DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਪਣੀ ਗੱਲ

ਛੱਪੜ ਦੇ ਕੰਢੇ ਕਿਸੇ ਵਿਦਿਆਰਥੀ ਦੀ ਕਾਪੀ ਦੇ ਵਰਕੇ ਰੁਲ ਰਹੇ ਸਨ। ਇਸ ਵਿੱਚ ਪਿੰਡ ਦੀ ਮਸਜਿਦ, ਪੰਚਾਇਤ ਦੀ ਬੈਠਕ ਅਤੇ ਪਿੰਡ ਦਾ ਆਮ ਹਾਲ ਦਰਜ ਸੀ। ਮੁਨਸ਼ੀ ਚਿੰਤ ਰਾਮ ਨੇ ਪਿੰਡ ਦਾ ਹਾਲ ਪੜਿ੍ਹਆ, ‘‘ਇਸ ਛੋਟੇ ਸੇ ਗਾਓਂ ਮੇਂ...

  • fb
  • twitter
  • whatsapp
  • whatsapp
Advertisement

ਛੱਪੜ ਦੇ ਕੰਢੇ ਕਿਸੇ ਵਿਦਿਆਰਥੀ ਦੀ ਕਾਪੀ ਦੇ ਵਰਕੇ ਰੁਲ ਰਹੇ ਸਨ। ਇਸ ਵਿੱਚ ਪਿੰਡ ਦੀ ਮਸਜਿਦ, ਪੰਚਾਇਤ ਦੀ ਬੈਠਕ ਅਤੇ ਪਿੰਡ ਦਾ ਆਮ ਹਾਲ ਦਰਜ ਸੀ। ਮੁਨਸ਼ੀ ਚਿੰਤ ਰਾਮ ਨੇ ਪਿੰਡ ਦਾ ਹਾਲ ਪੜਿ੍ਹਆ, ‘‘ਇਸ ਛੋਟੇ ਸੇ ਗਾਓਂ ਮੇਂ ਤਮਾਮ ਮਕਾਨ ਕੱਚੇ ਹੈਂ ਜੋ ਕੱਚੀ ਈਟੋਂ ਔਰ ਗਾਰੇ ਕੇ ਬਨੇ ਹੁਏ ਹੈਂ। ਅਲਬੱਤਾ ਸਰਦਾਰ ਬਹਾਦਰ ਗੋਪਾਲ ਸਿੰਘ ਕੇ ਛੋਟੇ ਭਾਈ ਨਿਹਾਲ ਸਿੰਘ ਨੇ ਏਕ ਪੁਖ਼ਤਾ ਮਕਾਨ ਬਨਵਾਇਆ ਥਾ ਜੋ ਏਕ-ਮੰਜ਼ਿਲਾ ਹੈ। ਇਸ ਕੇ ਇਲਾਵਾ ਯਹਾਂ ਏਕ ਪੁਖ਼ਤਾ ਈਂਟ ਔਰ ਸੀਮਿੰਟ ਕਾ ਗੁਰਦੁਆਰਾ ਭੀ ਹੈ। ਹਮ ਮਹਾਜਰੀਨ ਨੇ ਨਮਾਜ਼ ਪੜ੍ਹਨੇ ਕੇ ਲੀਏ ਏਕ ਪੁਖ਼ਤਾ ਚਬੂਤਰਾ ਬਨਾ ਲੀਆ ਹੈ। ਹਮ ਚੰਦਾ ਜਮ੍ਹਾਂ ਕਰ ਰਹੇ ਹੈਂ ਕਿ ਇਸ ਜਗ੍ਹਾ ਏਕ ਅੱਛੀ ਮਸਜਿਦ ਤਿਆਰ ਕਰੇਂ। ਸਬ ਕੀ ਕੋਸ਼ਿਸ਼ ਹੈ, ਇਰਾਦਾ ਪੁਖ਼ਤਾ ਹੈ। ਇਨਸ਼ਾ-ਅੱਲਾ ਬਹੁਤ ਜਲਦ, ਅਰਸਾ ਛੇ-ਸਾਤ ਮਾਹ ਮੇਂ, ਏਕ ਮਸਜਿਦ ਇਸ ਜਗ੍ਹਾ ਤਿਆਰ ਹੋ ਜਾਏਗੀ।’’ ਕਾਪੀ 1961 ਦੀ ਸੀ, ਪਰ ਇੱਥੇ ਕੋਈ ਅੱਛੀ ਮਸਜਿਦ ਦਿਖਾਈ ਨਾ ਦਿੱਤੀ। ਤਿੰਨ-ਚਾਰ ਸਾਲ ਲੰਘ ਚੁੱਕੇ ਸਨ। ਉਸ ਅੱਗੇ ਪੜਿ੍ਹਆ, ‘‘ਮੌਜ਼ਾ ਕੀ ਜ਼ਮੀਨ ਖ਼ਾਸ ਜ਼ਰਖ਼ੇਜ਼ ਹੈ, ਲੇਕਿਨ ਹਰ ਸਾਲ ਸੈਲਾਬ ਆ ਜਾਤਾ ਹੈ ਜਿਸ ਸੇ ਜ਼ਮੀਨ ਖ਼ਰਾਬ ਹੋਤੀ ਜਾ ਰਹੀ ਹੈ। ਔਰ ਜ਼ਿੰਮੀਦਾਰੋਂ ਕੀ ਮਾਲੀ ਹਾਲਤ ਭੀ ਖ਼ਰਾਬ ਹੋ ਰਹੀ ਹੈ। ਇਸ ਸਾਲ ਸੈਲਾਬ ਨਹੀਂ ਆਇਆ। ਮੌਜੂਦਾ ਫ਼ਸਲ ਖਾਸੀ ਹੈ। ਬਾਸ਼ਿੰਦਗਾਨ ਮੇਂ ਇਤਫ਼ਾਕ ਔਰ ਇਤਹਾਦ ਹੈ।’’

ਖੇਤੀ ਵਰਖਾ ਦੇ ਰੁਖ਼ ’ਤੇ ਨਿਰਭਰ ਸੀ। ਇੱਥੇ ਵੀ

Advertisement

ਦਾਣੇ ਹੀ ਏਕਤਾ ਤੇ ਵਿਸ਼ਵਾਸ ਪੈਦਾ ਕਰਦੇ ਸਨ। ਚਿੰਤ ਰਾਮ ਨੇ ਇਹ ਕਾਗਜ਼ ਤਹਿ ਲਾ ਕੇ ਜੇਬ ਵਿੱਚ ਪਾ

Advertisement

ਲਿਆ, ਜਿਵੇਂ ਕੋਈ ਖ਼ਾਸ ਲਿਖਤ ਹੱਥ ਲੱਗ ਗਈ ਹੋਵੇ। ਉਹ ਖ਼ੁਸ਼ ਸੀ।

‘‘ਚਲਾ ਜਾ ਲਿਫ਼ਾਫ਼ੇ ਕਬੂਤਰ ਕੀ ਚਾਲ, ਲਿਆ ਮੇਰੇ ਸਾਜਨ ਕਾ ਹਾਲ’’, ਇੱਕ ਲਿਫ਼ਾਫ਼ੇ ਦੇ ਬਾਹਰ ਲਾਲ ਸਿਆਹੀ ਵਿੱਚ ਲਿਖੇ ਇਹ ਸ਼ਬਦ ਪੜ੍ਹ ਕੇ ਚਿੰਤ ਰਾਮ ਨੂੰ ਆਪਣੀ ਜਵਾਨੀ ਚੇਤੇ ਆ ਗਈ। ਉਦੋਂ ਉਸ ਨੇ ਪਟਵਾਰੀਆਂ ਦੀ ਧੀ ਨੂੰ ਲਿਖਿਆ ਸੀ, ‘‘ਸ਼ੀਸ਼ੀ ਭਰੀ ਗੁਲਾਬ ਕੀ ਪੱਥਰ ਪੇ ਤੋੜ ਦੂੰ, ਤੇਰੇ ਹੁਸਨ ਕੋ ਦੇਖ ਕਰ ਪੜ੍ਹਨਾ-ਲਿਖਨਾ ਛੋੜ ਦੂੰ।’’

ਉਸ ਨੇ ਕਾਹਲੀ-ਕਾਹਲੀ ਲਿਫ਼ਾਫ਼ਾ ਖੋਲ੍ਹਿਆ ਤਾਂ ਵਿੱਚ ਕੁਝ ਵੀ ਨਹੀਂ ਸੀ। ਕਿਸੇ ਗ਼ੁਲਾਮ ਸਰਵਰ ਦੀਵਾਨੇ ਨੇ ਆਪਣੇ ਨਾਨੇ ਨੂੰ ਕਵਿਤਾ ਲਿਖ ਕੇ ਭੇਜੀ ਸੀ, ਜਿਸ ਦੇ ਅੰਤਲੇ ਬੰਦਾਂ ਵਿੱਚ ਉਸ ਨੇ ਆਪਣਾ ਉਪਨਾਮ ਵੀ ਵਰਤਿਆ ਸੀ।

ਓ ਦੀਵਾਨਿਆਂ ਮੇਮ ਦੇ ਘੁੰਡ ਅੰਦਰ,

ਲੁਕੀ ਹੋਈ ਏ ਜ਼ਾਤੇ ਰਹਿਮਾਨ ਆਪੇ।

... ... ...

ਗੱਲ ਤਾਂ ਦੀਵਾਨਿਆਂ ਹੱਥ ਆਵੇ,

ਜਦੋਂ ਹੱਥ ਆਵਣ ਕਿਸੇ ਯਾਰ ਦੇ ਹੱਥ।

ਚਿੰਤ ਰਾਮ ਚਿੱਠੀਆਂ ਚੁੱਕ ਕੇ ਪੜ੍ਹਨ ਲੱਗਿਆ।

ਪਹਿਲੀ ਚਿੱਠੀ ਦੱਸਦੀ ਸੀ, ‘‘ਹਮਸ਼ੀਰਾ ਕਰਾਮਾਤ ਬਹੁਤ ਬੀਮਾਰ ਹੈ। ਬੀਮਾਰੀ ਕੀ ਵਜ੍ਹਾ ਸੇ ਕਾਨ ਭੀ ਬੰਦ ਹੋ ਗਏ ਹੈਂ। ਔਰ ਜ਼ਮੀਨ ਕਾ ਮਾਮਲਾ ਖਰਬੂਜੇ ਬੇਚ ਕਰ ਦੇ ਦੀਆ ਹੈ। ਤੀਸ ਕੇ ਹੋ ਗਏ ਥੇ। ... ਹੋ ਸਕੇ ਤੋ ਥਾਨਾ ਬਰਕੀ ਸੇ ਕਤਲ ਕੀ ਨਕਲ ਜ਼ਰੂਰ ਲੇਤੇ ਆਨਾ। ... ਮੈਨੇ ਏਕ ਮਕਾਨ ਭੀ ਖ਼ਰੀਦਾ ਹੈ, ਜੋ ਕਿ ਕੱਚਾ ਹੈ। ਔਰ ਬਾਰਿਸ਼ ਕੀ ਵਜ੍ਹਾ ਸੇ ਖ਼ਰਾਬ ਹੋ ਗਿਆ ਹੈ। ਔਰ ਮੁਰੰਮਤ ਤਲਬ ਹੈ।’’

ਅਗਲੀ ਚਿੱਠੀ ਦੀ ਲਿਖਤ ਬੜੀ ਸਾਫ਼ ਸੀ। ਇਹ ਕਿਸੇ ਵਿਦਿਆਰਥੀ ਨੇ ਆਪਣੇ ਪਿਤਾ ਨੂੰ ਲਿਖੀ ਸੀ, ‘‘ਅਹਿਵਾਲ ਯਿਹ ਹੈ ਕਿ ਜਿਸ ਦਿਨ ਆਪ ਗਏ ਉਸੀ ਦਿਨ ਬੰਦਾ ਨੇ ਰੋਟੀ ਸਕੂਲ ਕੈਂਟੀਨ ਸੇ ਖਾਈ। ਸਬਜ਼ੀ ਮੇਂ ਇਤਨੀ ਜ਼ਿਆਦਾ ਮਿਰਚੇਂ ਥੀ ਕਿ ਖਾਤੇ ਹੀ ਜ਼ੁਕਾਮ ਵਗੈਰਾ ਲਗ ਗਿਆ। ਦੂਸਰੇ ਦਿਨ ਸਾੜ੍ਹੇ ਸਾਤ ਬਜੇ ਸੇ ਡੇਢ ਬਜੇ ਤਕ ਸਕੂਲ ਰਹਾ। ਮੁਝੇ ਇਤਨੀ ਜ਼ਿਆਦਾ ਭੂਖ ਲਗੀ ਕਿ ਸਰ ਦਰਦ ਕਰਨੇ ਲਗਾ। ਉਨ੍ਹੋਂ ਨੇ ਟਾਈਮ ਟੇਬਲ ਹੀ ਐਸਾ ਗੰਦਾ ਬਨਾਇਆ ਹੈ... ਛੁੱਟੀ ਕੇ ਬਾਅਦ ਆਜ ਫਿਰ ਕੈਂਟੀਨ ਸੇ ਰੋਟੀ ਖਾਈ ਕਿ ਸ਼ਾਇਦ ਆਜ ਮਿਰਚੇਂ ਕਮ ਹੋਂ। ਲੇਕਨ ਇਤਨੀ ਜ਼ਿਆਦਾ ਕਿ ਖ਼ੁਦਾ ਕੀ ਪਨਾਹ। ਤਰਹ-ਤਰਹ ਕੀ ਮਹਿਫ਼ਲੇਂ ਜਮੀਂ ਰਹਿਤੀ ਹੈਂ। ਹੋਸਟਲ ਮੇਂ ਤਾਲੇ ਕਾ ਕੋਈ ਇੰਤਜ਼ਾਮ ਨਹੀਂ। ਸਾਮਾਨ ਹਰ ਵਕਤ ਖ਼ਤਰੇ ਮੇਂ ਰਹਿਤਾ ਹੈ। ਜਬ ਰਾਤ ਕੋ ਸੋਏ ਤੋ ਆਧੀ ਰਾਤ ਗਏ ਏਕ ਨੌਜਵਾਨ ਸਰ੍ਹਾਨੋਂ ਕੋ ਉਠਾਕਰ ਚਾਬੀਆਂ ਢੂੰਡ ਰਹਾ ਥਾ। ਜਬ ਉਸੇ ਕੋਈ ਚਾਬੀ ਨਾ ਮਿਲੀ ਤੋ ਨਾਕਾਮ ਜਾਨਾ ਪੜਾ। ਹਰ ਏਕ ਚੀਜ਼ ਖ਼ਤਰੇ ਮੇਂ ਹੈ। ਖ਼ੁਦਾ ਜਾਨੇ ਅਬ ਕਿਆ ਕੀਆ ਜਾਏ।’’

ਮੁਨਸ਼ੀ ਚਿੰਤ ਰਾਮ ਨੂੰ ਸਵਾਦ ਆ ਰਿਹਾ ਸੀ- ਜਿਵੇਂ ਉਹ ਚਲ-ਚਿੱਤਰ ਵੇਖ ਰਿਹਾ ਹੋਵੇ। ਅਗਲੀ ਚਿੱਠੀ ਕਿਸੇ ਆੜ੍ਹਤੀਏ ਦੀ ਸੀ। ਜਿਣਸਾਂ ਦੇ ਭਾਅ ਤੇ ਹੋਰ ਕਈ ਕੁਝ। ਅਖ਼ੀਰਲੇ ਵਾਕ ਸਨ, ‘‘ਔਰ ਕੋਈ ਨਈ-ਤਾਜ਼ੀ ਬਾਤ ਨਹੀਂ ਹੈ। ਕਾਲੋ ਕੀ ਲੜਕੀ ਹਸਨ ਜੀਜਾ ਧਾਮੜੀ ਵਾਲੇ ਕੇ ਸਾਥ ਭਾਗ ਗਈ ਹੈ। ਰਾਵਲਪਿੰਡੀ ਮੇਂ ਹੀਰ ਔਰ ਪਿਓਤਰਾਂ ਵਾਲੋਂ ਕੋ ਭੀ ਜ਼ਮੀਨ ਨਹੀਂ ਮਿਲੀ। ਦਰਖ਼ਾਸਤ ਦੇਨੇ ਕਾ ਕੋਈ ਫ਼ਾਇਦਾ ਨਹੀਂ। ਜ਼ਮੀਨ ਨਹੀਂ ਮਿਲ ਸਕਤੀ।’’ ਉਸ ਤੋਂ ਅੱਗੇ ਨੌਕਰੀ ਬਾਰੇ ਰਿਮਾਈਂਡਰ ਸੀ, ‘‘ਦੋਸਤ, ਬਾਟਾ ਕੰਪਨੀ ਮੇਂ ਜ਼ਰੂਰ ਕੋਸ਼ਿਸ਼ ਕਰੇਂ। ਏਕ ਤੋ ਕਾਮ ਬਨ ਜਾਏਗਾ। ਦੂਸਰੇ ਆਪ ਸੇ ਮੁਲਾਕਾਤ ਹੋਤੀ ਰਹੇਗੀ। ਦਰਜੀਓਂ ਮੇਂ ਆਮ ਜਗ੍ਹਾ ਮਿਲ ਸਕਤੀ ਹੈ। ਮਗਰ ਸਿਫ਼ਾਰਿਸ਼ ਕੀ ਜ਼ਰੂਰਤ ਹੈ। ਜ਼ਰੂਰ ਕੋਸ਼ਿਸ਼ ਕਰੇਂ।’’

