ਜਦੋਂ ਲਾਵਾਰਿਸ ਲਾਸ਼ ਬਣਨ ਤੋਂ ਬਚਿਆ
ਪੰਜਾਬ ’ਚ 1980ਵਿਆਂ ਦੀ ਸ਼ੁਰੂਆਤ ’ਚ ਖਾੜਕੂਵਾਦ ਲਹਿਰ ਜ਼ੋਰ ਫੜ ਗਈ ਸੀ। ਪੰਜਾਬ ਦੇ ਆਮ ਲੋਕ ਦੋ ਪੁੜਾਂ ’ਚ ਪਿਸ ਰਹੇ ਸਨ। ਕਈਆਂ ਨੂੰ ਪੁਸ਼ਤ-ਪਨਾਹੀ ਅਤੇ ਕਈਆਂ ਨੂੰ ਟਾਊਟ ਹੋਣ ਦੇ ਸ਼ੱਕ ਵਿੱਚ ਸਜ਼ਾ ਮਿਲੀ। ਪੰਜਾਬ ਦੇ ਇਸ ਕਾਲੇ ਦੌਰ ਦੌਰਾਨ...
ਪੰਜਾਬ ’ਚ 1980ਵਿਆਂ ਦੀ ਸ਼ੁਰੂਆਤ ’ਚ ਖਾੜਕੂਵਾਦ ਲਹਿਰ ਜ਼ੋਰ ਫੜ ਗਈ ਸੀ। ਪੰਜਾਬ ਦੇ ਆਮ ਲੋਕ ਦੋ ਪੁੜਾਂ ’ਚ ਪਿਸ ਰਹੇ ਸਨ। ਕਈਆਂ ਨੂੰ ਪੁਸ਼ਤ-ਪਨਾਹੀ ਅਤੇ ਕਈਆਂ ਨੂੰ ਟਾਊਟ ਹੋਣ ਦੇ ਸ਼ੱਕ ਵਿੱਚ ਸਜ਼ਾ ਮਿਲੀ। ਪੰਜਾਬ ਦੇ ਇਸ ਕਾਲੇ ਦੌਰ ਦੌਰਾਨ ਪਏ ਰੋਲ-ਘਚੋਲੇ ਵਿੱਚ ਜ਼ਿਆਦਾ ਕਰਕੇ ਬਦਲੇ ਦੀ ਭਾਵਨਾ ਜਾਂ ਵੱਡੇ ਗੱਫਿਆਂ ਦੀ ਝਾਕ ਵਿੱਚ ਫੜੋ-ਫੜੀ, ਅਗਵਾ, ਮਾਰ-ਧਾੜ ਤੇ ਸੱਚੇ-ਝੂਠੇ ਖ਼ੂਨੀ ਮੁਕਾਬਲੇ ਹੋਣ ਲੱਗੇ। ਇਸ ਤ੍ਰਾਸਦੀ ਦਾ ਵੱਡਾ ਦੁਖਾਂਤ ਇਹ ਸੀ ਕਿ ਜ਼ਿਆਦਾਤਰ ਪੰਜਾਬੀ ਹੀ ਪੰਜਾਬੀਆਂ ਖ਼ਿਲਾਫ਼ ਭੁਗਤ ਰਹੇ ਸਨ। ਇਸ ਦੇ ਫਲਸਰੂਪ ਇੱਕ ਪਾਸੇ ਨਿੱਤ ਅਣਪਛਾਤੀਆਂ ਲਾਵਾਰਿਸ ਲਾਸ਼ਾਂ ਦੇ ਸਿਵੇ ਬਲਦੇ ਸਨ ਤੇ ਦੂਜੇ ਪਾਸੇ ਅਨੇਕਾਂ ਮਨੁੱਖੀ ਦੇਹਾਂ ਨਹਿਰਾਂ ਤੇ ਦਰਿਆਵਾਂ ਦੀਆਂ ਮੱਛੀਆਂ ਦਾ ਭੋਜਨ ਬਣ ਰਹੀਆਂ ਸਨ। ਕਾਲੀਆਂ ਭੇਡਾਂ ਵੱਲੋਂ ਧੱਕੇ ਨਾਲ ਘਰੋਂ-ਬਾਹਰੋਂ ਮਜ਼ਲੂਮਾਂ ਨੂੰ ਚੁੱਕਿਆ ਜਾਂਦਾ ਸੀ। ਉਨ੍ਹਾਂ ਦੇ ਬੇਵੱਸ ਮਾਪੇ, ਭੈਣ, ਭਰਾ, ਬੱਚੇ ਉਨ੍ਹਾਂ ਦੇ ਪਰਤ ਆਉਣ ਦੀ ਅਮੁੱਕ ਉਡੀਕ ਵਿੱਚ ਮਰ ਮੁੱਕ ਰਹੇ ਸਨ ਤੇ ਕੁਝ ਥਾਣਿਆਂ ਕਚਹਿਰੀਆਂ ਦੇ ਧੱਕੇ ਖਾ-ਖਾ ਕੇ ਮੋਇਆਂ ਵਰਗੇ ਹੋ ਗਏ ਸਨ। ਉਨ੍ਹਾਂ ਦੀਆਂ ਫਰਿਆਦਾਂ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਸੀ।
ਇਸ ਹਨੇਰਗਰਦੀ ਦੇ ਮਾਹੌਲ ’ਚ ਨਾਜਾਇਜ਼ ਮਾਰੇ ਗਏ ਵਿਅਕਤੀਆਂ ਵਿੱਚੋਂ ਬਹੁਤਿਆਂ ਦੀਆਂ ਤਾਂ ਸਮੇਂ ਸਿਰ ਅੰਤਿਮ ਰਸਮਾਂ ਵੀ ਨਹੀਂ ਹੋ ਸਕੀਆਂ ਤੇ ਨਾ ਹੀ ਵਾਰਿਸਾਂ ਨੂੰ ‘ਮੌਤ ਦੇ ਸਰਟੀਫਿਕੇਟ’ ਮਿਲ ਸਕੇ। ਇਸ ਕਾਲੇ ਦੌਰ ’ਚ ਮੈਂ ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਿਹਾ ਸੀ। ਸਕੂਲ ਵੱਲੋਂ ਲੁਧਿਆਣਾ ’ਚ ਹੋ ਰਹੇ ਇੱਕ ਵਿਦਿਅਕ ਸੈਮੀਨਾਰ ਵਿੱਚ ਹਾਜ਼ਰ ਹੋਣ ਦੀ ਮੇਰੀ ਡਿਊਟੀ ਲਾਈ ਗਈ ਸੀ। ਉਕਤ ਡਿਊਟੀ ਕਰ ਕੇ ਅਗਲੇ ਦਿਨ ਮੈਂ ਆਪਣੇ ਸਕੂਲ ’ਚ ਮੁੜ ਡਿਊਟੀ ’ਤੇ ਅਜੇ ਹਾਜ਼ਰ ਹੋਇਆ ਹੀ ਸੀ ਕਿ ਚਿੱਟ-ਕੱਪੜੀਏ ਗੁੰਡਿਆਂ ਦੀ ਧਾੜ ਨੇ ਮੈਨੂੰ ਆਣ ਦਬੋਚਿਆ। ਮੇਰਾ ਸਿੱਖੀ ਸਰੂਪ ਜ਼ਰੂਰ ਸੀ, ਪਰ ਖਾੜਕੂਵਾਦ ਨਾਲ ਮੇਰਾ ਕੋਈ ਵਾਹ ਵਾਸਤਾ ਨਹੀਂ ਸੀ। ਗੁੰਡਿਆਂ ਵੱਲੋਂ ਦਬੋਚਣ ਵੇਲੇ ਸਟਾਫ ਨੇ ‘ਕਸੂਰ ਕੀ ਐ? ਕਸੂਰ ਕੀ ਐ?’ ਦਾ ਰੌਲਾ ਪਾਉਂਦਿਆਂ ਉਨ੍ਹਾਂ ਅੱਗੇ ਕੁਝ ਸਵਾਲ ਖੜ੍ਹੇ ਕੀਤੇ, ਪਰ ਉਨ੍ਹਾਂ ਨੇ ਸਵਾਲਾਂ ਦੇ ਜਵਾਬ ਦੇਣਾ ਵੀ ਵਾਜਬ ਨਾ ਸਮਝਿਆ ਅਤੇ ਉਹ ਮੈਨੂੰ ਜੀਪ ਵਿੱਚ ਸੁੱਟ ਕੇ ਭੱਜ ਪਏ। ਰਾਹ ਵਿੱਚ ਜਾਂਦਿਆਂ ਉਹ ਲਲਕਾਰੇ ਮਾਰ ਕੇ ਇੰਜ ਚਾਂਭਲ ਰਹੇ ਸਨ ਜਿਵੇਂ ਕੋਈ ਵੱਡਾ ਖਾੜਕੂ ਫੜ ਲਿਆ ਹੋਵੇ।
