ਸ਼ਬਦ ਸ਼ਕਤੀ
ਖੰਜਰ ਬਾਬਰ ਕੋਲ ਸੀ, ਬਾਬੇ ਕੋਲ ਵਿਚਾਰ। ਖੰਜਰ ਖੁੰਢਾ ਹੋ ਗਿਆ, ਖਾ ਸ਼ਬਦਾਂ ਦੀ ਮਾਰ। ਲਾਲੋ ਬੈਠਾ ਸਿਦਕ ਲੈ, ਭਾਗੋ ਲੈ ਹੰਕਾਰ। ਤਾਹੀਓਂ ਨਿਕਲੀ ਕੋਧਰੇ, ਵਿੱਚੋਂ ਦੁੱਧ ਦੀ ਧਾਰ। ਸੋਚ ਮੁਤਅੱਸਬੀ ਵਲੀ ਦੀ, ਬਾਬੇ ਹੀਆ ਵਿਸ਼ਾਲ। ਚਸ਼ਮਾ ਤਾਹੀਓਂ ਫੁੱਟਿਆ, ਉਹਦੇ...
ਖੰਜਰ ਬਾਬਰ ਕੋਲ ਸੀ, ਬਾਬੇ ਕੋਲ ਵਿਚਾਰ।
ਖੰਜਰ ਖੁੰਢਾ ਹੋ ਗਿਆ, ਖਾ ਸ਼ਬਦਾਂ ਦੀ ਮਾਰ।
ਲਾਲੋ ਬੈਠਾ ਸਿਦਕ ਲੈ, ਭਾਗੋ ਲੈ ਹੰਕਾਰ।
ਤਾਹੀਓਂ ਨਿਕਲੀ ਕੋਧਰੇ, ਵਿੱਚੋਂ ਦੁੱਧ ਦੀ ਧਾਰ।
ਸੋਚ ਮੁਤਅੱਸਬੀ ਵਲੀ ਦੀ, ਬਾਬੇ ਹੀਆ ਵਿਸ਼ਾਲ।
ਚਸ਼ਮਾ ਤਾਹੀਓਂ ਫੁੱਟਿਆ, ਉਹਦੇ ਚਰਨਾਂ ਨਾਲ।
ਹਿੰਸਾ ਕੌਡੇ ਕੋਲ ਸੀ, ਬਾਬਾ ਦਇਆ ਦਾਤਾਰ।
ਏਸੇ ਕਰਕੇ ਕਰ ਗਿਆ, ਉਹਦਾ ਬੇੜਾ ਪਾਰ।
ਸੱਜਣ ਕਪਟੀ ਮੀਤ ਸੀ, ਬਾਬਾ ਸੱਚਾ ਯਾਰ।
ਸੱਜਣ ਸੱਜਣ ਕਰ ਲਿਆ, ਤੀਰ ਤਰਕ ਦੇ ਮਾਰ।
ਕਾਰੂ ਧਨ ਦਾ ਲਾਲਚੀ, ਬਾਬੇ ਕੋਲ ਤਿਆਗ।
ਇਲਮ ਅਕਲ ਦੀ ਚੋਟ ਲਾ, ਦਿੱਤਾ ਬਦਲ ਦਿਮਾਗ਼।
ਬਾਬੇ ਯੁਕਤੀ ਨਾਲ ਹੀ, ਬਦਲੀ ਉਹਦੀ ਚਾਲ।
ਬਚਨ ਨਿਭਾਇਆ ਭੂਮੀਏ, ਹੋਇਆ ਨਮਕ ਹਲਾਲ।
ਬਾਬੇ ਕੋਲ ਰਬਾਬ ਸੀ, ਅੰਦਰ ਅਨਹਦ ਨਾਦ।
ਨੱਚਣ ਸ਼ਬਦ ਸਿਤਾਰ ’ਤੇ, ਕੱਟਣ ਵਾਦ ਵਿਵਾਦ।
ਰੱਬ ਮਸੀਤੀਂ ਕਿਸੇ ਦਾ, ਮੰਦਰ ਕਿਸੇ ਵਿਚਾਰ।
ਬਾਬੇ ਦੱਸਿਆ ਵੱਸਦਾ, ਕੁੱਲ ਖਲਕਤ ਵਿਚਕਾਰ।
ਚੁੱਕੀ ਫਿਰਨ ਚਲਾਕ ਜੋ, ਸਿਰੀਂ ਸਵਾਰਥ ਪੰਡ।
ਲੋਈ ਲਾਹ ਕੇ ਭਰਮ ਦੀ, ਸਾਵੀਂ ਕੀਤੀ ਵੰਡ।
ਇਹ ਸੀ ਤਾਕਤ ਸ਼ਬਦ ਦੀ, ਸਾਣ ਚੜ੍ਹਾਈ ਰਾਗ।
ਵਿੱਚ ਦਿਮਾਗ਼ਾਂ ਵੱਸ ਕੇ, ਹੰਸ ਕਰੇਂਦੀ ਕਾਗ।
ਬਾਣੀ ਬਾਬੇ ਦੀ ਤੋਂ, ਲੈ ਕੇ ਅਸਲ ਗਿਆਨ।
ਹਿੰਸਕ ਰਸਤੇ ਛੱਡ ਕੇ, ਬਣ ਜਾਈਏ ਇਨਸਾਨ।
ਸਦ ਬਾਬੇ ਦੀ ਕਲਮ ਤੋਂ, ਮਾਤ ਪਈ ਤਲਵਾਰ।
ਦੁਨੀਆ ਜਿੱਤੀ ਬਾਜਵਾ, ਜਿਹਨੇ ਬਿਨ ਹਥਿਆਰ।
ਸੰਪਰਕ: 94167-34506/97296-08492
* * *