ਇੱਕ ਚਿੱਠੀ ਕਿਸੇ ਉਚੇਰੀ ਵਿਦਿਆ ਦੇ ਤਾਂਘੀ ਦੀ ਸੀ, ‘‘ਆਪ ਕਾ ਖ਼ੈਰੀਅਤ ਨਾਮਾ ਮੌਸੂਲ ਹੁਆ। ਫਿਰ ਸ਼ਾਇਦ ਮੈਨੇ ਜਵਾਬ ਭੀ ਦੀਆ। ਉਸ ਕੇ ਬਾਅਦ ਫਿਰ ਬ੍ਰੇਕ ਲਗ ਗਈ। ਨਾ ਆਪ ਨੇ ਹੀ ਯਾਦ ਫਰਮਾਨੇ ਕੀ ਕੋਸ਼ਿਸ਼ ਕੀ, ਔਰ ਨਾ ਮੁਝੇ ਹੀ ਕੋਈ ਖ਼ਿਆਲ ਆਇਆ। ਨਤੀਜਾ ਕੇ ਮੁਤਅੱਲਕ ਇਨਫ਼ਾਰਮ ਕਰੋ। ਮੇਰਾ ਕਾਲਜ ਜਾਇਨ ਕਰਨੇ ਕਾ ਇਰਾਦ ਨਹੀਂ। ਖ਼ਰਚ ਕੀ ਮੁਸ਼ਕਲ ਹੈ।’’

ਕਿਸੇ ਹੋਰ ਨੇ ਕਿਸੇ ਹੋਰ ਨੂੰ ਲਿਖਿਆ ਸੀ, ‘‘ਤੁਮ ਕੀ ਸ਼ਾਦੀ ਕਿਆ ਹੋ ਗਈ, ਤੁਮ ਖ਼ਤ ਲਿਖਨੇ ਸੇ ਭੀ ਗਏ।’’

ਜ਼ਮੀਨ ਦਾ ਝਗੜਾ 1954 ਤਕ ਚਲਦਾ ਆ ਰਿਹਾ ਸੀ, ‘‘ਨੂਰਦੀਨ ਕੀ ਦਰਖ਼ਾਸਤ ਰਾਵਲਪਿੰਡੀ ਮੇਂ ਨਾ-ਮੰਜ਼ੂਰ ਹੋ ਗਈ ਥੀ। ਨਕਲੇਂ ਵੀ ਕੁਛ ਨਾ ਕਰ ਸਕੀਂ। ਹਮਾਰੀ ਭੀ ਨਾ-ਮੰਜ਼ੂਰ ਸਮਝੋ। ਔਰ ਜ਼ਮੀਨ ਮਿਲਨੇ ਕੀ ਕੋਈ ਉਮੀਦ ਨਹੀਂ।’’ ਵਿੱਚ ਵਿੱਚ ਘਰੇਲੂ ਮੁਆਮਲੇ ਵੀ ਸਨ, ‘‘ਆਖਰ ਕਿੱਸਾ ਯਿਹ ਹੈ ਕਿ ਉਸ ਨੇ ਯੂੰ ਕਹਾ ਹੈ ਕਿ ਮੈਂ ਲੜਕੀ ਲਾਹੌਰ ਹਰਗਿਜ਼ ਨਹੀਂ ਦੇਤਾ। ਹਾਂ, ਹਾਕਮ ਅਲੀ ਖ਼ੁਦ ਮੇਰੇ ਪਾਸ ਆ ਕੇ ਦੋ ਬਾਤੇਂ ਕਹੇ ਦੋ ਮੇਰੀ ਸੁਨੇ। ਲੜਕੀ ਦੇਨੇ ਕਾ ਮੇਰੇ ਕੋ ਕੋਈ ਉਜ਼ਰ ਨਹੀਂ... ਹਸਨ ਕੇ ਲੜਕੀ ਪੈਦਾ ਹੁਈ ਹੈ। ਹਮਸ਼ੀਰਾ ਕੋ ਬੱਚਾ ਹੋਨੇ ਵਾਲਾ ਹੈ। ਖ਼ੁਦਾ ਹਾਫ਼ਿਜ਼।’’

ਓਹੀਓ ਪੁਰਾਣੇ ਝਗੜੇ ਸਨ, ‘‘ਮੈਂ ਗਿਆ ਥਾ ਉਨ੍ਹੋਂ ਨੇ ਨਹੀਂ ਭੇਜੀ। ਉਨ ਲੋਗੋਂ ਨੇ ਹਮਾਰੇ ਸਾਥ ਬਹੁਤ ਬੁਰਾ ਸਲੂਕ ਕੀਆ ਹੈ। ਯਾਨੀ ਹਮਸ਼ੀਰਾ ਆਇਸ਼ਾ ਕੇ ਲੜਕਾ ਪੈਦਾ ਹੁਆ ਥਾ, ਵੁਹ ਮਰਾ ਹੁਆ। ਬਹਾਦਰ ਖਾਂ ਨੇ ਉਸ ਕੋ ਘਰ ਸੇ ਨਿਕਾਲ ਦੀਆ। ਰੋਟੀ-ਪਾਨੀ ਤਕ ਨਹੀਂ ਪੂਛਾ। ਲਫ਼ਾਫ਼ੇ ਮੇਂ ਕਿਆ-ਕਿਆ ਲਿਖੂੰ। ਔਰ ਹਮਸ਼ੀਰਾ ਦੁੱਲਾਂ ਕੀ ਭੈਂਸ ਸੂ ਪੜੀ ਹੈ, ਉਸ ਨੇ ਕੱਟੀ ਦੀ ਹੈ।’’

ਰਸਮ-ਰਿਵਾਜ ਇਸ ਦੇ ਬਾਵਜੂਦ ਕਾਇਮ ਸਨ, ‘‘ਜੋ ਕਾਮ ਮੇਰੇ ਜ਼ਿੰਮੇ ਲਗਾ ਹੈ ਮੈਂ ਜ਼ਰੂਰ ਕਰੂੰਗਾ। ਸ਼ਾਦੀ ਕੇ ਮੌਕੇ ਪਰ ਆਤੇ ਵਕਤ ਅਜ਼ੀਜ਼ ਕੀ ਟੋਪੀ ਜ਼ਰੂਰ ਲਾਏਂਗੇ।’’

ਪਰ ਲਾਚਾਰੀ ਸਿਖਰਾਂ ’ਤੇ ਸੀ- ਨਿਆਸਰਾਪਣ ਤੇ ਬੇਬਸੀ, ‘‘ਹਮਨੇ ਅਪਨੇ ਖੇਤੋਂ ਮੈਂ ਮਾਸ਼, ਬਾਜਰਾ ਔਰ ਮੱਕੀ ਕੀ ਕਾਸ਼ਤ ਕੀ ਹੈ। ਔਰ ਯਹਾਂ ਹਿੰਦੁਸਤਾਨ ਜਾਨੇ ਕਾ ਬਹੁਤ ਚਰਚਾ ਹੋ ਰਹਾ ਹੈ। ਭੂਰੇ ਖਾਂ ਵਾਲੋਂ ਕੋ ਪਟਵਾਰੀ ਨੇ ਕਹਾ ਹੈ ਕਿ ਤੁਮ ਆਪਣੇ ਵਤਨ ਚਲੇ ਜਾਓਗੇ। ਔਰ ਹਿੰਦੁਸਤਾਨ ਸੇ ਚਚਾ ਸ਼ੇਰਾ ਕਾ ਖ਼ਤ ਆਇਆ ਥਾ। ਉਨ੍ਹੋਂ ਨੇ ਲਿਖਾ ਹੈ ਕਿ ਆਪ ਜਲਦੀ ਆਨੇ ਕੀ ਕੋਸ਼ਿਸ਼ ਕਰੇਂ। ਆਪ ਕੇ ਘਰ ਮੇਂ ਆਪ ਕਾ ਅਜ਼ੀਜ਼ ਰਹਿਤਾ ਹੈ। ਆਪ ਕੇ ਆਨੇ ਕੀ ਦੇਰ ਹੈ, ਚੂਲ੍ਹੇ ਮੇਂ ਆਗ ਭੀ ਜਲੀ-ਜਲਾਈ ਮਿਲੇਗੀ।’’ 1953 ਦੇ ਸੁਤੰਤਰਤਾ ਦਿਵਸ ਤੋਂ ਕੁਝ ਦਿਨ ਪਹਿਲਾਂ ਦੀ ਲਿਖੀ ਏਸ ਚਿੱਠੀ ਵਿੱਚੋਂ ਆਸ ਦੀ ਕਿਰਨ ਪਰਤੱਖ ਸੀ। ਪਤਾ ਨਹੀਂ ਗ਼ਰੀਬ ਦੀ ਇਹ ਆਸ ਪੂਰੀ ਹੋਈ ਸੀ ਕਿ ਨਹੀਂ। ਮੁਨਸ਼ੀ ਚਿੰਤ ਰਾਮ ਸਾਰੇ ਖ਼ਤ ਸੰਭਾਲ ਕੇ ਜੇਬ ਵਿੱਚ ਪਾਉਂਦਾ ਗਿਆ। ਉਸ ਨੂੰ ਖ਼ਤਾਂ ਦੇ ਵਿਸ਼ੇ ਸਮਝ ਨਹੀਂ ਸਨ ਆ ਰਹੇ। ਉਹ ਕਿਸ ਘੁੰਮਣ-ਘੇਰੀ ਵਿੱਚ ਫਸ ਗਿਆ ਸੀ। ਇੱਕ ਹੋਰ ਚਿੱਠੀ ਵਿੱਚ ਰੋਗ ਤੇ ਗ਼ਰੀਬੀ ਸੀ, ‘‘ਔਰ ਆਪ ਕਿਸੀ ਸੇ ਚਾਰ ਯਾ ਪਾਂਚ ਰੁਪਏ ਕਾ ਦੂਧ ਲੇ ਕਰ ਪੀਆ ਕਰੇਂ ਤਾਕਿ ਕਮਜ਼ੋਰੀ ਕੀ ਸ਼ਿੱਦਤ ਕਮ ਹੋ। ਔਰ ਖਾਂਸੀ ਕੀ ਦਵਾਈ ਮੰਗਵਾਕਰ ਖਾਇਆ ਕਰੇਂ ਤਾਕਿ ਖਾਂਸੀ ਕਮ ਹੋ। ਔਰ...’’

