DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਲੇਖਕ, ਲਿਖਤ ਅਤੇ ਸਮਾਜਿਕ ਚੇਤਨਾ

ਲਿਖਣਾ ਇੱਕ ਮਹੱਤਵਪੂਰਨ ਬੌਧਿਕ ਸਮਾਜਿਕ ਕਾਰਜ ਹੈ। ਇਸ ਦਾ ਜਨਮ ਅਤੇ ਵਿਕਾਸ ਕਈ ਮਨੁੱਖੀ ਪੜਾਵਾਂ ’ਚੋਂ ਗੁਜ਼ਰਿਆ ਹੈ। ਇਹ ਮਨੁੱਖੀ ਵਿਕਾਸ ਦਾ ਉਹ ਮਹੱਤਵਪੂਰਨ ਪੜਾਅ ਹੈ ਜਿਸ ਦੀ ਸ਼ੁਰੂਆਤ ਲਗਪਗ 3200 ਈਸਾ ਪੂਰਵ ਵਿੱਚ ਮੈਸੋਪੋਟਾਮੀਆ ਵਿੱਚ ਹੋਈ ਮੰਨੀ ਜਾਂਦੀ ਹੈ।...

  • fb
  • twitter
  • whatsapp
  • whatsapp
Advertisement

ਲਿਖਣਾ ਇੱਕ ਮਹੱਤਵਪੂਰਨ ਬੌਧਿਕ ਸਮਾਜਿਕ ਕਾਰਜ ਹੈ। ਇਸ ਦਾ ਜਨਮ ਅਤੇ ਵਿਕਾਸ ਕਈ ਮਨੁੱਖੀ ਪੜਾਵਾਂ ’ਚੋਂ ਗੁਜ਼ਰਿਆ ਹੈ। ਇਹ ਮਨੁੱਖੀ ਵਿਕਾਸ ਦਾ ਉਹ ਮਹੱਤਵਪੂਰਨ ਪੜਾਅ ਹੈ ਜਿਸ ਦੀ ਸ਼ੁਰੂਆਤ ਲਗਪਗ 3200 ਈਸਾ ਪੂਰਵ ਵਿੱਚ ਮੈਸੋਪੋਟਾਮੀਆ ਵਿੱਚ ਹੋਈ ਮੰਨੀ ਜਾਂਦੀ ਹੈ। ਇਸ ਦੀ ਆਮਦ ਅਤੇ ਵਿਕਾਸ ਨੇ ਵੱਖ-ਵੱਖ ਖੇਤਰਾਂ ’ਚ ਰਹਿੰਦੇ ਮਨੁੱਖਾਂ ਲਈ ਬਹੁਤ ਸਾਰੇ ਰਾਹ ਮੋਕਲੇ ਕੀਤੇ ਹਨ। ਇਸ ਕਰਕੇ ਲਿਖਤਾਂ ਦੀ ਉਤਪਤੀ ਅਤੇ ਵਿਕਾਸ ਨੇ ਮਨੁੱਖੀ ਜੀਵਨ ਦੀ ਰਵਾਨੀ ਵਿੱਚ ਅਹਿਮ ਯੋਗਦਾਨ ਪਾਇਆ ਹੈ। ਜਿੱਥੋਂ ਤੱਕ ‘ਲਿਖਤ’ ਦੀ ਗੱਲ ਹੈ। ‘ਲਿਖਤ’ ਕੋਈ ਇਕੱਲਾ ਲਿਖਿਆ ਹੋਇਆ ਵਾਕ, ਪੈਰਾ ਜਾਂ ਦਸਤਾਵੇਜ਼ ਨਹੀਂ ਹੁੰਦਾ, ਇਹ ਇਸ ਤੋਂ ਵੀ ਕਿਤੇ ਵੱਧ ਅਰਥਪੂਰਨ ਤੇ ਮਹੱਤਵ ਰੱਖਦੀ ਹੈ ਜਿਸ ਵਿੱਚ ਨਿਬੰਧ, ਲੇਖ, ਕਵਿਤਾ, ਕਹਾਣੀ, ਨਾਵਲ ਅਤੇ ਦਸਤਾਵੇਜ਼ ਸ਼ਾਮਲ ਹੁੰਦੇ ਹਨ। ‘ਲਿਖਤ’ ਲਿਖੀ ਹੋਈ ਉਹ ਸਮੱਗਰੀ ਹੈ ਜਿਸ ਦੇ ਆਪਣੇ ਮਾਅਨੇ ਹੁੰਦੇ ਹਨ। ਬਿਨਾਂ ਮਾਅਨਿਆਂ ਤੋਂ ਕਿਸੇ ਤਰ੍ਹਾਂ ਦੀ ਲਿਖਤ, ਲਿਖਤ ਹੋਣ ਦਾ ਅਰਥ ਨਹੀਂ ਰੱਖਦੀ। ਇਸ ਕਰਕੇ ਲਿਖਣ ਲਈ ਲਿਖਣਾ ਕੋਈ ਅਰਥ ਨਹੀਂ ਰੱਖਦਾ ਕਿਉਂਕਿ ਅਰਥਾਂ ਨਾਲ ਜੁੜ ਕੇ ਹੀ ਲਫ਼ਜ਼ ਜੀਵੰਤ ਹੁੰਦੇ ਹਨ। ਲਿਖਤ ਬਿਨਾਂ ਵਜ੍ਹਾ ਨਹੀਂ ਹੁੰਦੀ। ਲਿਖਣ ਦੇ ਕਈ ਕਾਰਨ ਹੁੰਦੇ ਹਨ ਜਿਵੇਂ: 1) ਸਿਰਫ ਲਿਖਣ ਲਈ ਹੀ ਲਿਖਣਾ। 2) ਮਨੋਰੰਜਨ ਲਈ ਲਿਖਣਾ ਤਾਂ ਕਿ ਲੇਖਕ ਲੋਕਾਂ ਨੂੰ ਖ਼ੁਸ਼ੀ, ਰੋਮਾਂਚ ਅਤੇ ਰਸ ਪ੍ਰਦਾਨ ਕਰਵਾ ਸਕੇ। 3) ਲੇਖਕ ਦਾ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਲਈ ਲਿਖਣਾ ਤਾਂ ਕਿ ਉਹ ਆਪਣੇ ਦੁੱਖ, ਸੁੱਖ, ਡਰ, ਪਿਆਰ ਅਤੇ ਤਜਰਬਿਆਂ ਨੂੰ ਬਿਆਨ ਕਰ ਸਕੇ। 4) ਗਿਆਨ ਸਾਂਝਾ ਕਰਨ ਲਈ ਲਿਖਣਾ ਤਾਂ ਕਿ ਉਹ ਇਤਿਹਾਸ, ਵਿਗਿਆਨ, ਜੀਵਨ ਅਨੁਭਵ ਲਿਖਤ ਰਾਹੀਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾ ਸਕੇ। 5) ਲੋਕਾਂ ਨਾਲ ਸੰਚਾਰ ਕਰਨ ਲਈ ਕਲਮ ਦੀ ਵਰਤੋਂ ਕਰਨਾ ਤਾਂ ਕਿ ਲੇਖਕ ਆਪਣੀ ਸੋਚ, ਵਿਚਾਰਾਂ ਅਤੇ ਨਜ਼ਰੀਏ ਨੂੰ ਲੋਕਾਂ ਤੱਕ ਪਹੁੰਚਾ ਸਕੇ। 6) ਰਚਨਾਤਮਕ ਸੰਤੁਸ਼ਟੀ ਲਈ ਲਿਖਣਾ। 7) ਸਥਿਤੀ ਅਤੇ ਸੰਕਟ ਦਾ ਜ਼ਿਕਰ ਕਰਦਿਆਂ ਲੇਖਕ ਦਾ ਸਮਾਜ ਨੂੰ ਜਾਗਰੂਕ ਕਰਨ ਲਈ ਲਿਖਣਾ ਆਦਿ। ਇਸ ਤੋਂ ਇਲਾਵਾ ਹੋਰ ਵੀ ਕਈ ਕਾਰਨ ਹੋ ਸਕਦੇ ਹਨ। ਲੀਓ ਟਾਲਸਟਾਏ ਲੇਖਣੀ ਬਾਰੇ ਗੱਲ ਕਰਦਾ ਹੋਇਆ ਕਹਿੰਦਾ ਹੈ ਕਿ “ਲੇਖਕ ਦਾ ਕੰਮ ਮਨੁੱਖੀ ਭਾਵਨਾਵਾਂ ਨੂੰ ਸੱਚਾਈ ਨਾਲ ਦਰਸਾਉਣਾ ਹੈ।” ਇਸ ਕਰਕੇ ਲੇਖਕ ਦਾ ਫਰਜ਼ ਮਨੁੱਖਤਾ ਦੀ ਖੋਜ ਕਰਨਾ ਅਤੇ ਉਸਦੀ ਸੱਚੀ ਤਸਵੀਰ ਪੇਸ਼ ਕਰਨਾ ਹੈ।

ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਗੁਰਦਿਆਲ ਸਿੰਘ ਮੁਤਾਬਿਕ ‘ਲਿਖਤ’ ਕਲਪਨਾ ’ਚੋਂ ਨਹੀਂ ਜ਼ਮੀਨੀ ਸੱਚ ’ਚੋਂ ਪੈਦਾ ਹੁੰਦੀ ਹੈ ਇਸੇ ਕਰਕੇ ਉਹ ਆਪਣੀ ਲਿਖ਼ਤ ਨੂੰ ਪਿੰਡ, ਲੋਕ ਜੀਵਨ ਅਤੇ ਹਕੀਕਤ ਦੇ ਦਰਪਣ ਵਾਂਗ ਵਰਤਦਾ ਹੈ। ਇਸ ਤਰ੍ਹਾਂ ਇਹ ਸਮਾਜਿਕ ਹਾਲਾਤ ਦਾ ਹੀ ਪ੍ਰਗਟਾਅ ਹੁੰਦੀ ਹੈ ਕਿਉਂਕਿ ਕਲਪਨਾ ਮਹਿਜ਼ ਕਲਪਨਾ ਨਹੀਂ ਹੁੰਦੀ, ਇਹ ਸਮਾਜਿਕ ਪ੍ਰਭਾਵਾਂ ਦਾ ਹੀ ਪ੍ਰਗਟਾਅ ਹੁੰਦੀ ਹੈ। ਮਨੁੱਖੀ ਜੀਵਨ ਮਕਸਦਹੀਣ ਨਹੀਂ ਅਤੇ ਉਹ ਹਮੇਸ਼ਾ ਕਾਰਜਸ਼ੀਲ ਰਹਿੰਦਾ ਹੈ। ਇਹ ਪ੍ਰਕਿਰਤੀ ਦਾ ਨਿਯਮ ਹੈ। ਇਸ ਕਰਕੇ ਮਨੁੱਖੀ ਜੀਵਨ ਵਿੱਚ ਕੋਈ ਕਾਰਜ ਬੇਮਕਸਦ ਨਹੀਂ ਹੋ ਸਕਦਾ। ਹਰ ਕਾਰਜ ਦੇ ਆਪਣੇ ਮਕਸਦ ਹੁੰਦੇ ਹਨ। ਲਿਖਣਾ ਵੀ ਇੱਕ ਮਹੱਤਵਪੂਰਨ ਕਾਰਜ ਹੈ ਜਿਸਦਾ ਵੀ ਕੋਈ ਨਾ ਕੋਈ ਮਕਸਦ ਜ਼ਰੂਰ ਹੁੰਦਾ ਹੈ। ਜੇਕਰ ਆਪਾਂ ਲਿਖਣ ਦੇ ਮਕਸਦ ਦੀ ਗੱਲ ਕਰੀਏ ਤਾਂ ਜੌਰਜ ਆਰਵੈੱਲ ਦੇ ਮੁਤਾਬਕ,“ਲਿਖਣ ਦਾ ਮਕਸਦ ਸੱਚ ਨੂੰ ਝੂਠ ਤੋਂ ਵੱਖ ਕਰਨਾ ਹੈ।” ਉਹ ਰਾਜਨੀਤੀ ਅਤੇ ਸਚਾਈ ਨੂੰ ਲੇਖਣੀ ਨਾਲ ਜੋੜਦਾ ਸੀ ਅਤੇ ਉਸ ਨੇ ਲਿਖਣ ਨੂੰ ਨੈਤਿਕ ਜ਼ਿੰਮੇਵਾਰੀ ਨਾਲ਼ ਵੀ ਜੋੜਿਆ ਹੈ। ਅੰਤੋਨੀਓ ਗ੍ਰਾਮਸਕੀ ਲਿਖਣ ਨੂੰ ਸਿਰਫ਼ ਜਾਣਕਾਰੀ ਦੇਣ ਦਾ ਸਾਧਨ ਨਹੀਂ, ਸਗੋਂ ਬੌਧਿਕ ਸੰਘਰਸ਼, ਸਮਾਜਿਕ ਬਦਲਾਅ ਅਤੇ ਨਵੀਂ ਚੇਤਨਾ ਤਿਆਰ ਕਰਨ ਦਾ ਇੱਕ ਇਨਕਲਾਬੀ ਹਥਿਆਰ ਸਮਝਦਾ ਹੈ। ਉਸ‌‌ ਮੁਤਾਬਿਕ ਲਿਖਣਾ ਇੱਕ ਰਾਜਨੀਤਕ ਕਿਰਿਆ ਹੈ ਜੋ ਸਮਾਜ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਸਰਦਾਰੀ/ਚੌਧਰ ਦੀ ਲੜਾਈ ਦਾ ਹਿੱਸਾ ਹੁੰਦੀ ਹੈ। ਉਸ ਮੁਤਾਬਕ, “ਗ਼ਲਤ ਵਿਚਾਰਾਂ ਦਾ ਵਿਰੋਧ ਸਹੀ ਵਿਚਾਰਾਂ ਨਾਲ ਲਿਖ ਕੇ ਹੀ ਕੀਤਾ ਜਾ ਸਕਦਾ ਹੈ।” ਇਸ ਕਰਕੇ ਅਸਾਵੇਂ ਸਮਾਜਾਂ ’ਚ ਇਹ ਇੱਕ ਵਿਚਾਰਧਾਰਕ ਲੜਾਈ ਦਾ ਸਾਧਨ ਹੈ। ਉਸ ਦਾ ਕਹਿਣਾ ਸੀ ਕਿ ਲਿਖਣ ਸਮੇਂ ਭਾਸ਼ਾ ਅਤੇ ਸੱਭਿਆਚਾਰ ਦੀ ਸਮਝ ਹੋਣੀ ਜ਼ਰੂਰੀ ਹੈ ਕਿਉਂਕਿ ਭਾਸ਼ਾ ਸਿਰਫ਼ ਸੰਚਾਰ ਦਾ ਸਾਧਨ ਨਹੀਂ, ਸਗੋਂ ਤਾਕਤ ਦਾ ਢਾਂਚਾ ਹੈ ਇਸ ਕਰਕੇ ਲੇਖਕ ਨੂੰ ਲੋਕਾਂ ਦੀ ਆਮ ਬੋਲੀ ਅਤੇ ਅਨੁਭਵ ਨੂੰ ਸਮਝ ਕੇ ਲਿਖਣਾ ਚਾਹੀਦਾ ਹੈ। ਉਪਰੋਕਤ ਸੰਦਰਭ ਵਿੱਚ ਤਣਾਅ ਅਤੇ ਸੰਘਰਸ਼ ਭਰੇ ਅਜੋਕੇ ਸਮਾਜ ਵਿੱਚ ਕੋਈ ਵੀ ਲਿਖਤ ਵਿਚਾਰਧਾਰਕ ਤੌਰ ’ਤੇ ਨਿਰਪੱਖ ਨਹੀਂ ਹੋ ਸਕਦੀ।

Advertisement

ਇਸ ਰਾਜਸੀ, ਵਿਚਾਰਧਾਰਕ ਅਤੇ ਸੱਭਿਆਚਾਰਕ ਮੁਕਾਬਲਿਆਂ ਵਿਚ ਹਰ ਲਿਖਤ ਕੋਈ ਨਾ ਕੋਈ ਮਾਅਨੇ ਰੱਖਦੀ ਹੋਈ ਕੋਈ ਨਾ ਕੋਈ ਪੁਜੀਸ਼ਨ ਜ਼ਰੂਰ ਅਖਤਿਆਰ ਕਰਦੀ ਹੈ। ਇਸ ਕਰਕੇ ਨਿਰਪੱਖਤਾ ਵਾਲ਼ੀ ਗੱਲ ਕੋਈ ਮਾਅਨੇ ਨਹੀਂ ਰੱਖਦੀ ਕਿਉਂਕਿ ਲਿਖਤ ਦੇ ਵੀ ਅਦਿੱਖ ਅਤੇ ਦਿੱਖ ਮਕਸਦ ਹੁੰਦੇ ਹਨ। ਖਾਸ ਕਰਕੇ ਅੱਜ ਦੇ ਮੰਡੀਕਰਨ ਦੇ ਯੁੱਗ ਵਿੱਚ ਮਕਸਦ ਹੋਰ ਵੀ ਸਪੱਸ਼ਟ ਰੂਪ ਵਿੱਚ ਉਜਾਗਰ ਹੁੰਦੇ ਹਨ। ਨਫ਼ਾ ਅਤੇ ਦੌੜ-ਭੱਜ ਦੇ ਇਸ ਯੁੱਗ ਦੇ ਖਾਸ ਚਰਿੱਤਰ ਹਨ। ਇਸ ਕਰਕੇ ਬਿਨਾਂ ਸ਼ੱਕ ਬਹੁਤਾ ਸਾਹਿਤ ਬਾਜ਼ਾਰ ਦੀ ਮਾਰ ਹੇਠ ਆ ਚੁੱਕਾ ਹੈ। ਇਸ ਖੇਤਰ ਨਾਲ ਸਬੰਧਤ ਬਹੁ ਗਿਣਤੀ ਸਾਹਿਤਕਾਰ ਵੀ ਇਸ ਦੀ ਭੇਟ ਚੜ੍ਹ ਚੁੱਕੇ ਹਨ। ਜੁਗਾੜਤੰਤਰ ਰਾਹੀਂ ਯਾਰੀਆਂ ਅਤੇ ਮੁਲਾਹਜ਼ੇਦਾਰੀਆਂ ਪੁਗਾਉਣ ਉੱਤੇ ਪੂਰਾ ਜ਼ੋਰ ਲੱਗਾ ਹੋਇਆ ਹੈ। ਜਾਤ, ਧਰਮ, ਇਲਾਕਾ, ਅਖ਼ੌਤੀ ਸਿਆਸੀ ਸਾਂਝਾਂ ਵੀ ਆਪਣਾ ਖੂਬ ਰੰਗ ਦਿਖਾ ਰਹੀਆਂ ਹਨ। ਵਿਚਾਰਧਾਰਕ ਲੜਾਈ ਦੇ ਦੌਰ ਵਿੱਚ ਇਹ ਨੁਕਸਾਨਦੇਹ ਹੁੰਦੇ ਹਨ। ਪਰ ਇਹ ਸਭ ਕੁਝ ਬੜੀ ਬੇਪਰਵਾਹੀ ਨਾਲ਼ ਬੇਖੌਫ਼ ਵਾਪਰ ਰਿਹਾ ਹੈ। ਲਿਖਣਾ ਜਦੋਂ ਸਵੈ-ਕੇਂਦਰਿਤ ਹੋ ਕੇ ਧੰਦਾ ਬਣ ਜਾਵੇ ਅਤੇ ਲੇਖਕ ਸਥਾਪਤੀਆਂ ਦੀ ਪਰਛਾਈਂ ਹੇਠ ਬੈਠ ਕੇ ਸਵਾਲ ਕਰਨ ਤੋਂ ਟਾਲ਼ਾ ਵੱਟਣ ਲੱਗ ਜਾਵੇ ਤਾਂ ਇਹ ਰੁਝਾਨ ਨਾ ਕੇਵਲ ਖ਼ੁਦ ਲੇਖਕ ਲਈ ਸਗੋਂ ਸਮਾਜ ਲਈ ਵੀ ਨੁਕਸਾਨਦੇਹ ਹੁੰਦਾ ਹੈ ਕਿਉਂਕਿ ਲਿਖਤ ਨੇ ਸਥਾਪਤੀਆਂ ਦੀ ਥਾਂ ਸਮਾਜਿਕ ਸਮੂਹਿਕ ਹਿੱਤਾਂ ਦੀ ਬਾਤ ਪਾਉਣੀ ਹੁੰਦੀ ਹੈ। ਇਸ ਤੋਂ ਇਲਾਵਾ ਲਿਖਤ ਕਿੰਨੀ ਕੁ ਸਾਰਥਿਕ ਅਤੇ ਸਦੀਵੀ ਹੈ, ਇਸ ਦਾ ਫ਼ੈਸਲਾ ਸਮੇਂ ਨੇ ਕਰਨਾ ਹੁੰਦਾ ਹੈ। ਕਿਸੇ ਆਲੋਚਕ ਦੀਆਂ ਸਿਫ਼ਤਾਂ ਲਿਖਤ ਨੂੰ ਜੀਵਨ ਦਾਨ ਨਹੀਂ ਦੇ ਸਕਦੀਆਂ। ਇਸ ਕਰਕੇ ਪ੍ਰਸਥਿਤੀਆਂ ਭਾਵੇਂ ਬਹੁਤ ਗੰਭੀਰ ਹਨ ਪਰ ਨਵੇਂ ਲੇਖਕਾਂ ਨੂੰ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ। ਲਿਖਣਾ ਜਾਰੀ ਰਹਿਣਾ ਚਾਹੀਦਾ ਹੈ। ਲਗਾਤਾਰਤਾ ਵਿੱਚੋਂ ਹੀ ਨਿਖਾਰ ਆਉਂਦਾ ਹੈ। ਪੰਜਾਬੀ ਸਾਹਿਤ ਦੇ ਆਪਣੇ ਮਸਲੇ ਹਨ ਅਤੇ ਇਸਦਾ ਆਪਣਾ ਇੱਕ ਮੁਕਾਮ ਹੈ। ਨਵੇਂ ਲੇਖਕਾਂ ਨੂੰ ਸੁਚੇਤ ਰੂਪ ਵਿੱਚ ਬਾਜ਼ ਨਜ਼ਰ ਰੱਖਣ ਦੀ ਜ਼ਰੂਰਤ ਹੈ। ਇਸ ਕਰਕੇ ਨਵੇਂ ਲੇਖਕਾਂ ਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਲਿਖਿਆ ਜਾ ਰਿਹਾ ਚੰਗਾ ਅਤੇ ਉਸਾਰੂ ਸਾਹਿਤ ਪੜ੍ਹਨਾ ਚਾਹੀਦਾ ਹੈ। ਇਸ ਤੋਂ ਇਲਾਵਾ ਲੇਖਕ ਨੂੰ ਸਮਾਜਿਕ, ਸੱਭਿਆਚਾਰਕ ਅਤੇ ਰਾਜਨੀਤਕ ਸੂਝ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਕਲਾ ਅਤੇ ਸਾਹਿਤ ਸਿਰਜਣਾ ਵਿੱਚ ਸਮਾਜਿਕ ਸੂਝ/ਚੇਤਨਾ ਦਾ ਬਹੁਤ ਮਹੱਤਵਪੂਰਨ ਰੋਲ ਹੈ। ਕਲਾ ਅਤੇ ਸਾਹਿਤ ਸਿਰਫ਼ ਮਨੋਰੰਜਨ ਦੇ ਸਾਧਨ ਨਹੀਂ, ਸਗੋਂ ਸਮਾਜ ਦੇ ਵਿਚਾਰਾਂ, ਮੁੱਲਾਂ, ਵਿਰੋਧਾਂ ਅਤੇ ਸੰਘਰਸ਼ਾਂ ਦਾ ਪ੍ਰਤੀਬਿੰਬ ਵੀ ਹੁੰਦੇ ਹਨ ਇਸ ਕਰਕੇ ਚੰਗਾ ਸਾਹਿਤਕਾਰ ਆਪਣੇ ਸਮੇਂ ਦੇ ਸਮਾਜਿਕ, ਆਰਥਿਕ, ਸੱਭਿਆਚਾਰਕ ਅਤੇ ਰਾਜਨੀਤਿਕ ਹਾਲਾਤ ਨੂੰ ਆਪਣੀ ਰਚਨਾ ਵਿੱਚ ਦਰਸਾਉਂਦਾ ਹੈ। ਸਮਾਜਿਕ ਸੂਝ ਉਸ ਨੂੰ ਲੋਕਾਂ ਦੀ ਅਸਲ ਜ਼ਿੰਦਗੀ ਨਾਲ ਜੋੜਦੀ ਹੈ। ਅਸਾਵੇਂਪਣ ਦੇ ਸ਼ਿਕਾਰ ਸਮਾਜਾਂ ਅੰਦਰ ਸਮਾਜਿਕ ਸੂਝ ਨਾਲ ਭਰਪੂਰ ਸਾਹਿਤ ਮਨੁੱਖਤਾ, ਸਮਾਨਤਾ, ਨਿਆਂ, ਆਜ਼ਾਦੀ, ਭਾਈਚਾਰੇ ਅਤੇ ਸਹਿਣਸ਼ੀਲਤਾ ਵਰਗੀਆਂ ਉਸਾਰੂ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਦਾ ਹੈ ਅਤੇ ਤਬਦੀਲੀ ਲਈ ਰਾਹ ਪੱਧਰਾ ਕਰਦਾ ਹੈ। ਸਾਨੂੰ ਇੱਕ ਗੱਲ ਸਪੱਸ਼ਟ ਹੋ ਜਾਣੀ ਚਾਹੀਦੀ ਹੈ ਕਿ ਵਿਅਕਤੀ ਦਾ ਵਿਕਾਸ ਸਮਾਜ ਨਾਲ ਜੁੜਿਆ ਹੈ। ਇਸ ਕਰਕੇ ਸਮਾਜਿਕ ਸੂਝ/ਚੇਤਨਾ ਕਲਾਕਾਰ ਅਤੇ ਸਾਹਿਤਕਾਰ ਨੂੰ ਜਿੱਥੇ ਵਿਅਕਤੀਗਤ ਅਨੁਭਵਾਂ ਨੂੰ ਸਮੂਹਿਕ ਜੀਵਨ ਨਾਲ ਜੋੜਨ ਦੀ ਸਮਰੱਥਾ ਦਿੰਦੀ ਹੈ ਉੱਥੇ ਹੀ ਇਹ ਪਾਠਕਾਂ ਵਿੱਚ ਆਲੋਚਨਾਤਮਕ ਅਤੇ ਵਿਵੇਕਪੂਰਨ ਸੋਚ ਵਿਕਸਿਤ ਕਰਦੀ ਹੈ। ਇਸ ਤਰ੍ਹਾਂ ਕਲਾ ਅਤੇ ਸਾਹਿਤ ਸਿਰਜਣਾ ਦਾ ਅਸਲ ਮਕਸਦ ਕੇਵਲ ਸੁੰਦਰਤਾ ਦਾ ਸਿਰਜਣ ਨਹੀਂ, ਸਗੋਂ ਸਮਾਜ ਦੀ ਹਕੀਕਤ ਨੂੰ ਸਮਝਣਾ, ਉਸ ਦੀ ਸਮੀਖਿਆ ਕਰਨਾ ਅਤੇ ਮਨੁੱਖੀ ਜੀਵਨ ਨੂੰ ਹੋਰ ਨਿਆਂਪੂਰਨ, ਸੰਵੇਦਨਸ਼ੀਲ ਅਤੇ ਉੱਚੀਆਂ ਕਦਰਾਂ ਕੀਮਤਾਂ ਵੱਲ ਲੈ ਜਾਣਾ ਹੈ। ਇਸ ਲਈ ਸਮਾਜਿਕ ਸੂਝ/ਚੇਤਨਾ ਕਲਾ ਅਤੇ ਸਾਹਿਤ ਦੀ ਰੂਹ ਹੈ, ਜੋ ਰਚਨਾ ਨੂੰ ਅਰਥਪੂਰਨ, ਤਰਕਸੰਗਤ, ਯਥਾਰਥਵਾਦੀ ਅਤੇ ਲੋਕ-ਹਿਤਕਾਰੀ ਬਣਾਉਂਦੀ ਹੈ। ਖੁਸ਼ਵੰਤ ਸਿੰਘ ਮੁਤਾਬਿਕ ਲਿਖਣ ਵਿੱਚ ਸਾਦਗੀ, ਸਪੱਸ਼ਟਤਾ ਅਤੇ ਇਮਾਨਦਾਰੀ ਸਭ ਤੋਂ ਮਹੱਤਵਪੂਰਨ ਹਨ ਕਿਉਂਕਿ ਲਿਖਣ ਵਿੱਚ ਸ਼ਬਦਾਂ ਨੂੰ ਸ਼ਾਨ ਨਹੀਂ, ਸਚਾਈ ਚਮਕਾਉਂਦੀ ਹੈ। ਇਸ ਕਰਕੇ ਸਚਾਈ ਤੋਂ ਬੇਮੁੱਖ ਹੋਇਆ ਸਾਹਿਤ ਕੋਈ ਅਰਥ ਨਹੀਂ ਰੱਖਦਾ। ਇੱਥੇ ਇੱਕ ਗੱਲ ਬਹੁਤ ਸਪੱਸ਼ਟ ਹੈ ਕਿ ਲਿਖਣ ਕਾਰਜ ਕੋਈ ਅਲੌਕਿਕ ਤੋਹਫਾ ਨਹੀਂ ਜੋ ਕਿਸੇ ਵਿਅਕਤੀ ਵਿਸ਼ੇਸ਼ ਨੂੰ ਰੱਬ ਨੇ ਵੱਖਰੇ ਤੌਰ ’ਤੇ ਦਿੱਤਾ ਹੈ। ਇਹ ਸਭ ਕੁਝ ਪ੍ਰਸਥਿਤੀਆਂ ਦੇ ਪ੍ਰਭਾਵ, ਉਸ ਨੂੰ ਮਹਿਸੂਸ ਕਰਨ ਅਤੇ ਮਨੁੱਖੀ ਤਜਰਬੇ ਦੇ ਤਰੀਕਾਕਾਰ ਵਿੱਚੋਂ ਸਮੇਂ ਦੇ ਖਰਚ ਕਰਨ ਨਾਲ਼ ਉਪਜਦਾ ਹੈ। ਇਸ ਸਬੰਧੀ ਮਿਹਨਤ, ਲਗਨ ਅਤੇ ਲਗਾਤਾਰਤਾ ਦੀ ਅਥਾਹ ਜ਼ਰੂਰਤ ਹੁੰਦੀ ਹੈ।

Advertisement

