DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸੰਨ 1947: ਉੱਜੜ ਗਿਆਂ ਦਾ ਦੇਸ਼ ਨਾ ਕੋਈ...!

ਕਿਸੇ ਵੀ ਸਿਧਾਂਤਕ, ਵਿਚਾਰਕ, ਪ੍ਰਣਾਲੀਗਤ ਪਰਿਵਰਤਨ ਦੀ ਕੀਮਤ ਚੁਕਾਉਣੀ ਪੈਂਦੀ ਹੈ। ਜਦੋਂ ਪਛਾਣ ਅਤੇ ਸਰਹੱਦ ਬਦਲ ਜਾਵੇ ਤਾਂ ਇਸ ਦਾ ਅਸਰ ਵਿਆਪਕ ਹੁੰਦਾ ਹੈ ਅਤੇ ਕੀਮਤ ਵੱਡੀ। ਬਰਤਾਨਵੀ ਸਾਮਰਾਜ ਤੋਂ ਭਾਰਤ ਦੀ ਆਜ਼ਾਦੀ ਮਹਾਨ ਘਟਨਾ ਸੀ, ਪਰ ਦੇਸ਼ ਦਾ ਦੋ...

  • fb
  • twitter
  • whatsapp
  • whatsapp
Advertisement

ਕਿਸੇ ਵੀ ਸਿਧਾਂਤਕ, ਵਿਚਾਰਕ, ਪ੍ਰਣਾਲੀਗਤ ਪਰਿਵਰਤਨ ਦੀ ਕੀਮਤ ਚੁਕਾਉਣੀ ਪੈਂਦੀ ਹੈ। ਜਦੋਂ ਪਛਾਣ ਅਤੇ ਸਰਹੱਦ ਬਦਲ ਜਾਵੇ ਤਾਂ ਇਸ ਦਾ ਅਸਰ ਵਿਆਪਕ ਹੁੰਦਾ ਹੈ ਅਤੇ ਕੀਮਤ ਵੱਡੀ। ਬਰਤਾਨਵੀ ਸਾਮਰਾਜ ਤੋਂ ਭਾਰਤ ਦੀ ਆਜ਼ਾਦੀ ਮਹਾਨ ਘਟਨਾ ਸੀ, ਪਰ ਦੇਸ਼ ਦਾ ਦੋ ਹਿੱਸਿਆਂ ’ਚ ਵੰਡਿਆ ਜਾਣਾ ਇੱਕ ਅਭੁੱਲ ਅਤੇ ਭਿਆਨਕ ਤ੍ਰਾਸਦੀ ਦੇ ਰੂਪ ਵਿੱਚ ਸਾਹਮਣੇ ਆਇਆ। ਜਿਨ੍ਹਾਂ ਲੋਕਾਂ ਨੂੰ ਸਦੀਆਂ ਤੋਂ ਰੀਝਾਂ ਨਾਲ ਬਣਾਏ ਆਪਣੇ ਘਰ ਛੱਡਣੇ ਪਏ, ਜਾਨਾਂ ਗੁਆਉਣੀਆਂ ਪਈਆਂ, ਨਵੇਂ ਪਿੰਡਾਂ ਤੇ ਸ਼ਹਿਰਾਂ ਵਿੱਚ ਜੀਵਨ ਦੁਬਾਰਾ ਸ਼ੁਰੂ ਕਰਨੇ ਪਏ, ਮੱਥੇ ’ਤੇ ਸ਼ਰਨਾਰਥੀ ਦੀ ਮੋਹਰ ਲਗਵਾਉਣੀ ਪਈ, ਉਨ੍ਹਾਂ ਲਈ ਆਜ਼ਾਦੀ ਦੇ ਮਾਅਨੇ ਹੀ ਬਦਲ ਗਏ ਅਤੇ ਆਪਣੀ ਜ਼ਮੀਨ ਤੇ ਪਛਾਣ ਦਾ ਸੰਕਟ ਪੈਦਾ ਹੋ ਗਿਆ। ਸੰਨ ਸੰਨ 1947 ਦੀ ਵੰਡ ਕੀ ਹੋਈ, ਵੱਡੀ ਆਬਾਦੀ ਵਾਲਾ ਪੰਜਾਬ ਹੋਣ ਦਾ ਸੁਪਨਾ ਸਦਾ ਲਈ ਟੁੱਟ ਗਿਆ। ਉਰਵਾਰ-ਪਾਰ ਗਏ ਲੋਕਾਂ ਨੂੰ ਆਪਣੇ ਹੀ ਦੇਸ਼ ਵਿੱਚ ਸ਼ਰਨਾਰਥੀ ਵਜੋਂ ਪਛਾਣ ਮਿਲੀ। ਰਫਿਊਜੀ ਕਲੋਨੀਆਂ ਬਣ ਗਾਈਆਂ ਤੇ ਰਫਿਊਜੀ ਮਾਰਕੀਟਾਂ ਉਸਰ ਗਈਆਂ। ਆਪਣਾ ਪਿੰਡ, ਆਪਣੇ ਲੋਕ, ਆਪਣੀ ਜਾਇਦਾਦ, ਆਪਣਾ ਰੁਤਬਾ, ਸਭ ਰੇਤ ਵਾਂਗ ਹੱਥੋਂ ਕਿਰ ਗਏ। ਸੰਨ 1947 ਦੀ ਵੰਡ ਦਿਲ ਚੀਰਵੀਂ ਸੀ। ਪੀੜ੍ਹੀਆਂ ਬਦਲ ਗਈਆਂ ਹਨ, ਪਰ ਪੁਰਖਿਆਂ ਵੱਲੋਂ ਸੁਣਾਈਆਂ ਕਹਾਣੀਆਂ ਕੰਨਾਂ ’ਚ ਹਾਲੇ ਵੀ ਗੂੰਜਦੀਆਂ ਹਨ। ਜੋ ਵਾਪਰਿਆ, ਕੀ ਉਹ ਪੂਰੇ ਦਾ ਪੂਰਾ ਇਤਿਹਾਸ ਦਾ ਹਿੱਸਾ ਬਣ ਸਕੇਗਾ?

ਦਰਅਸਲ, ਇਸ ਬਾਰੇ ਕੋਈ ਖ਼ਾਸ ਯਤਨ ਨਹੀਂ ਹੋਏ, ਜਿਹੜੇ ਵੀ ਹੋਏ ਉਹ ਬੁੱਧੀਜੀਵੀ ਵਰਗ ਲਈ ਰੌਚਕ ਵਾਰਤਾ ਬਣ ਕੇ ਰਹਿ ਗਏ। ਇਹ ਸਿਰਫ਼ ਕੁਝ ਨਜ਼ਮਾਂ, ਫਿਲਮਾਂ ਤੇ ਕਿਤਾਬਾਂ ਤੱਕ ਮਹਿਦੂਦ ਹਨ। ਜਿਨ੍ਹਾਂ ਲੋਕਾਂ ਨੇ ਉਹ ਦੌਰ ਝੱਲਿਆ, ਉਨ੍ਹਾਂ ਦੇ ਦਿਲ ਤਾਂ ਕਦੇ ਫਰੋਲੇ ਹੀ ਨਹੀਂ ਗਏ। ਜੇ ਹਰ ਸਚਾਈ ਬਾਹਰ ਆ ਜਾਂਦੀ ਤਾਂ ਇਹ ਧਰਤੀ ਸ਼ਾਇਦ ਸਹਿ ਹੀ ਨਾ ਸਕਦੀ। ਪਾਕਿਸਤਾਨ ਦੇ ਜ਼ਿਲ੍ਹਾ ਗੁਜਰਾਤ ਦਾ ਪਿੰਡ ਟੱਲ ਕੱਕਾ, ਤਹਿਸੀਲ ਖਾਰਿਆਂ ਅਧੀਨ ਆਉਂਦਾ ਹੈ। ਇਸ ਪਿੰਡ ਵਿੱਚ ਸਰਦਾਰ ਹਰੀ ਸਿੰਘ ਨੂੰ ਸਭ ਤੋਂ ਧਨਵਾਨ ਤੇ ਰਸੂਖ਼ਦਾਰ ਮੰਨਿਆ ਜਾਂਦਾ ਸੀ। ਜਦੋਂ ਉਹ ਆਪਣੀ ਹਵੇਲੀ ਦੇ ਗੇਟ ’ਚ ਮੰਜਾ ਡਾਹ ਕੇ ਬੈਠਾ ਹੁੰਦਾ ਤਾਂ ਲੋਕ ਉਸ ਕੋਲੋਂ ਲੰਘਦਿਆਂ ਡਰਦੇ ਸਨ। ਕਿਸੇ ਸਾਧੂ ਨੇ ਉਨ੍ਹਾਂ ਦੀ ਜ਼ਮੀਨ ’ਤੇ ਇੱਕ ਗੁਰਦੁਆਰੇ ਦਾ ਨਿਰਮਾਣ ਵੀ ਕਰਵਾਇਆ ਸੀ। ਜਦੋਂ ਵੰਡ ਦੀਆਂ ਖ਼ਬਰਾਂ ਆਉਣ ਲੱਗੀਆਂ ਤਾਂ ਕਈ ਸਿੱਖ ਤੇ ਹਿੰਦੂ ਪਰਿਵਾਰ ਹਿੰਦੋਸਤਾਨ ਵਾਲੇ ਪਾਸੇ ਆਉਣ ਲੱਗੇ। ਸਰਦਾਰ ਹਰੀ ਸਿੰਘ ਹੱਸਦਿਆਂ ਕਹਿੰਦਾ ਸੀ ਕਿ ਇਹ ਰੌਲਾ ਜਿਹਾ ਹੈ, ਕੁਝ ਦਿਨਾਂ ’ਚ ਮੁੱਕ ਜਾਣਾ ਹੈ। ਉਹ ਕਹਿੰਦਾ ਸੀ, ‘‘ਇਨ੍ਹਾਂ ਗਰੀਬੜੇ ਲੋਕਾਂ ਨੇ ਕੀ ਕਰਨਾ ਹੈ, ਜੋ ਸਾਡੇ ਸਾਹਮਣੇ ਉੱਚੀ ਆਵਾਜ਼ ’ਚ ਬੋਲਣ ਤੋਂ ਵੀ ਡਰਦੇ ਹਨ।’’ ਇੱਕ ਦਿਨ ਸਰਦਾਰ ਦੇ ਇਕਲੌਤੇ ਪੁੱਤਰ ਸਰਦਾਰ ਲਾਭ ਸਿੰਘ ਨੇ ਮਨ ਬਣਾਇਆ ਕਿ ਹਿੰਦੋਸਤਾਨ ਦਾ ਹਿੱਸਾ ਦੇਖ ਕੇ ਤਾਂ ਆਈਏ। ਉਹ ਆਪਣੇ 12-13 ਸਾਲ ਦੇ ਪੁੱਤਰ ਨਾਲ ਯੂ ਪੀ ਦੇ ਇੱਕ ਛੋਟੇ ਜਿਹੇ ਨਗਰ ’ਚ ਆਇਆ। ਇੱਥੇ ਕਈ ਸਿੱਖ ਪਰਿਵਾਰ ਪਹਿਲਾਂ ਹੀ ਆ ਕੇ ਵਸ ਚੁੱਕੇ ਸਨ। ਸਰਦਾਰ ਲਾਭ ਸਿੰਘ ਆਪਣੇ ਪੁੱਤਰ ਨੂੰ ਇੱਥੇ ਹੀ ਸਕੇ-ਸਬੰਧੀਆਂ ਕੋਲ ਛੱਡ ਕੇ ਪਿੰਡ ਪਰਤ ਗਿਆ। ਸਰਦਾਰ ਹਰੀ ਸਿੰਘ ਨੇ ਟੱਲ ਕੱਕਾ ਤੋਂ ਕਿਤੇ ਹੋਰ ਜਾਣ ਤੋਂ ਇਨਕਾਰ ਕਰ ਦਿੱਤਾ, ਪਰ ਪੁੱਤਰ ਨੂੰ ਪਰਿਵਾਰ ਸਮੇਤ ਜਾਣ ਦੀ ਇਜਾਜ਼ਤ ਦੇ ਦਿੱਤੀ।

Advertisement

ਲਾਭ ਸਿੰਘ ਲੋੜੀਂਦਾ ਸਾਮਾਨ ਬੰਨ੍ਹ ਕੇ ਫ਼ਤਹਿ ਬੁਲਾਉਣ ਗਿਆ ਤਾਂ ਸਰਦਾਰ ਹਰੀ ਸਿੰਘ ਦੇ ਮੂੰਹੋਂ ਸੁਭਾਵਿਕ ਨਿਕਲ ਗਿਆ, “ਮੈਨੂੰ ਛੱਡ ਕੇ ਜਾ ਰਿਹਾਂ।’’ ਲਾਭ ਸਿੰਘ ਦਾ ਮਨ ਭਰ ਆਇਆ ਤੇ ਉਹ ਉੱਥੇ ਹੀ ਰੁਕ ਗਿਆ। ਕੁਝ ਦਿਨਾਂ ਬਾਅਦ ਉਨ੍ਹਾਂ ਦੇ ਪਿੰਡ ’ਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਕੁਝ ਵਿਅਕਤੀ ਆਏ ਅਤੇ ਸਥਾਨਕ ਮੁਸਲਮਾਨਾਂ ਨੂੰ ਭੜਕਾਇਆ। ਇਸ ਦਾ ਨਤੀਜਾ ਇਹ ਹੋਇਆ ਕਿ ਭੀੜ ਨੇ ਇੱਕ ਰਾਤ ਸਰਦਾਰ ਹਰੀ ਸਿੰਘ ਦੀ ਹਵੇਲੀ ’ਤੇ ਹਮਲਾ ਕਰ ਕੇ ਅੱਗ ਲਾ ਦਿੱਤੀ। ਇਸ ਹਮਲੇ ਦੌਰਾਨ ਔਰਤਾਂ ਤੇ ਬੱਚੇ ਹਵੇਲੀ ’ਚ ਬਣੇ ਖੂਹ ’ਚ ਛਾਲਾਂ ਮਾਰ ਗਏ ਅਤੇ ਸਾਰੇ ਮਰਦ ਅੱਗ ਤੇ ਭੀੜ ਨਾਲ ਲੜਦੇ ਹੋਏ ਮਾਰੇ ਗਏ। ਇਹ ਕਿਹਾ ਜਾਂਦਾ ਹੈ ਕਿ ਹਵੇਲੀ ਇੰਨੀ ਵੱਡੀ ਸੀ ਕਿ ਤਿੰਨ-ਚਾਰ ਦਿਨ ਅੱਗ ਦੇ ਭਾਂਬੜ ਬਲਦੇ ਦੂਰ ਤੱਕ ਦਿਖਾਈ ਦਿੰਦੇ ਰਹੇ।

Advertisement

ਉਸ ਪਰਿਵਾਰ ਨੂੰ ਆਪਣੀ ਜ਼ਮੀਨ, ਆਪਣੇ ਪਿੰਡ ਲਈ ਪਿਆਰ ਤੇ ਪਿੰਡ ਦੇ ਲੋਕਾਂ ’ਤੇ ਭਰੋਸਾ ਬੇਹੱਦ ਮਹਿੰਗਾ ਪਿਆ ਸੀ। ਜਿਸ ਨੇ ਵੀ ਇਸ ਘਟਨਾ ਬਾਰੇ ਸੁਣਿਆ, ਉਸ ਦੀ ਰੂਹ ਕੰਬ ਉੱਠੀ ਸੀ। ਹਿੰਸਕ ਭੀੜ ਨੇ ਕਿਸ ਨੂੰ ਪਹਿਲਾਂ ਮਾਰਿਆ ਹੋਵੇਗਾ ਤੇ ਕਿਸ ਦੀਆਂ ਅੱਖਾਂ ਕਿਸੇ ਆਪਣੇ ਦੀ ਮੌਤ ਦੇਖ ਕੇ ਪੱਥਰ ਹੋ ਗਈਆਂ ਹੋਣਗੀਆਂ, ਇਹ ਦੱਸਣ ਲਈ ਕੋਈ ਨਹੀਂ ਸੀ ਬਚਿਆ। ਇੱਕ ਹੱਸਦਾ-ਖੇਡਦਾ ਵੱਡਾ ਤੇ ਸੁਖੀ ਪਰਿਵਾਰ ਮਿੰਟਾਂ ’ਚ ਖ਼ਤਮ ਹੋ ਗਿਆ। ਉੱਧਰ ਜੋ 