ਜ਼ਾਲਮ ਲੋਕਾਂ ਦਾ ਕੀ ਕਰੀਏ..!
ਜਨਵਰੀ 1985 ’ਚ ਇੱਕ ਦਿਨ ਬਹੁਤ ਧੁੰਦ ਛਾਈ ਹੋਈ ਸੀ। ਉਨ੍ਹੀ-ਦਿਨੀਂ ਅਸੀਂ ਆਪਣੇ ਪਿੰਡ ਰਹਿੰਦੇ ਹੁੰਦੇ ਸਾਂ। ਦੂਰ-ਦੁਰਾਡੇ ਪਿੰਡ ’ਚ ਡਿਊਟੀ ਜਾਣ ਲਈ ਮੈਨੂੰ ਰੋਜ਼ਾਨਾ ਦੋ ਬੱਸਾਂ ਬਦਲਣੀਆਂ ਪੈਂਦੀਆਂ ਸਨ। ਉਸ ਦਿਨ ਜਗਰਾਉਂ ਪਹੁੰਚਣ ਤੋਂ ਪਹਿਲਾਂ ਹੀ ਮੈਨੂੰ ਸਕੂਲ ਤੱਕ...
ਜਨਵਰੀ 1985 ’ਚ ਇੱਕ ਦਿਨ ਬਹੁਤ ਧੁੰਦ ਛਾਈ ਹੋਈ ਸੀ। ਉਨ੍ਹੀ-ਦਿਨੀਂ ਅਸੀਂ ਆਪਣੇ ਪਿੰਡ ਰਹਿੰਦੇ ਹੁੰਦੇ ਸਾਂ। ਦੂਰ-ਦੁਰਾਡੇ ਪਿੰਡ ’ਚ ਡਿਊਟੀ ਜਾਣ ਲਈ ਮੈਨੂੰ ਰੋਜ਼ਾਨਾ ਦੋ ਬੱਸਾਂ ਬਦਲਣੀਆਂ ਪੈਂਦੀਆਂ ਸਨ। ਉਸ ਦਿਨ ਜਗਰਾਉਂ ਪਹੁੰਚਣ ਤੋਂ ਪਹਿਲਾਂ ਹੀ ਮੈਨੂੰ ਸਕੂਲ ਤੱਕ ਪਹੁੰਚਾਉਣ ਵਾਲੀ ਪਹਿਲੀ ਬੱਸ ਨਿਕਲ ਚੁੱਕੀ ਸੀ। ਉਸ ਪਿੰਡ ਪਹੁੰਚਣ ਵਾਸਤੇ ਬੱਸ ਸਰਵਿਸ ਬਹੁਤ ਘੱਟ ਸੀ। ਜੇ ਇੱਕ ਬੱਸ ਖੁੰਝ ਜਾਂਦੀ ਤਾਂ ਦੂਜੀ ਬੱਸ ਨੂੰ ਪੂਰਾ ਇੱਕ ਘੰਟਾ ਉਡੀਕਣਾ ਪੈਂਦਾ ਸੀ। ਇੱਕ ਘੰਟਾ ਇਕੱਲੇ ਬੈਠ ਕੇ ਕੱਢਣਾ, ਕੀੜਿਆਂ ਦੇ ਭੌਂਣ ’ਤੇ ਬੈਠਣ ਦੇ ਬਰਾਬਰ ਸੀ। ਬੱਸ ਸਟੈਂਡ ’ਤੇ ਸਵਾਰੀਆਂ ਦੇ ਬੈਠਣ ਦਾ ਵੀ ਕੋਈ ਢੁਕਵਾਂ ਪ੍ਰਬੰਧ ਨਹੀਂ ਸੀ। ਢਿਚਕੂੰ-ਢਿਚਕੂੰ ਕਰਦੇ ਇੱਕ ਦੋ ਬੈਂਚ ਹੀ ਉਥੇ ਰੱਖੇ ਹੋਏ ਸਨ। ‘ਜਾਂਦਿਆਂ ਨੂੰ ਹੋਰ ਨਾ ਕਿਤੇ ਮਹਿਕਮੇ ਦਾ ਕੋਈ ਬੰਦਾ ਸਕੂਲ ਆਇਆ ਬੈਠਾ ਹੋਵੇ’ ਇਹ ਤੌਖ਼ਲਾ ਮੈਨੂੰ ਵੱਖਰਾ ਵੱਢ-ਵੱਢ ਖਾਈ ਜਾ ਰਿਹਾ ਸੀ।
ਬੱਸ ਸਟੈਂਡ ’ਤੇ ਬੈਠੀ ਨੂੰ ਅਜੇ ਮੈਨੂੰ ਪੰਦਰਾਂ ਕੁ ਮਿੰਟ ਹੀ ਹੋਏ ਸਨ ਕਿ ਤਿੰਨ ਚਾਰ ਖਾਨਿਆਂ ਵਾਲਾ ਇੱਕ ਵੱਡਾ ਰੋਟੀ ਵਾਲਾ ਡੱਬਾ ਤੇ ਇੱਕ ਚਾਹ ਵਾਲੀ ਵੱਡੀ ਥਰਮਸ ਲੈ ਕੇ ਇੱਕ ਔਰਤ ਮੇਰੇ ਬਰਾਬਰ ਆ ਬੈਠੀ। ਉਸ ਨੇ ਆਉਂਦੀ ਨੇ ਹੀ ਪਹਿਲਾਂ ਮੈਥੋਂ ਟਾਈਮ ਪੁੱਛਿਆ ਫਿਰ ਆਪ ਮੁਹਾਰੇ ਕਹਿਣ ਲੱਗੀ, ‘ਪਹੁੰਚਣ ਵਾਲੇ ਈ ਹੋਣਗੇ ਹੁਣ ਤਾਂ, ਟਾਈਮ ਤਾਂ ਹੋਇਆ ਪਿਐ, ਚੱਲ ਬਹਿ ਜਾਨੇ ਆਂ, ਇਸ ਕੁੜੀ ਕੋਲ ਘੜੀ ਪਲ।’
‘ਧੀਏ! ਤੂੰ ਕਿਹੜੇ ਪਿੰਡ ਜਾਣੈ? ਮਾਸਟਰਨੀ ਲੱਗਦੀ ਏਂ ਦੇਖਣ ਨੂੰ ਤਾਂ।’ ਉਸ ਨੇ ਮੇਰੇ ਮੋਢੇ ਵਿੱਚ ਪਾਇਆ ਪਰਸ ਅਤੇ ਹੱਥ ਵਿੱਚ ਫੜੇ ਲੰਚ ਬਾਕਸ ਨੂੰ ਦੇਖ ਕੇ ਅੰਦਾਜ਼ਾ ਲਾਉਂਦਿਆਂ ਪੁੱਛਿਆ।
‘ਹਾਂ ਜੀ! ਬੇਜੀ! ਮੈਂ ਟੀਚਰ ਹਾਂ, ਅੱਜ ਲੇਟ ਹੋ ਗਈ, ਮੇਰੀ ਪਹਿਲੀ ਬੱਸ ਨਿਕਲ ਗਈ।’ ਮੈਂ ਸੰਖੇਪ ਜਿਹਾ ਉੱਤਰ ਦਿੱਤਾ। ਸਾਡੀ ਬੈਠੀਆਂ-ਬੈਠੀਆਂ ਦੀ ਹੀ ਲਿਹਾਜ਼ ਪੈ ਗਈ ਤੇ ਟਾਈਮ ਪਾਸ ਕਰਨ ਲਈ ਅਸੀਂ ਗੱਲੀਂ ਲੱਗ ਗਈਆਂ। ਉਨ੍ਹੀਂ-ਦਿਨੀਂ ਸਾਰਿਆਂ ਕੋਲ ਗੱਲਬਾਤ ਕਰਨ ਵਾਸਤੇ ਤਕਰੀਬਨ ਇਹੀ ਦੋ ਵਿਸ਼ੇ ਹੁੰਦੇ ਸਨ। ਪੰਜਾਬ ਦੇ ਚੱਲ ਰਹੇ ਅਤਿ ਮਾੜੇ ਹਾਲਾਤ ਅਤੇ ਮਰਹੂਮ ਪ੍ਰਧਾਨ ਮੰਤਰੀ ਦੇ ਕਤਲ ਤੋਂ ਬਾਅਦ ਇੱਕ ਖਾਸ ਫਿਰਕੇ ਦੇ ਹੋਏ ਕਤਲੇਆਮ ਤੇ ਸਾੜ ਫੂਕ। ਉਸ ਬਜ਼ੁਰਗ ਔਰਤ ਨੇ ਆਪਣੀ ਦਰਦ ਭਰੀ ਕਹਾਣੀ ਸੁਣਾਉਂਦਿਆਂ ਦੱਸਿਆ ਕਿ ਇਦੌਰ (ਮੱਧ ਪ੍ਰਦੇਸ਼) ਵਿੱਚ ਉਨ੍ਹਾਂ ਦੀ ਟਾਇਰਾਂ ਦੀ ਦੁਕਾਨ ਸੀ। ਮੁੰਡਿਆਂ ਨੇ ਬੜਾ ਸੋਹਣਾ ਕਾਰੋਬਾਰ ਚਲਾਇਆ ਹੋਇਆ ਸੀ। ਆਪਣੀ ਦਸਾਂ ਨਹੁੰਆਂ ਦੀ ਕਿਰਤ ਨਾਲ ਵਧੀਆ ਗੁਜ਼ਾਰਾ ਕਰ ਰਹੇ ਸਾਂ। ਕਿਸੇ ਨੂੰ ਚਿੱਤ ਚੇਤੇ ਵੀ ਨਹੀਂ ਸੀ ਕਿ ਅੱਖ ਦੇ ਫੋਰ ਵਿੱਚ ਦੇਸ਼ ਦੇ ਹਾਲਾਤ ਐਨੇ ਖ਼ਰਾਬ ਹੋ ਜਾਣਗੇ। ‘ਧੀਏ! ਘੁੱਗ ਵਸਦਿਆਂ ’ਤੇ ਮੁਸੀਬਤ ਆਣ ਪਈ!’ ਇਹ ਹੜਦੁੰਗ ਦਿੱਲੀ ਤੋਂ ਸ਼ੁਰੂ ਹੋ ਕੇ ਵੱਡੇ ਸ਼ਹਿਰਾਂ ਤੱਕ ਪਹੁੰਚ ਗਿਆ, ਦੰਗਾਕਾਰੀਆਂ ਨੇ ਸਿੱਖ ਭਾਈਚਾਰੇ ਨਾਲ ਸਬੰਧਤ ਹੋਣ ਦੀ ‘ਸਜ਼ਾ’ ਵਜੋਂ ਸਾਡੀ ਦੁਕਾਨ ਨੂੰ ਅੱਗ ਲਾ ਦਿੱਤੀ, ਤਿਉਹਾਰਾਂ ਦੇ ਦਿਨ ਸਨ, ਅਸੀਂ ਚੰਗੀ ਕਮਾਈ ਦੀ ਆਸ ਨਾਲ ਅਜੇ ਕੁਝ ਦਿਨ ਪਹਿਲਾਂ ਹੀ ਦੁਕਾਨ ਵਿੱਚ ਨਵਾਂ ਮਾਲ ਪਾਇਆ ਸੀ, ਦੰਗਾਕਾਰੀਆਂ ਨੇ ਭਰੀ ਦੁਕਾਨ ਨੂੰ ਅੱਗ ਦੀਆਂ ਲਾਟਾਂ ਦੇ ਹਵਾਲੇ ਕਰ ਦਿੱਤਾ, ਸਭ ਕੁਝ ਸੜ ਕੇ ਸੁਆਹ ਹੋ ਗਿਆ, ਲਿਆਂਦੇ ਗਏ ਮਾਲ ਦੀ ਅਦਾਇਗੀ ਵੀ ਹਾਲੇ ਕਰਨ ਵਾਲੀ ਰਹਿੰਦੀ ਸੀ, ਜਮ੍ਹਾਂ ਪੂੰਜੀ ਵੀ ਵਿੱਚ ਹੀ ਚਲੀ ਗਈ ਸੀ। ਪੱਲੇ ਕੁਝ ਵੀ ਨਹੀਂ ਸੀ ਬਚਿਆ। ਮਣਾਂ-ਮੂੰਹੀਂ ਕਰਜ਼ਾ ਸਿਰ ਚੜ੍ਹ ਗਿਆ, ਪ੍ਰਮਾਤਮਾ ਦਾ ਏਨਾ ਸ਼ੁਕਰ ਹੈ ਕਿ ਉਸ ਸਮੇਂ ਉਥੇ ਕੋਈ ਘਰ ਦਾ ਜੀਅ ਨਹੀਂ ਸੀ, ਇਸ ਕਰ ਕੇ ਪਰਿਵਾਰ ਦੇ ਸਾਰੇ ਜੀਅ ਸਹੀ ਸਲਾਮਤ ਰਹਿ ਗਏ, ਮੈਂ ਨਿਮੋਝੂਣੇ ਹੋਏ ਪਿਉ ਵਾਅਰੇ ਪੁੱਤਰਾਂ ਨੂੰ ਮਾਂ ਅਤੇ ਬਾਪ ਦੋਵੇਂ ਬਣ ਕੇ ਹੌਸਲਾ ਦਿੱਤਾ, ‘ਕੋਈ ਨ੍ਹੀਂ! ਪੁੱਤਰੋ! ਆਪਣਾ ਤਾਂ ਕੁਝ ਵੀ ਨਹੀਂ ਵਿਗੜਿਆ, ਐਵੇਂ ਨ੍ਹੀਂ ਢੇਰੀ ਢਾਹੀ ਦੀ ਹੁੰਦੀ, ਤੁਸੀਂ ਮੇਰੇ ਸ਼ੇਰ ਪੁੱਤ ਹੋ, ਤਕੜੇ ਹੋਵੋ, ਬਥੇਰੀ ਕਮਾਈ ਕਰ ਲਵੋਗੇ, ਬਿਲਕੁਲ ਨ੍ਹੀਂ ਦਿਲ ਛੱਡਣਾ, ਭੀੜਾਂ ਬੰਦਿਆਂ ’ਤੇ ਈ ਪੈਂਦੀਆਂ ਨੇ, ਜਿਗਰਾ ਤਕੜਾ ਰੱਖੋ ਪੁੱਤ।’ ਅੰਦਰੋਂ ਤਾਂ ਭਾਵੇਂ ਮੈਂ ਵੀ ਟੁੱਟੀ ਗਈ ਸੀ ਪਰ ਇਹੋ ਜਿਹੇ ਵੇਲੇ ਜੇ ਸਿਆਣੇ ਹੀ ਸਿਰ ਸੁੱਟ ਕੇ ਬਹਿ ਜਾਣ ਤਾਂ ਨਿਆਣਿਆਂ ਨੇ ਤਾਂ ਫੇਰ ਊਂ ਈਂ ਢਹਿੰਦੀ ਕਲਾ ਵਿੱਚ ਚਲੇ ਜਾਣਾ ਸੀ, ਧੀਏ! ਇਹੋ ਜਿਹੇ ਟਾਈਮ ਨੂੰ ਸੰਭਾਲਣ ਵਾਸਤੇ ਸਿਆਣਿਆਂ ਨੂੰ ਤਾਂ ਵੱਡਾ ਜ਼ੇਰਾ ਕਰਨਾ ਪੈਂਦਾ।’ ‘ਹਾਂ ਜੀ! ਬੇਜੀ! ਇਹ ਗੱਲ ਤਾਂ ਤੁਹਾਡੀ ਠੀਕ ਏ।’ ਮੈਂ ਹੁੰਗਾਰਾ ਭਰਿਆ। ਗੱਲ ਅਗਾਂਹ ਤੋਰਦਿਆਂ ਉਹ ਦੱਸਣ ਲੱਗੀ, ‘ਅਸੀਂ ਤਾਂ ਏਧਰੋਂ ਘਰ ਬਾਰ ਅਤੇ ਜ਼ਮੀਨ ਜਾਇਦਾਦ ਸਭ ਕੁਝ ਵੇਚ ਵੱਟ ਕੇ ਬਿਜ਼ਨਸ ਕਰਨ ਦੇ ਇਰਾਦੇ ਨਾਲ ਇੰਦੌਰ ਗਏ ਸਾਂ, ਦੁਬਾਰਾ ਸੈੱਟ ਹੋਣ ’ਚ ਬਹੁਤ ਮੁਸ਼ਕਿਲ ਪੇਸ਼ ਆਈ। ਉਧਰ ਬਣਾਇਆ ਘਰ ਬਾਰ, ਟੂੰਮ-ਛੱਲਾ ਜੋ ਕੁਝ ਵੀ ਸਾਡੇ ਕੋਲ ਸੀ ਵੇਚ ਵੱਟ ਕੇ, ਕਰਜ਼ਾ ਲਾਹ ਕੇ ਅਸੀਂ ਫੇਰ ਪੰਜਾਬ ਆ ਗਏ, ਉੱਜੜ ਕੇ ਦੁਬਾਰਾ ਵਸਣਾ ਕਿਤੇ ਖਾਲਾ ਜੀ ਦਾ ਵਾੜਾ ਹੁੰਦੈ! ਸਾਰਾ ਪਰਿਵਾਰ ਹੁਣ ਇਹੀ ਸੋਚਦੈ ਕਿ ਘਰ ਦਾ ਤੋਰੀ ਫੁਲਕਾ ਤੋਰਨ ਲਈ ਹੁਣ ਹੋਰ ਕਿਹੜਾ ਕੰਮ ਸ਼ੁਰੂ ਕੀਤਾ ਜਾਵੇ? ਵੱਡੇ ਮੁੰਡੇ ਨੇ ਸਲਾਹ ਦਿੱਤੀ ਕਿ ਕੋਈ ਅੱਧ ਮੁੱਲ ਦੀ ਬੱਸ ਪਾ ਲਈ ਜਾਵੇ, ਆਹ ਜਿਹੜੀ ਬੱਸ ਨੂੰ ਹੁਣ ਮੈਂ ਉਡੀਕ ਰਹੀ ਆਂ ਇਹ ਕਿਸੇ ਨਜ਼ਦੀਕੀ ਰਿਸ਼ਤੇਦਾਰ ਤੋਂ ਆਪਣੀ ਪੁੱਜਤ ਅਨੁਸਾਰ ਚਲਦੀ ਖ਼ਰੀਦ ਲਈ, ਉਸ ਨੇ ਰੰਗ ਰੋਗਨ ਈ ਏਨੀ ਹੁਸ਼ਿਆਰੀ ਨਾਲ ਕਰਾਇਆ ਕਿ ਦੇਖਣ ਨੂੰ ਇਹ ਜਮ੍ਹਾਂ ਈਂ ਨਵੀਂ ਬਣਾ’ਤੀ, ਰੋਟੀ ਪਾਣੀ ਤੋਰਨ ਦਾ ਵੱਡਾ ਮਸਲਾ ਸਾਹਮਣੇ ਖੜ੍ਹਾ ਸੀ, ਬਹੁਤੀ ਘੋਖ ਪੜਤਾਲ ਕਰਨ ਜੋਗਾ ਸਮਾਂ ਨਹੀਂ ਸੀ ਸਾਡੇ ਕੋਲ, ਸੋ ਅਸੀਂ ਕਾਹਲੀ ਕਰ ਗਏ, ਹੁਣ ਚਲਾਈ ਤਾਂ ਪਤਾ ਲੱਗਿਆ ਕਿ ਇਸ ਬੱਸ ਦਾ ਮਾਡਲ ਕਾਫੀ ਪੁਰਾਣਾ ਹੈ ਤੇ ਇਹ ਵਿਚੋਂ ਸਾਰੀ ਦੀ ਸਾਰੀ ਖੜਕੀ ਪਈ ਐ, ਇਹ ਤਾਂ ਆਏ ਦਿਨ ਹੀ ਖ਼ਰਾਬ ਹੋਈ ਰਹਿੰਦੀ ਐ, ਸਾਥੋਂ ਤਾਂ ਇਹਦੀਆਂ ਮੁਰੰਮਤਾਂ ਈ ਲੋਟ ਨ੍ਹੀਂ ਆਉਂਦੀਆਂ, ਧੀਏ! ਨਿੱਤ ਈ ਇਹ ਵਰਕਸ਼ਾਪ ਲਿਜਾਣੀ ਪੈਂਦੀ ਆ..! ਅੱਜ-ਕੱਲ੍ਹ ਧੀਏ! ਕੋਈ ਨ੍ਹੀਂ ਕਿਸੇ ਦਾ ਸਕਾ, ਸਭ ਪੈਸੇ ਦੇ ਪੁੱਤ ਨੇ, ਕਿਸੇ ਨੂੰ ਵੀ ਦੁਖੀ ਆਦਮੀ ਨਾਲ ਕੋਈ ਹਮਦਰਦੀ ਨਹੀਂ, ਬੰਦਿਆਂ ਵਿੱਚੋਂ ਇਨਸਾਨੀਅਤ ਖ਼ਤਮ ਹੋ ਚੁੱਕੀ ਐ, ਲੋਕ ਤਾਂ ਜਾਇਖਾਣੇ ਦੇ ਲੁੱਟਿਆਂ ਪੁੱਟਿਆਂ ਨੂੰ ਲੁੱਟਣ ਤੋਂ ਵੀ ਭੋਰਾ ਸ਼ਰਮ ਨ੍ਹੀਂ ਮੰਨਦੇ। ‘ਉਨ੍ਹਾਂ ਦੀ ਬੱਸ ਅੱਡੇ ਵਿੱਚ ਆ ਚੁੱਕੀ ਸੀ ਤੇ ਉਹ ਆਪਣੇ ਮੁੰਡਿਆਂ ਕੋਲ ਜਾਣ ਲਈ ਉਠ ਕੇ ਖੜ੍ਹੀ ਹੋ ਗਈ।’ ਇੰਨੇ ਨੂੰ ਮੇਰੀ ਬੱਸ ਵੀ ਆ ਗਈ। ਉਸ ਬਜ਼ੁਰਗ ਔਰਤ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਮੈਂ ਵੀ ਆਪਣੀ ਮੰਜ਼ਿਲ ਵੱਲ ਜਾਣ ਵਾਲੀ ਬੱਸ ਵਿੱਚ ਜਾ ਬੈਠੀ।
ਉਸ ਦੀਆਂ ਗੱਲਾਂ ਸੁਣਦੀ ਨੂੰ ਮੈਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਬਿੱਲਕੁਲ ਹੀ ਇਸ ਵਰਗੀ ਮਾੜੀ ਘਟਨਾ ਕਿਸੇ ਦਿਨ ਸਾਡੇ ਨਾਲ ਵੀ ਵਾਪਰੇਗੀ। ਸਾਡੀ ਲੁਧਿਆਣੇ ਕੋਠੀ ਸੀ। ਬਦਲੀਆਂ ਨਾ ਹੋਣ ਕਾਰਨ ਅਜੇ ਅਸੀਂ ਉਥੇ ਰਿਹਾਇਸ਼ ਨਹੀਂ ਸੀ ਕੀਤੀ। ਮੇਰੇ ਪਤੀ ਨੇ ਬਗੈਰ ਮੇਰੇ ਨਾਲ ਸਲਾਹ ਕੀਤਿਆਂ ਉਸ ਵਿੱਚ ਆਪਣੇ ਭਤੀਜੇ ਨੂੰ ਬਿਠਾ ਦਿੱਤਾ, ਅਖੇ ਇਨ੍ਹਾਂ ਦੇ ਘਰੇ ਕਲੇਸ਼ ਐ, ਆਪਾਂ ਇਨ੍ਹਾਂ ਦੀ ਮਦਦ ਕਰਨੀ ਐਂ, ਚੱਲ ਊਂ ਵੀ ਤਾਂ ਕੋਠੀ ਵਿਹਲੀ ਪਈ ਐ, ਹੋਰ ਨਹੀਂ ਤਾਂ ਸਾਫ-ਸਫ਼ਾਈ ਹੀ ਰੱਖਿਆ ਕਰਨਗੇ।’
ਅਸੀਂ ਦੋਹਾਂ ਸ਼ਹਿਰਾਂ ਵਿੱਚ ਆਪਣੇ ਦੋਵੇਂ ਪੁੱਤਰਾਂ ਵਾਸਤੇ ਪਹਿਲਾਂ ਹੀ ਵੱਖੋ- ਵੱਖਰੀ ਰਿਹਾਇਸ਼ ਦਾ ਪ੍ਰਬੰਧ ਕੀਤਾ ਹੋਇਆ ਸੀ ਪਰ ਕੁਦਰਤ ਸਾਡੇ ਲਈ ਕੀ ਵਿਉਂਤਾਂ ਘੜੀ ਬੈਠੀ ਹੈ? ਇਹ ਤਾਂ ਅਸੀਂ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ।