ਮੈਨੂੰ ਕੋਈ ਪਤਾ ਨਹੀਂ ਸੀ ਕਿ ਕਿੱਥੇ ਲਿਜਾਇਆ ਜਾ ਰਿਹਾ ਹੈ? ਕਦੇ-ਕਦੇ ਡਰ ਵੀ ਲੱਗਦਾ ਸੀ, ਪਰ ਮਨ ਨੂੰ ਤਸੱਲੀ ਜ਼ਰੂਰ ਸੀ ਕਿ ਮੈਂ ਕੋਈ ਗੁਨਾਹ ਤਾਂ ਕੀਤਾ ਨਹੀਂ, ਜੋ ਹੋਊ ਦੇਖੀ ਜਾਊ। ਹੂਟਰ ਮਾਰਦੀ ਜੀਪ ਉੱਡਦੀ ਜਾ ਰਹੀ ਸੀ। ਰਾਹ ’ਚੋਂ ਮੇਰੇ ਵਰਗੇ ਇੱਕ-ਦੋ ਹੋਰ ਵੀ ਦਬੋਚ ਲਏ ਗਏ ਤੇ ਆਖ਼ਰ ਜੀਪ ਪੁਲੀਸ ਜ਼ਿਲ੍ਹਾ ਬਟਾਲਾ ਦੇ ਇੱਕ ਮਸ਼ਹੂਰ ਪਤੜਾਲ ਕੇਂਦਰ ਦੇ ਉਸ ਅਹਾਤੇ ਵਿੱਚ ਦਾਖ਼ਲ ਹੋਈ, ਜਿੱਥੇ ਪਹਿਲਾਂ ਹੀ ਸਾਡੇ ਵਰਗੇ ਬਹੁਤ ਸਾਰੇ ਨੌਜਵਾਨ ਤਾੜੇ ਹੋਏ ਸਨ। ਉਨ੍ਹਾਂ ਦਾ ਖਾੜਕੂ ਗਤੀਵਿਧੀਆਂ ਨਾਲ ਸਿੱਧਾ ਕੋਈ ਸਬੰਧ ਨਹੀਂ ਸੀ, ਪਰ ਕਸੂਰ ਇਹ ਸੀ ਕਿ ਉਹ ਸਾਰੇ ਕੁਝ ਖਾੜਕੂਆਂ ਦੇ ਦੂਰ ਨੇੜੇ ਦੇ ਰਿਸ਼ਤੇਦਾਰ ਸਨ। ਵੈਸੇ, ਕੁਦਰਤ ਦਾ ਨਿਯਮ ਹੈ ਕਿ ਜਿੱਥੇ ਦੁਸ਼ਟ ਦਾ ਜਬਰ ਹੋਵੇ, ਉੱਥੇ ਕੁਝ ਨੇਕ ਇਨਸਾਨ ਵੀ ਹੁੰਦੇ ਹਨ ਜੋ ਸੱਚ ਝੂਠ ਦੀ ਪਰਖ਼ ਕਰਨ ਦੀ ਸੋਝੀ ਰੱਖਦੇ ਹੋਏ ਇਨਸਾਫ਼ ਦੇ ਹੱਕ ਵਿੱਚ ਭੁਗਤਦੇ ਹਨ। ਉਸ ਪੜਤਾਲ ਕੇਂਦਰ ਵਿੱਚ ਵੀ ਅਜਿਹੇ ਇਨਸਾਫ਼ਪਸੰਦ ਪੁਲੀਸ ਅਫ਼ਸਰ ਸਨ, ਜੋ ਜਾਣਦੇ ਸਨ ਕਿ ਅਖੌਤੀ ਤਰੱਕੀਆਂ ਦੀਆਂ ਫੀਤੀਆਂ ਲਗਵਾਉਣ ਜਾਂ ਫਿਰ ਫਿਰੌਤੀਆਂ ਉਗਰਾਹੁਣ ਦੇ ਵੱਡੇ ਲਾਲਚ ਲਈ ਇਹ ਕੁਝ ਮੁਲਾਜ਼ਮ, ਬੇਕਸੂਰ ਲੋਕਾਂ ਨੂੰ ਜਬਰੀ ਚੁੱਕ ਲਿਆਉਂਦੇ ਹਨ। ਸੋ, ਚੰਗੀ ਸੋਚ ਦੇ ਮਾਲਕ ਅਫਸਰਾਂ ਨੇ ਸਾਡੇ ਨਾਲ ਦਿਲੋਂ ਹਮਦਰਦੀ ਜ਼ਰੂਰ ਰੱਖੀ ਹੋਈ ਸੀ, ਪਰ ਜ਼ੁਬਾਨੀ ਕਲਾਮੀ ਉਨ੍ਹਾਂ ਸਖ਼ਤ ਰਵੱਈਆ ਵੀ ਅਪਣਾਇਆ ਹੋਇਆ ਸੀ। ਉਨ੍ਹਾਂ ਦੇ ਸਖ਼ਤੀ ਵਾਲੇ ਦਬਕੇ ਜਾਨ ਕੱਢਣ ਵਾਲੇ ਹੀ ਹੁੰਦੇ। ਪੰਜਾਬ ਭਰ ’ਚ ਇਨਸਾਫ਼ਪਸੰਦ ਜਥੇਬੰਦੀਆਂ ਤੇ ਸੁਚੇਤ ਮੀਡੀਆ ਵੱਲੋਂ ਵੀ ਵੱਡੀ ਪੱਧਰ ’ਤੇ ਬੇਗੁਨਾਹਾਂ ਨਾਲ ਹੋ ਰਹੇ ਧੱਕੇ ਵਿਰੁੱਧ ਜ਼ੋਰ-ਸ਼ੋਰ ਨਾਲ ਢੰਡੋਰਾ ਪਿੱਟਿਆ ਜਾ ਰਿਹਾ ਸੀ। ਅਦਾਲਤਾਂ ਦੇ ਦਰਵਾਜ਼ੇ ਵੀ ਖੜਕਾਏ ਜਾ ਰਹੇ ਸਨ, ਜਿਸ ਕਰਕੇ ਕਿਤੇ-ਕਿਤੇ ਬੇਗੁਨਾਹਾਂ ਨੂੰ ਰਿਹਾਅ ਕਰਨ ਲਈ ਮਜਬੂਰ ਵੀ ਹੋਣਾ ਪੈਂਦਾ ਸੀ। ਸੋ, ਚੰਗੇ ਭਾਗਾਂ ਨੂੰ ਬਗ਼ੈਰ ਕਿਸੇ ਤਸ਼ੱਦਦ ਦੇ ਸਾਡੀ ਵੀ ਜਾਨ ਛੁੱਟ ਗਈ। ਜਾਨ ਤਾਂ ਭਾਵੇਂ ਬਚ ਗਈ ਸੀ, ਪਰ ਸਹਿਮ ਦੇ ਸਾਏ ਹੇਠ ਬਿਤਾਏ 10-12 ਦਿਨਾਂ ’ਚ ਝੱਲੀ ਮਾਨਸਿਕ ਪੀੜਾ ਦਾ ਉਹ ਵੇਲਾ ਯਾਦ ਆਉਂਦਿਆਂ ਅੱਜ ਵੀ ਕੰਬਣੀ ਛਿੜ ਜਾਂਦੀ ਹੈ। ਜੇ ਕਿਤੇ ਉਸ ਪੜਤਾਲ ਕੇਂਦਰ ਵਿੱਚ ਮੇਰੇ ’ਤੇ ਤਸ਼ੱਦਦ ਹੋ ਜਾਂਦਾ ਤਾਂ ਸ਼ਾਇਦ ਮੇਰੇ ਅੰਦਰ ਵੀ ਨਾਜਾਇਜ਼ ਧੱਕੇ ਵਿਰੁੱਧ ਅਣਖ ਜਾਗ ਪੈਂਦੀ ਤੇ ਫਿਰ ਸੱਚੇ-ਝੂਠੇ ਮੁਕਾਬਲੇ ਦਾ ਸ਼ਿਕਾਰ ਬਣ ਕੇ ਲਾਵਾਰਿਸ ਲਾਸ਼ਾਂ ਵਿੱਚ ਰੁਲ਼-ਖੁਲ਼ ਜਾਣਾ ਸੀ।
ਸੰਪਰਕ: 98764-74858