ਅਗਲੀ ਵਿੱਚ ਜ਼ਮੀਨ ਉੱਤੇ ਆਸ ਲਾਈ ਹੋਈ ਸੀ, ‘‘ਜ਼ਮੀਨ ਕੇ ਸਭੀ ਫ਼ਾਰਮ ਮੁਕੰਮਲ ਭੇਜ ਦੀਏ ਹੈਂ। ਜ਼ਮੀਨ ਕੀ ਨਕਲ ਕੇ ਬੱਤੀਸ ਫੋਟੋ ਭੀ ਰਜਿਸਟਰੀ ਕੀਏ ਹੈਂ। ਉਮੀਦ ਹੈ, ਕਾਮ ਹੋ ਜਾਏਗਾ।’’

ਉਸ ਤੋਂ ਅਗਲੀ ਵਿੱਚ ਬੇਰੁਜ਼ਗਾਰੀ, ‘‘ਲੇਕਿਨ ਬਦਕਿਸਮਤੀ ਸੇ ਮੇਰੀ ਉਮਰ ਜ਼ਿਆਦਾ ਹੈ। ਵੁਹ ਪੰਦਰਾਂ ਸੇ ਸਾੜ੍ਹੇ ਸੋਲਾਂ ਸਾਲ ਤਕ ਲੇਤੇ ਹੈਂ। ਮੈਂ ਸਾੜ੍ਹੇ ਉਨੀਸ ਸਾਲ ਕਾ ਹੂੰ। ਆਪ ਜਿਸ ਤਰਹ ਭੀ ਹੋ ਸਕੇ ਕਿਸੀ ਗਜ਼ਟਿਡ ਆਫੀਸਰ ਕੋ ਰਜ਼ਾਮੰਦ ਕਰੇਂ। ਯਾਨੀ ਕੋਈ ਐੱਸ ਡੀ ਓ ਹੋ ਯਾ ਮੈਜਿਸਟਰੇਟ ਦਰਜਾ ਅੱਵਲ। ਵੁਹ ਅਸਲ ਸਰਟੀਫਿਕੇਟ ਕੀ ਨਕਲ ਉਤਾਰ ਕਰ ਉਸ ਪਰ ਕਮ ਉਮਰ ਲਿਖ ਕਰ ਤਸਦੀਕ ਕਰ ਦੇ। ਫਿਰ ਕਰਨਲ ਸਾਹਿਬ ਕੀ ਸਿਫ਼ਾਰਸ਼ ਹੋ ਤੋ ਕਾਮ ਬਨ ਸਕਤਾ ਹੈ। ਸਬ ਸੇ ਕਹਿ ਚੁਕਾ ਹੂੰ, ਅਬ ਆਪ ਹੀ ਸਹਾਰਾ ਹੈਂ। ਯਿਹ ਕਾਮ ਜ਼ਰੂਰ ਕਰਨਾ ਹੈ। ਬਾਰ-ਬਾਰ ਗੁਜ਼ਾਰਸ਼ ਹੈ। ਦਾਖ਼ਲਾ ਯਕਮ ਨਵੰਬਰ ਸੇ ਦਸ ਦਸੰਬਰ ਤਕ ਹੈ।’’

ਅਗਲੀ ਚਿੱਠੀ ਘਰੇਲੂ ਸੀ, ‘‘ਬਾਤ ਯਿਹ ਹੈ ਕਿ ਤੁਮ ਆਤੇ ਹੋ ਜਾਂ ਨਹੀਂ। ਉਨ੍ਹਾਂ ਨੂੰ ਲੋਗਾਂ ਨੇ ਬਹੁਤ ਮਜਬੂਰ ਕੀਆ ਹੈ। ਐਸਾ ਨਾ ਹੋ ਕਿ ਵੁਹ ਅੜੇ ਰਹੇਂ ਔਰ ਕੋਈ ਔਰ ਬਾਤ ਬਦਲ ਜਾਏ। ਰਿਸ਼ਤਾ ਠੀਕ ਹੈ। ਕੋਈ ਔਰ ਹੀ ਇਸ ਚੀਜ਼ ਨੂੰ ਲੇਕਰ ਜਾਏ ਤੋ ਮੇਰੇ ਦਿਲ ਨੂੰ ਬਹੁਤ ਰੰਜ ਹੋਵੇਗਾ।’’

ਫੇਰ ਨੌਕਰੀ: ‘‘ਨੌਕਰੀ ਕਾ ਜ਼ਰੂਰ ਪਤਾ ਕਰੇਂ। ਬਾਟਾ ਕੰਪਨੀ, ਜਲੋ ਮੋੜ, ਕੇ ਲੀਏ ਸਿਫ਼ਾਰਿਸ਼ ਚਾਹੀਏ, ਆਪ ਮਾਸਟਰ ਹੈ। ਜ਼ਰੂਰ ਕਰੇਂ।’’

