ਸੀ. ਮਾਰਕੰਡਾ
ਲੇਖਕ ਜਥੇਬੰਦੀਆਂ ਅਤੇ ਸਾਹਿਤਕ ਸੰਗਠਨਾਂ ਵਿਚ ਮੋਹਰੀ ਆਗੂ ਵਜੋਂ ਸਰਗਰਮ ਭੂਮਿਕਾ ਨਿਭਾਉਣ ਵਾਲਾ ਗੁਰਭਜਨ ਗਿੱਲ ਪੰਜਾਬੀ ਕਵਿਤਾ ਦਾ ਇਕ ਅਜਿਹਾ ਰੁਕਨ ਹੈ ਜਿਸ ਨੇ ਪੰਜਾਬੀ ਕਾਵਿ ਖੇਤਰ ਵਿਚ ਰੱਜ ਕੇ ਨਾਂ ਕਮਾਇਆ ਹੈ। ਉਹ ਪੰਜਾਬੀ ਪਾਠਕਾਂ ਦਾ ਜਾਣਿਆ ਪਛਾਣਿਆ ਚਰਚਿਤ ਸ਼ਾਇਰ ਹੈ ਜੋ ਕਾਵਿ ਦੇ ਮੁੱਲਵਾਨ ਛਿਣਾਂ ਨੂੰ ਆਪਣੇ ਚੇਤਿਆਂ ’ਚ ਪਾਲ ਕੇ ਰੱਖਦਾ ਹੈ ਅਤੇ ਵੇਲੇ ਸਿਰ ਇਹ ਛਿਣ ਆਪਮੁਹਾਰੇ ਉਦੇ ਹੋਣ ਲੱਗਦੇ ਹਨ। ਗੁਰਭਜਨ ਗਿੱਲ ਨੂੰ ਇਹ ਤੌਫ਼ੀਕ ਹਾਸਲ ਹੈ ਕਿ ਉਹ ਹੁਣ ਤੱਕ ਪੰਜਾਬੀ ਸਾਹਿਤ ਨੂੰ ਸਸ਼ਕਤ ਅਤੇ ਸੁਹਜ ਭਰੀਆਂ ਲਿਖਤਾਂ ਨਾਲ ਲਗਾਤਾਰ ਨਿਵਾਜ਼ਦਾ ਆ ਰਿਹਾ ਹੈ। ਗੁਰਭਜਨ ਗਿੱਲ ਮੂਲ ਰੂਪ ਵਿਚ ਸ਼ਾਇਰ ਹੀ ਹੈ ਜਿਸ ਨੇ ਆਪਣੀ ਹੱਥਲੀ ਕਾਵਿ ਕਿਤਾਬ ‘ਚਰਖ਼ੜੀ’ (ਕੀਮਤ: 300 ਰੁਪਏ; ਸਵੀਨਾ ਪ੍ਰਕਾਸ਼ਨ, ਕੈਲੀਫੋਰਨੀਆ) ਤੋਂ ਪਹਿਲਾਂ 20 ਦੇ ਕਰੀਬ ਕਾਵਿ-ਸੰਗ੍ਰਹਿ, ਗ਼ਜ਼ਲ ਸੰਗ੍ਰਹਿ, ਗੀਤ ਸੰਗ੍ਰਹਿ ਅਤੇ ਰੁਬਾਈਆਂ ਦੀਆਂ ਕਾਵਿ ਪੁਸਤਕਾਂ ਪੰਜਾਬੀ ਪਾਠਕਾਂ ਦੀ ਨਜ਼ਰ ਕੀਤੀਆਂ ਹਨ। ਸ਼ਾਇਰ ਗਿੱਲ ਦੀਆਂ ਚਰਖ਼ੜੀ ਕਾਵਿ ਸੰਕਲਨ ਵਿਚਲੀਆਂ ਕਵਿਤਾਵਾਂ ਪੜ੍ਹਦਿਆਂ ਸਵਰਗੀ ਸਤਿੰਦਰ ਸਿੰਘ ਨੂਰ ਦੀ ਕਵਿਤਾ ਬਾਰੇ ਕੀਤੀ ਉਹ ਟਿੱਪਣੀ ਮੈਨੂੰ ਬੇਤੁਕੀ ਜਾਪਦੀ ਹੈ ਜਿਸ ਰਾਹੀਂ ਉਨ੍ਹਾਂ ‘ਕਵਿਤਾ ਦਾ ਯੁਗ ਬੀਤ ਗਿਆ’ ਕਿਹਾ ਸੀ। ਇਹ ਖ਼ਿਆਲ ਇਕ ਕਾਵਿ ਗੋਸ਼ਟੀ ਵਿਚ ਕੁੰਜੀਵਤ ਭਾਸ਼ਣ ਦੌਰਾਨ ਨੂਰ ਹੋਰਾਂ ਨੂੰ ਔੜਿਆ ਸੀ। ਇਹ ਧਾਰਨਾ ਸ਼ਾਇਦ ਵਧੇਰੇ ਕਵੀਆਂ ਵੱਲੋਂ ਥੋਕ ਵਿਚ ਲਿਖੀਆਂ ਗਈਆਂ ਬੇਤੁਕੀਆਂ ਕਵਿਤਾਵਾਂ ਨੂੰ ਵਾਚਦਿਆਂ ਉਨ੍ਹਾਂ ਦੇ ਜ਼ਿਹਨ ਵਿਚ ਆ ਗਈ ਹੋਵੇ। ਜਦੋਂ ਮੈਂ ਗੁਰਭਜਨ ਗਿੱਲ ਦੀਆਂ ਚਰਖ਼ੜੀ ਵਿਚਲੀਆਂ ਕਵਿਤਾਵਾਂ ਪੜ੍ਹੀਆਂ ਤਾਂ ਇਹ ਮੇਰੀ ਤਵੱਜੋ ਵਿਚ ਇੰਝ ਰਚਮਿਚ ਗਈਆਂ ਜਿਵੇਂ ਦੁੱਧ ਵਿਚ ਸ਼ੱਕਰ ਘੁਲੀ ਹੋਵੇ।
ਗਿੱਲ ਦੀਆਂ ਕਵਿਤਾਵਾਂ ਦਾ ਰੰਗ-ਰੂਪ ਅਤੇ ਕਾਵਿ ਮੁਹਾਂਦਰਾ ਲੋਕ-ਰੰਗ ਵਾਲਾ ਤਾਂ ਹੈ ਹੀ, ਪਰ ਕਵੀ ਯੂਨੀਵਰਸਿਟੀ ਦਾ ਪ੍ਰੋਫੈਸਰ ਰਿਹਾ ਹੋਣ ਦੇ ਬਾਵਜੂਦ ਆਪਣੀਆਂ ਕਵਿਤਾਵਾਂ ’ਤੇ ਬੌਧਿਕਤਾ ਦੀ ਪੁੱਠ ਚਾੜ੍ਹਨੋਂ ਗੁਰੇਜ਼ ਕਰਦਾ ਹੈ। ਗਿੱਲ ਦੀਆਂ ਕਵਿਤਾਵਾਂ ਦਾ ਇਹੀਓ ਮੀਰੀ ਗੁਣ ਕਿਹਾ ਜਾ ਸਕਦਾ ਹੈ ਜਿਸ ਸਦਕਾ ਇਹ ਸੰਗ੍ਰਹਿ ਪੜ੍ਹਨਯੋਗ ਅਤੇ ਗੌਲਣਯੋਗ ਹੋ ਗਿਆ ਹੈ। ਸਰਲ, ਸੁਖਾਲੀ ਅਤੇ ਸੰਚਾਰ ਜੁਗਤ ਲੋਕ ਗੀਤਾਂ ਦੇ ਸੁਭਾਅ ਵਾਲੀ ਕਲਾਤਮਿਕ ਜੁੁਗਤਾਂ ਨਾਲ ਭਰੀ ਨਿਵੇਕਲੇਪਣ ਨਾਲ ਲੈਸ ਵੱਤਰ ਜ਼ਰਖ਼ੇਜ਼ ਭੋਇੰ ’ਤੇ ਬੀਜੀ ਕਮਾਲ ਦੀ ਕਵਿਤਾ ਕਹੀ ਜਾ ਸਕਦੀ ਹੈ। ਇਸ ਸੰਗ੍ਰਹਿ ਦੀ ਕਵਿਤਾ ਸ਼ਿਲਪਕਾਰੀ ਦੇ ਉੱਤਮ ਨਮੂਨੇ ਵਜੋਂ ਪ੍ਰਵਾਨ ਚੜ੍ਹਨ ਦੀ ਸਮਰੱਥਾ ਰੱਖਦੀ ਹੈ। ਕਾਵਿ ਸੰਗ੍ਰਹਿ ਚਰਖ਼ੜੀ ਦੀਆਂ ਨਜ਼ਮਾਂ ਵਿਚ ਜਨ-ਜੀਵਨ ਦੇ ਸਭਿਆਚਾਰਕ, ਸਮਾਜਿਕ, ਧਾਰਮਿਕ ਅਤੇ ਸਿਆਸੀ ਮੁੱਦਿਆਂ ਦਾ ਬਾਰੀਕਬੀਨੀ ਨਾਲ ਮੁਤਾਲਿਆ ਕਰ ਕੇ ਅਨੂਠੀ ਸ਼ੈਲੀ ਦੇ ਪ੍ਰਯੋਗ ਸਦਕਾ ਪੁਸਤਕ ਸ੍ਰੇਸ਼ਟ ਕਾਵਿਕ ਗੁਣਾਂ ਨਾਲ ਭਰਪੂਰ ਹੋ ਗਈ ਹੈ। ‘ਉਹ ਪੁੱਛਦੇ ਨੇ’, ‘ਅੱਥਰਾ ਘੋੜਾ ਕੀ ਹੁੰਦੈੈ’, ‘ਬਦਲ ਗਏ ਮੰਡੀਆਂ ਦੇ ਭਾਅ’ ਅਤੇ ਹੋਰ ਕਿੰਨੀਆਂ ਹੀ ਕਵਿਤਾਵਾਂ ਦੀਆਂ ਕਾਵਿ ਟੁਕੜੀਆਂ ਮੇਰੇ ਵਿਚਾਰਾਂ ਦੀ ਸ਼ਾਹਦੀ ਭਰਨ ਦੇ ਲਾਇਕ ਕਹੀਆਂ ਜਾ ਸਕਦੀਆਂ ਹਨ: ਮੈਂ ਕਿਹਾ, ਜਿਸ ਨੂੰ ਪੰਜੀਂ ਸਾਲੀਂ ਵੋਟਾਂ ਪਾਉਂਦੇ ਹੋ।/ ਬਦਾਮ ਛੋਲੇ ਤੇ ਕਿੰਨਾਂ ਕੁੱਝ ਹੋਰ ਚਾਰਦੇ। ਏਸ ਭਰਮ ਨਾਲ ਕਿ ਉਹ, ਸਾਡਾ ਖੁਭਿਆ ਪਹੀਆ, ਗਾਰੇ ’ਚੋਂ ਕੱਢੇਗਾ ਕਦੇ ਨਾ ਕਦੇ। ਪਰ ਉਹ ਲਾਰਿਆਂ ਨਾਲ, ਸਾਨੂੰ ਹੀ ਚਾਰੀ ਜਾਂਦਾ ਹੈ। ਸਵਾਲ ਕਰਦੇ ਹਾਂ ਤਾਂ ਨਾਸਾਂ ਫੁਲਾਉਂਦਾ ਹੈ। ਚਪੇੜ ਮਾਰਦਾ ਹੈ।
ਗਿੱਲ ਦੀ ਕਾਵਿ-ਪ੍ਰਕਾਰ ਦਾ ਦਾਇਰਾ ਵਡੇਰਾ ਹੈ ਜੋ ਹਕੀਕਤਾਂ ਓਹਲੇ ਅਣਦਿਸਦੇ ਵਰਤਾਰਿਆਂ ਨੂੰ ਭਾਲ ਕੇ ਕਵਿਤਾ ਵਿਚ ਢਾਲਦਾ ਹੈ। ਇਹੀ ਉਸ ਦੇ ਵਿਸ਼ਾਲ ਅਨੁਭਵ ਦਾ ਕ੍ਰਿਸ਼ਮਾ ਹੈ। ਉਹ ਪੰਜਾਬੀ ਸਭਿਅਚਾਰ ਦੀ ਪੇਸ਼ਕਾਰੀ ਕਰਨ ਦੇ ਨਾਲ ਨਾਲ ਕਿਰਤੀ ਕਿਸਾਨਾਂ ਦਾ ਸ਼ੋਸ਼ਣ ਕਰ ਰਹੀਆਂ ਜਮਾਤਾਂ ਵੱਲੋਂ ਕੀਤੀ ਜਾ ਰਹੀ ਲੁੱਟ-ਖਸੁੱਟ, ਅਮਾਨਵੀ ਵਰਤਾਰਿਆਂ ਅਤੇ ਲੋਕ ਵਿਰੋਧੀ ਵੇਰਵਿਆਂ ਦੀ ਤਸਵੀਰਕਸ਼ੀ ਕਰਦਾ ਹੈ ਜਿਸਦੀ ਮਿਸਾਲ ‘ਬਦਲ ਗਏ ਮੰਡੀਆਂ ਦੇ ਭਾਅ’ ਵਿਚੋਂ ਸਹਿਜੇ ਹੀ ਮਿਲਦੀ ਹੈ: ਸੌਣ ਨਹੀਂ ਦੇਂਦੀ,/ ਸਰਦਾਰ ਕਰਨੈਲ ਸਿੰਘ ਆੜ੍ਹਤੀਏ ਦੀ ਖ਼ੂਨ ਪੀਣੀ ਵਹੀ।