ਇਸ ਦੇ ਨਾਲ਼ ਹੀ ਸਿਰਜਣਾ ਵਿੱਚ ਨਿਖਾਰ ਆਉਂਦਾ ਹੈ। ਪ੍ਰਸਿੱਧ ਦਾਰਸ਼ਨਿਕ ਅਰਸਤੂ ਅਨੁਸਾਰ ਕਲਾ ਦਾ ਜਨਮ ਅਨੁਕਰਣ ਦੀ ਮਨੁੱਖੀ ਪ੍ਰਵਿਰਤੀ ਤੋਂ ਹੁੰਦਾ ਹੈ। ਮਨੁੱਖ ਜੀਵਨ ਅਤੇ ਕੁਦਰਤ ਦੀ ਨਕਲ ਕਰਦਿਆਂ ਕਲਾ ਰਚਦਾ ਹੈ। ਇਸ ਕਰਕੇ ਕਲਾ ਮਹਿਜ਼ ਕਲਪਨਾ ਨਹੀਂ ਹੁੰਦੀ ਸਗੋਂ ਇਹ ਕਰੂਰ ਯਥਾਰਥ ਦੇ ਨੇੜਿਓਂ ਹੋ ਕੇ ਵਿਚਰਦੀ ਹੈ। ਇਹੀ ਵਿੱਥ, ਸੁਮੇਲ ਅਤੇ ਵਿਲੱਖਣਤਾ ਕਿਸੇ ਸਾਹਿਤ ਦੀ ਪ੍ਰਮਾਣਿਕਤਾ ਦਾ ਆਧਾਰ ਬਣਦੀ ਹੈ। ਫਿਕਸ਼ਨ (fiction) ਅਤੇ ਫੈਕਟ (fact) ਭਾਵੇਂ ਦੋ ਵੱਖ-ਵੱਖ ਚੀਜ਼ਾਂ ਹਨ ਪਰ ਫਿਕਸ਼ਨ ਨੂੰ ਫੈਕਟ ਨਾਲੋਂ ਬਿਲਕੁਲ ਅਲੱਗ ਕਰਕੇ ਦੇਖਿਆ ਨਹੀਂ ਜਾ ਸਕਦਾ। ਇਸ ਕਰਕੇ ਯਥਾਰਥ ਤੋਂ ਕੋਹਾਂ ਦੂਰ ਗਈ ਕਲਪਨਾ ਕੋਈ ਸਮਾਜਿਕ ਅਰਥ ਨਹੀਂ ਰੱਖਦੀ। ਟਾਲਸਟਾਏ ਅਨੁਸਾਰ ਕਲਾ ਦਾ ਮੂਲ ਉਦੇਸ਼ ਭਾਵਨਾਵਾਂ ਦਾ ਸੰਚਾਰ ਹੈ, ਜਿਸ ਰਾਹੀਂ ਕਲਾਕਾਰ ਆਪਣੀਆਂ ਭਾਵਨਾਵਾਂ ਦੂਜਿਆਂ ਤੱਕ ਪਹੁੰਚਾਉਂਦਾ ਹੈ। ਇਸ ਕਰਕੇ ਸਮਾਜਿਕ ਪ੍ਰਸਥਿਤੀਆਂ ਨੂੰ ਘੋਖ ਕੇ ਉਨ੍ਹਾਂ ਨੂੰ ਕਲਾਤਮਕ ਰੂਪ ਵਿੱਚ ਪੇਸ਼ਕਾਰੀ ਲਈ ਕਾਰਜਸ਼ੀਲ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਗਿਣਾਤਮਕ ਵਾਧੇ ਦੀ ਥਾਂ ਗੁਣਾਤਮਕ ਵਾਧੇ ਵੱਲ ਵਧਣ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਮੌਲਿਕਤਾ ਦੀ ਆਪਣੀ ਅਹਿਮੀਅਤ ਅਤੇ ਮੁਕਾਮ ਹੁੰਦਾ ਹੈ ਜਿਸ ਨੂੰ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਤਰ੍ਹਾਂ ਸਿਰਜਣਾ ਦੇ ਖੇਤਰ ਵਿੱਚ ਕਾਰਜਸ਼ੀਲ ਕਰਮੀਆਂ ਨੂੰ ਬਤੌਰ ਇੱਕ ਜ਼ਿੰਮੇਵਾਰੀ ਸਮਾਜਿਕ ਪ੍ਰਾਣੀ ਇਨ੍ਹਾਂ ਪੱਖਾਂ ਵੱਲ ਵਿਸ਼ੇਸ਼ ਤਵੱਜੋ ਦੇਣੀ ਚਾਹੀਦੀ ਹੈ।

Advertisement
×