ਸਿਤਮ ਕੀ ਇੰਤਹਾ ਕਯਾ ਹੈ...
ਸੰਨ 1931 ਦੀ ਬਹਾਰ ਰੁੱਤ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਜ਼ਿੰਦਗੀਆਂ ਦੀ ਆਖ਼ਰੀ ਬਹਾਰ ਰੁੱਤ ਬਣ ਗਈ ਸੀ। ਤਿੰਨਾਂ ਨੂੰ ਆਪਣੀ ਹੋਣੀ ਦਾ ਪਤਾ ਸੀ, ਪਰ ਇਹ ਭਰ ਨਿਡਰਤਾ ਅਤੇ ਹੌਸਲੇ ਨਾਲ ਹਾਲਾਤ ਦਾ ਮੁਕਾਬਲਾ ਕਰਦੇ ਹੋਏ ਫਨਾਹ ਹੋਣ...
ਸੰਨ 1931 ਦੀ ਬਹਾਰ ਰੁੱਤ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਜ਼ਿੰਦਗੀਆਂ ਦੀ ਆਖ਼ਰੀ ਬਹਾਰ ਰੁੱਤ ਬਣ ਗਈ ਸੀ। ਤਿੰਨਾਂ ਨੂੰ ਆਪਣੀ ਹੋਣੀ ਦਾ ਪਤਾ ਸੀ, ਪਰ ਇਹ ਭਰ ਨਿਡਰਤਾ ਅਤੇ ਹੌਸਲੇ ਨਾਲ ਹਾਲਾਤ ਦਾ ਮੁਕਾਬਲਾ ਕਰਦੇ ਹੋਏ ਫਨਾਹ ਹੋਣ ਦੀ ਉਡੀਕ ਵਿੱਚ ਸਨ।
ਸੈਂਟਰਲ ਜੇਲ੍ਹ ਲਾਹੌਰ ਅੰਦਰੋਂ ਕੋਈ ਆਵਾਜ਼ ਬਾਹਰ ਨਹੀਂ ਸੀ ਸੁਣ ਸਕਦੀ, ਪਰ ਇਸ ਦੀਆਂ ਖ਼ਬਰਾਂ ਅਖ਼ਬਾਰਾਂ ਦੀ ਬਦੌਲਤ ਦੂਰ ਦੂਰ ਤੱਕ ਫੈਲ ਰਹੀਆਂ ਸਨ। ਲਾਹੌਰ ਸਾਜ਼ਿਸ਼ ਕੇਸ ਵਿੱਚ ਸਜ਼ਾਵਾਂ ਦੀ ਚਰਚਾ ਤਾਂ ਹਿੰਦੋਸਤਾਨ ਦੀਆਂ ਹੱਦਾਂ ਪਾਰ ਕਰ ਇੰਗਲੈਂਡ ਤੱਕ ਸੁਣ ਰਹੀ ਸੀ। ਦੂਜੇ ਪਾਸੇ ਗਾਂਧੀ-ਇਰਵਿਨ ਸਮਝੌਤਾ ਹੋਣ ਦੇ ਆਸਾਰ ਬਣ ਚੁੱਕੇ ਸਨ। ਲੋਕਾਂ ਨੂੰ ਆਸ ਸੀ ਕਿ ਮਹਾਤਮਾ ਗਾਂਧੀ, ਲਾਰਡ ਇਰਵਿਨ ਨਾਲ ਮਿਲਣੀ ਸਮੇਂ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੀਆਂ ਫਾਂਸੀਆਂ ਤੁੜਵਾਉਣ ਲਈ ਜ਼ੋਰ ਪਾਉਣਗੇ ਅਤੇ ਲਾਰਡ ਇਰਵਿਨ ਤੋਂ ਘੱਟੋ-ਘੱਟ ਇਨ੍ਹਾਂ ਫਾਂਸੀਆਂ ਨੂੰ ਉਮਰ ਕੈਦ ਵਿੱਚ ਤਬਦੀਲ ਕਰਵਾ ਲੈਣਗੇ।
ਇਸੇ ਦਰਮਿਆਨ ਇੰਗਲੈਂਡ ਸਥਿਤ ਪ੍ਰਿਵੀ ਕੌਂਸਲ ਵਿੱਚ ਪਾਈ ਗਈ ਸਪੈਸ਼ਲ ਲੀਵ ਪਟੀਸ਼ਨ 11 ਫਰਵਰੀ 1931 ਨੂੰ ਸੁਣਵਾਈ ਲਈ ਪੰਜ ਜੱਜਾਂ ਸਾਹਮਣੇ ਪੇਸ਼ ਹੋਈ। ਇਸ ਪਟੀਸ਼ਨ ਤੋਂ ਪਹਿਲਾਂ ਭਗਤ ਸਿੰਘ ਨਹੀਂ ਸੀ ਚਾਹੁੰਦਾ ਕਿ ਬਰਤਾਨਵੀ ਹਕੂਮਤ ਤੋਂ ਰਹਿਮ ਦੀ ਭੀਖ ਮੰਗੀ ਜਾਵੇ, ਪਰ ਉਸ ਦੇ ਖ਼ੈਰਖ਼ਾਹ ਉਸ ਨਾਲ ਸਹਿਮਤ ਨਹੀਂ ਸਨ। ਉਨ੍ਹਾਂ ਲਗਾਤਾਰ ਉਸ ਉੱਤੇ ਸਪੈਸ਼ਲ ਟ੍ਰਿਬਿਊਨਲ ਦੇ ਫ਼ੈਸਲੇ ਨੂੰ ਪ੍ਰਿਵੀ ਕੌਂਸਲ ’ਚ ਚੁਣੌਤੀ ਦੇਣ ਲਈ ਦਬਾਅ ਬਣਾਇਆ ਹੋਇਆ ਸੀ। ਦਬਾਅ ਪਾਉਣ ਵਾਲਿਆਂ ਵਿੱਚ ਮੁਕੱਦਮੇ ਦੀ ਪੈਰਵੀ ਲਈ ਬਣੀ ਡਿਫੈਂਸ ਕਮੇਟੀ ਦੇ ਮੈਂਬਰ ਲਾਲਾ ਦੁਨੀਚੰਦ ਅਤੇ ਡਾ. ਗੋਪੀਚੰਦ ਭਾਰਗਵ (ਜੋ ਆਜ਼ਾਦੀ ਪਿੱਛੋਂ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣੇ) ਦੇ ਨਾਲ ਨਾਲ ਭਗਤ ਸਿੰਘ ਦੇ ਵਕੀਲ ਪ੍ਰਾਣ ਨਾਥ ਮਹਿਤਾ ਅਤੇ ਕਾਂਗਰਸ ਲੀਡਰ ਤੇ ਉੱਘੇ ਵਕੀਲ ਪੰਡਿਤ ਮੋਤੀ ਲਾਲ ਨਹਿਰੂ ਵੀ ਸ਼ਾਮਿਲ ਸਨ। ਪੰਡਿਤ ਮੋਤੀ ਲਾਲ ਨੇ ਆਪਣੀ ਇਹ ਇੱਛਾ ਬਿਮਾਰੀ ਦੀ ਹਾਲਤ ਵਿੱਚ ਸ਼ਿਮਲਾ ਤੋਂ ਉਚੇਚਾ ਸੁਨੇਹਾ ਭੇਜ ਕੇ ਪ੍ਰਗਟ ਕੀਤੀ ਸੀ, ਪਰ ਕੁਝ ਦਿਨਾਂ ਮਗਰੋਂ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।
ਇੰਨੇ ਉੱਘੇ ਲੋਕਾਂ ਦਾ ਦਬਾਅ ਪੈਣ ’ਤੇ ਭਗਤ ਸਿੰਘ ਇਸ ਗੱਲ ਲਈ ਹੀ ਰਾਜ਼ੀ ਹੋਇਆ ਕਿ ਅਪੀਲ ਕਰਨ ਦੀ ਮਨਜ਼ੂਰੀ ਲੈਣ ਵਾਲੀ ਇਹ ਪਟੀਸ਼ਨ ਸਿਰਫ਼ ਅੰਗਰੇਜ਼ ਹਕੂਮਤ ਵੱਲੋਂ ਕਾਇਮ ਕੀਤੇ ਗਏ ਵਿਸ਼ੇਸ਼ ਟ੍ਰਿਬਿਊਨਲ ਦੀ ਸਥਾਪਨਾ ਕਰਨ ਵਾਲੇ ਆਰਡੀਨੈਂਸ ਨੂੰ ਚੁਣੌਤੀ ਦੇਣ ਲਈ ਹੀ ਹੋਵੇਗੀ ਅਤੇ ਇਹ ਕਿਸੇ ਵੀ ਹਾਲਤ ਵਿਚ ਫਾਂਸੀਆਂ ਤੁੜਵਾਉਣ, ਸਜ਼ਾਵਾਂ ਮੁਆਫ਼ ਕਰਵਾਉਣ ਜਾਂ ਘੱਟ ਕਰਵਾਉਣ ਲਈ ਨਹੀਂ ਹੋਵੇਗੀ। ਇਹ ਇਜਾਜ਼ਤ ਦੇਣ ਪਿੱਛੇ ਵੀ ਉਸ ਦਾ ਇਰਾਦਾ ਇਹ ਸੀ ਕਿ ਅਜਿਹੀ ਪਟੀਸ਼ਨ ਪ੍ਰਿਵੀ ਕੌਂਸਲ ਕੋਲ ਜਾਣ ’ਤੇ ਸਾਰੀ ਦੁਨੀਆ ਨੂੰ ਪਤਾ ਲੱਗੇਗਾ ਕਿ ਬਰਤਾਨਵੀ ਹਕੂਮਤ ਭਾਰਤੀਆਂ ਨਾਲ ਕਿੰਨਾ ਅਨਿਆਂ ਕਰ ਰਹੀ ਹੈ।ਦੂਜਾ ਇਹ ਕਿ ਭਗਤ ਸਿੰਘ 2 ਮਈ 1930 ਨੂੰ ਵਾਇਸਰਾਏ ਔਫ ਇੰਡੀਆ ਨੂੰ ਚਿੱਠੀ ਪਾ ਕੇ ਇਸ ਟ੍ਰਿਬਿਊਨਲ ਦਾ ਵਿਰੋਧ ਕਰ ਚੁੱਕਾ ਸੀ। ਉਸ ਨੇ ਆਪਣੀ ਚਿੱਠੀ ਵਿੱਚ ਲਿਖਿਆ ਸੀ:
‘ਸਾਡੀ ਭੁੱਖ ਹੜਤਾਲ ਨੇ ਤੁਹਾਡੇ ਉੱਤੇ ਇਹ ਆਰਡੀਨੈਂਸ ਜਾਰੀ ਕਰਨ ਲਈ ਦਬਾਅ ਨਹੀਂ ਪਾਇਆ ਸਗੋਂ ਕਿਸੇ ਹੋਰ ਗੱਲ ਤੁਹਾਡੀ ਸਰਕਾਰ ਦਾ ਸਿਰ ਚਕਰਾ ਗਿਆ ਸੀ। ਤੁਸੀਂ ਜਿਸ ਕਾਰਨ ਕਰਕੇ ਇਸ ਕਾਨੂੰਨ-ਵਿਹੂਣੇ ਦਸਤਾਵੇਜ਼ ਉੱਤੇ ਸਹੀ ਪਾਉਣ ਲਈ ਮਜਬੂਰ ਹੋਏ ਇਹ ਨਾ ਤਾਂ ਮੁਕੱਦਮੇ ਦੀ ਕਾਰਵਾਈ ਠੀਕ ਤਰ੍ਹਾਂ ਚਲਾਉਣ ਬਾਰੇ ਸੀ ਤੇ ਨਾ ਹੀ ਕਿਸੇ ਸੰਕਟ ਨੂੰ ਨਜਿੱਠਣ ਬਾਰੇ। ਇਸਦਾ ਕਾਰਨ ਯਕੀਨਨ ਕੁਝ ਹੋਰ ਸੀ, ਪਰ ਅਸੀਂ ਇਹ ਐਲਾਨ ਕਰਦੇ ਹਾਂ ਕਿ ਅਜਿਹੇ ਆਰਡੀਨੈਂਸ ਸਾਡੇ ਹੌਸਲਿਆਂ ਨੂੰ ਪਸਤ ਨਹੀਂ ਕਰ ਸਕਦੇ। ਤੁਸੀਂ ਕੁਝ ਵਿਅਕਤੀਆਂ ਨੂੰ ਕੁਚਲ ਸਕਦੇ ਹੋ, ਪਰ ਤੁਸੀਂ ਇਸ ਰਾਸ਼ਟਰ ਨੂੰ ਨਹੀਂ ਕੁਚਲ ਸਕਦੇ।’
ਭਗਤ ਸਿੰਘ ਦੇ ਮੁਕੱਦਮੇ ਬਾਰੇ ਟ੍ਰਿਬਿਊਨਲ ਦੀ ਸਥਾਪਤੀ ਸਬੰਧੀ ਇਸ ਪਟੀਸ਼ਨ ਨੇ ਬਰਤਾਨੀਆ ਦੇ ਉਦਾਰਵਾਦੀਆਂ ਦੀ ਰਾਏ ਉੱਤੇ ਵੀ ਡੂੰਘਾ ਅਸਰ ਪਾਇਆ। ਇਸ ਨੇ ਦਿਖਾ ਦਿੱਤਾ ਕਿ ਟ੍ਰਿਬਿਊਨਲ ਸਾਹਮਣੇ ਮੁਕੱਦਮੇ ਦੀ ਕਾਰਵਾਈ ਅੰਗਰੇਜ਼ ਹਕੂਮਤ ਵੱਲੋਂ ਖ਼ੁਦ ਬਣਾਏ ਜਾ ਚੁੱਕੇ ਕਾਨੂੰਨਾਂ ਦੇ ਦਾਇਰੇ ਤੋਂ ਬਾਹਰ ਸੀ। ਲੰਡਨ ਦੇ ਉੱਘੇ ਕਾਨੂੰਨ ਗਿਆਤਾ ਤੇ ਬੈਰਿਸਟਰ ਡੀ.ਐਨ. ਪ੍ਰਿੱਟ ਪ੍ਰਿਵੀ ਕੌਂਸਲ ਸਾਹਮਣੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਪੇਸ਼ ਹੋਏ ਸਨ। ਉਨ੍ਹਾਂ ਇਸ ਵਿਧਾਨ (ਆਰਡੀਨੈਂਸ) ਨੂੰ ਗ਼ੈਰ-ਕਾਨੂੰਨੀ ਅਤੇ ਰੱਦ ਕਰਨ ਯੋਗ ਸਾਬਿਤ ਕਰਨ ਲਈ ਬਹੁਤ ਸਾਰੀਆਂ ਦਲੀਲਾਂ ਦਿੱਤੀਆਂ।
ਮਿਸਟਰ ਪ੍ਰਿੱਟ ਨੇ ਪਹਿਲੀ ਦਲੀਲ ਇਹ ਦਿੱਤੀ ਸੀ ਕਿ ਵਿਸ਼ੇਸ਼ ਟ੍ਰਿਬਿਊਨਲ ਬਣਾਉਣ ਦੀ ਸ਼ਕਤੀ ਗੌਰਮਿੰਟ ਆਫ ਇੰਡੀਆ ਐਕਟ ਦੀ ਧਾਰਾ 72 ਵਿੱਚ ਦਰਜ ਹੈ, ਪਰ ਇਹ ਗਵਰਨਰ ਜਨਰਲ ਦੀ ਆਪਣੀ ਸ਼ਕਤੀ ਨਹੀਂ, ਸਗੋਂ ਇਹ ਪਾਰਲੀਮੈਂਟ ਵੱਲੋਂ ਖ਼ਾਸ ਮੌਕਿਆਂ ਉੱਤੇ ਇਸਤੇਮਾਲ ਕਰਨ ਲਈ ਸੌਂਪੀ ਹੋਈ ਸੀਮਤ ਸ਼ਕਤੀ ਹੈ ਅਤੇ ਗਵਰਨਰ ਜਨਰਲ ਇਸ ਨੂੰ ਮਨਮਰਜ਼ੀ ਨਾਲ ਨਹੀਂ ਵਰਤ ਸਕਦਾ। ਦੂਜੀ ਦਲੀਲ ਇਹ ਸੀ ਕਿ ਉਕਤ ਸ਼ਕਤੀ ਵਿੱਚ ਸਪੈਸ਼ਲ ਟ੍ਰਿਬਿਊਨਲ ਬਣਾ ਕੇ ਫ਼ੌਜਦਾਰੀ ਮੁਕੱਦਮੇ ਦੀ ਸੁਣਵਾਈ ਕਰਨ ਦਾ ਅਧਿਕਾਰ ਵੀ ਸੀਮਿਤ ਹੈ। ਕਾਨੂੰਨ ਮੁਤਾਬਿਕ ਇਹ ਟ੍ਰਿਬਿਊਨਲ ਗਵਰਨਰ ਜਨਰਲ ਵੱਲੋਂ ਆਰਡੀਨੈਂਸ ਜਾਰੀ ਕਰਕੇ ਉਦੋਂ ਹੀ ਸਥਾਪਤ ਕੀਤਾ ਜਾ ਸਕਦਾ ਹੈ ਜਦੋਂ ਦੇਸ਼ ਜਾਂ ਇਲਾਕੇ ਵਿੱਚ ਸੰਕਟਕਾਲੀ ਹਾਲਾਤ ਹੋਣ ਅਤੇ ਪਾਰਲੀਮੈਂਟ ਵਿੱਚ ਇਸੇ ਮਨਸ਼ਾ ਦਾ ਐਕਟ ਪੇਸ਼ ਕਰਕੇ ਪਾਸ ਕਰਵਾਉਣ ’ਤੇ ਦੇਰ ਲੱਗਣ ਦੇ ਆਸਾਰ ਹੋਣ। ਪਰ ਇਹ ਆਰਡੀਨੈਂਸ ਜਾਰੀ ਕਰਨ ਸਮੇਂ ਪੰਜਾਬ ਵਿੱਚ ਕਿਸੇ ਤਰ੍ਹਾਂ ਦੇ ਵੀ ਸੰਕਟਕਾਲ ਦਾ ਐਲਾਨ ਨਹੀਂ ਸੀ ਹੋਇਆ, ਜਿਸ ਨਾਲ ਸੰਸਦ ਦਾ ਇਜਲਾਸ ਹੋਣ ਵਿੱਚ ਦੇਰੀ ਦੀ ਸੰਭਾਵਨਾ ਹੋਵੇ।