ਤੇ ਫੇਰ ਜ਼ਮੀਨ: ‘‘ਔਰ ਕਬਜ਼ੇ ਲੇਨੇ ਮੇਂ ਬਹੁਤ ਥੋੜ੍ਹੇ ਦਿਨ ਰਹਿ ਗਏ ਹੈਂ। ਬਾਰ-ਬਾਰ ਤਾਕੀਦ ਹੈ। ਕਿਸੀ ਤਰ੍ਹਾਂ ਕਬਜ਼ਾ ਲੇ ਲੋ। ਜੇਠ ਵੈਸਾਖ ਮਹੀਨੇ ਆਪ ਕੋ ਉਡੀਕਾ। ਔਰ ਆਪ ਨਹੀਂ ਪਹੁੰਚੇ। ਕਿਤਨਾ ਵਕਤ ਉਡੀਕੀਏ। ਕਿਆ ਤੁਮ੍ਹਾਰੀ ਆਸ ਨਾ ਰੱਖੇਂ। ਜੋ ਬਾਤ ਸਮਝ ਸੋਚਕਰ ਲਿਖਨੀ ਹੈ; ਲਿਖ ਦੋ!’’

ਵਾਪਸੀ ’ਤੇ ਚਿੰਤ ਰਾਮ ਨੂੰ ਦੋ ਚਿੱਠੀਆਂ ਪਿੰਡ ਦੇ ਬਾਹਰਵਾਰ ਰੁਲਦੀਆਂ ਮਿਲ ਗਈਆਂ।

ਇੱਕ ਅਣਲਿਖੀ ਸੀ। ਇਸ ਦੇ ਉੱਤੇ ਇੰਚਾਰਜ ਫਰਮੈਸ਼ੀ ਪ੍ਰੋਗਰਾਮ ਜਮਹੂਰੀ ਆਵਾਜ਼, ਰੇਡੀਓ ਪਾਕਿਸਤਾਨ ਲਾਹੌਰ ਦਾ ਪਤਾ ਸੀ। ਦੂਜੀ ਲਿਖੀ ਹੋਈ ਸੀ। ਐਨ ਉੱਪਰ ਕਰਕੇ 786 ਲਿਖਿਆ ਸੀ ਤੇ ਸੱਜੇ ਹੱਥ ਲਿਖਣ ਦੀ ਤਰੀਕ ਦਿੱਤੀ ਸੀ: ਪੰਜ ਸਤੰਬਰ ਪੈਂਸਠ। ਲਾਹੌਰ ਸੈਕਟਰ ਵਿੱਚ ਭਾਰਤ-ਪਾਕਿ ਯੁੱਧ ਲੱਗਣ ਵਾਲੀ ਤਰੀਕ। ਮੁਨਸ਼ੀ ਚਿੰਤ ਰਾਮ ਨੇ ਚਿੱਠੀ ਉਤਸੁਕਤਾ ਨਾਲ ਪੜ੍ਹੀ, ‘‘ਇਸ ਜਗ੍ਹਾ ਖੈਰੀਅਤ ਹੈ ਔਰ ਆਪ ਕੀ ਖੈਰੀਅਤ ਖ਼ੁਦਾਵੰਦ ਕਰੀਮ ਸੇ ਨੇਕ ਮਤਲੂਬ ਹੂੰ। ਸੂਰਤ ਅਹਿਵਾਲ ਯਿਹ ਹੈ। ਕੁਤਬਦੀਨ ਰਾਜ਼ੀ-ਖ਼ੁਸ਼ੀ ਹੈ। ਕੋਈ ਫ਼ਿਕਰ ਨਾ ਕਰੋ। ਵੁਹ ਆਜ ਹੀ ਮਵਰਖਾ ਪੰਜ-ਨੌਂ ਪੈਂਸਠ ਬਰੋਜ਼ ਇਤਵਾਰ, ਦੋਬਾਰਾ ਮੁਜਾਹਿਦ ਫ਼ੌਜ ਮੇਂ ਗਿਆ ਹੈ। ਔਰ ਹਮਾਰੇ ਨਜ਼ਦੀਕ ਵਾਲੇ ਗਾਉਂ ਮੇਂ ਰਹਤਾ ਹੈ। ਚਾਰ ਪੈਸੇ ਆਮਦਨ ਹੀ ਸਹੀ। ਕਮਾਲੀਆ ਮੇਂ ਰਹਿਮਤ ਬੀਬੀ ਕਾ ਦੋਹਤਰਾ ਫੌਤ ਹੋ ਗਿਆ ਹੈ। ਆਪ ਕੋ ਤਾਕੀਦ ਹੈ ਕਿ ਆਪ ਜ਼ਰੂਰ ਬਰ ਜ਼ਰੂਰ ਵਹਾਂ ਜਾਏਂ। ... ਲੜਾਈ ਕਾ ਯਹਾਂ ਪਰ ਫਿਰ ਖ਼ਤਰਾ ਹੋ ਗਿਆ ਹੈ। ਵੈਸੇ ਫ਼ਿਕਰ ਕਰਨੇ ਕੀ ਕੋਈ ਜ਼ਰੂਰਤ ਨਹੀਂ ਹੈ। ਇਸ ਵਕਤ ਰਾਜ਼ੀ-ਖ਼ੁਸ਼ੀ ਹੈਂ, ਬਾਅਦ ਕਾ ਪਤਾ ਨਹੀਂ ਹੈ।’’ ਇਸ ਚਿੱਠੀ ਉੱਤੇ ਬਮਕਾਮ ਲੋਥੀਆਬਾਦ, ਡਾਕਖਾਨਾ ਖ਼ਾਸ ਤਹਿਸੀਲ ਓ ਜ਼ਿਲ੍ਹਾ ਮੁਲਤਾਨ ਦੇ ਸੁਲੇਮਾਨ ਲੁਧਿਆਣਵੀ ਮਹਾਜਰ ਜੱਟ ਦਾ ਪਤਾ ਲਿਖਿਆ ਸੀ, ਪਰ ਇਹ ਚਿੱਠੀ ਡਾਕੇ ਨਹੀਂ ਸੀ ਪਈ।

