ਜਦੋਂ ਮੁੱਖ ਅਧਿਆਪਕਾ ਨੇ ਕੀਤਾ ਸਰਪੰਚੀ ਦਾ ਫ਼ੈਸਲਾ
ਮੇਰਾ ਪਿੰਡ ਕੋਟ ਸ਼ਮੀਰ ਜ਼ਿਲ੍ਹਾ ਬਠਿੰਡਾ ਦਾ ਇੱਕ ਵੱਡਾ ਤੇ ਕਸਬਾਨੁਮਾ ਪਿੰਡ ਹੈ। ਕਿਸੇ ਵੇਲੇ ਆਪਸੀ ਦੁਸ਼ਮਣੀਆਂ ਅਤੇ ਧੜੇਬੰਦੀ ਕਾਰਨ ਇਸ ਨੂੰ ‘ਵੈਲੀਆਂ ਦੇ ਪਿੰਡ’ ਵਜੋਂ ਜਾਣਿਆ ਜਾਂਦਾ ਸੀ। ਹਾਲਾਤ ਇਹ ਸਨ ਕਿ ਦਿਨ ਛਿਪਦਿਆਂ ਹੀ ਲੋਕ ਘਰਾਂ ਦੇ ਬੂਹੇ...
ਮੇਰਾ ਪਿੰਡ ਕੋਟ ਸ਼ਮੀਰ ਜ਼ਿਲ੍ਹਾ ਬਠਿੰਡਾ ਦਾ ਇੱਕ ਵੱਡਾ ਤੇ ਕਸਬਾਨੁਮਾ ਪਿੰਡ ਹੈ। ਕਿਸੇ ਵੇਲੇ ਆਪਸੀ ਦੁਸ਼ਮਣੀਆਂ ਅਤੇ ਧੜੇਬੰਦੀ ਕਾਰਨ ਇਸ ਨੂੰ ‘ਵੈਲੀਆਂ ਦੇ ਪਿੰਡ’ ਵਜੋਂ ਜਾਣਿਆ ਜਾਂਦਾ ਸੀ। ਹਾਲਾਤ ਇਹ ਸਨ ਕਿ ਦਿਨ ਛਿਪਦਿਆਂ ਹੀ ਲੋਕ ਘਰਾਂ ਦੇ ਬੂਹੇ ਭੇੜ ਲੈਂਦੇ ਸਨ। ਇਹ ਇੱਕ ਇਤਿਹਾਸਕ ਸੱਚ ਹੈ ਕਿ ਉਸ ਦੌਰ ਵਿੱਚ ਕਿਸੇ ਘਰੋਂ ਹੋਰ ਕੋਈ ਚੀਜ਼ ਭਾਵੇਂ ਨਾ ਮਿਲੇ ਪਰ ਕੌਲ਼ੇ ਨਾਲ ਲੱਗੀ ਡਾਂਗ, ਗੰਡਾਸਾ ਜਾਂ ਰਫ਼ਲ ਜ਼ਰੂਰ ਦੇਖਣ ਨੂੰ ਮਿਲ ਜਾਂਦੀ ਸੀ। ਇੱਥੋਂ ਦੇ ਲੋਕ ਹਥਿਆਰ ਰੱਖਣਾ ਵਡਿਆਈ ਨਹੀਂ ਸਗੋਂ ਵਕਤ ਦੀ ਲੋੜ ਸਮਝਦੇ ਸਨ। ਸ਼ਾਇਦ ਇਹੀ ਕਾਰਨ ਹੈ ਕਿ ਅੱਜ ਵੀ ਪੂਰੇ ਜ਼ਿਲ੍ਹੇ ਵਿੱਚੋਂ ਸਭ ਤੋਂ ਵੱਧ ਅਸਲਾ ਇਸੇ ਪਿੰਡ ਵਿੱਚ ਹੈ। ਪਿੰਡ ਦੀ ਇਸ ਸਦੀਵੀ ਪਾਰਟੀਬਾਜ਼ੀ ਦੀ ਮੁੱਖ ਜੜ੍ਹ ਜ਼ਮੀਨੀ ਮੁਰੱਬਾਬੰਦੀ ਦੇ ਸਮੇਂ ਤੋਂ ਸ਼ੁਰੂ ਹੋਈ ਸੀ। ਸਾਰਾ ਪਿੰਡ ਇੱਕੋ ਭਾਈਚਾਰੇ ਦਾ ਅਤੇ ਜ਼ਮੀਨਾਂ ਵਾਲਾ ਹੋਣ ਕਰਕੇ ਹਰ ਕੋਈ ਅੰਦਰੋਂ-ਬਾਹਰੋਂ ਕਿਸੇ ਨਾ ਕਿਸੇ ਗਰੁੱਪ ਨਾਲ ਬੱਝ ਗਿਆ। ਇਹ ਧੜੇਬੰਦੀ ਚੋਣਾਂ ਵੇਲੇ ਸਿਖ਼ਰ ’ਤੇ ਪਹੁੰਚ ਜਾਂਦੀ, ਜਿੱਥੇ ਕਈ ਵਾਰ ਗੋਲੀਆਂ ਚੱਲਣ ਤੱਕ ਨੌਬਤ ਆ ਜਾਂਦੀ ਅਤੇ ਮਾਵਾਂ ਆਪਣੇ ਪੁੱਤਾਂ ਨੂੰ ਘਰੋਂ ਬਾਹਰ ਜਾਣ ਤੋਂ ਰੋਕਦੀਆਂ। ਇਸੇ ਮੁਕੱਦਮੇਬਾਜ਼ੀ ਅਤੇ ਆਪਸੀ ਖਹਿਬੜ ਕਰਕੇ ਕਈ ਵਾਰ ਚੁਣੇ ਹੋਏ ਸਰਪੰਚਾਂ ਨੂੰ ਅਹੁਦਾ ਛੱਡਣਾ ਪੈਂਦਾ ਤੇ ਮੈਂਬਰਾਂ ਵਿੱਚੋਂ ਹੀ ਕਾਰਜਕਾਰੀ ਸਰਪੰਚ ਚੁਣਿਆ ਜਾਂਦਾ। ਇਹ ਰਵਾਇਤ ਅੱਜ ਵੀ ਬਾਦਸਤੂਰ ਜਾਰੀ ਹੈ। ਗੱਲ ਸੰਨ 1972 ਦੀ ਹੈ। ਆਮ ਚੋਣਾਂ ਵਿੱਚ ਸ. ਜਰਨੈਲ ਸਿੰਘ ਉਰਫ਼ ਜੈਲਾ ਪਿੰਡ ਦੇ ਸਰਪੰਚ ਚੁਣੇ ਗਏ ਪਰ ਕੁਝ ਸਮੇਂ ਬਾਅਦ ਹੀ ਕਿਸੇ ਅਦਾਲਤੀ ਉਲਝਣ ਕਰਕੇ ਉਨ੍ਹਾਂ ਨੂੰ ਸਰਪੰਚੀ ਛੱਡਣੀ ਪਈ। ਨਿਯਮਾਂ ਮੁਤਾਬਿਕ ਹੁਣ ਮੈਂਬਰਾਂ ਵਿੱਚੋਂ ਹੀ ਕਾਰਜਕਾਰੀ ਸਰਪੰਚ ਚੁਣਿਆ ਜਾਣਾ ਸੀ, ਜਿਸ ਕਾਰਨ ਪਿੰਡ ਦੀ ਸਿਆਸਤ ਫਿਰ ਮਘ ਗਈ। ਹਰ ਧੜਾ ਆਪਣੇ ਬੰਦੇ ਨੂੰ ਕੁਰਸੀ ’ਤੇ ਬਿਠਾਉਣ ਲਈ ਬਜ਼ਿੱਦ ਸੀ। ਇਸੇ ਰੌਲੇ-ਰੱਪੇ ਵਿੱਚ ਪਿੰਡ ਦਾ ਇਕੱਠ ਹੋਇਆ ਅਤੇ ਮਾਹੌਲ ਹਿੰਸਕ ਹੋਣ ਵੱਲ ਵਧਣ ਲੱਗਾ। ਜਦੋਂ ਮਸਲਾ ਕਿਸੇ ਤਣ-ਪੱਤਣ ਨਾ ਲੱਗਿਆ ਤਾਂ ਇੱਕ ਸਿਆਣੇ ਬਜ਼ੁਰਗ ਨੇ ਖੜ੍ਹੇ ਹੋ ਕੇ ਆਖਿਆ “ਪੰਚਾਇਤੇ! ਮੇਰੀ ਬੇਨਤੀ ਸੁਣੋ। ਐਂ ਆਪਾਂ ਆਪਸ ਵਿੱਚ ਉਲਝੇ ਰਹਾਂਗੇ, ਗੱਲ ਕਿਸੇ ਸਿਰੇ ਨਹੀਂ ਲੱਗਣੀ। ਐਵੇਂ ਕੋਈ ਨੁਕਸਾਨ ਨਾ ਸਹੇੜ ਲਈਏ। ਮੇਰੀ ਮੰਨੋ, ਆਪਾਂ ਸਾਰੇ ਸਕੂਲ ਚੱਲਦੇ ਆਂ ਆਪਣੇ ਸਕੂਲ ਦੀ ਹੈੱਡ ਮਾਹਟਰਨੀ (ਮਾਸਟਰਨੀ) ਕੋਲ। ਉਹ ਸਿਆਣੀ ਐ, ਜਿਸ ਦੇ ਸਿਰ ’ਤੇ ਉਹਨੇ ਹੱਥ ਰੱਖ’ਤਾ, ਬੱਸ ਉਹੀ ਸਰਪੰਚ ਮੰਨ ਲਵਾਂਗੇ।” ਸਾਰੇ ਪੰਡਾਲ ਨੇ ਹੱਥ ਖੜ੍ਹੇ ਕਰਕੇ ਸਹਿਮਤੀ ਦੇ ਦਿੱਤੀ। ਮੈਂ ਉਦੋਂ ਪੰਜਵੀਂ-ਛੇਵੀਂ ਜਮਾਤ ਵਿੱਚ ਪੜ੍ਹਦਾ ਸੀ, ਜਦੋਂ ਸਾਰਾ ਇਕੱਠ ਸਕੂਲ ਆ ਪਹੁੰਚਿਆ। ਲੋਕਾਂ ਨੇ ਹੈੱਡਮਿਸਟ੍ਰੈੱਸ ਸ੍ਰੀਮਤੀ ਸਤਵੰਤ ਕੌਰ ਨੂੰ ਸਾਰੀ ਗੱਲ ਦੱਸੀ ਅਤੇ ਦਾਅਵੇਦਾਰ ਮੈਂਬਰਾਂ ਦੀ ਸੂਚੀ ਫੜਾ ਦਿੱਤੀ। ਮੈਡਮ ਸ਼ਸ਼ੋਪੰਜ ਵਿੱਚ ਪੈ ਗਏ ਕਿ ਐਡਾ ਵੱਡਾ ਫ਼ੈਸਲਾ ਉਹ ਕਿਵੇਂ ਕਰਨ? ਕੀ ਸਾਰੇ ਇਸ ਨੂੰ ਮੰਨਣਗੇ? ਇਹ ਕਿਸੇ ਅਗਨੀ-ਪ੍ਰੀਖਿਆ ਤੋਂ ਘੱਟ ਨਹੀਂ ਸੀ। ਜਦੋਂ ਮੈਡਮ ਝਿਜਕੇ ਤਾਂ ਉਸੇ ਸਿਆਣੇ ਬੰਦੇ ਨੇ ਹੱਥ ਜੋੜ ਕੇ ਆਖਿਆ “ਬੀਬੀ ਜੀ, ਘਬਰਾਓ ਨਾ, ਤੁਹਾਡਾ ਕੀਤਾ ਫ਼ੈਸਲਾ ਸਾਨੂੰ ਸਿਰ-ਮੱਥੇ ਪ੍ਰਵਾਨ ਹੋਵੇਗਾ।” ਹੁਣ ਸਾਰਾ ਇਕੱਠ ਸਾਹ ਰੋਕ ਕੇ ਮੈਡਮ ਦੇ ਮੂੰਹ ਵੱਲ ਤੱਕ ਰਿਹਾ ਸੀ। ਮੈਡਮ ਨੇ ਕੁਰਸੀ ਤੋਂ ਖੜ੍ਹੇ ਹੋ ਕੇ ਸੰਗਤ ਅੱਗੇ ਹੱਥ ਜੋੜੇ ਅਤੇ ਬੜੇ ਸਤਿਕਾਰ ਨਾਲ ਕਿਹਾ “ਤੁਹਾਡਾ ਸਾਰਿਆਂ ਦਾ ਧੰਨਵਾਦ, ਜਿਨ੍ਹਾਂ ਨੇ ਮੈਨੂੰ ਇਸ ਯੋਗ ਸਮਝਿਆ। ਪਰ ਮੇਰਾ ਸੁਝਾਅ ਹੈ ਕਿ ਇਹ ਮਾਮਲਾ ਤੁਹਾਡੇ ਪਿੰਡ ਦਾ ਹੈ, ਜੇ ਇਹ ਫ਼ੈਸਲਾ ਤੁਸੀਂ ਆਪ ਹੀ ਕਰ ਲਵੋ ਤਾਂ...।” ਉਸੇ ਬਜ਼ੁਰਗ ਨੇ ਮੁੜ ਆਖਿਆ “ਬੀਬੀ ਜੀ, ਜੇ ਫ਼ੈਸਲਾ ਸਾਡੇ ਕੋਲੋਂ ਹੋ ਜਾਂਦਾ, ਫਿਰ ਅਸੀਂ ਤੁਹਾਡੇ ਕੋਲ ਕਿਉ ਆਉਂਦੇ?” ਕੁਝ ਪਲ ਇਕੱਠ ਵੱਲ ਤੱਕਣ ਤੋਂ ਬਾਅਦ ਹੈੱਡਮਿਸਟ੍ਰੈੱਸ ਬੋਲੇ “ਅੱਛਾ, ਤੁਸੀਂ ਮੈਨੂੰ ਪੰਜ ਮਿੰਟ ਦਿਓ।” ਮੈਡਮ ਉੱਠ ਕੇ ਦੂਜੇ ਕਮਰੇ ਵਿੱਚ ਚਲੇ ਗਏ ਅਤੇ ਆਪਣੇ ਸਾਥੀ ਅਧਿਆਪਕਾਂ ਨਾਲ ਸਲਾਹ ਕੀਤੀ। ਕੁਝ ਅਧਿਆਪਕਾਂ ਨੇ ਡਰਦਿਆਂ ਸੁਝਾਅ ਦਿੱਤਾ “ਮੈਡਮ, ਇਹ ਪਿੰਡ ਬੜਾ ਖ਼ਤਰਨਾਕ ਹੈ, ਇੱਥੇ ਸਰਪੰਚੀ ਲਈ ਗੋਲੀਆਂ ਚੱਲ ਜਾਂਦੀਆਂ ਨੇ। ਆਪਣੀ ਕੀਤੀ ਨੂੰ ਇਹ ਕਿਵੇਂ ਮੰਨਣਗੇ? ਐਵੇਂ ਕੋਈ ਸਿਆਪਾ ਨਾ ਸਹੇੜ ਬੈਠੀਏ।” ਪਰ ਹੈੱਡਮਿਸਟ੍ਰੈੱਸ ਦਾ ਤਰਕ ਸੀ ਕਿ ਜੇ ਸਾਰਾ ਪਿੰਡ ਆਸ ਲੈ ਕੇ ਆਇਆ ਹੈ ਤਾਂ ਉਨ੍ਹਾਂ ਨੂੰ ਖਾਲੀ ਮੋੜਨਾ ਵੀ ਜਾਇਜ਼ ਨਹੀਂ। ਅੰਤ ਮੈਡਮ ਨੇ ਦਿਲ ਕਰੜਾ ਕੀਤਾ ਅਤੇ ਆ ਕੇ ਕਿਹਾ, “ਦੇਖੋ ਪੰਚਾਇਤੇ, ਮੇਰੇ ਲਈ ਸਾਰੇ ਪਿੰਡ ਵਾਸੀ ਸਤਿਕਾਰਯੋਗ ਹਨ। ਮੇਰਾ ਨਾ ਕਿਸੇ ਨਾਲ ਕੋਈ ਵਿਰੋਧ ਹੈ ਤੇ ਨਾ ਹੀ ਕੋਈ ਖ਼ਾਸ ਲਗਾਅ। ਮੈਂ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਜਾਣ ਕੇ ਇਮਾਨਦਾਰੀ ਨਾਲ ਫ਼ੈਸਲਾ ਕਰਾਂਗੀ, ਜੇ ਬਾਅਦ ’ਚ ਪਿੰਡ ਜਾ ਕੇ ਕੋਈ ਚੁੰਝ-ਚਰਚਾ ਕਰਨੀ ਹੈ ਤਾਂ ਆਪਾਂ ਰਹਿਣ ਦਿੰਨੇ ਆਂ।”
ਇਕੱਠ ਇੱਕ ਜ਼ਬਾਨ ਹੋ ਕੇ ਬੋਲਿਆ, “ਕਰੋ ਜੀ ਫ਼ੈਸਲਾ, ਸਾਨੂੰ ਪ੍ਰਵਾਨ ਹੋਵੇਗਾ।” ਹੈੱਡਮਿਸਟ੍ਰੈੱਸ ਨੇ ਕੁਰਸੀ ਤੋਂ ਉੱਠ ਕੇ ਬੜੇ ਅਦਬ ਨਾਲ ਸ. ਕਰਤਾਰ ਸਿੰਘ ਦੇ ਨਾਂ ਦਾ ਐਲਾਨ ਕਰ ਦਿੱਤਾ। ਐਲਾਨ ਹੁੰਦਿਆਂ ਹੀ ਪੰਡਾਲ ’ਚ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦਾ ਜੈਕਾਰਾ ਗੂੰਜ ਉੱਠਿਆ। ਹੈਰਾਨੀ ਦੀ ਗੱਲ ਇਹ ਸੀ ਕਿ ਇਹ ਜੈਕਾਰਾ ਉਸੇ ਸ਼ਖ਼ਸ ਨੇ ਲਾਇਆ, ਜੋ ਖ਼ੁਦ ਸਰਪੰਚੀ ਦਾ ਦਾਅਵੇਦਾਰ ਸੀ। ਚਾਰੇ ਪਾਸੇ ਤਾੜੀਆਂ ਦੀ ਗੂੰਜ ਸੀ ਅਤੇ ਸਾਰਾ ਪਿੰਡ ਖ਼ੁਸ਼ ਸੀ। ਜਿਹੜਾ ਪਿੰਡ ਕਦੇ ਸਰਪੰਚੀ ਲਈ ਬੰਦੂਕਾਂ ਤਾਣ ਲੈਂਦਾ ਸੀ ਉਹ ਇੱਕ ਸਕੂਲ ਅਧਿਆਪਕਾ ਦੇ ਫ਼ੈਸਲੇ ’ਤੇ ਪੂਰਨ ਸੰਤੁਸ਼ਟ ਸੀ। ਸ. ਕਰਤਾਰ ਸਿੰਘ ਨੇ ਕਰੀਬ ਦੋ ਸਾਲ ਪਿੰਡ ਦੀ ਸਰਪੰਚੀ ਬੜੀ ਸੁਚੱਜੀ ਚਲਾਈ ਅਤੇ ਬਾਅਦ ਵਿੱਚ ਸ. ਜਰਨੈਲ ਸਿੰਘ ਅਦਾਲਤੀ ਮਾਮਲੇ ਵਿੱਚੋਂ ਬਰੀ ਹੋ ਕੇ ਪਰਤੇ ਤਾਂ ਉਨ੍ਹਾਂ ਨੇ ਮੁੜ ਆਪਣਾ ਅਹੁਦਾ ਸੰਭਾਲ ਲਿਆ, ਪਰ ਕੋਟ ਸ਼ਮੀਰ ਦੇ ਇਤਿਹਾਸ ਵਿੱਚ ਸਿੱਖਿਆ ਅਤੇ ਸਿਆਣਪ ਦੀ ਜਿੱਤ ਦਾ ਇਹ ਸੁਹਿਰਦ ਅਧਿਆਇ ਹਮੇਸ਼ਾ ਲਈ ਦਰਜ ਹੋ ਗਿਆ।
ਸੰਪਰਕ: 95010-12199