ਤੀਜੀ ਦਲੀਲ ਇਹ ਦਿੱਤੀ ਗਈ ਸੀ ਕਿ ਇਹ ਆਰਡੀਨੈਂਸ ਗਵਰਨਰ ਜਨਰਲ ਵੱਲੋਂ ਬ੍ਰਿਟਿਸ਼ ਇੰਡੀਆ ਵਿੱਚ ਸ਼ਾਂਤੀ ਜਾਂ ਚੰਗਾ ਪ੍ਰਸ਼ਾਸਨ ਕਾਇਮ ਕਰਨ ਦੇ ਮਕਸਦ ਨਾਲ ਹੀ ਜਾਰੀ ਕੀਤਾ ਜਾ ਸਕਦਾ ਹੈ, ਹੋਰ ਕਿਸੇ ਵੀ ਕਾਰਨ ਜਾਂ ਗੱਲ ਕਰਕੇ ਨਹੀਂ। ਜਿਵੇਂ ਕਿ ਆਰਡੀਨੈਂਸ ਦੀ ਸ਼ਬਦਾਵਲੀ ਤੋਂ ਸਪੱਸ਼ਟ ਹੈ ਕਿ ਇਸ ਵਿੱਚ ‘ਸ਼ਾਂਤੀ’ ਜਾਂ ‘ਚੰਗਾ ਪ੍ਰਸ਼ਾਸਨ’ ਵਰਗੇ ਸ਼ਬਦਾਂ ਦੀ ਅਣਹੋਂਦ ਹੈ ਅਤੇ ਇਹ ਸਿਰਫ਼ ਨਾਗਰਿਕਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਤੋਂ ਵਾਂਝਾ ਕਰਨ ਦੇ ਉਦੇਸ਼ ਨਾਲ ਹੀ ਜਾਰੀ ਕੀਤਾ ਗਿਆ ਹੈ। ਮਿਸਟਰ ਪ੍ਰਿੱਟ ਦੀ ਚੌਥੀ ਦਲੀਲ ਇਹ ਸੀ ਕਿ ਬ੍ਰਿਟਿਸ਼ ਇੰਡੀਆ ਦੇ ਨਾਗਰਿਕ ਹੋਣ ਨਾਤੇ ਮੁਲਜ਼ਮਾਂ ਨੂੰ ਇਹ ਜਾਣਨ ਦਾ ਹੱਕ ਹਾਸਲ ਸੀ ਕਿ ਉਨ੍ਹਾਂ ਵਿਰੁੱਧ ਕੋਈ ਮੁਕੱਦਮਾ ਬਣਦਾ ਵੀ ਹੈ ਜਾਂ ਨਹੀਂ ਅਤੇ ਅਦਾਲਤ ਵਿੱਚ ਮੁਕੱਦਮਾ ਚੱਲਣ ਤੋਂ ਪਹਿਲਾਂ ਉਨ੍ਹਾਂ ਨੂੰ ਇਹ ਵੀ ਜਾਣਨ ਦਾ ਹੱਕ ਸੀ ਕਿ ਉਸ ਮੁਕੱਦਮੇ ਵਿੱਚ ਕੀ ਲਿਖਿਆ ਹੋਇਆ ਹੈ। ਪਰ ਇਹ ਆਰਡੀਨੈਂਸ ਜਾਰੀ ਹੋਣ ਨਾਲ ਉਨ੍ਹਾਂ ਤੋਂ ਇਹ ਸਾਰੇ ਹੱਕ ਖੋਹ ਲਏ ਗਏ ਹਨ। ਪੰਜਵੀਂ ਦਲੀਲ ਇਹ ਸੀ ਕਿ ਕਾਨੂੰਨ ਅਨੁਸਾਰ ਸਾਰੇ ਮੁਲਜ਼ਮਾਂ ਨੂੰ ਇਹ ਹੱਕ ਹਾਸਲ ਸੀ ਕਿ ਉਨ੍ਹਾਂ ਦੇ ਮੁਕੱਦਮੇ ਦੀ ਸੁਣਵਾਈ ਆਮ ਸੈਸ਼ਨ ਜੱਜ ਵੱਲੋਂ ਸਹਾਇਕ ਜੱਜਾਂ ਜਾਂ ਜਿਊਰੀ ਦੀ ਮਦਦ ਨਾਲ ਕੀਤੀ ਜਾਂਦੀ ਅਤੇ ਫ਼ੈਸਲੇ ਪਿੱਛੋਂ ਉਨ੍ਹਾਂ ਨੂੰ ਲਾਹੌਰ ਹਾਈਕੋਰਟ ਵਿੱਚ ਅਪੀਲ ਕਰਨ ਦਾ ਅਧਿਕਾਰ ਹੁੰਦਾ, ਪਰ ਇਸ ਆਰਡੀਨੈਂਸ ਕਾਰਨ ਇਹ ਮੁਲਜ਼ਮ ਸੈਸ਼ਨ ਜੱਜ ਦੇ ਨਾਲ ਜਿਊਰੀ ਜਾਂ ਸਹਾਇਕ ਜੱਜਾਂ ਦੇ ਸਾਹਮਣੇ ਸੁਣਵਾਈ ਤੋਂ ਵਾਂਝੇ ਰਹਿ ਗਏ ਹਨ ਅਤੇ ਉਨ੍ਹਾਂ ਨੂੰ ਲਾਹੌਰ ਹਾਈਕੋਰਟ ਵਿੱਚ ਅਪੀਲ ਕਰਨ ਦਾ ਹੱਕ ਵੀ ਹਾਸਲ ਨਹੀਂ ਹੋ ਸਕੇਗਾ।
ਲੰਮੀ ਬਹਿਸ ਦੇ ਬਾਵਜੂਦ ਪ੍ਰਿਵੀ ਕੌਂਸਲ ਦੇ ਜੱਜ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਨਾ ਹੋਏ। ਉਨ੍ਹਾਂ ਇਹ ਪਟੀਸ਼ਨ ਰੱਦ ਕਰ ਦਿੱਤੀ। ਇਹ ਭਗਤ ਸਿੰਘ ਦੀ ਉਮੀਦ ਮੁਤਾਬਿਕ ਹੀ ਹੋਇਆ, ਪਰ ਇਸ ਨਾਲ ਭਗਤ ਸਿੰਘ ਦੇ ਮੁਕੱਦਮੇ ਵਿੱਚ ਭਾਰਤ ਅਤੇ ਵਿਦੇਸ਼ਾਂ ’ਚ ਹੋਰ ਲੱੱਖਾਂ ਲੋਕਾਂ ਦੀ ਦਿਲਚਸਪੀ ਵਧ ਗਈ ਤੇ ਅੰਗਰੇਜ਼ ਹਕੂਮਤ ਦੀ ਕਾਰਜ ਪਾਲਿਕਾ, ਵਿਧਾਨ ਪਾਲਿਕਾ ਤੇ ਨਿਆਂ ਪਾਲਿਕਾ ਦੀ ਭਾਰਤ ਵਿਰੋਧੀ ਸੋਚ ਜੱਗ ਜ਼ਾਹਰ ਹੋ ਗਈ।
