਂ ਨੌਵਾਂ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਦੇ ਪ੍ਰਿੰਸੀਪਲ ਸੰਜੀਵ ਕੁਮਾਰ ਮੋਦਗਿਲ ਨੇ ਵਿਦਿਆਰਥੀ ਦਾ ਮੂੰਹ ਮਿੱਠਾ ਕਰਵਾ ਕੇ ਮੁਬਾਰਕਬਾਦ ਦਿੱਤੀ। ਉਨ੍ਹਾਂ ਸਕੂਲ ਸਟਾਫ਼ ਦੇ ਨਾਲ-ਨਾਲ ਵਿਦਿਆਰਥੀ ਦੇ ਮਾਪਿਆਂ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਅਧਿਆਪਕ ਕਰਮਦੀਪ ਕੌਰ, ਜਸਵੀਰ ਕੌਰ, ਹਰਵਿੰਦਰ ਕੌਰ, ਮਨਪ੍ਰੀਤ ਕੌਰ, ਬਲਦੀਪ ਕੌਰ, ਹਰਪ੍ਰੀਤ ਕੌਰ, ਰਣਜੀਤ ਕੌਰ, ਹਰਪ੍ਰੀਤ ਸਿੰਘ, ਜਿਪਸੀ ਮਹਿਰਾ, ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ ਹਾਜ਼ਰ ਸਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