DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਹਿਲਾ ਦਿਵਸ ਅਤੇ ਅਜੋਕੀ ਔਰਤ

ਹਰ ਸਾਲ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਾ ਅਸਲ ਮਕਸਦ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਚੇਤੰਨ ਕਰਨ ਦੇ ਨਾਲ਼-ਨਾਲ਼ ਉਨ੍ਹਾਂ ਦੇ ਹੱਕਾਂ ਦੀ ਰਾਖੀ ਕਰਨ ਲਈ, ਨਿਆਂ ਪੂਰਨ ਲਿੰਗ ਭੇਦ ਰਹਿਤ ਸਮਾਜ ਦੀ...

  • fb
  • twitter
  • whatsapp
  • whatsapp
Advertisement

ਹਰ ਸਾਲ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਾ ਅਸਲ ਮਕਸਦ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਚੇਤੰਨ ਕਰਨ ਦੇ ਨਾਲ਼-ਨਾਲ਼ ਉਨ੍ਹਾਂ ਦੇ ਹੱਕਾਂ ਦੀ ਰਾਖੀ ਕਰਨ ਲਈ, ਨਿਆਂ ਪੂਰਨ ਲਿੰਗ ਭੇਦ ਰਹਿਤ ਸਮਾਜ ਦੀ ਉਸਾਰੀ ਲਈ ਵਿਸ਼ੇਸ਼ ਉਪਰਾਲੇ ਕਰਨਾ ਵੀ ਹੈ। 8 ਮਾਰਚ ਨੂੰ ਸੰਸਾਰ ਭਰ ਵਿੱਚ ਮਨਾਏ ਜਾਣ ਵਾਲੇ ਕੌਮਾਂਤਰੀ ਮਹਿਲਾ ਦਿਵਸ ਦੀ ਸ਼ੁਰੂਆਤ ਮਜ਼ਦੂਰ ਅੰਦੋਲਨ ਤੋਂ ਹੋਈ। 15 ਹਜ਼ਾਰ ਮਜ਼ਦੂਰ ਔਰਤਾਂ ਵੱਲੋਂ ਨਿਊਯਾਰਕ (ਅਮਰੀਕਾ) ਵਿੱਚ 1908 ਈਸਵੀ ਵਿੱਚ ਇੱਕ ਜਲੂਸ ਕੱਢਿਆ ਗਿਆ ਜਿਸ ਵਿੱਚ ਉਨ੍ਹਾਂ ਨੇ ਔਰਤਾਂ ਦੀ ਤਨਖ਼ਾਹ ਵਧਾਉਣ, ਕੰਮ ਕਰਨ ਦੇ ਘੰਟੇ ਘਟਾਉਣ ਅਤੇ ਵੋਟ ਪਾਉਣ ਦੇ ਅਧਿਕਾਰ ਦੀ ਮੰਗ ਕੀਤੀ ਸੀ। ਪੂਰੇ ਇੱਕ ਸਾਲ ਬਾਅਦ ਅਮਰੀਕਾ ਦੀ ਸੋਸ਼ਲਿਸਟ ਪਾਰਟੀ ਨੇ 8 ਮਾਰਚ ਦੇ ਦਿਨ ਨੂੰ ਪੂਰੇ ਅਮਰੀਕਾ ਵਿੱਚ ਕੌਮੀ ਮਹਿਲਾ ਦਿਵਸ ਵਜੋਂ ਮਨਾਉਣ ਦਾ ਐਲਾਨ ਕਰ ਦਿੱਤਾ।