ਇਸ ਉਪਰੰਤ ਇੱਕ ਹੈਬੀਅਸ ਕਾਰਪਸ ਪਟੀਸ਼ਨ (ਹਿਰਾਸਤ ਤੋਂ ਫੌਰੀ ਰਾਹਤ ਦੀ ਪਟੀਸ਼ਨ) ਆਪਣੇ ਤੌਰ ਉੱਤੇ ਪ੍ਰਸਿੱਧ ਵਕੀਲ ਅਮੋਲਕ ਰਾਮ ਕਪੂਰ ਨੇ ਦਾਖ਼ਲ ਕੀਤੀ, ਜਿਸ ਵਿੱਚ ਇਹ ਨੁਕਤਾ ਉਠਾਇਆ ਗਿਆ ਸੀ ਕਿ 31 ਅਕਤੂਬਰ 1930 ਨੂੰ ਅਦਾਲਤੀ ਟ੍ਰਿਬਿਊਨਲ ਦੀ ਮਿਆਦ ਪੂਰੀ ਹੋਣ ਕਰਕੇ ਹੁਣ ਕਿਸੇ ਅਥਾਰਿਟੀ ਨੂੰ ਮੁਲਜ਼ਮਾਂ ਲਈ ਮੌਤ ਦੇ ਵਾਰੰਟ ਜਾਰੀ ਕਰਨ ਦਾ ਅਧਿਕਾਰ ਨਹੀਂ ਹੈ ਅਤੇ ਉਨ੍ਹਾਂ ਨੂੰ ਸੁਣਾਈ ਸਜ਼ਾ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ। ਪਰ ਪੰਜਾਬ ਹਾਈਕੋਰਟ ਦੇ ਜੱਜ ਜਸਟਿਸ ਭਿੱਡੇ ਨੇ ਹਕੂਮਤ ਦੀ ਮਨਸ਼ਾ ਨਾਲ ਸੁਰ ਮਿਲਾਉਂਦਿਆਂ ਇਹ ਪਟੀਸ਼ਨ ਵੀ 25 ਫਰਵਰੀ 1931 ਨੂੰ ਰੱਦ ਕਰ ਦਿੱਤੀ। ਉਕਤ ਪਟੀਸ਼ਨਾਂ ਖ਼ਾਰਜ ਹੋਣ ਪਿੱਛੋਂ ਦੇਸ਼ ਵਾਸੀਆਂ ’ਚ ਇਨ੍ਹਾਂ ਸਜ਼ਾਵਾਂ ਖ਼ਿਲਾਫ਼ ਤਿੱਖਾ ਰੋਸ ਪੈਦਾ ਹੋ ਗਿਆ। ਅਖ਼ਬਾਰ ਥਾਂ-ਥਾਂ ਹੋਏ ਮੁਜ਼ਾਹਰਿਆਂ ਅਤੇ ਪ੍ਰਦਰਸ਼ਨਾਂ ਦੀਆਂ ਖ਼ਬਰਾਂ ਨਾਲ ਭਰ ਗਏ। ਇਨਕਲਾਬੀਆਂ ਦੇ ਰਸਤੇ ਪ੍ਰਤੀ ਅਸਹਿਮਤੀ ਵਾਲੀ ਕਾਂਗਰਸ ਪਾਰਟੀ ਦੇ ਕਈ ਆਗੂ ਵੀ ਆਪਣੇ ਕਾਰਕੁਨਾਂ ਦੇ ਦਬਾਅ ਹੇਠਾਂ ਇਨ੍ਹਾਂ ਬਹਾਦਰ ਨੌਜਵਾਨਾਂ ਨੂੰ ਫਾਂਸੀ ਤੋਂ ਬਚਾਉਣ ਲਈ ਆਪਣੇ ਢੰਗ ਨਾਲ ਸਰਕਾਰ ਕੋਲ ਫਰਿਆਦਾਂ ਕਰਨ ਲੱਗੇ ਸਨ। ਕਾਂਗਰਸ ਪ੍ਰਧਾਨ ਮਦਨ ਮੋਹਨ ਮਾਲਵੀਆ ਨੇ ਵਾਇਸਰਾਏ ਨੂੰ ਤਾਰ ਪਾ ਕੇ ਲਿਖਿਆ ਸੀ, ‘‘ਮੈਂ ਸਤਿਕਾਰਯੋਗ ਸ੍ਰੀਮਾਨ ਜੀ ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਬੰਧੀ ਖ਼ਿਮਾ-ਅਧਿਕਾਰ ਵਰਤ ਕੇ, ਇਨ੍ਹਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਪ੍ਰਾਰਥਨਾ ਕਰਦਾ ਹਾਂ। ...ਭਾਵੇਂ ਉਹ ਸਹੀ ਰਾਹ ਉੱਤੇ ਨਹੀਂ ਸਨ ਪਰ ਇਨ੍ਹਾਂ ਦੀ ਕਾਰਵਾਈ ਕਿਸੇ ਨਿੱਜੀ ਜਾਂ ਸਵਾਰਥੀ ਭਾਵਨਾ ਤੋਂ ਪ੍ਰੇਰਿਤ ਨਹੀਂ ਸੀ, ਸਗੋਂ ਦੇਸ਼ਭਗਤੀ ਦੇ ਜਜ਼ਬੇ ਤੋਂ ਪ੍ਰਭਾਵਿਤ ਸੀ। ਇਨ੍ਹਾਂ ਨੂੰ ਫਾਂਸੀ ਲਾਉਣ ਨਾਲ ਦੇਸ਼ ਵਿੱਚ ਲੋਕਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੇਗੀ।’’
ਇਸ ਤੋਂ ਇਲਾਵਾ 17 ਅਤੇ 19 ਫਰਵਰੀ 1931 ਨੂੰ ਭਗਤ ਸਿੰਘ ਦੀ ਮਾਤਾ ਜੀ ਵੱਲੋਂ ਵੀ ਵਾਇਸਰਾਏ ਨੂੰ ਸਜ਼ਾਵਾਂ ਘਟਾਉਣ ਲਈ ਅਰਜ਼ੀਆਂ ਭੇਜੀਆਂ ਗਈਆਂ ਸਨ, ਜਿਨ੍ਹਾਂ ਵਿੱਚ ਮੁਲਜ਼ਮਾਂ ਦੇ ਨੌਜਵਾਨ ਅਤੇ ਮੁਕੱਦਮੇ ਦੇ ਖ਼ਾਸ ਹਾਲਾਤ ਹੋਣ ਨੂੰ ਆਧਾਰ ਬਣਾਇਆ ਗਿਆ ਸੀ।
ਦੂਜੇ ਪਾਸੇ ਭਗਤ ਸਿੰਘ ਦੇਸ਼ ਵਾਸੀਆਂ, ਰਾਜਨੀਤਿਕ ਤੇ ਸਮਾਜਿਕ ਆਗੂਆਂ ਅਤੇ ਪਰਿਵਾਰ ਦੇ ਜੀਆਂ ਵੱਲੋਂ ਉਨ੍ਹਾਂ ਨੂੰ ਫਾਂਸੀ ਤੋਂ ਬਚਾਉਣ ਦੇ ਯਤਨਾਂ ਤੋਂ ਬੇਪਰਵਾਹ ਹੋ ਕੇ ਆਪਣੇ ਪਿਆਰੇ ਵਤਨ ਦੀ ਤਕਦੀਰ ਬਦਲਣ ਬਾਰੇ ਹੀ ਚਿੰਤਤ ਸੀ। ਸਜ਼ਾ ਦਾ ਉਸ ਨੂੰ ਫ਼ਿਕਰ ਨਹੀਂ ਸੀ। ਉਸ ਨੇ ਤਿੰਨ ਮਹੀਨੇ ਪਹਿਲਾਂ ਨਵੰਬਰ 1930 ਵਿੱਚ ਆਪਣੇ ਦੋਸਤ ਬਟੁਕੇਸ਼ਵਰ ਦੱਤ ਨੂੰ ਲਿਖੀ ਚਿੱਠੀ ਵਿੱਚ ਹੌਸਲਾ ਅਤੇ ਦ੍ਰਿੜ੍ਹਤਾ ਇਉਂ ਪ੍ਰਗਟਾਈ ਸੀ: ‘ਪਿਆਰੇ ਭਾਈ, ਮੈਨੂੰ ਸਜ਼ਾ ਸੁਣਾ ਦਿੱਤੀ ਗਈ ਹੈ ਅਤੇ ਫਾਂਸੀ ਦਾ ਹੁਕਮ ਹੋਇਆ ਹੈ। ਇਨ੍ਹਾਂ ਜੇਲ੍ਹ-ਕੋਠੜੀਆਂ ਵਿੱਚ ਫਾਂਸੀ ਦੀ ਉਡੀਕ ਕਰਨ ਵਾਲੇ ਮੈਨੂੰ ਛੱਡ ਕੇ ਹੋਰ ਬਹੁਤ ਸਾਰੇ ਮੁਲਜ਼ਮ ਅਰਦਾਸਾਂ ਕਰ ਰਹੇ ਹਨ ਕਿ ਕਿਸੇ ਤਰ੍ਹਾਂ ਫਾਂਸੀ ਤੋਂ ਬਚ ਜਾਣ। ... ਮੈਂ ਬੜੀ ਬੇਤਾਬੀ ਨਾਲ ਉਸ ਦਿਨ ਦੀ ਉਡੀਕ ਕਰ ਰਿਹਾ ਹਾਂ, ਜਦੋਂ ਮੈਨੂੰ ਆਪਣੇ ਆਦਰਸ਼ ਲਈ ਫਾਂਸੀ ਦੇ ਰੱਸੇ ਉੱਤੇ ਝੂਲਣ ਦਾ ਸੁਭਾਗ ਪ੍ਰਾਪਤ ਹੋਵੇਗਾ। ਮੈਂ ਖ਼ੁਸ਼ੀ ਖ਼ੁਸ਼ੀ ਫਾਂਸੀ ਦੇ ਤਖ਼ਤੇ ਉੱਤੇ ਚੜ੍ਹ ਕੇ ਦੁਨੀਆ ਨੂੰ ਵਿਖਾ ਦਿਆਂਗਾ ਕਿ ਇਨਕਲਾਬੀ ਆਪਣੇ ਆਦਰਸ਼ਾਂ ਲਈ ਕਿੰਨੀ ਬਹਾਦਰੀ ਨਾਲ ਕੁਰਬਾਨੀਆਂ ਦੇ ਸਕਦੇ ਹਨ।’
