DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸ਼ਬਦ ਕੀ ਹੁੰਦਾ ਹੈ...?

ਮਨੁੱਖੀ ਜੀਵਨ ਵਿੱਚ ਭਾਸ਼ਾ ਦਾ ਬਹੁਤ ਵੱਡਾ ਮਹੱਤਵ ਹੈ। ਭਾਸ਼ਾ ਮਨੁੱਖ ਦੇ ਵਿਚਾਰਾਂ, ਭਾਵਨਾਵਾਂ, ਇੱਛਾਵਾਂ ਤੇ ਗਿਆਨ ਨੂੰ ਪ੍ਰਗਟ ਕਰਨ ਅਤੇ ਦੂਜਿਆਂ ਨਾਲ ਸਾਂਝਾ ਕਰਨ ਦਾ ਸਭ ਤੋਂ ਵੱਡਾ ਸਾਧਨ ਹੈ। ਭਾਸ਼ਾ ਤੋਂ ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਮੁਸ਼ਕਿਲ ਹੈ।...

  • fb
  • twitter
  • whatsapp
  • whatsapp
Advertisement

ਮਨੁੱਖੀ ਜੀਵਨ ਵਿੱਚ ਭਾਸ਼ਾ ਦਾ ਬਹੁਤ ਵੱਡਾ ਮਹੱਤਵ ਹੈ। ਭਾਸ਼ਾ ਮਨੁੱਖ ਦੇ ਵਿਚਾਰਾਂ, ਭਾਵਨਾਵਾਂ, ਇੱਛਾਵਾਂ ਤੇ ਗਿਆਨ ਨੂੰ ਪ੍ਰਗਟ ਕਰਨ ਅਤੇ ਦੂਜਿਆਂ ਨਾਲ ਸਾਂਝਾ ਕਰਨ ਦਾ ਸਭ ਤੋਂ ਵੱਡਾ ਸਾਧਨ ਹੈ। ਭਾਸ਼ਾ ਤੋਂ ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਮੁਸ਼ਕਿਲ ਹੈ। ਭਾਸ਼ਾ ਦੇ ਅਨੇਕ ਅੰਗ ਹੁੰਦੇ ਹਨ, ਜਿਵੇਂ ਧੁਨੀ, ਅੱਖਰ, ਸ਼ਬਦ ਤੇ ਵਾਕ ਆਦਿ। ਇਨ੍ਹਾਂ ਵਿੱਚੋਂ ‘ਸ਼ਬਦ’ ਭਾਸ਼ਾ ਦੀ ਸਭ ਤੋਂ ਮਹੱਤਵਪੂਰਨ ਇਕਾਈ ਮੰਨੀ ਜਾਂਦੀ ਹੈ। ਜਿਵੇਂ ਇੱਟਾਂ ਮਿਲ ਕੇ ਇਮਾਰਤ ਬਣਾਉਂਦੀਆਂ ਹਨ, ਉਸੇ ਤਰ੍ਹਾਂ ਸ਼ਬਦ ਮਿਲ ਕੇ ਵਾਕ ਬਣਾਉਂਦੇ ਤੇ ਵਾਕ ਮਿਲ ਕੇ ਭਾਸ਼ਾ ਨੂੰ ਸੰਪੂਰਨ ਬਣਾਉਂਦੇ ਹਨ। ਸ਼ਬਦ ਸਿਰਫ਼ ਕੁਝ ਅੱਖਰਾਂ ਦਾ ਜੋੜ ਨਹੀਂ ਹੁੰਦਾ ਸਗੋਂ ਇਹ ਮਨੁੱਖੀ ਵਿਚਾਰਾਂ ਦਾ ਵਾਹਕ ਹੁੰਦਾ ਹੈ। ਇੱਕ ਸ਼ਬਦ ਮਨੁੱਖ ਦੇ ਮਨ ਦੀ ਅਵਸਥਾ, ਉਸ ਦੇ ਦੁੱਖ-ਸੁੱਖ, ਪਿਆਰ-ਨਫ਼ਰਤ, ਗਿਆਨ ਤੇ ਸੰਸਕਾਰਾਂ ਨੂੰ ਪ੍ਰਗਟ ਕਰ ਸਕਦਾ ਹੈ। ਸ਼ਬਦਾਂ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਇਹ ਕਿਸੇ ਨੂੰ ਪ੍ਰੇਰਿਤ ਕਰ ਸਕਦੇ ਹਨ। ਕਿਸੇ ਦਾ ਦਿਲ ਜਿੱਤ ਸਕਦੇ ਹਨ। ਕਿਸੇ ਨੂੰ ਦੁਖੀ ਵੀ ਕਰ ਸਕਦੇ ਹਨ।

‘ਸ਼ਬਦ’ ਉਹ ਧੁਨੀ ਜਾਂ ਅੱਖਰਾਂ ਦਾ ਸਮੂਹ ਹੁੰਦਾ ਹੈ, ਜਿਸ ਦਾ ਕੋਈ ਅਰਥ ਹੋਵੇ। ਜਦੋਂ ਅਸੀਂ ਕੋਈ ਧੁਨੀ ਇਸ ਤਰ੍ਹਾਂ ਉਚਾਰਦੇ ਹਾਂ ਕਿ ਉਸ ਤੋਂ ਕੋਈ ਅਰਥ ਪ੍ਰਗਟ ਹੋਵੇ ਤਾਂ ਉਹ ਸ਼ਬਦ ਕਹਾਉਂਦੀ ਹੈ। ਉਦਾਹਰਣ ਵਜੋਂ ਪਾਣੀ, ਹਵਾ, ਅੱਗ, ਘਰ, ਮਾਂ, ਪਿਆਰ ਤੇ ਰੋਟੀ ਆਦਿ ਸ਼ਬਦ ਹਨ ਕਿਉਂਕਿ ਇਨ੍ਹਾਂ ਤੋਂ ਇੱਕ ਸਪੱਸ਼ਟ ਅਰਥ ਪ੍ਰਗਟ ਹੁੰਦਾ ਹੈ। ਜੇ ਅਸੀਂ ਬਿਨਾਂ ਅਰਥ ਵਾਲੀਆਂ ਧੁਨੀਆਂ ਬੋਲੀਆਂ ਜਿਵੇਂ ‘ਕਮਪ’, ‘ਰਲਕ’ ਆਦਿ ਬੋਲਾਂਗੇ ਤਾਂ ਇਹ ਸ਼ਬਦ ਨਹੀਂ ਮੰਨੇ ਜਾਣਗੇ ਕਿਉਂਕਿ ਇਨ੍ਹਾਂ ਦਾ ਕੋਈ ਅਰਥ ਨਹੀਂ ਹੈ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਅਰਥ ਵਾਲੀ ਧੁਨੀ ਜਾਂ ਅੱਖਰਾਂ ਦੇ ਸਮੂਹ ਨੂੰ ਸ਼ਬਦ ਕਹਿੰਦੇ ਹਨ। ਸਾਰਾ ਗਿਆਨ ਸ਼ਬਦਾਂ ਵਿੱਚ ਹੀ ਸੰਭਾਲਿਆ ਗਿਆ ਹੈ। ਕਿਤਾਬਾਂ, ਧਾਰਮਿਕ ਗ੍ਰੰਥ, ਇਤਿਹਾਸ ਤੇ ਵਿਗਿਆਨ ਆਦਿ ਸਾਰਾ ਕੁਝ ਸ਼ਬਦਾਂ ਰਾਹੀਂ ਹੀ ਸਾਡੇ ਤੱਕ ਪਹੁੰਚਦਾ ਹੈ। ਸ਼ਬਦ ਮਨੁੱਖੀ ਜੀਵਨ ਵਿੱਚ ਬਹੁਤ ਮਹੱਤਵ ਰੱਖਦੇ ਹਨ। ਮਨੁੱਖ ਆਪਣੇ ਹਰ ਕੰਮ ਵਿੱਚ ਸ਼ਬਦਾਂ ਦੀ ਵਰਤੋਂ ਕਰਦਾ ਹੈ। ਬੱਚਾ ਜਦੋਂ ਜਨਮ ਲੈਂਦਾ ਹੈ, ਉਹ ਹੌਲੀ-ਹੌਲੀ ਸ਼ਬਦ ਬੋਲਣਾ ਸਿੱਖਦਾ ਹੈ ਤੇ ਫਿਰ ਸ਼ਬਦਾਂ ਰਾਹੀਂ ਆਪਣੀਆਂ ਜ਼ਰੂਰਤਾਂ ਦੱਸਦਾ ਹੈ। ਸ਼ਬਦਾਂ ਤੋਂ ਬਿਨਾਂ ਮਨੁੱਖ ਆਪਣੇ ਮਨ ਦੀ ਗੱਲ ਨਹੀਂ ਕਹਿ ਸਕਦਾ। ਅਸੀਂ ਆਪਣੇ ਵਿਚਾਰ, ਸੁਪਨੇ, ਖ਼ੁਸ਼ੀਆਂ, ਦੁੱਖ, ਤਕਲੀਫ਼, ਸਮੱਸਿਆ ਤੇ ਭਾਵਨਾਵਾਂ ਸ਼ਬਦਾਂ ਰਾਹੀਂ ਹੀ ਦੱਸਦੇ ਹਾਂ। ਮਿੱਠੇ ਸ਼ਬਦ ਮਨੁੱਖਾਂ ਨੂੰ ਇੱਕ-ਦੂਜੇ ਦੇ ਨੇੜੇ ਲਿਆਉਂਦੇ ਹਨ। ਕਠੋਰ ਸ਼ਬਦ ਰਿਸ਼ਤੇ ਤੋੜ ਸਕਦੇ ਹਨ। ਇਸ ਲਈ ਕਿਹਾ ਜਾਂਦਾ ਹੈ ਕਿ ਮਿੱਠੇ ਬੋਲ ਬਹੁਤ ਅਨਮੋਲ। ਪੰਜਾਬੀ ਵਿਆਕਰਣ ਵਿੱਚ ਸ਼ਬਦਾਂ ਨੂੰ ਵੱਖ-ਵੱਖ ਆਧਾਰਾਂ ’ਤੇ ਵੰਡਿਆ ਜਾਂਦਾ ਹੈ। ਮੂਲ ਸ਼ਬਦ, ਯੋਗਿਕ ਸ਼ਬਦ, ਰੂੜ੍ਹ ਸ਼ਬਦ, ਤਤਸਮ ਸ਼ਬਦ, ਤਦਭਵ ਸ਼ਬਦ ਤੇ ਵਿਦੇਸ਼ੀ ਸ਼ਬਦ ਆਦਿ। ਕਈ ਵਾਰ ਇੱਕ ਚੰਗਾ ਜਾਂ ਇੱਕ ਮਾੜਾ ਸ਼ਬਦ ਮਨੁੱਖ ਦੀ ਜ਼ਿੰਦਗੀ ਬਦਲ ਸਕਦਾ ਹੈ। ਮਹਾਨ ਨੇਤਾਵਾਂ ਤੇ ਸੰਤਾਂ ਦੇ ਸ਼ਬਦ ਲੋਕਾਂ ਨੂੰ ਸਚਾਈ ਤੇ ਨੇਕੀ ਦੇ ਰਾਹ ’ਤੇ ਚੱਲਣ ਲਈ ਪ੍ਰੇਰਿਤ ਕਰਦੇ ਹਨ ਤੇ ਭੈੜੇ ਸ਼ਬਦ ਜ਼ਿੰਦਗੀ ਨੂੰ ਬਰਬਾਦੀ ਦੀ ਰਾਹ ’ਤੇ ਲੈ ਜਾਂਦੇ ਹਨ। ਸ਼ਬਦ ਤੇ ਅਰਥ ਦਾ ਗਹਿਰਾ ਸਬੰਧ ਹੁੰਦਾ ਹੈ। ਬਿਨਾਂ ਅਰਥ ਦੇ ਸ਼ਬਦ ਬੇਮਤਲਬ ਹੁੰਦੇ ਹਨ ਤੇ ਬਿਨਾਂ ਸ਼ਬਦਾਂ ਦੇ ਅਰਥ ਪ੍ਰਗਟ ਨਹੀਂ ਹੋ ਸਕਦੇ।

Advertisement

ਮਿਸਾਲ ਵਜੋਂ, ‘ਮਾਤਾ ਪਿਤਾ’ ਸ਼ਬਦ ਸੁਣਦੇ ਹੀ ਮਨ ਵਿੱਚ ਪਿਆਰ, ਸਤਿਕਾਰ, ਮਮਤਾ ਤੇ ਸੁਰੱਖਿਆ ਦੀ ਭਾਵਨਾ ਉੱਭਰਦੀ ਹੈ। ਇਹ ਸ਼ਬਦ ਸਿਰਫ਼ ਧੁਨੀ ਨਹੀਂ ਸਗੋਂ ਇੱਕ ਡੂੰਘੀ ਭਾਵਨਾ ਵੀ ਹੈ। ਇਸੇ ਤਰ੍ਹਾਂ ‘ਦੇਸ਼’ ਸ਼ਬਦ ਨਾਲ ਸਾਨੂੰ ਆਪਣੀ ਮਿੱਟੀ, ਲੋਕ ਤੇ ਸੱਭਿਆਚਾਰ ਦੀ ਯਾਦ ਆਉਂਦੀ ਹੈ। ਇਸੇ ਤਰ੍ਹਾਂ ‘ਸੱਪ’ ਸ਼ਬਦ ਸੁਣਦੇ ਹੀ ਸਾਡੇ ਮਨ ਅੰਦਰ ਡਰ ਪੈਦਾ ਹੁੰਦਾ ਹੈ। ‘ਫੁੱਲ’ ਸ਼ਬਦ ਸੁਣਦੇ ਹੀ ਖੁਸ਼ਬੂ ਦਾ ਅਹਿਸਾਸ ਹੁੰਦਾ ਹੈ। ਇਸ ਤੋਂ ਸਾਬਿਤ ਹੁੰਦਾ ਹੈ ਕਿ ਸ਼ਬਦ ਮਨੁੱਖੀ ਭਾਵਨਾਵਾਂ ਨਾਲ ਜੁੜੇ ਹੁੰਦੇ ਹਨ। ਸ਼ਬਦਾਂ ਵਿੱਚ ਅਸਾਧਾਰਨ ਤਾਕਤ ਹੁੰਦੀ ਹੈ। ਇੱਕ ਸ਼ਬਦ ਮਨੁੱਖ ਨੂੰ ਹਸਾ ਸਕਦਾ ਹੈ ਤੇ ਇੱਕ ਸ਼ਬਦ ਰੁਆ ਸਕਦਾ ਹੈ।

Advertisement

ਚੰਗੇ ਸ਼ਬਦ, ਪਿਆਰ, ਸਤਿਕਾਰ ਤੇ ਹੌਸਲਾ ਦੇਣ ਵਾਲੇ ਸ਼ਬਦ ਮਨੁੱਖ ਦੇ ਮਨ ’ਤੇ ਚੰਗਾ ਪ੍ਰਭਾਵ ਪਾਉਂਦੇ ਹਨ। ਉਦਾਹਰਣ ਵਜੋਂ “ਤੂੰ ਇਹ ਕਰ ਸਕਦਾ ਹੈਂ... ਮੈਂ ਤੇਰੇ ਨਾਲ ਹਾਂ... ਮਿਹਨਤ ਕਰ ਸਭ ਠੀਕ ਹੋ ਜਾਵੇਗਾ... ਆਪਣੇ ਆਪ ’ਤੇ ਭਰੋਸਾ ਰੱਖੋ...!” ਜਿਹੇ ਸ਼ਬਦ ਮਨੁੱਖ ਵਿੱਚ ਆਤਮ-ਵਿਸ਼ਵਾਸ ਪੈਦਾ ਕਰਦੇ ਹਨ। ਮਾੜੇ, ਕਠੋਰ ਤੇ ਅਪਮਾਨਜਨਕ ਸ਼ਬਦ ਕਿਸੇ ਦਾ ਦਿਲ ਦੁਖਾ ਸਕਦੇ ਹਨ। ਸ਼ਬਦਾਂ ਦੁਆਰਾ ਦਿੱਤੇ ਜ਼ਖ਼ਮ ਤਲਵਾਰ ਦੇ ਫੱਟ ਨਾਲੋਂ ਵੀ ਡੂੰਘੇ ਹੁੰਦੇ ਹਨ। ਇਸ ਲਈ ਸਾਨੂੰ ਹਮੇਸ਼ਾ ਸੋਚ-ਸਮਝ ਕੇ ਬੋਲਣਾ ਚਾਹੀਦਾ ਹੈ। ਸਾਹਿਤ ਵੀ ਸ਼ਬਦਾਂ ਦੀ ਕਲਾ ਹੈ। ਕਵੀ, ਲੇਖਕ ਤੇ ਗਾਇਕ ਸ਼ਬਦਾਂ ਰਾਹੀਂ ਹੀ ਆਪਣੀਆਂ ਭਾਵਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਹਨ। ਕਵਿਤਾ ਦੇ ਸੁੰਦਰ ਸ਼ਬਦ ਦਿਲ ਨੂੰ ਛੂਹ ਲੈਂਦੇ ਹਨ। ਗੁਰਬਾਣੀ ਦੇ ਸ਼ਬਦ ਮਨ ਨੂੰ ਸ਼ਾਂਤੀ ਦਿੰਦੇ ਹਨ। ਲੋਕ-ਗੀਤਾਂ ਦੇ ਸ਼ਬਦ ਸਾਡੀ ਸੱਭਿਆਚਾਰਕ ਵਿਰਾਸਤ ਨੂੰ ਜਿਊਂਦਾ ਰੱਖਦੇ ਹਨ। ਪੰਜਾਬੀ ਸਾਹਿਤ ਵਿੱਚ ਸ਼ਬਦਾਂ ਦੀ ਬੇਮਿਸਾਲ ਮਹੱਤਤਾ ਹੈ। ਬਾਬਾ ਫਰੀਦ, ਗੁਰੂ ਨਾਨਕ ਦੇਵ ਜੀ, ਵਾਰਿਸ ਸ਼ਾਹ, ਬਾਬਾ ਬੁੱਲ੍ਹੇ ਸ਼ਾਹ ਤੇ ਸ਼ਿਵ ਕੁਮਾਰ ਬਟਾਲਵੀ ਆਦਿ ਨੇ ਸ਼ਬਦਾਂ ਰਾਹੀਂ ਮਨੁੱਖਤਾ ਨੂੰ ਨਵੀਂ ਸੋਚ ਦਿੱਤੀ ਹੈ। ਧਾਰਮਿਕ ਪਰੰਪਰਾਵਾਂ ਵਿੱਚ ਸ਼ਬਦ ਨੂੰ ਬਹੁਤ ਉੱਚਾ ਦਰਜਾ ਦਿੱਤਾ ਗਿਆ ਹੈ। ਸਿੱਖ ਧਰਮ ਵਿੱਚ ‘ਸ਼ਬਦ’ ਨੂੰ ਗੁਰੂ ਮੰਨਿਆ ਗਿਆ ਹੈ। ਗੁਰਬਾਣੀ ਵਿੱਚ ਆਉਂਦਾ ਹੈ, ‘ਸਬਦੁ ਗੁਰੂ ਸੁਰਤਿ ਧੁਨਿ ਚੇਲਾ।’ ਇਸ ਦੇ ਅਰਥ ਹਨ ਕਿ ਸ਼ਬਦ ਹੀ ਸੱਚਾ ਗੁਰੂ ਹੈ, ਜੋ ਮਨੁੱਖ ਨੂੰ ਸਹੀ ਰਾਹ ਦਿਖਾਉਂਦਾ ਹੈ। ਅਧਿਆਤਮਕ ਤੌਰ ’ਤੇ ਸ਼ਬਦ ਮਨੁੱਖ ਦੇ ਮਨ ਨੂੰ ਪਵਿੱਤਰ ਤੇ ਸ਼ਾਂਤ ਕਰਦੇ ਹਨ। ਚੰਗੇ ਸ਼ਬਦ ਮਨ ਵਿੱਚ ਨੇਕੀ ਪੈਦਾ ਕਰਦੇ ਹਨ। ਅੱਜ ਦਾ ਯੁੱਗ ਜਾਣਕਾਰੀ ਤੇ ਸੰਚਾਰ ਦਾ ਯੁੱਗ ਹੈ। ਸੋਸ਼ਲ ਮੀਡੀਆ, ਅਖ਼ਬਾਰ, ਟੀ ਵੀ ਤੇ ਇੰਟਰਨੈੱਟ ਹਰ ਥਾਂ ਸ਼ਬਦਾਂ ਦੀ ਮਹੱਤਵਪੂਰਨ ਭੂਮਿਕਾ ਹੈ। ਅੱਜ ਇੱਕ ਸ਼ਬਦ ਸਾਰੀ ਦੁਨੀਆ ਵਿੱਚ ਪਲਾਂ ’ਚ ਫੈਲ ਸਕਦਾ ਹੈ। ਇਸ ਲਈ ਸ਼ਬਦਾਂ ਦੀ ਚੋਣ ਕਰਨ ਦੀ ਜ਼ਿੰਮੇਵਾਰੀ ਹੋਰ ਵੀ ਵਧ ਗਈ ਹੈ। ਸਾਨੂੰ ਅਜਿਹੇ ਸ਼ਬਦ ਵਰਤਣੇ ਚਾਹੀਦੇ ਹਨ, ਜੋ ਸਮਾਜ ਵਿੱਚ ਪਿਆਰ, ਸ਼ਾਂਤੀ ਤੇ ਭਾਈਚਾਰਾ ਵਧਾਉਣ, ਨਾ ਕਿ ਨਫ਼ਰਤ ਫੈਲਾਉਣ ਤੇ ਦੂਰੀਆਂ ਵਧਾਉਣ। ਅੰਤ ਵਿੱਚ ਕਹਿ ਸਕਦੇ ਹਾਂ ਕਿ ਸ਼ਬਦ ਮਨੁੱਖੀ ਜੀਵਨ ਦਾ ਅਟੁੱਟ ਅੰਗ ਹਨ। ਸ਼ਬਦ ਸਿਰਫ਼ ਧੁਨੀਆਂ ਨਹੀਂ ਸਗੋਂ ਵਿਚਾਰਾਂ, ਭਾਵਨਾਵਾਂ ਤੇ ਸੰਸਕਾਰਾਂ ਦਾ ਦਰਪਣ ਤੇ ਸਾਧਨ ਹਨ। ਸ਼ਬਦ ਮਨੁੱਖ ਨੂੰ ਗਿਆਨ ਦਿੰਦੇ, ਰਿਸ਼ਤੇ ਬਣਾਉਂਦੇ ਅਤੇ ਸਮਾਜ ਨੂੰ ਜੋੜਦੇ ਹਨ। ਇੱਕ ਚੰਗਾ ਸ਼ਬਦ ਜੀਵਨ ਨੂੰ ਸੁੰਦਰ ਬਣਾ ਸਕਦਾ ਹੈ ਜਦੋਂਕਿ ਮਾੜਾ ਸ਼ਬਦ ਦਿਲਾਂ ਵਿੱਚ ਦੂਰੀ ਪੈਦਾ ਕਰ ਸਕਦਾ ਹੈ। ਸਾਨੂੰ ਹਮੇਸ਼ਾ ਸੋਚ-ਸਮਝ ਕੇ ਸ਼ਬਦ ਬੋਲਣੇ ਚਾਹੀਦੇ ਹਨ। ਸੱਚਮੁੱਚ, ਸ਼ਬਦ ਮਨੁੱਖਤਾ ਦੀ ਸਭ ਤੋਂ ਵੱਡੀ ਤਾਕਤ ਹਨ।

ਸੰਪਰਕ: 94171-73700

Advertisement
×