ਇਹ ਚਿੱਠੀ ਪੜ੍ਹਦਿਆਂ ਸਾਰ ਜਿਵੇਂ ਮੁਨਸ਼ੀ ਚਿੰਤ ਰਾਮ ਦੀ ਅੱਖ ਖੁੱਲ੍ਹ ਗਈ ਹੋਵੇ। ਉਸ ਨੂੰ ਧਿਆਨ ਹੀ ਨਹੀਂ ਸੀ ਰਿਹਾ ਕਿ ਉਹ ਪਾਕਿਸਤਾਨ ਦੇ ਪਿੰਡ ਗੋਪਾਲ ਸਿੰਘ ਪੁਰਾ ਵਿੱਚ ਘੁੰਮ ਰਿਹਾ ਸੀ। ਇਨ੍ਹਾਂ ਚਿੱਠੀਆਂ ਵਿੱਚ ਅੰਕਿਤ ਦੁੱਖ ਤੇ ਮਸਲੇ ਅਤੇ ਉਨ੍ਹਾਂ ਨੂੰ ਪ੍ਰਗਟ ਕਰਨ ਵਾਲੀ ਬੋਲੀ ਕਿੰਨੀ ਸਾਂਝੀ ਸੀ। ਬੋਲੀ ਕਿੰਨੀ ਆਪਣੀ ਸੀ। ਚਿੰਤ ਰਾਮ ਨੇ ਆਪਣੀ ਸੱਠ ਵਰ੍ਹੇ ਦੀ ਉਮਰ ਵਿੱਚ ਅਨੇਕਾਂ ਚਿੱਠੀਆਂ ਲੋਕਾਂ ਨੂੰ ਪੜ੍ਹ-ਪੜ੍ਹ ਸੁਣਾਈਆਂ ਸਨ। ਇਸੇ ਤਰ੍ਹਾਂ ਉਡੀਕਾ ਥਾ, ਆਖਾ ਥਾ, ਤੈਨੂੰ ਤੋ, ਹਮ ਨੂੰ ਤਾਂ, ਮੱਝ, ਕੱਟੀ, ਦਾਣੇ, ਪੰਜਾਬੀ ਦੇ ਅਨੇਕਾਂ ਸ਼ਬਦ ਬਦੋ-ਬਦੀ ਆ ਵੜਦੇ ਸਨ

ਤੇ ਮੁਨਸ਼ੀ ਚਿੰਤ ਰਾਮ ਨੂੰ ਇਹ ਗੱਲ ਬੜੀ

ਦਿਲਚਸਪ ਲਗਦੀ ਸੀ ਕਿ ਬੰਦੇ ਨੂੰ ਆਪਣੀ ਬੋਲੀ ਛੱਡਣੀ ਕਿੰਨੀ ਔਖੀ ਹੁੰਦੀ ਹੈ। ਲੋਕਾਂ ਦੀ ਮਾਲੀ ਹਾਲਤ ਕਿੰਨੀ ਖ਼ਰਾਬ ਸੀ।

ਮੁਨਸ਼ੀ ਚਿੰਤ ਰਾਮ ਨੇ ਵੀ ਆਪਣੇ ਫਟੇ ਹੋਏ ਤੌਲੀਏ ਦਾ ਫਟਿਆ ਹੋਇਆ ਪਾਸਾ ਨੰਗਾ ਹੋਣ ਦਿੱਤਾ। ਉਸ ਨੇ ਕਮੀਜ਼ ਦੇ ਬੀੜਿਆਂ ਨੂੰ ਖੁੱਲ੍ਹ ਜਾਣ ਦਿੱਤਾ। ਪਾਟੀ ਹੋਈ ਫਤੂਹੀ ਦਿਸਦੀ ਹੈ ਤਾਂ ਦਿਸਦੀ ਰਹੇ। ਉਸ ਨੂੰ ਕਿਸ ਦਾ ਡਰ ਸੀ। ਉਹ ਆਪਣੇ ਵਰਗੇ ਹੀ ਭੁੱਖੇ-ਨੰਗੇ ਇਲਾਕੇ ਵਿੱਚ ਫਿਰ ਰਿਹਾ ਸੀ।

ਇਸ ਸਾਂਝ ਨੇ ਚਿੰਤ ਰਾਮ ਦੇ ਮਨ ਵਿੱਚ ਹਮਦਰਦੀ ਤੇ ਅਪਣੱਤ ਪੈਦਾ ਕਰ ਦਿੱਤੀ। ਵਾਹਗਿਓਂ ਪਾਰ ਦੇ ਵਸਨੀਕ ਦੁਸ਼ਮਣ ਨਹੀਂ ਸਨ ਜਾਪ ਰਹੇ। ਉਨ੍ਹਾਂ ਦੀ ਹਰ ਗੱਲ ਆਪਣੀ ਹੀ ਜਾਪਦੀ ਸੀ।

Advertisement
×