ਇਸ ਵੇਲੇ ਭਗਤ ਸਿੰਘ ਆਪਣੇ ਤੋਂ ਬਾਅਦ ਦੇਸ਼ ਦੀ ਇਨਕਲਾਬੀ ਲਹਿਰ ਨੂੰ ਮਜ਼ਬੂਤ ਕਰਨ ਲਈ ਨੌਜਵਾਨਾਂ ਵਿੱਚ ਉਤਸ਼ਾਹ ਜਗਾਉਣ ਵਾਲੇ ਲੇਖ ਲਿਖ ਅਤੇ ਉਨ੍ਹਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾ ਰਿਹਾ ਸੀ। ਦੋ ਫਰਵਰੀ 1931 ਨੂੰ ਲਿਖੀ ਲੰਮੀ ਚਿੱਠੀ ਵਿੱਚ ਉਸ ਨੇ ਸਿਆਸੀ ਖੇਤਰ ਵਿੱਚ ਸਰਗਰਮ ਨੌਜਵਾਨਾਂ ਨਾਲ ਇਹ ਨੁਕਤੇ ਸਾਂਝੇ ਕੀਤੇ:
w ਇਨਕਲਾਬੀਆਂ ਨੂੰ ਇਹ ਗੱਲ ਹਮੇਸ਼ਾ ਜ਼ਿਹਨ ਵਿੱਚ ਰੱਖਣੀ ਚਾਹੀਦੀ ਹੈ ਕਿ ਉਹ ਸੰਪੂਰਨ ਇਨਕਲਾਬ ਲਈ ਲੜ ਰਹੇ ਹਨ ਤੇ ਉਨ੍ਹਾਂ ਸੱਤਾ ਦੀ ਵਾਗਡੋਰ ਪੂਰੀ ਤਰ੍ਹਾਂ ਆਪਣੇ ਹੱਥ ਵਿੱਚ ਲੈਣੀ ਹੈ।
w ਸਾਨੂੰ ਅਸਲ ਮੁੱਦਿਆਂ ਅਤੇ ਖ਼ਾਸਕਰ ਲਹਿਰ ਦੇ ਉਦੇਸ਼ਾਂ ਬਾਰੇ ਕੋਈ ਰੋਲ-ਘਚੋਲਾ ਨਹੀਂ ਪੈਦਾ ਹੋਣ ਦੇਣਾ ਚਾਹੀਦਾ (ਜਿਵੇਂ ਦਾ ਲੇਬਰ ਪਾਰਟੀ ਨੇ ਪੈਦਾ ਕੀਤਾ)। ਬਰਤਾਨੀਆ ਦੀ ਲੇਬਰ ਪਾਰਟੀ ਨੇ ਲੋਕਾਂ ਦੇ ਅਸਲ ਸੰਘਰਸ਼ ਨਾਲ ਧੋਖਾ ਕੀਤਾ ਹੈ ਅਤੇ ਉਹ ਸਿਰਫ਼ ਚਲਾਕ ਸਾਮਰਾਜੀ ਬਣਕੇ ਰਹਿ ਗਏ ਹਨ।
w ਤੁਸੀਂ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਲਗਾਉਂਦੇ ਹੋ। ਮੈਂ ਇਹ ਮੰਨ ਕੇ ਅੱਗੇ ਤੁਰਦਾ ਹਾਂ ਕਿ ਤੁਸੀਂ ਇਸ ਦੇ ਅਰਥ ਸਮਝਦੇ ਹੋ। ਅਸੈਂਬਲੀ ਬੰਬ ਕੇਸ ਵਿੱਚ ਸਾਡੇ ਵੱਲੋਂ ਦਿੱਤੀ ਪਰਿਭਾਸ਼ਾ ਅਨੁਸਾਰ ਇਨਕਲਾਬ ਦਾ ਅਰਥ ਮੌਜੂਦਾ ਸਮਾਜਿਕ ਢਾਂਚੇ ਵਿੱਚ ਸੰਪੂਰਨ ਤਬਦੀਲੀ ਅਤੇ ਸਮਾਜਵਾਦ ਦੀ ਸਥਾਪਨਾ ਕਰਨਾ ਹੈ।
ਸਪੱਸ਼ਟ ਹੈ ਕਿ ਭਗਤ ਸਿੰਘ ਦਾ ਧਿਆਨ ਇਸ ਵੇਲੇ ਦੇਸ਼ ਦੇ ਭਵਿੱਖ ਨੂੰ ਸੰਵਾਰਨ ਵੱਲ ਸੀ। ਇਸ ਦੇ ਬਾਵਜੂਦ 3 ਮਾਰਚ 1931 ਨੂੰ ਉਸ ਦੀ ਆਪਣੇ ਪਰਿਵਾਰ ਨਾਲ ਹੋਣ ਵਾਲੀ ਆਖ਼ਰੀ ਮੁਲਾਕਾਤ ਉਸ ਦਾ ਧਿਆਨ ਵਾਰ-ਵਾਰ ਆਪਣੇ ਵੱਲ ਮੋੜ ਰਹੀ ਸੀ। ਉਹ ਇਸ ਮੁਲਾਕਾਤ ਲਈ ਆਪਣੇ ਆਪ ਨੂੰ ਤਿਆਰ ਕਰਦਾ ਆ ਰਿਹਾ ਸੀ। ਇਹ ਮੁਲਾਕਾਤ ਕਿਹੋ ਜਿਹੀ ਹੋਵੇਗੀ? ਉਹ ਆਪਣੇ ਵੀਰਾਂ ਕੁਲਬੀਰ ਤੇ ਕੁਲਤਾਰ ਨੂੰ ਕਿਸ ਤਰ੍ਹਾਂ ਮਿਲੇਗਾ? ਆਪਣੀਆਂ ਭੈਣਾਂ ਦੇੇ ਸਿਰ ਉੱਤੇ ਹੱਥ ਰੱਖਦਿਆਂ ਕਿਤੇ ਭਾਵੁਕ ਤਾਂ ਨਹੀਂ ਹੋ ਜਾਵੇਗਾ? ਉਸ ਦੀ ਮਾਂ ਉਸਦਾ ਮੂੰਹ ਚੁੰਮ ਕੇ ਆਪਣੇ ਹੰਝੂਆਂ ਨੂੰ ਕਿਵੇਂ ਰੋਕ ਸਕੇਗੀ? ਤੇ ਇਸ ਤੋਂ ਵੀ ਵੱਧ ਉਹ ਸਾਰਿਆਂ ਨੂੰ ਕਿਸ ਤਰ੍ਹਾਂ ਦਾ ਹੌਸਲਾ ਦੇਵੇਗਾ? ਉਸ ਨੂੰ ਲੱਗਾ ਕਿ ਇਹ ਸਮਾਂ ਹੀ ਉਸ ਦੀ ਨਿਡਰਤਾ ਅਤੇ ਹੌਸਲੇ ਦਾ ਆਖ਼ਰੀ ਇਮਤਿਹਾਨ ਹੈ, ਫਾਂਸੀ ਤਾਂ ਛੋਟੀ ਗੱਲ ਰਹਿ ਗਈ ਹੈ।
ਤਿੰਨ ਮਾਰਚ 1931 ਨੂੰ ਦਿਨੇ ਪਰਿਵਾਰ ਦੇ ਜੀਆਂ ਨਾਲ ਮੁਲਾਕਾਤ ਹੋਈ, ਪਰ ਸ਼ਾਮ ਹੋਣ ਤੱਕ ਵੀ ਭਗਤ ਸਿੰਘ ਇਸ ਦੇ ਅਸਰ ਤੋਂ ਮੁਕਤ ਨਹੀਂ ਸੀ ਹੋਇਆ। ਉਸ ਦੀ ਸੋਚ ਮੁੜ ਮੁੜ ਮੁਲਾਕਾਤ ਦੇ ਦ੍ਰਿਸ਼ ਨੂੰ ਸਿਰਜ ਰਹੀ ਸੀ। ਅਜਿਹੇ ਦ੍ਰਿਸ਼ ਬਾਰੇ ਯਾਦ ਕਰਦਿਆਂ ਉਸ ਨੂੰ ਲੱਗਦਾ ਕਿ ਅਜੇ ਵੀ ਮਾਪਿਆਂ ਦੀਆਂ ਗ਼ਮਗੀਨ ਨਜ਼ਰਾਂ ਉਸ ਨੂੰ ਤੱਕ ਰਹੀਆਂ ਹਨ ਅਤੇ ਭੈਣਾਂ-ਭਰਾਵਾਂ ਦੇ ਥਰਥਰਾਉਂਦੇ ਬੋਲ ਉਸ ਦੇ ਕੰਨਾਂ ਨਾਲ ਟਕਰਾ ਰਹੇ ਹਨ। ਹਾਲਾਂਕਿ ਉਸ ਨੇ ਘਰ ਇਹ ਸੁਨੇਹਾ ਭੇਜਿਆ ਸੀ ਕਿ ਕਿਸੇ ਨੇ ਉਸ ਕੋਲ ਆ ਕੇ ਹੰਝੂ ਨਹੀਂ ਕੇਰਨੇ ਸਗੋਂ ਹੌਸਲੇ ਨਾਲ ਉਸ ਨੂੰ ਆਖ਼ਰੀ ਮੰਜ਼ਿਲ ਵੱਲ ਤੋਰਨਾ ਹੈ। ਇਸੇ ਕਰਕੇ ਸਾਰੇ ਉਸ ਨੂੰ ਖਿੜੇ ਮੱਥੇ ਮਿਲੇ, ਪਰ ਉਸ ਨਾਲ ਗੱਲਾਂ ਕਰਦਿਆਂ ਤੇ ਫਿਰ ਉਸ ਤੋਂ ਵਿਦਾ ਲੈਂਦਿਆਂ ਸਾਰੇ ਹੀ ਫਿੱਸ ਪਏ। ਇਸ ਵੇਲੇ ਉਹ ਸਾਰਿਆਂ ਨੂੰ ਹੌਸਲਾ ਦੇਣ ਲੱਗ ਪਿਆ ਸੀ। ਮਾਂ ਨੂੰ ਹੌਸਲਾ ਦਿੰਦਿਆਂ ਉਸ ਨੇ ਕਿਹਾ, ‘‘ਬੇਬੇ ਜੀ, ਜੇ ਤੁਸੀਂ ਰੋਵੋਗੇ ਤਾਂ ਮੈਂ ਆਪਣੇ ਆਪ ਨੂੰ ਸੰਭਾਲ ਨਹੀਂ ਸਕਾਂਗਾ। ਲੋਕਾਂ ਨੂੰ ਇਹ ਕਹਿਣ ਦਾ ਮੌਕਾ ਨਹੀਂ ਮਿਲਣਾ ਚਾਹੀਦਾ ਕਿ ਜਦੋਂ ਭਗਤ ਸਿੰਘ ਨੂੰ ਫਾਂਸੀ ਲੱਗੀ ਤਾਂ ਉਸ ਦੀ ਮਾਂ ਦੀਆਂ ਅੱਖਾਂ ਵਿੱਚ ਅੱਥਰੂ ਸਨ। ਆਪਣਾ ਪਰਿਵਾਰ ਦੇਸ਼ਭਗਤਾਂ ਦਾ ਪਰਿਵਾਰ ਹੈ, ਫਿਰ ਮੇਰੀ ਮਾਂ ਕਿਉਂ ਰੋਵੇ? ਅਤੇ ਇਸ ਮੁੱਦੇ ਉੱਤੇ ਹੋਰ ਵੀ ਕਿਉਂ ਰੋਣ? ਮੈਂ ਤਾਂ ਕੋਈ ਗੁਨਾਹ ਨਹੀਂ ਕੀਤਾ। ਮੈਂ ਤਾਂ ਵਿਦੇਸ਼ੀ ਹਾਕਮਾਂ ਨੂੰ ਦੇਸ਼ ਵਿੱਚੋਂ ਕੱਢਣ ਲਈ ਹਥਿਆਰ ਹੀ ਉਠਾਏ ਸਨ। ਕਿਸੇ ਨੂੰ ਵੀ ਇਹ ਹੱਕ ਹਾਸਲ ਨਹੀਂ ਕਿ ਉਹ ਦੂਜਿਆਂ ਨੂੰ ਗ਼ੁਲਾਮ ਬਣਾ ਕੇ ਉਨ੍ਹਾਂ ਉੱਤੇ ਹਕੂਮਤ ਕਰੇ। ਇਹ ਬਰਤਾਨਵੀ ਸਾਡੇ ਦੇਸ਼ ਲਈ ਓਨੇ ਹੀ ਅਣਚਾਹੇ ਲੋਕ ਹਨ ਜਿੰਨੇ ਫਰਾਂਸੀਸੀ ਤੇ ਪੁਰਤਗਾਲੀ। ਮੈਂ ਚਾਹੁੰਦਾ ਹਾਂ ਕਿ ਸਿਰਫ਼ ਭਾਰਤ ਹੀ ਨਹੀਂ ਸਗੋਂ ਸੰਸਾਰ ਦੇ ਸਾਰੇ ਗ਼ੁਲਾਮ ਦੇਸ਼ ਆਜ਼ਾਦ ਹੋ ਜਾਣ।’’
ਭਗਤ ਸਿੰਘ ਨੇ ਮੁਲਾਕਾਤ ਸਮੇਂ ਪਰਿਵਾਰਕ ਮੈਂਬਰਾਂ ਦਾਦਾ, ਦਾਦੀ, ਚਾਚੀਆਂ- ਹਰਨਾਮ ਕੌਰ ਤੇ ਹੁਕਮ ਕੌਰ ਦੇ ਉਦਾਸੇ ਤੇ ਗ਼ਮਗੀਨ ਚਿਹਰੇ ਵੇਖੇ ਸਨ। ਪੰਦਰਾਂ ਵਰ੍ਹਿਆਂ ਦੇ ਆਪਣੇ ਨਿੱਕੇ ਭਰਾ ਕੁਲਬੀਰ ਸਿੰਘ ਦਾ ਚਿਹਰਾ ਉਸ ਦੀਆਂ ਨਜ਼ਰਾਂ ਤੋਂ ਪਾਸੇ ਹੋਣ ਦਾ ਨਾਂ ਹੀ ਨਹੀਂ ਸੀ ਲੈ ਰਿਹਾ। ਭਗਤ ਸਿੰਘ ਨੂੰ ਮੁਲਾਕਾਤ ਸਮੇਂ ਕੁਲਬੀਰ ਸਿੰਘ ਨੇ ਆਪਣੇ ਜਜ਼ਬਾਤ ਨੂੰ ਸ਼ਬਦਾਂ ਵਿੱਚ ਪਰੋ ਕੇ ਲਿਖੀ ਚਿੱਠੀ ਫੜਾਈ ਸੀ। ਜਦੋਂ ਭਗਤ ਸਿੰਘ ਨੇ ਕੁਲਬੀਰ ਸਿੰਘ ਦੀ ਲਿਖੀ ਗ਼ਮ ਅਤੇ ਭਾਵੁਕਤਾ ਭਰੀ ਚਿੱਠੀ ਪੜ੍ਹੀ ਤਾਂ ਉਸ ਲਈ ਜਵਾਬ ਵਿੱਚ ਹੇਠ ਲਿਖੇ ਸ਼ਬਦ ਲਿਖ ਕੇ ਮਨ ਹਲਕਾ ਕੀਤਾ:
‘ਮੇਰੇ ਬਹੁਤ ਪਿਆਰੇ ਵੀਰ ਕੁਲਬੀਰ ਸਿੰਘ,
ਤੁਸੀਂ ਮੇਰੇ ਲਈ ਬੜਾ ਕੁਝ ਕੀਤਾ ਹੈ। ਮੁਲਾਕਾਤ ਵੇਲੇ ਤੁਸੀਂ ਆਪਣੀ ਚਿੱਠੀ ਦੇ ਜਵਾਬ ਵਿੱਚ ਕੁਝ ਲਿਖ ਦੇਣ ਲਈ ਆਖਿਆ ਸੀ। ਲਓ ਕੁਝ ਸ਼ਬਦ ਲਿਖ ਦਿੰਦਾ ਹਾਂ- ਵੇਖੋ ਮੈਂ ਕਿਸੇ ਲਈ ਕੁਝ ਨਹੀਂ ਕੀਤਾ, ਤੁਹਾਡੇ ਲਈ ਵੀ ਨਹੀਂ। ਬਲਕਿ ਅੱਜ ਤੁਹਾਨੂੰ ਮੁਸੀਬਤ ਵਿੱਚ ਛੱਡ ਕੇ ਚੱਲਿਆ ਹਾਂ। ਤੁਹਾਡੀ ਜ਼ਿੰਦਗੀ ਦਾ ਕੀ ਬਣੇਗਾ। ਵਕਤ ਕਿਵੇਂ ਗੁਜ਼ਾਰੋਗੇ, ਇਹ ਹੀ ਸੋਚ ਕੇ ਕੰਬਣੀ ਛਿੜਨ ਲੱਗਦੀ ਹੈ। ਪਰ ਭਾਈ ਸਾਹਿਬ ਹੌਸਲਾ ਰੱਖਣਾ, ਮੁਸ਼ਕਲ ਵੇਲੇ ਵੀ ਕਦੇ ਨਾ ਘਬਰਾਉਣਾ। ਇਸ ਤੋਂ ਇਲਾਵਾ ਹੋਰ ਮੈਂ ਕੀ ਆਖ ਸਕਦਾ ਹਾਂ।
ਤੁਸੀਂ ਅਮਰੀਕਾ ਚਲੇ ਜਾਂਦੇ ਤਾਂ ਚੰਗੀ ਗੱਲ ਹੁੰਦੀ, ਪਰ ਹੁਣ ਤਾਂ ਇਹ ਗੱਲ ਵੀ ਨਾਮੁਮਕਿਨ ਲੱਗਦੀ ਹੈ। ਹੌਲੀ ਹੌਲੀ ਮਿਹਨਤ ਨਾਲ ਪੜ੍ਹਦੇ ਜਾਣਾ। ਜੇ ਕੋਈ ਕੰਮ ਸਿੱਖ ਸਕੋ ਤਾਂ ਬਿਹਤਰ ਰਹੇਗਾ ਪਰ ਸਾਰਾ ਕੁਝ ਪਿਤਾ ਜੀ ਨਾਲ ਸਲਾਹ-ਮਸ਼ਵਰੇ ਨਾਲ ਹੀ ਕਰਨਾ। ਸਾਰੇ ਜੀਆਂ ਨੇ ਆਪਸ ਵਿੱਚ ਪਿਆਰ-ਮੁਹੱਬਤ ਨਾਲ ਰਹਿਣਾ।
ਮੈਂ ਜਾਣਦਾ ਹਾਂ ਕਿ ਤੁਹਾਡੇ ਦਿਲ ਵਿੱਚ ਗ਼ਮ ਦਾ ਸਮੁੰਦਰ ਉੱਛਲ ਰਿਹਾ ਹੈ। ਵੀਰ, ਤੁਹਾਡੇ ਬਾਰੇ ਸੋਚਦਿਆਂ ਅੱਖਾਂ ਨਮ ਹੋ ਰਹੀਆਂ ਨੇ, ਪਰ ਕੀ ਕੀਤਾ ਜਾ ਸਕਦਾ ਹੈ, ਬਸ ਹੌਸਲਾ ਰੱਖਣਾ। ਮੇਰੇ ਅਜ਼ੀਜ਼, ਮੇਰੇ ਨਿਹਾਇਤ ਪਿਆਰੇ ਵੀਰ ਜ਼ਿੰਦਗੀ ਜਿਊਣੀ ਬੜਾ ਡਾਢਾ ਕੰਮ ਹੈ ਅਤੇ ਦੁਨੀਆ ਵੀ ਕਿਸੇ ਉੱਤੇ ਤਰਸ ਨਹੀਂ ਕਰਦੀ। ਸਿਰਫ਼ ਹਿੰਮਤ ਤੇ ਹੌਸਲੇ ਨਾਲ ਹੀ ਵਕਤ ਕੱਟਿਆ ਜਾ ਸਕੇੇਗਾ। ਕੁਲਤਾਰ ਦੀ ਪੜ੍ਹਾਈ ਦਾ ਧਿਆਨ ਵੀ ਤੁਸੀਂ ਰੱਖਣਾ। ... ਚੰਗਾ ਨਮਸਕਾਰ, ਪਿਆਰੇ ਵੀਰ ਅਲਵਿਦਾ- ਰੁਖ਼ਸਤ! ਤੁਹਾਡੀ ਖੈਰ ਸੁਖ ਚਾਹੁੰਦਾ ਹੋਇਆ- ਭਗਤ ਸਿੰਘ।’
ਪਰਿਵਾਰ ਨਾਲ ਮੁਲਾਕਾਤ ਕਰ ਅਤੇ ਕੁਲਬੀਰ ਸਿੰਘ ਨੂੰ ਚਿੱਠੀ ਲਿਖ ਕੇ ਭਗਤ ਸਿੰਘ ਨੂੰ ਤਸੱਲੀ ਅਤੇ ਰਾਹਤ ਮਿਲੀ ਅਤੇ ਉਸ ਨੇ ਜਜ਼ਬਾਤੀ ਫਿਜ਼ਾ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕੀਤੀ, ਪਰ ਜੇਬ ਕੋਲੋਂ ਆਪਣੇ ਗਿੱਲੇ ਹੋਏ ਕਮੀਜ਼ ਨੂੰ ਵੇਖ ਕੇ ਇਕਦਮ ਉਸ ਨੂੰ ਬਾਰਾਂ ਵਰ੍ਹਿਆਂ ਦੇ ਕੁਲਤਾਰ ਦਾ ਮਾਸੂਮ ਚਿਹਰਾ ਯਾਦ ਆ ਗਿਆ। ਉਹ ਮੁਲਾਕਾਤ ਸਮੇਂ ਹਟਕੋਰੇ ਭਰ ਰਿਹਾ ਸੀ। ਭਗਤ ਸਿੰਘ ਨੂੰ ਹਾਲੇ ਵੀ ਉਹ ਆਪਣੇ ਸੀਨੇ ਲੱਗਿਆ ਮਹਿਸੂਸ ਹੋ ਰਿਹਾ ਸੀ ਤੇ ਉਸ ਦੇ ਕੋਸੇ ਕੋਸੇ ਅੱਥਰੂ ਰਿਸ਼ਤਿਆਂ ਦਾ ਨਿੱਘ ਮਹਿਸੂਸ ਕਰਵਾ ਰਹੇ ਸਨ। ਭਾਵੁਕਤਾ ਦੇ ਇਸੇ ਮੰਜ਼ਰ ਵਿੱਚ ਭਗਤ ਸਿੰਘ ਨੇ ਇੱਕ ਚਿੱਠੀ ਕੁਲਤਾਰ ਸਿੰਘ ਨੂੰ ਲਿਖੀ:
‘ਬਹੁਤ ਪਿਆਰੇ ਕੁਲਤਾਰ,
ਅੱਜ ਤੁਹਾਡੀਆਂ ਅੱਖਾਂ ’ਚੋਂ ਅੱਥਰੂ ਵਗਦੇ ਵੇਖ ਕੇ ਬੜਾ ਦੁੱਖ ਹੋਇਆ। ਤੁਹਾਡੀਆਂ ਗੱਲਾਂ ਵਿੱਚ ਅੱਜ ਨਿਹਾਇਤ ਦਰਦ ਸੀ। ਤੁਹਾਡੇ ਅੱਥਰੂ ਮੇਰੇ ਤੋਂ ਸਹਿਣ ਨਹੀਂ ਹੁੰਦੇੇ। ਬਰਖੁਰਦਾਰ, ਹੁਣ ਤੁਸੀਂ ਹਿੰਮਤ ਨਾਲ ਵਿਦਿਆ ਪ੍ਰਾਪਤ ਕਰਨੀ ਅਤੇ ਆਪਣੀ ਸਿਹਤ ਦਾ ਖਿਆਲ ਰੱਖਣਾ ਹੈ। ਹੌਸਲੇ ਨਾਲ ਰਹਿਣਾ ਹੈ ਅਤੇ ਹੋਰ ਕੀ ਲਿਖਾਂ... ਕੀ ਕਹਾਂ... ਸੁਣੋ:
ਉਸੇ ਯਹ ਫ਼ਿਕਰ ਹੈ ਹਰਦਮ,
ਨਯਾ ਤਰਜ਼ੇ-ਜਫ਼ਾ ਕਯਾ ਹੈ,
ਹਮੇਂ ਯਹ ਸ਼ੌਕ ਹੈ ਕਿ ਦੇਖੇਂ,
ਸਿਤਮ ਕੀ ਇੰਤਹਾ ਕਯਾ ਹੈ।
(ਚੱਕਬਸਤ ਲਖਨਵੀ ਦਾ ਸ਼ਿਅਰ ਜਿਸ ਦਾ ਭਾਵ ਹੈ: ਉਹ ਹਮੇਸ਼ਾ ਬੇਵਫ਼ਾਈ ਦੇ ਨਵੇਂ ਢੰਗ ਅਪਨਾਉਣ ਲਈ ਤਤਪਰ ਰਹਿੰਦੇ ਹਨ, ਪਰ ਅਸੀਂ ਇਹ ਵੇਖਣ ਲਈ ਬੇਚੈਨ ਹਾਂ ਕਿ ਉਹ ਸਾਡੇ ਉੱਤੇ ਕਿੰਨਾ ਕੁ ਜ਼ੁਲਮ ਢਾਹ ਸਕਦੇ ਹਨ ਅਰਥਾਤ ਅਸੀਂ ਹਰ ਜਬਰ ਦਾ ਸਾਹਮਣਾ ਕਰਨ ਲਈ ਤਿਆਰ ਬੈਠੇ ਹਾਂ।)
ਦਹਰ ਸੇ ਕਯੋਂ ਖ਼ਫ਼ਾ ਰਹੇਂ, ਚਰਖ਼ ਕਾ ਕਯੋਂ ਗਿਲਾ ਕਰੇਂ,
ਸਾਰਾ ਜਹਾਂ ਅਦੂ ਸਹੀ, ਆਉ ਮੁਕਾਬਲਾ ਕਰੇਂ।
(ਡਾ. ਮੁਹੰਮਦ ਇਕਬਾਲ ਦਾ ਸ਼ਿਅਰ ਜਿਸ ਦੇ ਭਾਵ ਹਨ: ਅਸੀਂ ਇਸ ਦੁਨੀਆ ਨਾਲ ਨਾਰਾਜ਼ ਕਿਉਂ ਹੋਈਏ ਅਤੇ ਇਸਦੀ ਸ਼ਿਕਾਇਤ ਕਿਉਂ ਕਰੀਏ। ਸਾਡੀ ਆਪਣੀ ਦੁਨੀਆ ਹੈ (ਆਦਰਸ਼ਾਂ ਦੀ), ਆਉ ਇਸ ਨੂੰ ਪ੍ਰਾਪਤ ਕਰਨ ਲਈ ਸੰਘਰਸ਼ ਕਰੀਏ।)
ਕੋਈ ਦਮ ਕਾ ਮਹਿਮਾਂ ਹੂੰ, ਐ ਅਹਿਲੇ-ਮਹਿਫ਼ਿਲ,
ਚਰਾਗ਼-ਏ-ਸਹਿਰ ਹੂੰ, ਬੁਝਾ ਚਾਹਤਾ ਹੂੰ।
(ਡਾ. ਮੁਹੰਮਦ ਇਕਬਾਲ ਦਾ ਸ਼ਿਅਰ, ਜਿਸ ਦਾ ਮਤਲਬ ਹੈ: ਮੇਰੇ ਸਾਥੀਉ, ਮੈਂ ਇਸ ਦੁਨੀਆ ਰੂਪੀ ਮਹਿਫ਼ਿਲ ਵਿੱਚ ਕੁਝ ਪਲਾਂ ਦਾ ਮਹਿਮਾਨ ਹਾਂ। ਮੈਂ ਉਹ ਚਿਰਾਗ਼ ਹਾਂ ਜੋ ਪਹੁ-ਫੁਟਾਲਾ ਹੋਣ ਤੱਕ ਜਗਿਆ ਹਾਂ ਅਤੇ ਹੁਣ ਬੁਝ ਜਾਣਾ ਚਾਹੁੰਦਾ ਹਾਂ।)
ਮੇਰੀ ਹਵਾ ਮੇਂ ਰਹੇਗੀ, ਖ਼ਯਾਲ ਕੀ ਬਿਜਲੀ,
ਯੇ ਮੁਸ਼ਤੇ-ਖ਼ਾਕ ਹੈ ਫਾਨੀ, ਰਹੇ ਨਾ ਰਹੇ।
(ਚੱਕਬਸਤ ਲਖਨਵੀ ਦਾ ਸ਼ਿਅਰ, ਜਿਸ ਦਾ ਮਤਲਬ ਹੈ: ਮੇਰਾ ਵਿਸ਼ਵਾਸ ਤੇ ਮੇਰੇ ਵਿਚਾਰ ਹਮੇਸ਼ਾ ਕੁੱਲ ਹਵਾਵਾਂ ਨੂੰ ਸੁਗੰਧਿਤ ਕਰਦੇ ਰਹਿਣਗੇ, ਫਿਰ ਜੇ ਇਸ ਮੁੱਠੀ ਭਰ ਮਿੱਟੀ ਦਾ ਨਾਸ਼ਵਾਨ ਸਰੀਰ ਖ਼ਤਮ ਹੋ ਜਾਂਦਾ ਹੈ ਤਾਂ ਇਸ ਦਾ ਦੁੱਖ ਕਿਉਂ ਕਰੀਏ?)
ਅੱਛਾ ਰੁਖ਼ਸਤ ਹੁੰਦਾ ਹਾਂ- ਖ਼ੁਸ਼ ਰਹੋ ਐ ਅਹਿਲੇ ਵਤਨ, ਹਮ ਤੋ ਸਫ਼ਰ ਕਰਤੇ ਹੈਂ।
ਹੌਸਲੇ ਨਾਲ ਰਹਿਣਾ, ਨਮਸਤੇ। ਤੇਰਾ ਵੀਰ- ਭਗਤ ਸਿੰਘ।’
ਭਗਤ ਸਿੰਘ ਨੇ ਇਸ ਚਿੱਠੀ ਦਾ ਅੰਤ ਕਰਦਿਆਂ ਆਪਣੇ ਪਿਆਰੇ ਦੇਸ਼ ਦੇ ਲੋਕਾਂ ਲਈ ਭਵਿੱਖ ਵਿੱਚ ਖ਼ੁਸ਼ੀ ਅਤੇ ਸੁਖ ਨਾਲ ਵੱਸਣ ਦੀ ਕਾਮਨਾ ਵਾਜਿਦ ਅਲੀ ਸ਼ਾਹ ਦੇ ਸ਼ਿਅਰ ਰਾਹੀਂ ਕੀਤੀ, ਜੋ ਸ਼ਾਹ ਨੇ ਉਦੋਂ ਲਿਖਿਆ ਸੀ ਜਦੋਂ ਬ੍ਰਿਟਿਸ਼ ਹਕੂਮਤ ਨੇ ਉਸ ਨੂੰ ਅਵਧ ਦੀ ਨਵਾਬੀ ਤੋਂ ਲਾਹ ਕੇ ਲਖਨਊ ਤੋਂ ਬਾਹਰ ਕੱਢ ਦਿੱਤਾ ਸੀ। ਇਸ ਸ਼ਿਅਰ ਦਾ ਇੱਕ ਮਿਸਰਾ ਛੱਡ ਦੇਣ ਪਿੱਛੇ ਭਗਤ ਸਿੰਘ ਦੇ ਵਿਚਾਰਾਂ ਵਿਚਲੀ ਪੁਖ਼ਤਗੀ ਅਤੇ ਦੂਰਅੰਦੇਸ਼ੀ ਨਜ਼ਰ ਆਉਂਦੀ ਹੈ। ਵਾਜਿਦ ਅਲੀ ਸ਼ਾਹ ਦਾ ਪੂਰਾ ਸ਼ਿਅਰ ਇਸ ਤਰ੍ਹਾਂ ਸੀ- ਦਰ-ਓ-ਦੀਵਾਰ ਪੇ, ਹਸਰਤ ਸੇ ਨਜ਼ਰ ਕਰਤੇ ਹੈਂ, ਖ਼ੁਸ਼ ਰਹੋ ਅਹਿਲੇ ਵਤਨ, ਹਮ ਤੋ ਸਫ਼ਰ ਕਰਤੇ ਹੈਂ। ਭਾਵ: ਮੈਂ ਇਸ ਮਹਿਲ ਦੀ ਚਾਹਤ ਦਿਲ ਵਿੱਚ ਰੱਖਦਾ ਹੋਇਆ ਇਸ ਨੂੰ ਖ਼ਾਹਿਸ਼ ਭਰੀਆਂ ਨਜ਼ਰਾਂ ਨਾਲ ਤੱਕ ਰਿਹਾ ਹਾਂ। ਦੇਸ਼ ਵਾਸੀਓ ਤੁਸੀਂ ਖ਼ੁਸ਼ ਰਹਿਣਾ, ਮੈਂ ਤਾਂ ਇੱਕ ਮੁਸਾਫ਼ਿਰ ਵਾਂਗੂੰ ਇੱਥੋਂ ਜਾ ਰਿਹਾ ਹਾਂ।
ਭਗਤ ਸਿੰਘ ਨੇ ਦੁਨੀਆ ਨਾਲ ਆਪਣਾ ਲਗਾਅ ਨਹੀਂ ਪ੍ਰਗਟਾਇਆ, ਜਿਸ ਨੂੰ ਉਹ ਅਲਵਿਦਾ ਕਹਿਣ ਵਾਲਾ ਸੀ। ਉਹ ਖ਼ੁਸ਼ੀ ਖ਼ੁਸ਼ੀ ਦੁਨੀਆ ਤੋਂ ਇਸੇ ਹਸਰਤ ਅਤੇ ਵਿਚਾਰ ਨਾਲ ਰੁਖ਼ਸਤ ਹੋਇਆ ਕਿ ਦੇਸ਼ਵਾਸੀ ਉਸ ਦੇ ਰਹਿੰਦੇ ਕਾਰਜ ਪੂਰੇ ਕਰਨਗੇ ਅਤੇ ਉਹ ਆਪਣੇ ਦੇਸ਼ ਵਾਸੀਆਂ ਦੇ ਦਿਲਾਂ ਵਿੱਚ ਪਿਆਰ, ਹੌਸਲੇ ਅਤੇ ਕੁਰਬਾਨੀ ਦਾ ਪ੍ਰਤੀਕ ਬਣ ਕੇ ਜੀਵੇਗਾ।
(ਲੇਖਕ ਦੀ ਕਿਤਾਬ ‘ਸ਼ਹੀਦ ਭਗਤ ਸਿੰਘ, ਜਨਮ ਤੋਂ ਸ਼ਹਾਦਤ ਤੱਕ ਦਾ ਸਫ਼ਰ’ ਵਿੱਚੋਂ)
ਸੰਪਰਕ: 94170-72314, 0175-2281224

