ਕੇਹੀ ਵਗੀ ਵਾਅ ਚੰਦਰੀ...
ਹਰ ਸਾਲ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ, ਪਰ ਇਹ ਆਜ਼ਾਦੀ ਦਿਵਸ ਪੰਜਾਬ ਨੂੰ ਇੱਕ ਨਾਸੂਰ ਵੀ ਦੇ ਕੇ ਗਿਆ। ਮੇਰਾ ਜਨਮ ਸੰਤਾਲੀ ਤੋਂ ਬੇਸ਼ੱਕ 25 ਸਾਲ ਬਾਅਦ ਦਾ ਹੈ, ਪਰ ਬਾਲ ਉਮਰੇ ਆਪਣੀ ਦਾਦੀ ਤੋਂ ਸੰਤਾਲੀ ਦੀ ਵੰਡ ਦੀਆਂ ਦਿਲ...
ਹਰ ਸਾਲ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ, ਪਰ ਇਹ ਆਜ਼ਾਦੀ ਦਿਵਸ ਪੰਜਾਬ ਨੂੰ ਇੱਕ ਨਾਸੂਰ ਵੀ ਦੇ ਕੇ ਗਿਆ। ਮੇਰਾ ਜਨਮ ਸੰਤਾਲੀ ਤੋਂ ਬੇਸ਼ੱਕ 25 ਸਾਲ ਬਾਅਦ ਦਾ ਹੈ, ਪਰ ਬਾਲ ਉਮਰੇ ਆਪਣੀ ਦਾਦੀ ਤੋਂ ਸੰਤਾਲੀ ਦੀ ਵੰਡ ਦੀਆਂ ਦਿਲ ਦਹਿਲਾਉਣ ਵਾਲੀਆਂ ਕਹਾਣੀਆਂ ਸੁਣਦਾ ਰਿਹਾ, ਜੋ ਅੱਜ ਵੀ ਚੇਤੇ ਵਿੱਚ ਵਸੀਆਂ ਹੋਈਆਂ ਹਨ। ਦਾਦੀ ਵੱਲੋਂ ਦੱਸੀਆਂ ਗੱਲਾਂ ਦੇ ਦ੍ਰਿਸ਼ ਆਪਣੇ ਆਪ ਹੀ ਮਨ ਵਿੱਚ ਅਜਿਹੇ ਚਿਤਵੇ ਗਏ ਹਨ, ਜਿਵੇਂ ਸਭ ਕੁਝ ਮੇਰੀਆਂ ਅੱਖਾਂ ਸਾਹਮਣੇ ਹੀ ਵਾਪਰਿਆ ਹੋਵੇ। ਮੇਰੀ ਦਾਦੀ, ਭਾਗਭਰੀ ਕੌਰ ਇਸ ਜਹਾਨ ਤੋਂ 1988 ਵਿੱਚ ਰੁਖ਼ਸਤ ਹੋ ਗਏ ਸਨ। ਕਾਇਨਾਤ, ਪਸ਼ੂ ਤੇ ਪੰਛੀਆਂ ਨਾਲ ਉਨ੍ਹਾਂ ਦਾ ਬਹੁਤ ਮੋਹ ਸੀ। ਵਿਹੜੇ ਵਿੱਚ ਰੋਟੀ ਖਾਂਦਿਆਂ ਚਿੜੀਆਂ, ਜਨੌਰ ਉਨ੍ਹਾਂ ਦੇ ਮੋਢਿਆਂ ’ਤੇ ਆ ਬਹਿੰਦੇ, ਉਨ੍ਹਾਂ ਨਾਲੇ ਆਪ ਰੋਟੀ ਖਾਈ ਜਾਣੀ ਤੇ ਨਾਲੇ ਪੰਛੀਆਂ ਨੂੰ ਚੂਰ-ਚੂਰ ਕੇ ਪਾਈ ਜਾਣੀ। ਆਪਣੇ ਹਿੱਸੇ ਦਾ ਦੁੱਧ ਆਪ ਪੀਣ ਦੀ ਥਾਂ ਬਿੱਲੀਆਂ ਨੂੰ ਮੇਰੀ ਮਾਤਾ ਤੋਂ ਚੋਰੀਓਂ ਪਿਆ ਦੇਣਾ। ਘਰ ਵਿੱਚ ਰੱਖੀਆਂ ਮੱਝਾਂ, ਕੱਟੀਆਂ ਦੇ ਨਾਂ ਉਨ੍ਹਾਂ ਦੇ ਜਨਮ ਦਿਨ ਅਨੁਸਾਰ ਬੁੱਧਾਂ, ਵੀਰੋ ਤੇ ਮੰਗੋ ਆਦਿ ਰੱਖੇ ਹੋਏ ਸਨ। ਜਦੋਂ ਉਹ ਛੱਪੜ ’ਤੇ ਮੱਝਾਂ ਨਹਾਉਣ ਜਾਂਦੇ ਤਾਂ ਉਂਗਲ ਫੜ ਕੇ ਅਸੀਂ ਵੀ ਨਾਲ ਚਲੇ ਜਾਣਾ। ਘੰਟਾ ਭਰ ਉੱਥੇ ਬੈਠਣ ਤੋਂ ਬਾਅਦ ਜਦ ਘਰ ਨੂੰ ਆਉਣਾ ਤਾਂ ਮੱਝਾਂ ਦੇ ਨਾਮ ਲੈ ਕੇ ਕਹਿਣਾ, ‘‘ਆਓ ਚੱਲੀਏ ਘਰ ਨੂੰ’’ ਤਾਂ ਮੱਝਾਂ ਨੇ ਨਿਕਲ ਕੇ ਮਗਰ ਤੁਰ ਪੈਣਾ। ਉਨ੍ਹਾਂ ਨੇ ਕਦੇ ਵੀ ਮੱਝਾਂ ਨੂੰ ਪਿੱਛੇ ਤੋਂ ਨਹੀਂ ਸੀ ਹੱਕਿਆ, ਉਹ ਅੱਗੇ ਤੁਰਦੇ ਅਤੇ ਮੱਝਾਂ ਪਿੱਛੇ ਤੁਰਦੀਆਂ। ਜੇ ਰਾਹ ਵਿੱਚ ਕਿਸੇ ਨਾਲ ਗੱਲਾਂ ਕਰਨ ਰੁਕ ਜਾਣਾ ਤਾਂ ਪਸ਼ੂਆਂ ਨੇ ਵੀ ਉੱਥੇ ਹੀ ਰੁਕ ਜਾਣਾ ਅਤੇ ਉਨ੍ਹਾਂ ਦੇ ਤੁਰਨ ਤੋਂ ਹੀ ਨਾਲ ਤੁਰਨਾ। ਦਾਦੀ ਦੇ ਇਸ ਸੰਵੇਦਨਸ਼ੀਲ ਮਨ ’ਤੇ ਸੰਤਾਲੀ ਦੀ ਵੱਢ-ਟੁੱਕ ਦਾ ਬਹੁਤ ਗਹਿਰਾ ਅਸਰ ਸੀ। ਉਹ ਸਾਨੂੰ ਬੀਤੀਆਂ ਕਹਾਣੀਆਂ ਸੁਣਾ-ਸੁਣਾ ਕੇ ਆਪਣਾ ਮਨ ਹੌਲਾ ਕਰ ਲੈਂਦੇ। ਆਪਣੀਆਂ ਸਾਥਣਾਂ ਦੇ ਵਿਯੋਗ ’ਚ ਕਈ ਵਾਰ ਰੋ ਵੀ ਪੈਂਦੇ। ਸਾਡੇ ਪੰਜੇ ਭੈਣ ਭਰਾਵਾਂ ’ਚੋਂ ਪਤਾ ਨਹੀਂ ਕਿਉਂ ਮੇਰੀ ਦਿਲਚਸਪੀ ਇਸ ਵਿੱਚ ਵੱਧ ਸੀ।
ਜਦੋਂ ਦਾਦੀ ਨੇ ਗੱਲਾਂ ਸੁਣਾਉਣੀਆਂ ਤਾਂ ਮੈਂ ਹੀ ਹੁੰਗਾਰਾ ਭਰਨਾ ਅਤੇ ਰਾਤ ਨੂੰ ਕਈ ਵਾਰ ਬਾਤਾਂ ਦੀ ਥਾਂ ਸੰਤਾਲੀ ਦੀ ਗੱਲ ਸੁਣਨ ਦੀ ਜ਼ਿੱਦ ਕਰਨੀ। ਸਾਡੇ ਘਰ ਦੇ ਨੇੜੇ ਮੁਸਲਮਾਨ ਜੁਲਾਹਿਆਂ ਅਤੇ ਅਰਾਈਆਂ ਦੇ ਘਰ ਸਨ, ਜੋ ਸੰਤਾਲੀ ਵੇਲੇ ਉੱਜੜ ਗਏ ਸਨ ਅਤੇ ਬਹੁਤ ਸਾਲ ਬੇਆਬਾਦ ਪਏ ਰਹੇ। ਹੌਲੀ-ਹੌਲੀ ਨੇੜਲੇ ਘਰਾਂ ਵਾਲਿਆਂ ਨੇ ਉਨ੍ਹਾਂ ’ਤੇ ਕਬਜ਼ੇ ਕਰ ਲਏ। ਸਾਡੇ ਪਿੰਡ ਦੇ ਜਿਨ੍ਹਾਂ ਲੋਕਾਂ ਨੇ ਮੁਸਲਮਾਨਾਂ ਦੇ ਕਤਲੇਆਮ ਵਿੱਚ ਹਿੱਸਾ ਲਿਆ ਸੀ, ਉਹ ਦਾਦੀ ਦੇ ਮਰਨ ਤੱਕ ਉਨ੍ਹਾਂ ਦੀ ਨਫ਼ਰਤ ਦੇ ਪਾਤਰ ਰਹੇ। ਉਨ੍ਹਾਂ ਨੂੰ ਕਤਲ ਹੋਏ ਮੁਸਲਮਾਨ ਮਰਦ ਔਰਤਾਂ ਦੇ ਨਾਮ ਵੀ ਯਾਦ ਸਨ ਕਿ ਕਿਸ ਨੂੰ ਕਿਸ ਨੇ ਕਤਲ ਕੀਤਾ ਸੀ। ਉਨ੍ਹਾਂ ਦੱਸਣਾ, ‘‘ਆਹ ਫਲਾਣਾ ਬੰਦਾ ਹੈ, ਜੋ ਹੁਣ ਬਗਲਾ ਭਗਤ ਬਣਿਆ ਫਿਰਦੈ... ਇਸ ਤੋਂ ਦੂਰ ਦੀ ਲੰਘ ਜਾਇਆ ਕਰੋ... ਇਹ ਬਹੁਤ ਜ਼ਾਲਮ ਬੰਦਾ ਹੈ... ਇਸ ਨੇ ਬਾਹਰੋਂ ਬੰਦੇ ਲਿਆ ਕੇ ਮੇਰੀਆਂ ਅੱਖਾਂ ਦੇ ਸਾਹਮਣੇ ਸਰੂਪ ਬਾਣੀਏ ਕਿਆਂ ਵਾਲੀ ਗਲੀ ਵਿੱਚ ਫਲਾਣੇ ਅਰਾਈਂ ਦਾ ਕਤਲ ਕੀਤਾ ਸੀ। ਅਸੀਂ ਖੇਤ ਨੂੰ ਜਾ ਰਹੀਆਂ ਸੀ, ਉਹ ਵਿਚਾਰਾ ਸਾਡੇ ਅੱਗੇ ਜਾ ਰਿਹਾ ਸੀ... ਅਸੀਂ ਬਹੁਤ ਰੌਲਾ ਪਾਇਆ ਕਿ ਵੇ ਭੱਜ ਜਾਹ... ਪਰ ਜ਼ਾਲਮਾਂ ਨੇ ਭੱਜਣ ਕਿੱਥੇ ਦਿੱਤਾ... ਉਹ ਬਜ਼ੁਰਗ ਸੀ ਵਿਚਾਰਾ... ਇਹ ਜਵਾਨ ਸਨ। ਬੱਸ ਭੱਜੇ ਜਾਂਦੇ ਪਿੱਛੋਂ ਦੀ ਜਾ ਕੇ ਸਿਰ ’ਚ ਕੁਹਾੜੀ ਮਾਰ ਕੇ ਦੋ ਖਲਪਾੜਾਂ ਕਰ ਦਿੱਤੀਆਂ।’’ ਇਹ ਗੱਲ ਸੁਣਦਿਆਂ ਮੈਨੂੰ ਇੰਝ ਜਾਪਣਾ ਜਿਵੇਂ ਕਤਲ ਮੇਰੀਆਂ ਅੱਖਾਂ ਸਾਹਮਣੇ ਹੀ ਹੋਇਆ ਹੋਵੇ। ਉਨ੍ਹਾਂ ਦੱਸਣਾ ਕਿ ਕਬਰਾਂ ’ਚ ਲਾਸ਼ਾਂ ਦੇ ਢੇਰ ਲੱਗ ਗਏ ਸਨ। ਕੋਈ ਦਫ਼ਨਾਉਣ ਵਾਲਾ ਨਹੀਂ ਸੀ। ਕਾਵਾਂ, ਕੁੱਤਿਆਂ ਤੇ ਗਿਰਝਾਂ ਨੇ ਲਾਸ਼ਾਂ ਖਾਧੀਆਂ ਸਨ। ਦਾਦੀ ਨੇ ਦੱਸਣਾ, ‘‘ਆਪਣੇ ਘਰ ਦੇ ਸਾਹਮਣੇ ਸਾਂਝਾ ਤੰਦੂਰ ਹੁੰਦਾ ਸੀ, ਜਿਸ ਨੂੰ ਇੱਕ ਵਾਰ ਤਪਾ ਕੇ ਸਾਰੇ ਬੀਹੀ ਵਿਹੜੇ ਨੇ ਰੋਟੀਆਂ ਲਾਹ ਲੈਣੀਆਂ, ਜਾਤ-ਪਾਤ ਧਰਮ ਦਾ ਕੋਈ ਵਖਰੇਵਾਂ ਨਹੀਂ ਸੀ। ਘਰ ਭੀੜੇ ਹੋਣ ਕਰਕੇ ਸਾਰੀ ਵੀਹੀ ਵਾਲੇ ਇੱਕ ਪਰਿਵਾਰ ਵਾਂਗ ਗਲੀ ’ਚ ਮੰਜੇ ਡਾਹ ਕੇ ਸੌਂਦੇ। ਐਨਾ ਪਿਆਰ ਸੀ ਸਾਡਾ ਆਪਸ ’ਚ, ਪਰ ਪਤਾ ਨਹੀਂ ਕੇਹੀ ਚੰਦਰੀ ਵਾਅ ਵਗੀ, ਜ਼ਾਲਮਾਂ ਨੇ ਅੱਖਾਂ ਸਾਹਮਣੇ ਕੋਹ-ਕੋਹ ਕੇ ਮਾਰਿਆ ਤੇ ਲੁੱਟ-ਮਾਰ ਕੀਤੀ।’’ ਇਹ ਗੱਲਾਂ ਸੁਣਾਉਂਦਿਆਂ ਦਾਦੀ ਭਾਵੁਕ ਹੋ ਜਾਂਦੀ। ਮਾਤਾ ਨੇ ਆ ਕੇ ਟੋਕ ਦੇਣਾ, ‘‘ਬੇਬੇ ਜੀ! ਕਿਉਂ ਜੁਆਕਾਂ ਨੂੰ ਮਰੇ ਖਪਿਆਂ ਦੀਆਂ ਕਹਾਣੀਆਂ ਸੁਣਾ ਕੇ ਡਰਾਈ ਜਾਨੇ ਓ... ਰਾਤ ਨੂੰ ਡਰ-ਡਰ ਉੱਠਣਗੇ... ਆਹ ਮੱਲੂ (ਮੇਰਾ ਲਾਡ ਦਾ ਨਾਮ) ਨੂੰ ਤਾਂ ਕੁਝ ਜ਼ਿਆਦਾ ਹੀ ਲੱਗਿਆ ਰਹਿੰਦਾ ਏ... ਦੇਖ ਕਿਵੇਂ ਨੇੜੇ ਕੰਨ ਲਾ-ਲਾ ਕੇ ਸੁਣਦਾ ਏ।’’
ਮੈਂ ਅੱਖੀਂ ਦੇਖਿਆ ਸੀ ਕਿ 1984-85 ਦੇ ਕਰੀਬ ਸਾਡੇ ਗੁਆਂਢ ’ਚੋਂ ਉਜੜਿਆ ਇੱਕ ਪਰਿਵਾਰ ਪਾਕਿਸਤਾਨ ਤੋਂ ਭਾਰਤ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਸੀ ਤੇ ਉਹ ਪਿੰਡ ਆਪਣਾ ਘਰ ਵੀ ਦੇਖਣ ਆਏ, ਜੋ ਅੱਜ ਵੀ ਜੁਲਾਹਿਆਂ ਦੇ ਘਰ ਦੇ ਨਾਂ ਨਾਲ ਜਾਣਿਆ ਜਾਂਦਾ ਏ। ਉਸ ਸਮੇਂ ਦਾਦੀ ਨੂੰ ਬਹੁਤ ਚਾਅ ਚੜ੍ਹਿਆ ਸੀ। ਉਹ ਜਿੰਨਾ ਚਿਰ ਜਿਊਂਦੇ ਰਹੇ ਸੰਤਾਲੀ ਨੂੰ ਨਹੀਂ ਸਨ ਭੁੱਲੇ। ਜਦੋਂ ਕਦੇ ਉਨ੍ਹਾਂ ਆਪਣੇ ਮਰਨ ਦੀ ਗੱਲ ਛੇੜਨੀ ਤਾਂ ਕਹਿਣਾ, ‘‘ਚੱਲ ਚੰਗਾ! ਵਿਚਾਰੀਆਂ ਵਿਛੜੀਆਂ ਰੂਹਾਂ ਨਾਲ ਮੇਲ ਹੋ ਜਾਊ।’’ ਉਨ੍ਹਾਂ ਦਾ ਇਸ਼ਾਰਾ ਵੱਢ-ਟੁੱਕ ’ਚ ਮਾਰੀਆਂ ਗਈਆਂ ਆਂਢਣਾਂ-ਗੁਆਂਢਣਾਂ ਵੱਲ ਹੁੰਦਾ ਸੀ।
ਸੰਪਰਕ: 94175-17655

