ਤੇਰਾ ਸਿੰਘ ਚੰਨ ਦੀ ਚਾਨਣੀ
ਪੁਸਤਕ ‘ਤੇਰਾ ਸਿੰਘ ਚੰਨ: ਸਿਰਜਣਾ ਤੇ ਸੰਗਰਾਮ’ ਪੜ੍ਹਦਿਆਂ ਇਹ ਅਹਿਸਾਸ ਬਹੁਤ ਸ਼ਿੱਦਤ ਨਾਲ ਹੁੰਦਾ ਹੈ ਕਿ ਉੱਘੇ ਨਾਟਕਕਾਰ ਡਾ. ਹਰਚਰਨ ਸਿੰਘ ਨੇ ਤੇਰਾ ਸਿੰਘ ਚੰਨ ਨੂੰ ਤੇਰਾ ਸਿੰਘ ਧੰਨ ਕਿਉਂ ਆਖਿਆ ਸੀ! 22 ਲੇਖਕਾਂ ਦੀਆਂ ਰਚਨਾਵਾਂ ਨਾਲ ਸਜੀ, ਡਾ....
ਪੁਸਤਕ ‘ਤੇਰਾ ਸਿੰਘ ਚੰਨ: ਸਿਰਜਣਾ ਤੇ ਸੰਗਰਾਮ’ ਪੜ੍ਹਦਿਆਂ ਇਹ ਅਹਿਸਾਸ ਬਹੁਤ ਸ਼ਿੱਦਤ ਨਾਲ ਹੁੰਦਾ ਹੈ ਕਿ ਉੱਘੇ ਨਾਟਕਕਾਰ ਡਾ. ਹਰਚਰਨ ਸਿੰਘ ਨੇ ਤੇਰਾ ਸਿੰਘ ਚੰਨ ਨੂੰ ਤੇਰਾ ਸਿੰਘ ਧੰਨ ਕਿਉਂ ਆਖਿਆ ਸੀ! 22 ਲੇਖਕਾਂ ਦੀਆਂ ਰਚਨਾਵਾਂ ਨਾਲ ਸਜੀ, ਡਾ. ਜਸਵਿੰਦਰ ਸਿੰਘ ਅਤੇ ਡਾ. ਕੁਲਦੀਪ ਸਿੰਘ ਦੀਪ ਵੱਲੋਂ ਸੰਪਾਦਿਤ ਇਸ ਪੁਸਤਕ ਅੰਦਰ ਇੱਕ ਤੋਂ ਵੱਧ ਵਾਰ ਹਵਾਲਾ ਆਉਂਦਾ ਹੈ ਕਿ ਪਹਿਲਾਂ ਜਨਮੇ ਬੱਚੇ ਬਚਦੇ ਨਾ ਰਹਿਣ ਕਰ ਕੇ ਮਾਪਿਆਂ ਨੇ ਇਹ ਬਾਲਕ ਇੱਕ ਤਰ੍ਹਾਂ ਉਸ ਡਾਢੇ ਨੂੰ ਹੀ ਸੌਂਪਦਿਆਂ ਉਹਦਾ ਨਾਂ ‘ਤੇਰਾ’ ਰੱਖਿਆ ਤੇ ਇਹ ਬਾਲਕ ਵੱਡਾ ਹੋ ਕੇ ਲੋਕਾਂ ਦਾ ਹੋ ਗਿਆ ਅਤੇ ‘ਚੰਨ’ ਤਖੱਲਸ ਰੱਖ ਕੇ ਵਾਕਈ ਚੰਨ ਵਾਂਗ ਚਮਕਿਆ।
200 ਪੰਨਿਆਂ ਦੇ ਆਰ-ਪਾਰ ਫੈਲੀ ਇਹ ਪੁਸਤਕ ਪਾਠਕ ਨੂੰ ਤੇਰਾ ਸਿੰਘ ਚੰਨ ਦੇ ਜੀਵਨ ਅਤੇ ਰਚਨਾਵਾਂ ਦੇ ਰੂ-ਬ-ਰੂ ਹੀ ਨਹੀਂ ਕਰਵਾਉਂਦੀ ਸਗੋਂ ਉਸ ਦੌਰ ਦੇ ਸਿਆਸੀ, ਆਰਥਿਕ, ਸਮਾਜਿਕ ਤੇ ਹੋਰ ਬਹੁਤ ਸਾਰੇ ਪੱਖਾਂ ਬਾਰੇ ਵੀ ਚਾਨਣ ਵੰਡਦੀ ਹੈ। ਮੁੱਖਬੰਦ ਵਿੱਚ ਡਾ. ਕੁਲਦੀਪ ਸਿੰਘ ਦੀਪ ਨੇ ਸਹੀ ਸ਼ਨਾਖ਼ਤ ਕੀਤੀ ਹੈ ਕਿ ਤੇਰਾ ਸਿੰਘ ਚੰਨ ਨੂੰ ਪੜ੍ਹਨਾ ਅਸਲ ਵਿੱਚ ਸਾਮਰਾਜੀ ਤਾਕਤਾਂ ਦੀ ਦਰਿੰਦਗੀ, ਇਨ੍ਹਾਂ ਦੀਆਂ ਅਮਾਨਵੀ ਹਿਰਸਾਂ ਤੇ ਜੰਗਾਂ ਦੇ ਕੋਝੇ ਸੱਚ ਅਤੇ ਇਸ ਨੂੰ ਰੋਕਣ ਲਈ ਪ੍ਰਗਤੀਸ਼ੀਲ ਧਿਰਾਂ ਦੇ ਯਤਨਾਂ ਦਾ ਇਤਿਹਾਸ ਪੜ੍ਹਨਾ ਹੈ। ਇਹ ਇਤਿਹਾਸ ਤੇਰਾ ਸਿੰਘ ਚੰਨ ਦੇ ਜੀਵਨ ਸੰਗਰਾਮ ਅਤੇ ਸਿਰਜਣਾ ਨਾਲ ਇੱਕ-ਮਿੱਕ ਹੋਇਆ ਪਿਆ ਹੈ।
ਤੇਰਾ ਸਿੰਘ ਚੰਨ ਮੁੱਖ ਰੂਪ ਵਿੱਚ ਸਿਆਸੀ ਕਾਰਕੁਨ ਸਨ। ਇਹ ਭੇਤ ਤਾਂ ਅਜੇ ਭੇਤ ਹੀ ਹੈ ਕਿ ਛੋਟੇ ਹੁੰਦਿਆਂ ਉਨ੍ਹਾਂ ਦਾ ਨਾਂ ‘ਅਕਾਲੀ’ ਕਿਵੇਂ ਪੈ ਗਿਆ ਪਰ ਆਜ਼ਾਦੀ ਅੰਦੋਲਨ ਵਿੱਚ ਸ਼ਿਰਕਤ ਕਰਦਿਆਂ ਉਹ ਪਹਿਲਾਂ ਕਾਂਗਰਸ ਨਾਲ ਜੁੜੇ ਅਤੇ ਫਿਰ ਪੱਕੇ ਕਮਿਊਨਿਸਟ ਹੋ ਗਏ। ਉਨ੍ਹਾਂ ਦੀ ਉੱਘੜਵੀਂ ਪਛਾਣ ਓਪੇਰਾ ਲੇਖਕ ਦੀ ਬਣੀ ਅਤੇ ਫਿਰ ਇਪਟਾ ਲਹਿਰ ਦੇ ਬਾਨੀਆਂ ਵਿੱਚੋਂ ਹੋਣ ਕਰ ਕੇ ਉਨ੍ਹਾਂ ਦਾ ਯੋਗਦਾਨ ਲਾਸਾਨੀ ਹੋ ਨਿੱਬੜਿਆ। ਡਾ. ਰਘਬੀਰ ਸਿੰਘ ਦੀ ਕੀਤੀ ਨਿਸ਼ਾਨਦੇਹੀ ਅਨੁਸਾਰ, ਤੇਰਾ ਸਿੰਘ ਚੰਨ ਬਹੁਤ ਅੱਛੇ ਸ਼ਾਇਰ ਤੇ ਲੇਖਕ ਸਨ ਪਰ ਉਨ੍ਹਾਂ ਆਪਣੀ ਸਾਰੀ ਦੀ ਸਾਰੀ ਸਿਰਜਣਾਤਮਕਤਾ ਨੂੰ ਕਮਿਊਨਿਸਟ ਪਾਰਟੀ ਦੇ ਜਥੇਬੰਦਕ ਨਿਯਮਾਂ ਅਧੀਨ ਕਰ ਲਿਆ ਹੋਇਆ ਸੀ। ਇਨ੍ਹਾਂ ਜਥੇਬੰਦਕ ਕਾਰਜਾਂ ਕਰ ਕੇ ਉਨ੍ਹਾਂ ਦੀ ਸਿਰਜਣਾਤਮਕ ਪ੍ਰਾਪਤੀ ਨੂੰ ਵੀ ਬਿਨਾਂ ਸ਼ੱਕ ਸੱਟ ਵੱਜੀ। ਡਾ. ਆਤਮਜੀਤ ਨੇ ਤਾਂ ਇਸ ਤੱਥ ਨੂੰ ਇੱਕ ਹੋਰ ਪੱਖ ਤੋਂ ਇਉਂ ਵੀ ਵਿਚਾਰਿਆ ਹੈ ਕਿ ਇਹ ਰਾਹ ਉਨ੍ਹਾਂ ਦੇ ਸਿਰਜਣਾਤਮਕ ਸਫ਼ਰ ਵਿੱਚ ਅੜਿੱਕਾ ਵੀ ਬਣਿਆ। ਇੱਥੇ ਹੀ ਉਹ ਸਵਾਲ ਖੜ੍ਹਾ ਕਰਦੇ ਹਨ: ਜਦੋਂ ਕੋਈ ਲੇਖਕ ਜਾਂ ਨਿਰਦੇਸ਼ਕ ਕਿਸੇ ਰਾਜਸੀ ਪਾਰਟੀ ਦੇ ਪ੍ਰੋਗਰਾਮ ਮੁਤਾਬਿਕ ਆਪਣੀ ਰਚਨਾ ਨੂੰ ਢਾਲਦਾ ਹੈ ਤਾਂ ਰਚਨਾ ਦਾ ਸਾਹਿਤਕ ਤੇ ਕਲਾਤਮਕ ਪੱਖੋਂ ਕੀ ਮਹੱਤਵ ਰਹਿ ਜਾਂਦਾ ਹੈ? ਉਹ ਸਪੱਸ਼ਟ ਲਿਖਦੇ ਹਨ ਕਿ ਜੇ ਸਮੇਂ ਸਿਰ ਚੰਨ ਦੇ ਓਪੇਰਿਆਂ ਬਾਰੇ ਆਲੋਚਨਾਤਮਕ ਟਿੱਪਣੀ ਹੋ ਗਈ ਹੁੰਦੀ ਤਾਂ ਉਨ੍ਹਾਂ ਦੀ ਨਾਟਕਕਾਰੀ ਦਾ ਗਰਾਫ ‘ਲੱਕੜ ਦੀ ਲੱਤ’ ਤੋਂ ਉਤਾਂਹ ਜਾਂਦਾ। ਉਨ੍ਹਾਂ ਅਨੁਸਾਰ, ਪਾਰਟੀ ਨਾਲੋਂ ਲੇਖਕ ਦੀ ਸੋਚ ਦਾ ਵਡੇਰਾ ਮਹੱਤਵ ਹੈ।
ਬਹਰਹਾਲ, ਤੇਰਾ ਸਿੰਘ ਚੰਨ ਦੇ ਓਪੇਰਿਆਂ ਦਾ ਅਹਿਮ ਪੱਖ ਵੱਖ-ਵੱਖ ਲੋਕ ਲਹਿਰਾਂ/ਸ਼ਖ਼ਸੀਅਤਾਂ ਦੇ ਬਗ਼ਾਵਤੀ ਪ੍ਰਸੰਗ ਨੂੰ ਪੂਰੀ ਠੁੱਕ ਨਾਲ ਪੇਸ਼ ਕਰਨਾ ਹੈ। ਡਾ. ਸਰਬਜੀਤ ਸਿੰਘ ਬੜਾ ਟੁਣਕਾ ਕੇ ਲਿਖਦੇ ਹਨ ਕਿ ਜੇ ਸੰਸਾਰ ਅਮਨ ਲਹਿਰ ਦਾ ਰੰਗ-ਰੂਪ ਪੰਜਾਬੀ ਸ਼ਬਦ-ਸੰਸਾਰ ਵਿੱਚੋਂ ਤਲਾਸ਼ਣਾ ਹੋਵੇ ਤਾਂ ਇਹ ਚੰਨ ਦੀਆਂ ਰਚਨਾਵਾਂ ਵਿੱਚ ਮਿਲਦਾ ਹੈ। ਡਾ. ਜਸਵਿੰਦਰ ਸਿੰਘ ਵੀ ਦੋਹਰ ਪਾਉਂਦੇ ਹਨ ਕਿ ਚੰਨ ਦੀਆਂ ਰਚਨਾਵਾਂ ਵਿੱਚ ਪੰਜਾਬ ਦੀ ਧੜਕਦੀ ਜ਼ਿੰਦਗੀ ਦੇ ਨਾਲ-ਨਾਲ ਲੋਕਾਂ ਦੀ ਜ਼ਿੰਦਗੀ ਦੀਆਂ ਗ਼ੁਲਾਮੀਆਂ, ਜ਼ਿੱਲਤਾਂ, ਜਹਾਲਤਾਂ ਤੋਂ ਮੁਕਤੀ ਪਾ, ਚਾਵਾਂ ਭਰੇ ਜੀਵਨ ਦੀ ਚਾਹਤ ਡੁੱਲ੍ਹ-ਡੁੱਲ੍ਹ ਪੈਂਦੀ ਹੈ। ਵਾਕਈ, ਉਨ੍ਹਾਂ ਦੀ ਕੋਈ ਰਚਨਾ ਹੋਵੇ; ਵਿਸ਼ਾ ਮੁਕਾਮੀ, ਕੌਮੀ ਜਾਂ ਕੌਮਾਂਤਰੀ ਹੋਵੇ, ਧਰਾਤਲ ’ਚ ਪੰਜਾਬ ਦੀ ਜ਼ਿੰਦਗੀ ਹੀ ਧੜਕਦੀ ਹੈ।
ਜਥੇਬੰਦਕ ਦੇ ਤੌਰ ’ਤੇ ਤੇਰਾ ਸਿੰਘ ਦਾ ਜਲੌਅ ਦੇਖਣ ਹੀ ਵਾਲਾ ਹੈ। ਉਹ ਜਿੱਥੇ ਵੀ ਜਾਂਦੇ, ਇਹ ਜਲੌਅ ਸਾਹਮਣੇ ਆਣ ਖਲੋਂਦਾ। ਦਿੱਲੀ ਰਹਿੰਦੀ ਗਾਇਕਾ ਸੁਰਿੰਦਰ ਕੌਰ ਬਠਿੰਡੇ ਕਿਸੇ ਹੋਰ ਕੰਮ ਆਈ ਹੋਈ ਸੀ ਪਰ ਉੱਥੇ ਉਹ ਚੰਨ ਦੇ ਓਪੇਰੇ ‘ਲੱਕੜ ਦੀ ਲੱਤ’ ਦੀ ਅਦਾਕਾਰਾ ਬਣ ਗਈ। ਰਾਮਲੀਲ੍ਹਾ ਦਾ ਸਫਲ ਸੰਗੀਤਕਾਰ ਪੰਡਿਤ ਹੁਕਮ ਚੰਦ ਖਲੀਲੀ ਓਪੇਰਿਆਂ ਦੀਆਂ ਸੁਰਾਂ ਸੁਰ ਕਰਨ ਲੱਗ ਪੈਂਦਾ ਹੈ। ਉਸ ਦੌਰ ਵਿੱਚ ਔਰਤ ਪਾਤਰਾਂ ਦੀ ਅਣਹੋਂਦ ਹੈ ਪਰ ਤੇਰਾ ਸਿੰਘ ਚੰਨ ਆਪਣੇ ਕੰਮ-ਸਾਥੀਆਂ ਦੇ ਪਰਿਵਾਰਕ ਜੀਆਂ ਨੂੰ ਮੰਚ ’ਤੇ ਲੈ ਆਉਂਦੇ ਹਨ। ਪ੍ਰੋ. ਨਰਿੰਜਨ ਸਿੰਘ ਮਾਨ ਦੀ ਪਤਨੀ ਰਾਜਵੰਤ ਕੌਰ ਪ੍ਰੀਤ, ਜਗਦੀਸ਼ ਫਰਿਆਦੀ ਦੀ ਪਤਨੀ ਆਸ਼ਾ, ਨਵਤੇਜ ਸਿੰਘ ਦੀ ਪਤਨੀ ਮਹਿੰਦਰ, ਅਮਰਜੀਤ ਗੁਰਦਾਸਪੁਰੀ ਦੀ ਪਤਨੀ ਦੀਪੀ, ਪ੍ਰੀਤਮ ਬੇਲੀ ਦੀ ਭੈਣ ਰਾਜਿੰਦਰ ਕੌਰ, ਕਾਮਰੇਡ ਵਿਸ਼ਨੂੰ ਦੱਤ ਦੀ ਭੈਣ ਕਾਂਤਾ ਸ਼ਰਮਾ, ਸ਼ਹੀਦ ਟਹਿਲ ਸਿੰਘ ਛੱਜਲਵੱਡੀ ਦੀਆਂ ਧੀਆਂ ਬੀਰੀ ਤੇ ਤੋਸ਼ੀ, ਉਨ੍ਹਾਂ ਦੀ ਆਪਣੀ ਧੀ ਨਿਤਾਸ਼ਾ ਤੇ ਦੋਹਤੀਆਂ ਸਿਰਜਣਾ ਤੇ ਰਚਨਾ, ਇਹ ਫਹਿਰਿਸਤ ਵਾਹਵਾ ਲੰਮੀ ਹੈ।
ਇਸੇ ਕਰ ਕੇ ਰੰਗਕਰਮੀ ਕੇਵਲ ਧਾਲੀਵਾਲ ਉਨ੍ਹਾਂ ਨੂੰ ਚੱਲਦੀ-ਫਿਰਦੀ ਸੰਸਥਾ ਆਖਦੇ ਹਨ। ਇਸੇ ਕਰ ਕੇ ਡਾ. ਸੁਖਦੇਵ ਸਿੰਘ ਸਿਰਸਾ ਲਈ ਉਹ ਨਵੇਂ ਯੁੱਗ ਅਤੇ ਨਵੀਆਂ ਉਮੀਦਾਂ ਦੇ ਤਲਬਗਾਰ ਹਨ। ਇਸੇ ਕੋਣ ਤੋਂ ਡਾ. ਸੁਤਿੰਦਰ ਸਿੰਘ ਨੂਰ ਦੀ ਟਿੱਪਣੀ ਅਰਥ ਭਰਪੂਰ ਹੈ। ਉਹ ਲਿਖਦੇ ਹਨ ਕਿ ਤੇਰਾ ਸਿੰਘ ਚੰਨ ਦੀਆਂ ਰਚਨਾਵਾਂ ਦਾ ਮੂੰਹ ਲੋਕਾਂ ਵੱਲ ਹੈ, ਇਸੇ ਕਰ ਕੇ ਰਚਨਾਵਾਂ ਅਤੇ ਲੋਕਾਈ ਵਿਚਕਾਰ ਸੰਚਾਰ ਦਾ ਕੋਈ ਸੰਕਟ ਨਹੀਂ ਰਹਿੰਦਾ। ਰਚਨਾਵਾਂ ਲੋਕ ਬੋਲੀ ਦੇ ਬਹੁਤ ਨੇੜੇ ਰਹਿੰਦੀਆਂ ਹਨ। ਇਸੇ ਹੀ ਪ੍ਰਸੰਗ ਵਿੱਚ ਡਾ. ਲਾਭ ਸਿੰਘ ਖੀਵਾ ਉਨ੍ਹਾਂ ਦੇ ਓਪੇਰਿਆਂ ਅੰਦਰ ਰਚੇ-ਰਮੇ ਵਿਚਾਰਧਾਰਕ ਨਜ਼ਰੀਏ ਬਾਰੇ ਗੱਲ ਛੋਂਹਦੇ ਹਨ। ਇੱਥੇ ਨਖੂਣਾ ਇਹ ਵੀ ਹੈ ਕਿ ਪਾਰਟੀ ਪਿਛੋਕੜ ਕਾਰਨ ਉਨ੍ਹਾਂ ਦੀ ਓਨੀ ਚਰਚਾ ਨਹੀਂ ਹੋਈ, ਜਿੰਨੀ ਹੋਣੀ ਚਾਹੀਦੀ ਸੀ। ਇਹ ਉਲਾਂਭਾ ਡਾ. ਖੀਵਾ ਨੇ ਵੀ ਦਰਜ ਕਰਵਾਇਆ ਹੈ। ਉਨ੍ਹਾਂ ਲਿਖਿਆ ਹੈ ਕਿ ਕਿਸੇ ਸਿਆਸੀ ਕਾਰਕੁਨ ਨੂੰ ਸਿਰਫ਼ ਉਸ ਦੀ ਸਿਆਸੀ ਵਿਸ਼ੇਸ਼ਤਾ ਕਾਰਨ ਅਣਗੌਲਿਆਂ ਕਰਨਾ ਨਿਆਂਸ਼ੀਲ ਨਹੀਂ।
ਡਾ. ਸਤੀਸ਼ ਕੁਮਾਰ ਵਰਮਾ ਵਾਲੀ ਮੁਲਾਕਾਤ ਬਹੁਤ ਵਿਚਾਰ ਉਕਸਾਊ ਹੈ। ਇਸ ਅੰਦਰ ਹੋਰ ਚਰਚਾ ਤੋਂ ਇਲਾਵਾ ਕਲਾ, ਕਾਰਕੁਨ ਅਤੇ ਕਲਾਕਾਰ ਦੇ ਪੱਖ ਤੋਂ ਵਾਹਵਾ ਵਿਚਾਰਾਂ ਹੋਈਆਂ ਹਨ। ਉਂਝ, ਇੱਕ ਤੱਥ ਧਿਆਨ ਮੰਗਦਾ ਹੈ ਕਿ ਤੇਰਾ ਸਿੰਘ ਚੰਨ ਦੇ ਸਿਰਜਣਾਤਮਕ ਪਿਛੋਕੜ ਨੂੰ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦਾ ਸਮਾਂ ਦੂਜੀ ਸੰਸਾਰ ਜੰਗ ਤੋਂ ਬਾਅਦ ਚੱਲੀ ਅਮਨ ਲਹਿਰ, ਪ੍ਰਗਤੀਸ਼ੀਲ ਲਹਿਰ ਅਤੇ ਇਪਟਾ ਲਹਿਰ ਵਾਲਾ ਹੈ ਜੋ ਉਨ੍ਹਾਂ ਦੀ ਲਗਾਤਾਰਤਾ ਕਰ ਕੇ ਅਗਾਂਹ 20ਵੀਂ ਸਦੀ ਦੇ ਸੱਤਵੇਂ ਅੱਠਵੇਂ ਦਹਾਕੇ ਤੱਕ ਅੱਪੜਦਾ ਹੈ। ਇਸ ਪ੍ਰਸੰਗ ਵਿੱਚ ਉਨ੍ਹਾਂ ਦੇ ਓਪੇਰਿਆਂ ਦੇ ਵਿਸ਼ੇ ਵੀ ਵਿਚਾਰੇ ਜਾ ਸਕਦੇ ਹਨ। ‘ਲੱਕੜ ਦੀ ਲੱਤ’ ਵਿੱਚ ਜੰਗ ਕਾਰਨ ਪਈ ਮਾਰ ਦਾ ਜ਼ਿਕਰ ਹੈ। ‘ਨੀਲ ਦੀ ਸ਼ਹਿਜ਼ਾਦੀ’ ਸੁਏਜ਼ ਨਹਿਰ ਬਾਰੇ ਹੈ। ‘ਸਾਜ਼ਿਸ਼’ ਵਿੱਚ ਕਸ਼ਮੀਰ ਦੀ ਉਲਝੀ ਤਾਣੀ ਚਿਤਰੀ ਗਈ ਹੈ। ‘ਆਖ਼ਰੀ ਪੜਾਅ’ ਰਾਹੀਂ ਸਿਕੰਦਰ ਦੇ ਹਮਲੇ ਅਤੇ ਉਸ ਦੀ ਪੰਜਾਬੀਆਂ ਹੱਥੋਂ ਹੋਈ ਨਾਕਾਮੀ ਦੀ ਕਥਾ ਪੇਸ਼ ਕੀਤੀ ਗਈ ਹੈ। ‘ਫੁੱਲਾਂ ਦਾ ਸੁਨੇਹਾ’ ਕੋਮਲ ਮਾਨਵੀ ਸੰਵੇਦਨਾਵਾਂ ਦੀ ਬਾਤ ਪਾਉਂਦਾ ਹੈ। ‘ਅਮਰ ਪੰਜਾਬ’ ਅੰਦਰ ਪੰਜਾਬ ਦੀ ਵਿਰਾਸਤ ਝਲਕਾਂ ਮਾਰਦੀ ਹੈ। ‘ਸਾਂਝਾ ਵਿਹੜਾ’ ਅਤਿਵਾਦ ਦੀ ਹਨੇਰੀ ਵੱਲ ਝਾਤੀ ਪੁਆਉਂਦਾ ਹੈ।
ਆਪਣੇ ਓਪੇਰਿਆਂ ਅਤੇ ਕਾਵਿ ਰਚਨਾਵਾਂ ਵਿੱਚ ਤੇਰਾ ਸਿੰਘ ਚੰਨ ਦੇਸ਼ ਭਗਤੀ ਅਤੇ ਸੱਤਾ ਭਗਤੀ ਵਿਚਕਾਰ ਸਪੱਸ਼ਟ ਲਕੀਰ ਖਿੱਚਦੇ ਹਨ। ਸਾਮਰਾਜਵਾਦ ਦੀ ਸੁਰ ਸਦਾ ਵਸੀਲਿਆਂ ਉੱਤੇ ਕਬਜ਼ੇ ਦੀ ਰਹੀ ਹੈ। ਇਸ ਦਾ ਸਿੱਧਾ ਅਸਰ ਅਵਾਮ ’ਤੇ ਪੈਂਦਾ ਹੈ। ਤੇਰਾ ਸਿੰਘ ਚੰਨ ਤਾ-ਉਮਰ ਅਵਾਮ ਦੀ ਸੁਰ ਵਿੱਚ ਸੁਰ ਮਿਲਾਉਂਦੇ ਹਨ। ਸੱਤਾ ਇਸ ਸੁਰ ਨੂੰ ਕਦੀ ਸਵੀਵਾਰ ਨਹੀਂ ਕਰਦੀ। ਇਸੇ ਕਰ ਕੇ ‘ਹੇ ਪਿਆਰੀ ਭਾਰਤ ਮਾਂ’ ਵਰਗੇ ਗੀਤ ਦੇ ਲੇਖਕ ਨੂੰ ਜੇਲ੍ਹ ਅੰਦਰ ਸੁੱਟਣ ਤੋਂ ਵੀ ਗੁਰੇਜ਼ ਨਹੀਂ ਕਰਦੀ। ਡਾ. ਕੁਲਦੀਪ ਸਿੰਘ ਦੀਪ ਇਸ ਸੱਤਾ ਭਗਤੀ ਨੂੰ ਅੱਜ ਦੇ ਮਾਹੌਲ ਨਾਲ ਜੋੜਦੇ ਹਨ ਜਿੱਥੇ ਵਰਵਰਾ ਰਾਓ ਵਰਗੇ ਕਿੰਨੇ ਹੀ ਲੇਖਕ ਤੇ ਕਾਰਕੁਨ, ਦੇਸ਼ ਭਗਤੀ ਦੇ ਚੋਲੇ ਹੇਠ ਲੁਕੀ ਸੱਤਾ ਭਗਤੀ ਦੀ ਦਰਿੰਦਗੀ ਦਾ ਸ਼ਿਕਾਰ ਹੋ ਰਹੇ ਹਨ। ਇੱਕ ਪਾਸੇ ਸੱਤਾ ਭਗਤੀ ਦਾ ਇਹ ਨਵਾਂ ਰੂਪ ਹੈ ਅਤੇ ਦੂਜੇ ਪਾਸੇ ਤੇਰਾ ਸਿੰਘ ਚੰਨ ਵਰਗੇ ਜਿਊੜਿਆਂ ਦੀ ਉਹ ਸੁਰ ਹੈ, ਜਿਸ ਦੀ ਗੂੰਜ ਕੁਝ ਸਾਲ ਪਹਿਲਾਂ ਚੱਲੇ ਕਿਸਾਨ ਅੰਦੋਲਨ ਤੱਕ ਪੁੱਜਣ ਤੋਂ ਰਹਿੰਦੀ ਨਹੀਂ। ਡਾ. ਅਮੀਰ ਸੁਲਤਾਨਾ ਨੇ ਆਪਣੇ ਲੇਖ ਵਿੱਚ ਜ਼ਿਕਰ ਛੋਹਿਆ ਹੈ ਕਿ ਕਿਸਾਨ ਅੰਦੋਲਨ ਦੌਰਾਨ ਤੇਰਾ ਸਿੰਘ ਚੰਨ ਦਾ ਗੀਤ ‘ਦੇਸ਼ ਦੇ ਕਿਸਾਨ, ਆ ਗਏ ਨੇ ਵਿੱਚ ਮੈਦਾਨ’ ਖ਼ੂਬ ਗੂੰਜਿਆ। ਜ਼ਾਹਿਰ ਹੈ ਕਿ ਇਹ ਸੁੱਚੀ ਸੁਰ ਸਮਿਆਂ ਦੇ ਆਰ-ਪਾਰ ਫੈਲੀ ਹੋਈ ਹੈ।
ਪਰਿਵਾਰਕ ਫਰੰਟ ’ਤੇ ਤੇਰਾ ਸਿੰਘ ਚੰਨ ਦੀ ਸਾਦਗੀ ਅਤੇ ਸੁਹਿਰਦਤਾ ਦਾ ਭਰਪੂਰ ਜ਼ਿਕਰ ਡਾ. ਰਘਬੀਰ ਸਿੰਘ ਅਤੇ ਡਾ. ਅਮੀਰ ਸੁਲਤਾਨਾ ਦੇ ਲੇਖਾਂ ਵਿੱਚ ਹੋਇਆ ਹੈ। ਡਾ. ਰਘਬੀਰ ਸਿੰਘ ਨੇ ਤਾਂ ਉਨ੍ਹਾਂ ਨੂੰ ‘ਸਾਧਾਰਨਤਾ ਵਿੱਚ ਲਿਪਟੀ ਬੇਮਿਸਾਲ ਸ਼ਖ਼ਸੀਅਤ’ ਦਾ ਲਕਬ ਦਿੱਤਾ ਹੈ। ਇਸ ਤੋਂ ਬਿਨਾਂ ਇਸ ਪੁਸਤਕ ਵਿੱਚ ਨਿਤਸ਼ਾ ਕੋਹਲੀ ਦਾ ਲਿਖਿਆ ਲੇਖ ‘ਦਾਰ ਜੀ ਮੇਰੇ ਚੇਤੇ ਵਿੱਚ’, ਸਿਰਜਣਾ ਬਿੰਦਲਿਸ਼ ਦਾ ਲੇਖ ‘ਮੇਰੇ ਦਾਰ ਜੀ’, ਡਾ. ਰਾਜਵੰਤ ਕੌਰ ਪ੍ਰੀਤ ਮਾਨ ਦਾ ਲੇਖ ‘ਤੇਰਾ ਸਿੰਘ ਚੰਨ’, ਡਾ. ਰਵੇਲ ਸਿੰਘ ਦਾ ਲੇਖ ‘ਤੇਰਾ ਸਿੰਘ ਚੰਨ ਦਾ ਪ੍ਰਤੀਨਿਧ ਨਾਟਕ: ਸਾਜ਼ਸ਼’, ਸਤਨਾਮ ਚਾਨਾ ਦਾ ਲਿਖਿਆ ਲੇਖ ‘ਤੇਰਾ ਸਿੰਘ ਚੰਨ, ਅਮਨ ਲਹਿਰ ਅਤੇ ਇਪਟਾ’, ਮਨਮੋਹਨ ਸਿੰਘ ਦਾਊਂ ਦਾ ਲੇਖ ‘ਨਵੇਂ ਜਹਾਨ ਦੀ ਸਿਰਜਣਾ ਲਈ ਜੂਝਣ ਵਾਲਾ: ਤੇਰਾ ਸਿੰਘ ਚੰਨ’, ਡਾ. ਦੇਵਿੰਦਰ ਕੁਮਾਰ ਦਾ ਲੇਖ ‘ਇਪਟਾ ਦਾ ਸੁਨਹਿਰਾ ਕਾਲ ਤੇ ਤੇਰਾ ਸਿੰਘ ਚੰਨ’, ਕੁਲਦੀਪ ਸਿੰਘ (ਡਾ.) ਦਾ ਲੇਖ, ‘ਤੇਰਾ ਸਿੰਘ ਚੰਨ ਰਚਿਤ ਅਮਰ ਪੰਜਾਬ ਤੇ ਹੋਰ ਗੀਤ-ਨਾਟਕਾਂ ਦੀ ਪੜ੍ਹਤ’, ਡਾ. ਗੁਰਸੇਵਕ ਲੰਬੀ ਦਾ ਲਿਖਿਆ ਲੇਖ ‘ਤੇਰਾ ਸਿੰਘ ਚੰਨ ਦਾ ਓਪੇਰਾ ਅਮਰ ਪੰਜਾਬ: ਇੱਕ ਅਧਿਐਨ’, ਕੁਲਵਿੰਦਰ ਸਿੰਘ ਦਾ ਲੇਖ ‘ਗੀਤਾਂ ਤੇ ਓਪੇਰਿਆਂ ਬਹਾਨੇ ਤੇਰਾ ਸਿਘ ਚੰਨ ਨੂੰ ਯਾਦ ਕਰਦਿਆਂ’ ਅਤੇ ਡਾ. ਕੰਵਲਜੀਤ ਕੌਰ ਢਿੱਲੋਂ ਦਾ ਲੇਖ ‘ਪੰਜਾਬ ਵਿੱਚ ਇਪਟਾ ਦਾ ਸੰਸਥਾਪਕ ਤੇਰਾ ਸਿੰਘ ਚੰਨ’ ਵੀ ਸ਼ਾਮਲ ਕੀਤੇ ਗਏ ਹਨ।
ਤੇਰਾ ਸਿੰਘ ਚੰਨ ਬਾਰੇ ਸੰਪਾਦਿਤ ਇਹ ਪੁਸਤਕ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਸੰਘਰਸ਼ ਦੇ ਵੱਖ-ਵੱਖ ਪਾਸਾਰਾਂ ਨੂੰ ਸਮਝਣ-ਸਮਝਾਉਣ ਦਾ ਜ਼ਰੀਆ ਬਣਦੀ ਹੈ। ਨਾਲ ਹੀ ਅੱਜ ਦੇ ਮਾਰਖੋਰੇ ਮਾਹੌਲ ਵਿੱਚ ਤੇਰਾ ਸਿੰਘ ਚੰਨ ਵਰਗੇ ਜਿਊੜਿਆਂ ਦੇ ਉਭਾਸਰਨ ਦੀ ਸੱਦ ਲਾਉਂਦੀ ਵੀ ਪ੍ਰਤੀਤ ਹੁੰਦੀ ਹੈ। ਅੱਜ ਜਦੋਂ ਤੇਰਾ ਸਿੰਘ ਚੰਨ ਵਾਲੀ ਧਿਰ ਦੀਆਂ ਗੂੰਜਾਂ ਬਹੁਤ ਮੱਧਮ ਪੈ ਚੱਲੀਆਂ ਹਨ ਤਾਂ ਸੋਵੀਅਤ ਰੂਸ ਦੇ ਟੁੱਟਣ ਤੋਂ ਬਾਅਦ ਸ਼ਾਇਰ ਇਕਬਾਲ ਰਾਮੂਵਾਲੀਆ ਦੀ ਲਿਖੀ ਉਹ ਨਜ਼ਮ ਚੇਤਿਆਂ ਵਿੱਚ ਉਭਰਦੀ ਹੈ ਜਿਸ ਵਿੱਚ ਉਨ੍ਹਾਂ ਚਿਤਵਿਆ ਸੀ ਕਿ ਕੋਈ ਲੈਨਿਨ ਇੱਕ ਵਾਰ ਫਿਰ ਰੇਲ ਗੱਡੀ ਵਿੱਚ ਬੈਠ ਕੇ ਆਵੇ ਅਤੇ ਹੇਠਲੀ ਉਤਾਂਹ ਕਰਨ ਲਈ ਰਾਹ ਰੁਸ਼ਨਾਏ।