/ ਬਹੁਤ ਤੇਜ਼ ਸੂੰਦੀ ਹੈ ਸੂਰਨੀ ਵਾਂਗ।/ ਵਿਆਜ ਦਰ ਵਿਆਜ ਦਾ ਪਹੀਆ ਬਹੁਤ ਤੇਜ਼ ਘੁੰਮਦਾ ਹੈ।/ ਮਸ਼ੀਨੀ ਟੋਕੇ ਵਾਂਗ ਸੁਪਨੇ ਰੀਝਾਂ ਉਮੰਗਾਂ ਕੁਤਰ ਜਾਂਦਾ ਹੈ।
ਕਵੀ ਆਮ ਲੋਕਾਂ ਨਾਲੋਂ ਵੱਧ ਸੰਵੇਦਨਸ਼ੀਲ ਹੋਣ ਕਰਕੇ ਸਮਾਜ ਅੰਦਰ ਅਤੇ ਇਰਦ ਗਿਰਦ ਵਾਪਰਦਾ ਚੰਗਾ ਮਾੜਾ ਵੇਖ ਕੇ ਅਤੇ ਮਹਿਸੂਸ ਕਰ ਕੇ ਉਸ ਕੋਲੋਂ ਰਿਹਾ ਨਹੀਂ ਜਾਂਦਾ। ਅਜਿਹੇ ਵਰਤਾਰੇ ਸੁਭਾਵਿਕ ਹੀ ਉਸ ਦੀ ਕਾਨੀ ਰਾਹੀਂ ਕਾਵਿਕ ਰੂਪ ਧਾਰ ਲੈਂਦੇ ਹਨ। ਅਜਿਹਾ ਹੀ ਗੁਰਭਜਨ ਗਿੱਲ ਨੇ ਕਰੋਨਾ ਕਾਲ ਦੌਰਾਨ ਬੜੇ ਹੀ ਮਾਰਮਿਕ ਪ੍ਰਭਾਵ ਛੱਡਦੀਆਂ ਕਾਵਿ ਸਤਰਾਂ ਰਾਹੀਂ ਉਦੈਮਾਨ ਕੀਤਾ ਹੈ। ਸਮਕਾਲ ਦੀਆਂ ਰਚੀਆਂ ਅਜਿਹੀਆਂ ਕਵਿਤਾਵਾਂ ਇਕੱਲਤਾ ਹੰਢਾ ਰਹੇ ਮਨੁੱਖ ਦੇ ਅੰਦਰਲੇ ਸੁੰਨੇਪਣ ਦੀ ਮਨੋਸਥਿਤੀ ਦੀ ਪਛਾਣ ਕਰਵਾਉਂਦੀਆਂ ਭਾਵਪੂਰਤ ਰਚਨਾਵਾਂ ਦਾ ਰੂਪ ਧਾਰਨ ਕਰ ਗਈਆਂ ਹਨ। ਇਨ੍ਹਾਂ ਨਜ਼ਮਾਂ ਰਾਹੀਂ ਸਮਕਾਲ ਦੀਆਂ ਤ੍ਰਾਸਦਿਕ ਪ੍ਰਸਥਿਤੀਆਂ ਪਾਠਕ ਮਨ ਨੂੰ ਝੰਜੋੜਨ ਵਾਲੀਆਂ ਹਨ।
ਚਰਖ਼ੜੀ ਵਿਚਲੀਆਂ ਕਵਿਤਾਵਾਂ ਪੜ੍ਹਦਿਆਂ ਪਾਠਕ ਉਕਤਾਉਣਗੇ ਨਹੀਂ। ਵੱਡ-ਅਕਾਰੀ ਹੋਣ ਦੇ ਬਾਵਜੂਦ ਨਜ਼ਮਾਂ ਦਾ ਪਾਠ ਕਰਦਿਆਂ ਉਨ੍ਹਾਂ ਨੂੰ ਵਿਚ ਵਿਚਾਲੇ ਛੱਡਣ ਨੂੰ ਜੀਅ ਨਹੀਂ ਕਰਦਾ ਕਿਉਂਕਿ ਨਜ਼ਮਾਂ ਅੰਦਰ ਰਸ, ਕਾਵਿਕ ਸੱਚ ਅਤੇ ਪ੍ਰਗੀਤਕ ਮਿਜ਼ਾਜ ਹੈ। ‘ਨੰਦੋ ਬਾਜ਼ੀਗਰਨੀ’ ਇਕ ਅਜਿਹੀ ਕਾਵਿ ਕਿਰਤ ਹੈ ਜਿਸ ਰਾਹੀਂ ਸ਼ਾਇਰ ਨੇ ਮਹਾਂ ਪੰਜਾਬ ਦੇ ਅਲੋਪ ਹੋ ਚੁੱਕੇ ਅਤੇ ਹੋ ਰਹੇ ਸਭਿਆਚਾਰ ਦੀ ਅਜਿਹੀ ਤਸਵੀਰਕਸ਼ੀ ਕੀਤੀ ਹੈ ਜੋ ਸਾਡੀ ਜ਼ੁਬਾਨ ਦਾ ਮੁਹਾਵਰਾ ਬਣਨ ਦੇ ਤੁੱਲ ਹੈ। ਗੁਰਭਜਨ ਗਿੱਲ ਦੀ ਇਸ ਕਵਿਤਾ ਰਾਹੀਂ ਪ੍ਰਾਚੀਨ ਪੰਜਾਬ ਦਾ ਇੱਕ ਪਿੰਡ ਹੀ ਸਾਕਸ਼ਾਤ ਰੂਪ ਵਿਚ ਪ੍ਰਗਟ ਹੋ ਗਿਆ ਜਾਪਦਾ ਹੈ। ਕਵੀ ਆਪਣੇ ਕਵੀ ਹੋਣ ਦੀ ਪ੍ਰਕਿਰਿਆ ਨੂੰ ਹੀ ਨੰਦੋ ਬਾਜ਼ੀਗਰਨੀ ਦੇ ਕਿਰਦਾਰ ਨੂੰ ਮਿਥਦਾ ਹੈ: ਘਾਹ ਦੀਆਂ ਤਿੜ੍ਹਾਂ ਤੋਂ ਅੰਗੂਨੀ ਬੁਣਨੀ/ ਉਸਨੇ ਹੀ ਮੈਨੂੰ ਸਿਖਾਈ ਸੀ।/ ਕਿਤਾਬਾਂ ਨੇ ਉਹ ਜਾਚਾਂ ਤਾਂ ਭੁਲਾ ਦਿੱਤੀਆਂ/ ਪਰ ਹੁਣ ਮੈਂ ਸ਼ਬਦ ਬੁਣਦਾ ਹਾਂ।/ ਅੱਖਰ ਅੱਖਰ ਘਾਹ ਦੀਆਂ ਤਿੜ੍ਹਾਂ ਜਿਹੇ।
ਚਰਖ਼ੜੀ ਕਾਵਿ-ਸੰਗ੍ਰਹਿ ਹਰ ਪੱਖੋਂ ਕਾਵਿਕ ਖ਼ੂਬੀਆਂ ਨਾਲ ਭਰਪੂਰ ਖ਼ੂਬਸੂਰਤ ਪੁਸਤਕ ਹੈ ਜੋ ਪਾਠਕ ਦੀ ਦਿਲਚਸਪੀ ਦਾ ਸਬੱਬ ਹੀ ਨਹੀਂ ਬਣਦਾ ਸਗੋਂ ਇਸ ਵਿਚੋਂ ਉਸ ਨੂੰ ਬਹੁਤ ਕੁਝ ਸਿੱਖਣ ਅਤੇ ਸਮਝਣ ਨੂੰ ਮਿਲੇਗਾ। ਬਕੌਲ ਡਾ. ਸਰਬਜੀਤ ਸਿੰਘ ਇਸ ਸੰਗ੍ਰਹਿ ਦੀਆਂ ਕੁਝ ਨਜ਼ਮਾਂ ਉਹ ਹਨ ਜੋ ਵਿਅਕਤੀ, ਘਟਨਾ, ਸੰਕਟ, ਸਮੱਸਿਆ, ਸੰਘਰਸ਼ ਜਾਂ ਵਿਰਾਸਤੀ ਮੋਹ ਦੀ ਥਾਂ ਅਹਿਸਾਸ ਅਤੇ ਸ਼ਾਇਰਾਨਾ ਕੈਫ਼ੀਅਤ ਦੀਆਂ ਨਜ਼ਮਾਂ ਹਨ। ਸਮੁੱਚੇ ਤੌਰ ’ਤੇ ਇਹ ਕਾਵਿ ਕਿਤਾਬ ਵੱਡੇ ਮਹੱਤਵ ਤੇ ਆਕਾਰ ਵਾਲੀ ਹੈ।
ਸੰਪਰਕ: 94172-72161