ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 28 ਸਤੰਬਰ
ਕਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਲੁਧਿਆਣਾ ’ਚ ਲਗਾਤਾਰ ਵੱਧਦੀ ਜਾ ਰਹੀ ਹੈ। ਸੋਮਵਾਰ ਨੂੰ ਜ਼ਿਲ੍ਹਾ ਲੁਧਿਆਣਾ ’ਚ 163 ਦੇ ਕਰੀਬ ਨਵੇਂ ਕਰੋਨਾ ਮਾਮਲੇ ਸਾਹਮਣੇ ਆਏ ਹਨ। ਇਸ ’ਚ 133 ਮਾਮਲੇ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਹਨ, ਜਦੋਂ ਕਿ 30 ਹੋਰਨਾਂ ਜ਼ਿਲ੍ਹਿਆਂ ’ਚੋਂ ਹਨ। ਜ਼ਿਲ੍ਹਾ ਲੁਧਿਆਣਾ ’ਚ ਕਰੋਨਾ ਪੀੜਤਾਂ ਦਾ ਕੁੱਲ ਅੰਕੜਾ 17615 ਦੇ ਕਰੀਬ ਪੁੱਜ ਚੁੱਕਿਆ ਹੇ। ਸੋਮਵਾਰ ਨੂੰ ਵੀ ਲੁਧਿਆਣਾ ’ਚ 10 ਦੇ ਕਰੀਬ ਕਰੋਨਾ ਪੀੜਤਾਂ ਨੇ ਦਮ ਤੋੜਿਆ। ਇਸ ’ਚੋਂ 6 ਲੁਧਿਆਣਾ, ਬਾਕੀ ਚਾਰ ਜਲੰਧਰ, ਪਠਾਨਕੋਟ, ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਨਾਲ ਸੰਬੰਧਤ ਹਨ। ਹਾਲੇ ਤੱਕ ਮੌਤਾਂ ਦੀ ਗਿਣਤੀ 723 ਦੇ ਕਰੀਬ ਪੁੱਜ ਚੁੱਕੀ ਹੈ। ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਸੋਮਵਾਰ ਨੂੰ ਵੀ ਕਰੋਨਾ ਪੀੜਤਾਂ ਦੇ ਸੰਪਰਕ ’ਚ ਆਉਣ ਵਾਲੇ 7, ਓਪੀਡੀ ’ਚੋਂ 38, ਫਲੂ ਕਾਰਨਰ ਤੋਂ 65, ਇੱਕ ਪੁਲੀਸ ਕਰਮੀ, ਇੱਕ ਸਿਹਤ ਕਰਮੀ, ਇੱਕ ਗਰਭਵਤੀ ਔਰਤ, ਅਨਟਰੇਸ 17 ਤੇ ਹੋਰ ਤਿੰਨ ਕੇਸ ਸਾਹਮਣੇ ਆਏ ਹਨ। ਜ਼ਿਲ੍ਹਾ ਲੁਧਿਆਣਾ ’ਚ ਹੁਣ ਐਕਟਿਵ ਕੇਸਾਂ ਦੀ ਗਿਣਤੀ 1104 ਹੋ ਚੁੱਕੀ ਹੈ।
ਚਾਰ ਪੰਚਾਇਤ ਸਕੱਤਰ ਅਤੇ ਇੱਕ ਮੁਲਾਜ਼ਮ ਕਰੋਨਾ ਪਾਜ਼ੇਟਿਵ
ਮਾਛੀਵਾੜਾ (ਪੱਤਰ ਪ੍ਰੇਰਕ): ਮਾਛੀਵਾੜਾ ਦਾ ਬਲਾਕ ਪੰਚਾਇਤ ਦਫ਼ਤਰ ਕਰੋਨਾ ਸੰਕਟ ਵਿੱਚ ਘਿਰ ਗਿਆ ਹੈ ਕਿਉਂਕਿ ਕੁਝ ਦਿਨ ਪਹਿਲਾਂ ਇੱਥੇ ਤਾਇਨਾਤ ਬੀਡੀਪੀਓ ਅਤੇ ਹੋਰ 4 ਮੁਲਾਜ਼ਮ ਪਾਜ਼ੇਟਿਵ ਆਏ ਸਨ ਅਤੇ ਬੀਤੇ ਦਿਨ 27 ਸਤੰਬਰ ਨੂੰ ਇਸ ਦਫ਼ਤਰ ’ਚ ਡਿਊਟੀ ਕਰ ਰਹੇ ਪੰਚਾਇਤ ਅਫ਼ਸਰ ਗੁਰਚਰਨ ਸਿੰਘ ਦੀ ਕਰੋਨਾ ਕਾਰਨ ਮੌਤ ਹੋ ਗਈ ਸੀ। ਅੱਜ ਸਿਹਤ ਵਿਭਾਗ ਦੀ ਟੀਮ ਵਲੋਂ ਬਲਾਕ ਪੰਚਾਇਤ ਦਫ਼ਤਰ ਵਿੱਚ ਮੁੜ ਮੁਲਾਜ਼ਮਾਂ ਦੇ ਕਰੋਨਾ ਸੈਂਪਲ ਲਏ ਗਏ ਤਾਂ 5 ਹੋਰ ਮੁਲਾਜ਼ਮ ਪਾਜ਼ੇਟਿਵ ਆ ਗਏ। ਅੱਜ ਕੀਤੇ ਗਏ ਟੈਸਟ ਦੌਰਾਨ ਬਲਾਕ ਪੰਚਾਇਤ ਦਫ਼ਤਰ ਦੇ 4 ਪੰਚਾਇਤ ਸਕੱਤਰ ਅਤੇ 1 ਹੋਰ ਮੁਲਾਜ਼ਮ ਪਾਜ਼ੇਟਿਵ ਆ ਗਿਆ। ਬੇਸ਼ੱਕ ਬੀਡੀਪੀਓ ਅਤੇ 4 ਹੋਰ ਮੁਲਾਜ਼ਮ ਕਰੋਨਾ ਨੂੰ ਮਾਤ ਦੇ ਤੰਦਰੁਸਤ ਵੀ ਹੋ ਗਏ ਹਨ ਪਰ ਅਚਾਨਕ ਹੋਰ 5 ਮੁਲਾਜ਼ਮ ਪਾਜ਼ੇਟਿਵ ਆਉਣ ਨਾਲ ਇਸ ਸਰਕਾਰੀ ਦਫ਼ਤਰ ਦਾ ਕੰਮਕਾਰ ਜੋ 2 ਦਿਨ ਪਹਿਲਾਂ ਹੀ ਸ਼ੁਰੂ ਹੋਇਆ ਸੀ ਉਹ ਠੱਪ ਹੋ ਜਾਵੇਗਾ।