ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਜਨਵਰੀ
ਲੁਧਿਆਣਾ ਦੇ ਪਿੰਡ ਗਾਲਬਿ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਚ ਅੱਜ 10 ਵਿਦਿਆਰਥੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਹੁਣ ਤੱਕ ਇਸ ਸਕੂਲ ਵਿਚ 15 ਵਿਦਿਆਰਥੀ ਤੇ 13 ਅਧਿਆਪਕਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ। ਅੱਜ ਦੀ ਰਿਪੋਰਟਾਂ ਦੀ ਪੁਸ਼ਟੀ ਲੁਧਿਆਣਾ ਦੇ ਜ਼ਿਲ੍ਹਾ ਐਪੀਡਿਮੋਲਾਜਿਸਟ ਡਾ. ਰਮੇਸ਼ ਕੁਮਾਰ ਨੇ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸੇ ਸਕੂਲ ਦੀ ਇੱਕ ਅਧਿਆਪਕਾ ਦੀ ਬੀਤੇ ਸ਼ਨਿੱਚਰਵਾਰ ਕਰੋਨਾ ਕਾਰਨ ਮੌਤ ਹੋਈ ਸੀ। ਇਸ ਸਕੂਲ ਵਿਚ ਹੁਣ ਤੱਕ 28 ਕਰੋਨਾ ਕੇਸ ਸਾਹਮਣੇ ਆ ਚੁੱਕੇ ਹਨ ਤੇ ਹਾਲੇ ਵੀ ਟੈਸਟਿੰਗ ਦਾ ਕੰਮ ਲਗਾਤਾਰ ਜਾਰੀ ਹੈ। ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਸਿਵਲ ਸਰਜਨ ਲੁਧਿਆਣਾ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਮੈਡੀਕਲ ਟੀਮਾਂ ਸਕੂਲਾਂ ’ਚ ਲਾਉਣ ਤੇ ਅਧਿਆਪਕਾਂ ਸਣੇ ਵਿਦਿਆਰਥੀਆਂ ਦੀ ਜਾਂਚ ਯਕੀਨੀ ਬਣਾਈ ਜਾਵੇ।
ਕੋਵਿਡ ਕਾਰਨ ਦੋ ਮੌਤਾਂ; 38 ਪਾਜ਼ੇਟਿਵ
ਜ਼ਿਲ੍ਹਾ ਲੁਧਿਆਣਾ ਵਿਚ ਕਰੋਨਾ ਦੇ ਕੇਸਾਂ ਦੀ ਗਿਣਤੀ ਲਗਾਤਾਰ ਵੱਧਦੀ ਰਹੀ ਹੈ। ਅੱਜ ਵੀ ਜ਼ਿਲ੍ਹੇ ਵਿਚ ਕਰੋਨਾ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਤੇ 38 ਨਵੇਂ ਮਰੀਜ਼ਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਸੁਖਜੀਵਨ ਕੱਕੜ ਨੇ ਦੱਸਿਆ ਕਿ ਬੁੱਧਵਾਰ ਨੂੰ ਲੁਧਿਆਣਾ ਵਿੱਚ 38 ਨਵੇਂ ਮਰੀਜ਼ਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ, ਜਿਸ ਤੋਂ ਬਾਅਦ ਲੁਧਿਆਣਾ ਵਿਚ ਕਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ 25628 ਹੋ ਗਈ ਹੈ, ਜਿਨ੍ਹਾਂ ਵਿਚੋਂ 24305 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਅੱਜ ਵੀ ਕਰੋਨਾ ਨਾਲ 2 ਮੌਤਾਂ ਹੋ ਗਈਆਂ, ਜਿਨ੍ਹਾਂ ਵਿਚ ਇੱਕ 46 ਸਾਲਾਂ ਵਿਅਕਤੀ ਸ਼ਿਮਲਾਪੁਰੀ ਵਾਸੀ ਸੀ ਤੇ ਦੂਜੀ 65 ਸਾਲਾਂ ਔਰਤ ਪਿੰਡ ਕਾਉਂਕੇ ਦੀ ਹੈ।