ਕੁਝ ਸਾਲਾਂ ਬਾਅਦ ਹੀ ਮੇਰਾ 21 ਸਾਲ ਦਾ ਬੇਟਾ ਦੋ ਕੁ ਦਿਨ ਬਿਮਾਰ ਰਹਿ ਕੇ ਸਾਥੋਂ ਸਦਾ ਵਾਸਤੇ ਵਿਛੜ ਗਿਆ। ਸਾਡੇ ਲੁਧਿਆਣੇ ਵਾਲੇ ਘਰ ਵਿੱਚ ਰਹਿ ਰਹੇ ਇਨ੍ਹਾਂ ਦੇ ਭਤੀਜੇ ਦੇ ਮਨ ਵਿੱਚ ਖੋਟ ਆ ਗਈ ਕਿ ਇਨ੍ਹਾਂ ਦੇ ਤਾਂ ਹੁਣ ਇੱਕ ਹੀ ਮੁੰਡਾ ਰਹਿ ਗਿਆ, ਉਹਦੇ ਕੋਲ ਬਥੇਰੀ ਜਾਇਦਾਦ ਏ, ਹੁਣ ਇਨ੍ਹਾਂ ਨੇ ਇਹ ਕੋਠੀ ਕੀ ਕਰਨੀ ਏਂ? ਉਸ ਦਾ ਇਰਾਦਾ ਕੋਠੀ ਦੱਬਣ ਦਾ ਬਣ ਗਿਆ। ਜਦੋਂ ਅਸੀਂ ਉਸ ਨੂੰ ਕੋਠੀ ਖਾਲੀ ਕਰਨ ਲਈ ਕਿਹਾ ਤਾਂ ਉਹ ਸਾਡੇ ਨਾਲ ਦੋ ਹੱਥ ਕਰਨ ਨੂੰ ਤਿਆਰ ਹੋ ਗਿਆ। ਨਜ਼ਦੀਕੀ ਰਿਸ਼ਤੇਦਾਰੀ ਹੋਣ ਕਾਰਨ ਅਸੀਂ ਤਾਂ ਪੁਲੀਸ ਨੂੰ ਵੀ ਇਤਲਾਹ ਨਹੀਂ ਸੀ ਕਰ ਸਕਦੇ। ਮਸਾਂ ਪਿੰਡ ਦੀ ਪੰਚਾਇਤ ਤੇ ਰਿਸ਼ਤੇਦਾਰ ਵਿੱਚ ਪਾ ਕੇ ਉਸ ਤੋਂ ਕੋਠੀ ਦਾ ਕਬਜ਼ਾ ਛੁਡਵਾਇਆ। ਸੱਤ ਸਾਲ ਬਿਨਾਂ ਇੱਕ ਪੈਸਾ ਖਰਚਿਆਂ, ਫਰੀ ਖਾਤੇ ਰਹਿ ਕੇ ਉਹ ਸਾਡਾ ਸਿਰਫ਼ ਨਾਸ਼ੁਕਰਗੁਜ਼ਾਰ ਹੀ ਨਹੀਂ ਸਗੋਂ ਸਾਡਾ ਪੱਕਾ ਦੁਸ਼ਮਣ ਬਣ ਗਿਆ ਤੇ ਇਹ ਦੁਸ਼ਮਣੀ ਅਜੇ ਤੱਕ ਵੀ ਬਰਕਰਾਰ ਹੈ।
ਅੱਜ ਵੀ ਉਸ ਬਜ਼ੁਰਗ ਔਰਤ ਦੀ ਦੁੱਖ ਭਰੀ ਕਹਾਣੀ ਤੇ ਉਸ ਦੇ ਬੋਲ ਕੰਨਾਂ ਵਿੱਚ ਗੂੰਜਣ ਲੱਗ ਪੈਂਦੇ ਹਨ ਕਿ ਲੋਕ ਤਾਂ ਲੁੱਟਿਆਂ ਪੁੱਟਿਆਂ ਨੂੰ ਲੁੱਟਣ ਤੋਂ ਵੀ ਗ਼ੁਰੇਜ਼ ਨਹੀਂ ਕਰਦੇ। ਉਸ ਬਜ਼ੁਰਗ ਮਾਂ ਦੀ ਗੱਲ ਯਾਦ ਕਰ ਕੇ ਮੇਰੀ ਆਤਮਾ ਆਪ ਮੁਹਾਰੇ ਹੀ ਕੁਰਲਾਅ ਉਠਦੀ ਹੈ, ‘‘ਕੋਈ ਨਾ ਬੇਬੇ! ਬੇਕਿਰਕੇ ਰਿਸ਼ਤੇਦਾਰਾਂ ਹੱਥੋਂ ਲੁੱਟੀ ਜਾਣ ਵਾਲੀ ਤੂੰ ਇਕੱਲੀ ਨਹੀਂ ਏਂ, ਅਸੀਂ ਹਮਾਤੜ ਵੀ ਤੇਰੇ ਵਰਗੇ ਹੀ ਹਾਂ।’
ਸੰਪਰਕ: 78146-98117