12-13 ਸਾਲ ਦਾ ਬੱਚਾ ਆਪਣੇ ਪਰਿਵਾਰ ਦੀ ਉਡੀਕ ਕਰ ਰਿਹਾ ਸੀ, ਉਸ ਦੀ ਉਡੀਕ ਕਦੇ ਨਾ ਮੁੱਕੀ। ਹੁਣ ਉਹ ਰਫਿਊਜੀ ਵੀ ਸੀ, ਯਤੀਮ ਵੀ ਤੇ ਦਾਣੇ-ਦਾਣੇ ਤੋਂ ਮੁਥਾਜ ਵੀ। ਸਾਰੇ ਲੋਕ ਅਣਜਾਣ ਸਨ। ਕੋਈ ਗਲ ਲਾ ਕੇ ਦਿਲਾਸਾ ਦੇਣ ਵਾਲਾ ਵੀ ਨਹੀਂ ਸੀ। ਉਸ ਬੱਚੇ ਨੇ ਨਗਰ ਦੇ ਲਾਗੇ ਵਹਿੰਦੀ ਗੋਮਤੀ ਨਦੀ ਕਿਨਾਰੇ ਇੱਕ ਕੱਚੇ ਕਮਰੇ ਤੋਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਮਨ ਦਾ ਪੱਥਰ ਬਣ ਜਾਣਾ ਹੀ ਉਸ ਦੀ ਤਾਕਤ ਬਣੀ। ਸਮਾਂ ਆਪਣੀ ਚਾਲ ਚੱਲਦਾ ਗਿਆ ਤੇ ਉਸ ਬੱਚੇ ਨੂੰ ਤਰੱਕੀ ਦੀ ਬੁਲੰਦੀਆਂ ਤੱਕ ਲੈ ਗਿਆ। 40 ਸਾਲ ਦੀ ਉਮਰ ’ਚ ਸਰਦਾਰ ਹਰਭਜਨ ਸਿੰਘ ਉੱਤਰ ਪ੍ਰਦੇਸ਼ ਵਿਧਾਨ ਪ੍ਰੀਸ਼ਦ ਦੀ ਚੋਣ ਜਿੱਤ ਕੇ ਵਿਧਾਨ ਭਵਨ ਪੁੱਜਿਆ।

ਪਤਾ ਨਹੀਂ ਅਜਿਹੀਆਂ ਕਿੰਨੀਆਂ ਹੀ ਦਿਲ ਕੰਬਾਊ ਵਾਰਦਾਤਾਂ ਧਰਤੀ ਦੇ ਸੀਨੇ ਵਿੱਚ ਦਫ਼ਨ ਹਨ। ਸੰਨ 1947 ਤੋਂ ਬਾਅਦ ਲਹਿੰਦੇ ਪੰਜਾਬ ਤੋਂ ਆਏ ਸਿੱਖ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਆਪਣੀ ਸਹੂਲਤ ਅਨੁਸਾਰ ਜਾ ਵਸੇ। ਪੁਰਖਿਆਂ ਦੇ ਵਸਾਏ ਘਰ-ਬਾਰ, ਜ਼ਮੀਨਾਂ, ਦੌਲਤ ਅਤੇ ਆਪਣੇ ਅਜ਼ੀਜ਼ ਗੁਆ ਕੇ ਆਉਣ ਦਾ ਅਸਹਿ ਦਰਦ ਤਾਂ ਸੀ ਹੀ, ਉਨ੍ਹਾਂ ਨੂੰ ਸਥਾਨਕ ਸਮਾਜ ’ਚ ਥਾਂ ਬਣਾਉਣ ਦੀ ਵੱਡੀ ਜੰਗ ਵੀ ਲੜਨੀ ਪਈ। ਉਨ੍ਹਾਂ ਦੀ ਦਿੱਖ ਤੇ ਬੋਲੀ ’ਤੇ ਫਿਕਰੇ ਕੱਸੇ ਗਏ। ਉਨ੍ਹਾਂ ਦੇ ਖਾਣ-ਪੀਣ ’ਤੇ ਚੁਟਕਲੇ ਬਣੇ। ਉਨ੍ਹਾਂ ਅੱਗੇ ਜ਼ਿੰਦਗੀ ਬਸਰ ਕਰਨ ਲਈ ਸਖ਼ਤ ਚੁਣੌਤੀਆਂ ਸਨ। ਉਹ ਆਪਣੇ ਆਪ ਨੂੰ ਚੱਕਰਵਿਊ ’ਚ ਫਸਿਆ ਮਹਿਸੂਸ ਕਰਦੇ ਸਨ। ਇਸ ਚੱਕਰਵਿਊ ਨੂੰ ਤੋੜਨਾ ਕੋਈ ਸੌਖਾ ਕੰਮ ਨਹੀਂ ਸੀ, ਪਰ ਉਨ੍ਹਾਂ ਨੇ ਆਪਣੇ ਹੌਸਲੇ ਨਾਲ ਇਸ ਨੂੰ ਤੋੜਿਆ ਤੇ ਜੀਵਨ ਵਿੱਚ ਸਫ਼ਲਤਾ ਵੀ ਪ੍ਰਾਪਤ ਕੀਤੀ। ਪੰਜਾਬ ਵਿੱਚ ਰਹਿ ਰਹੇ ਸਿੱਖਾਂ ਨੂੰ ਅੰਦਾਜ਼ਾ ਹੀ ਨਹੀਂ ਹੋਵੇਗਾ ਕਿ ਪੰਜਾਬ ਤੋਂ ਬਾਹਰ ਦੇਸ਼ ਦੇ ਹੋਰਨਾਂ ਰਾਜਾਂ ’ਚ ਵੱਸਦੇ ਸਿੱਖ ਕਿੰਨੇ ਤਣਾਅ ਅਤੇ ਦਬਾਅ ਹੇਠ ਰਹੇ ਸਨ।

ਇਹ ਸਿਰਫ਼ ਇਸ ਕਾਰਨ ਵਾਪਰਿਆ ਕਿ ਭਾਰਤ ਦੀ ਵੰਡ ਦਾ ਫ਼ੈਸਲਾ ਲੈਂਦਿਆਂ ਲੋਕਾਂ ਬਾਰੇ ਇੱਕ ਵਾਰ ਵੀ ਨਹੀਂ ਸੋਚਿਆ ਗਿਆ। ਲੋਕਾਂ ਨੂੰ ਜਿੱਥੇ ਰਹਿੰਦਿਆਂ ਸਦੀਆਂ ਗੁਜ਼ਰ ਗਈਆਂ ਸਨ, ਜਿਹੜੀ ਮਿੱਟੀ ’ਚ ਉਨ੍ਹਾਂ ਦੇ ਪੁਰਖਿਆਂ ਦੀਆਂ ਅਣਗਿਣਤ ਯਾਦਾਂ ਵੱਸੀਆਂ ਹੋਣ, ਉਸ ਨੂੰ ਫੌਰੀ ਛੱਡ ਕੇ ਕਿਸੇ ਅਣਜਾਣ ਥਾਂ ’ਤੇ ਚਲੇ ਜਾਣ ਬਾਰੇ ਕੋਈ ਸੋਚਣਾ ਵੀ ਨਹੀਂ ਚਾਹੁੰਦਾ। ਲੋਕ ਜਿੱਥੇ ਕੁਝ ਸਾਲ ਰਹਿ ਲੈਂਦੇ ਹਨ, ਉਸ ਥਾਂ ਨਾਲ ਮੋਹ ਪੈ ਜਾਂਦਾ ਹੈ। ਜਦੋਂ ਭਾਰਤ ਵੰਡ ਦੇ ਦੁਖਾਂਤ ਦੀ ਗੱਲ ਕੀਤੀ ਜਾਂਦੀ ਹੈ ਤਾਂ ਸਿਰਫ਼ ਕਤਲਾਂ, ਮੌਤਾਂ, ਲੁੱਟਾਂ-ਖੋਹਾਂ ਦੀ ਗੱਲ ਹੁੰਦੀ ਹੈ ਜੋ ਅਧੂਰੀ ਹੁੰਦੀ ਹੈ। ਸਿੱਖਾਂ ਨੇ ਪੰਜਾਬ ਤੋਂ ਬਾਹਰ ਜਿਨ੍ਹਾਂ ਹਾਲਾਤ ਦਾ ਸਾਹਮਣਾ ਕੀਤਾ ਹੈ, ਉਹ ਵੀ ਓਨਾ ਹੀ ਪੀੜਦਾਇਕ ਹੈ। ਨਵੀਆਂ ਪੀੜ੍ਹੀਆਂ ਭਾਵੇਂ ਯੂ ਪੀ, ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼, ਦਿੱਲੀ, ਮਹਾਰਾਸ਼ਟਰ ਦੀਆਂ ਜੰਮਪਲ ਹਨ, ਪਰ ਅਖਵਾਉਂਦੀਆਂ ਪੰਜਾਬੀ ਹੀ ਹਨ। ਇਹ ਸੋਚ ਉਨ੍ਹਾਂ ਨੂੰ ਸਥਾਨਕ ਸਮਾਜ ਤੇ ਸੱਭਿਆਚਾਰ ਤੋਂ ਦੂਰ ਕਰਨ ਵਾਲੀ ਹੈ। ਸਿੱਖ ਅਤੇ ਪੰਜਾਬੀ ਹੋਣ ਦਾ ਫ਼ਰਕ ਹੀ ਨਹੀਂ ਸਮਝਿਆ ਜਾ ਸਕਿਆ। ਭਾਰਤ ਦੇ ਕਈ ਹਿੱਸੇ ਅਜਿਹੇ ਹਨ, ਜਿੱਥੇ ਦੇ ਲੋਕਾਂ ਨੇ ਕਦੇ ਸਿੱਖ ਦੇਖਿਆ ਹੀ ਨਹੀਂ। ਪੰਜਾਬ ਤੋਂ ਬਾਹਰ ਵੱਸੇ ਸਿੱਖ ਭਾਰਤ ਦੀ ਵੰਡ ਦੇ ਅਜਿਹੇ ਕਿੰਨੇ ਹੀ ਦਰਦ ਅੱਜ ਵੀ ਆਪਣੇ ਸੀਨੇ ’ਚ ਸਾਂਭ ਕੇ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਆਜ਼ਾਦੀ ਤੋਂ ਬਾਅਦ ਲਗਾਤਾਰ ਸਹਿਣ ਕੀਤਾ ਜਾਣ ਵਾਲਾ ਇਹ ਦਰਦ ਦੇਸ਼ ਵੰਡ ਦੇ ਇਤਿਹਾਸ ਦਾ ਉਹ ਅਸਹਿ ਹਿੱਸਾ ਹੈ, ਜਿਸ ਬਾਰੇ ਕਦੇ ਲਿਖਿਆ ਹੀ ਨਹੀਂ ਗਿਆ। ਇਹ ਹਕੀਕਤ ਹੈ, ਜੋ ਪੀੜ੍ਹੀ-ਦਰ-ਪੀੜ੍ਹੀ ਮਨਾਂ ਨੂੰ ਚੁਭਦੀ ਰਹੇਗੀ। ਜਿੰਨੇ ਵੀ ਲੋਕਾਂ ਨੇ ਆਪਣੀਆਂ ਜਾਨਾਂ ਸੰਨ 1947 ਦੀ ਵੰਡ ਦੌਰਾਨ ਦਿੱਤੀਆਂ, ਉਨ੍ਹਾਂ ਨੂੰ ਵੀ ਸੁਤੰਤਰਤਾ ਸੰਗਰਾਮ ਦੇ ਸ਼ਹੀਦਾਂ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ।

ਈ-ਮੇਲ: akaalpurkh.7@gmail.com

Advertisement
×