ਕਲਾਰਾ ਜ਼ੈਟਕਿਨ ਨਾਮੀ ਇੱਕ ਔਰਤ ਨੇ ਕੋਪਨਹੈਗਨ ਵਿੱਚ ਕੰਮਕਾਜੀ ਔਰਤਾਂ ਦੀ ਕੌਮਾਂਤਰੀ ਕਾਨਫਰੰਸ ਦੌਰਾਨ 8 ਮਾਰਚ ਦੇ ਦਿਨ ਨੂੰ ਵਿਸ਼ਵ ਪੱਧਰ ’ਤੇ ਕੌਮਾਂਤਰੀ ਮਹਿਲਾ ਦਿਵਸ ਵਜੋਂ ਮਨਾਉਣ ਦਾ ਸੁਝਾਅ ਦਿੱਤਾ। ਉਸ ਕਾਨਫਰੰਸ ਵਿੱਚ 17 ਦੇਸ਼ਾਂ ਦੀਆਂ ਸੌ ਤੋਂ ਵੱਧ ਔਰਤਾਂ ਨੇ ਹਿੱਸਾ ਲਿਆ ਸੀ, ਜਿਨ੍ਹਾਂ ਨੇ ਇਸ ਮਤੇ ਦੀ ਹਮਾਇਤ ਕੀਤੀ। ਸਭ ਤੋਂ ਪਹਿਲਾਂ 1911 ਈਸਵੀ ਵਿੱਚ ਆਸਟਰੀਆ, ਡੈਨਮਾਰਕ, ਜਰਮਨੀ ਅਤੇ ਸਵਿਟਜ਼ਰਲੈਂਡ ਵਿੱਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ।

Advertisement

1917 ਈਸਵੀ ਵਿੱਚ ਪਹਿਲੀ ਸੰਸਾਰ ਜੰਗ ਦੌਰਾਨ ਰੂਸ ਦੀਆਂ ਔਰਤਾਂ ਨੇ ਬਰੈੱਡ ਐਂਡ ਪੀਸ (ਭੋਜਨ ਅਤੇ ਸ਼ਾਂਤੀ) ਦੀ ਮੰਗ ਕਰਦਿਆਂ ਹੜਤਾਲ ਸ਼ੁਰੂ ਕੀਤੀ। ਔਰਤਾਂ ਦੀ ਹੜਤਾਲ ਦੇ ਸਾਹਮਣੇ ਝੁਕਦਿਆਂ ਸਮਰਾਟ ਨਿਕੋਲਸ ਨੂੰ ਰਾਜ ਗੱਦੀ ਛੱਡਣੀ ਪਈ ਸੀ। ਲੈਨਿਨ ਦੀ ਅੰਤਰਿਮ ਸਰਕਾਰ ਨੇ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦੇ ਦਿੱਤਾ। ਉਸ ਸਮੇਂ ਰੂਸ ਵਿੱਚ ਜੂਲੀਅਨ ਕੈਲੰਡਰ ਵਰਤਿਆ ਜਾਂਦਾ ਸੀ ਅਤੇ ਹੜਤਾਲ ਵਾਲੇ ਦਿਨ 23 ਫਰਵਰੀ ਸੀ ਪਰੰਤੂ ਗ੍ਰੇਗੋਰੀਅਨ ਕੈਲੰਡਰ ਵਿੱਚ ਉਸ ਦਿਨ 8 ਮਾਰਚ ਸੀ। ਆਖ਼ਰਕਾਰ ਯੂ ਐੱਨ ਓ ਵੱਲੋਂ 8 ਮਾਰਚ, 1975 ਤੋਂ ਮਹਿਲਾ ਦਿਵਸ ਸੰਸਾਰ ਭਰ ਵਿੱਚ ਮਨਾਇਆ ਜਾਣ ਲੱਗ ਪਿਆ।

Advertisement

ਅੱਜ ਅਸੀਂ ਵੇਖਦੇ ਹਾਂ ਕਿ 21ਵੀਂ ਸਦੀ ਵਿੱਚ ਵਿਚਰਦਿਆਂ ਔਰਤਾਂ ਨੇ ਸਮਾਜ ਦੇ ਲਗਪਗ ਹਰੇਕ ਖੇਤਰ ਵਿੱਚ ਪ੍ਰਸ਼ੰਸਾਯੋਗ ਪ੍ਰਾਪਤੀਆਂ ਕੀਤੀਆਂ ਹਨ। ਉਹ ਰਾਜਨੀਤਕ, ਪ੍ਰਸ਼ਾਸਨਿਕ, ਸੈਨਿਕ, ਸਮਾਜਿਕ, ਆਰਥਿਕ, ਧਾਰਮਿਕ ਤੇ ਸੱਭਿਆਚਾਰਕ ਆਦਿ ਖੇਤਰ ਵਿੱਚ ਆਪਣੀ ਵਿਲੱਖਣਤਾ ਅਤੇ ਪਹਿਲ ਸਥਾਪਤ ਕਰ ਚੁੱਕੀਆਂ ਹਨ। ਪਰੰਤੂ ਇਸ ਸਭ ਕੁਝ ਦੇ ਬਾਵਜੂਦ ਭਾਰਤ ਅਤੇ ਹੋਰ ਬਹੁਤ ਸਾਰੇ ਪੱਛੜੇ ਮੁਲਕਾਂ ਵਿੱਚ ਮਾਸੂਮ ਧੀਆਂ, ਬਾਲੜੀਆਂ, ਮੁਟਿਆਰਾਂ, ਸ਼ਾਦੀਸ਼ੁਦਾ ਔਰਤਾਂ ਅਤੇ ਵਡੇਰੀ ਉਮਰ ਦੀਆਂ ਸੁਆਣੀਆਂ ਨਾਲ਼ ਅਜਿਹਾ ਅਸੱਭਿਅਕ ਵਿਹਾਰ ਕੀਤਾ ਜਾਂਦਾ ਹੈ ਕਿ ਇਨਸਾਨੀਅਤ ਸ਼ਰਮਸਾਰ ਹੋ ਜਾਂਦੀ ਹੈ। ਬਾਹਰ ਦੀ ਤਾਂ ਗੱਲ ਹੀ ਕੀ ਕਰਨੀ ਹੋਈ, ਬਹੁਤੇ ਥਾਈਂ ਤਾਂ ਧੀਆਂ ਨੂੰ ਆਪਣੇ ਘਰਾਂ ਵਿੱਚ ਹੀ ਸੁਰੱਖਿਅਤ ਮਾਹੌਲ ਨਹੀਂ ਮਿਲਦਾ। ਕਿਤੇ ਮਤਰੇਏ ਬਾਪ ਵੱਲੋਂ ਧੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ ਹੈ। ਕਿਤੇ ਮਤਰੇਏ ਭਰਾ ਵੱਲੋਂ ਆਪਣੀ ਭੈਣ ਦਾ ਜਿਸਮਾਨੀ ਸ਼ੋਸ਼ਣ ਕੀਤਾ ਜਾਂਦਾ ਹੈ। ਸਦੀਆਂ ਤੋਂ ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਬਹੁਤ ਉੱਤਮ ਅਤੇ ਪਵਿੱਤਰ ਰਿਹਾ ਹੈ ਪਰੰਤੂ ਕਿਤੇ ਨਾ ਕਿਤੇ ਅਧਿਆਪਨ ਜਿਹੇ ਪਵਿੱਤਰ ਖੇਤਰ ਵਿੱਚ ਕੁਝ ਅਜਿਹੀਆਂ ਕਾਲ਼ੀਆਂ ਭੇਡਾਂ ਪਰਵੇਸ਼ ਕਰ ਗਈਆਂ ਹਨ। ਇਹ ਸਭ ਕੁਝ ਪੜ੍ਹ-ਸੁਣ ਅਤੇ ਦੇਖ ਕੇ ਸੰਵੇਦਨਸ਼ੀਲ ਇਨਸਾਨ ਦੀ ਰੂਹ ਕੁਰਲਾ ਉੱਠਦੀ ਹੈ। ਔਰਤਾਂ ਖ਼ਿਲਾਫ਼ ਵਧ ਰਹੇ ਅਪਰਾਧਾਂ ਨੂੰ ਸਰਕਾਰਾਂ, ਅਦਾਲਤਾਂ, ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀਆਂ, ਸਮਾਜਿਕ ਸੰਗਠਨਾਂ ਦੇ ਆਗੂਆਂ ਤੇ ਪਤਵੰਤਿਆਂ ਵੱਲੋਂ ਸਾਂਝੇ ਤੌਰ ’ਤੇ ਉਪਰਾਲੇ ਕਰ ਕੇ ਸਖ਼ਤੀ ਨਾਲ਼ ਰੋਕਣ ਦੀ ਲੋੜ ਹੈ, ਤਦ ਹੀ 8 ਮਾਰਚ ਦਾ ਦਿਨ ਔਰਤਾਂ ਲਈ ਰਾਖਵਾਂ ਰੱਖਣ ਦਾ ਲਾਭ ਹੈ। ਇਸ ਦੇ ਨਾਲ਼-ਨਾਲ਼ ਨਿਆਂਪੂਰਨ ਤੇ ਲਿੰਗ-ਭੇਦ ਰਹਿਤ ਸਮਾਜ ਦੀ ਉਸਾਰੀ ਲਈ ਔਰਤਾਂ ਨੂੰ ਵੀ ਜੱਦੋ-ਜਹਿਦ ਅਤੇ ਚੇਤੰਨ ਸੰਘਰਸ਼ ਕਰਨ ਦੀ ਲੋੜ ਹੈ। ਔਰਤ ਦੇ ਸ਼ਕਤੀਕਰਨ ਦੇ ਨਾਲ਼-ਨਾਲ਼ ਉਨ੍ਹਾਂ ਨੂੰ ਬਣਦਾ ਸਤਿਕਾਰ ਦੇਣਾ ਵੀ ਬੇਹੱਦ ਜ਼ਰੂਰੀ ਹੈ। ਉਮੀਦ ਹੈ ਕਿ 21ਵੀਂ ਸਦੀ ਦੀ ਸੁਤੰਤਰਤਾ ਦਾ ਸੂਰਜ ਆਪਣੀ ਰੌਸ਼ਨੀ ਨਾਲ਼ ਔਰਤ ਲਈ ਰੌਸ਼ਨੀ ਦਾ ਨਵਾਂ ਚਿਰਾਗ਼ ਬਾਲੇਗਾ। ਤਦ ਹੀ ਔਰਤ ਹਨੇਰੇ ਵਿੱਚ ਜਨਮੀ, ਹਨੇਰੇ ਵਿੱਚ ਵੱਡੀ ਹੋਈ ਤੇ ਸਮਾਜਿਕ ਵਿਤਕਰੇ ਤੋਂ ਸਹੀ ਅਰਥਾਂ ਵਿੱਚ ਆਜ਼ਾਦ ਹੋਵੇਗੀ। ਉਹ ਮਰਦ ਦੀ ਹਮਕਦਮ ਬਣ ਕੇ ਆਪਣੀ ਮੰਜ਼ਿਲ ’ਤੇ ਪਹੁੰਚੇਗੀ। ਹੁਣ ਉਹ ਦਿਨ ਦੂਰ ਨਹੀਂ, ਬੱਸ ਉਸ ਨੂੰ ਸੰਗਠਿਤ ਹੋ ਕੇ ਦਲੇਰੀ ਅਤੇ ਸਹਿਣਸ਼ੀਲਤਾ ਨਾਲ਼ ਹੱਥ ਵਿੱਚ ਮਸ਼ਾਲ ਫ਼ੜ ਕੇ ਲਗਾਤਾਰ ਸੰਘਰਸ਼ ਕਰਦੇ ਹੋਏ ਅੱਗੇ ਵੱਧਣਾ ਹੋਵੇਗਾ। ਇੱਥੇ ਮਹਿੰਦਰ ਸਾਥੀ ਦੀ ਕਵਿਤਾ ਦੀਆਂ ਤੁਕਾਂ ਬੇਹੱਦ ਢੁੱਕਵੀਆਂ ਜਾਪਦੀਆਂ ਹਨ:

‘ਮਸ਼ਾਲਾਂ ਬਾਲ ਕੇ ਚੱਲਣਾ, ਜਦੋਂ ਤੱਕ ਰਾਤ ਬਾਕੀ ਹੈ।

ਸੰਭਲ ਕੇ ਹਰ ਕਦਮ ਰੱਖਣਾ, ਜਦੋਂ ਤੱਕ ਰਾਤ ਬਾਕੀ ਹੈ।’’

ਸੰਪਰਕ: 84276-85020

Advertisement
×