ਅਸੀਂ ਕਾਹਦੇ ਲਈ ਆਂ..?
‘‘ਬੇਬੇ, ਮੇਰੇ ਬਾਪੂ ਨੂੰ ਤਾਂ ਸਾਰੀ ਉਮਰ ਪੈਸਾ ਕਮਾਉਣਾ ਨ੍ਹੀਂ ਆਇਆ।’’ ਬਿੰਦਰ ਨੇ ਆਪਣੀ ਮਾਂ ਨੂੰ ਨਿਹੋਰਾ ਮਾਰਿਆ। ‘‘ਕੋਈ ਨਾ ਪੁੱਤ... ਉਹਨੂੰ ਤਾਂ ਨ੍ਹੀਂ ਆਇਆ, ਤੂੰ ਹੁਣ ਆਵਦੇ ਹਿਸਾਬ ਨਾਲ ਕਮਾ ਲੈ।’’ ‘‘ਦੇਖੀਂ ਤੇਰੇ ਪੁੱਤ ਦੀ ਚੜ੍ਹਾਈ..!’’ ਉਸ ਆਪਣੀ ਮਾਂ...
‘‘ਬੇਬੇ, ਮੇਰੇ ਬਾਪੂ ਨੂੰ ਤਾਂ ਸਾਰੀ ਉਮਰ ਪੈਸਾ ਕਮਾਉਣਾ ਨ੍ਹੀਂ ਆਇਆ।’’ ਬਿੰਦਰ ਨੇ ਆਪਣੀ ਮਾਂ ਨੂੰ ਨਿਹੋਰਾ ਮਾਰਿਆ। ‘‘ਕੋਈ ਨਾ ਪੁੱਤ... ਉਹਨੂੰ ਤਾਂ ਨ੍ਹੀਂ ਆਇਆ, ਤੂੰ ਹੁਣ ਆਵਦੇ ਹਿਸਾਬ ਨਾਲ ਕਮਾ ਲੈ।’’ ‘‘ਦੇਖੀਂ ਤੇਰੇ ਪੁੱਤ ਦੀ ਚੜ੍ਹਾਈ..!’’ ਉਸ ਆਪਣੀ ਮਾਂ ਨੂੰ ਆਖਿਆ। ‘‘ਰੱਬ ਤੇਰੀ ਕਮਾਈ ’ਚ ਬਰਕਤ ਪਾਵੇ।’’ ਉਸ ਨੇ ਅਸੀਸ ਦਿੱਤੀ। ‘‘ਬਰਕਤ ਨ੍ਹੀਂ ਬੇਬੇ... ਬਰਕਤਾਂ ਆਖ।’’ ਉਸ ਨੇ ਚਾਮਲ੍ਹ ਕੇ ਆਖਿਆ। ਮਾਂ ਹੈਰਾਨੀ ਨਾਲ ਉਸ ਵੱਲ ਤੱਕਣ ਲੱਗੀ। ਕਈ ਵਾਰ ਉਸ ਦੀਆਂ ਇਹੋ ਜਿਹੀਆਂ ਗੱਲਾਂ ਬਾਪੂ ਦੇ ਕੰਨੀਂ ਵੀ ਪੈ ਚੁੱਕੀਆਂ ਸਨ। ਬਾਪੂ ਨੂੰ ਆਪਣੇ ਬਜ਼ੁਰਗਾਂ ਦੀਆਂ ਕਹੀਆਂ ਗੱਲਾਂ ਚੇਤੇ ਆਉਂਦੀਆਂ, ‘ਜੇ ਔਲਾਦ ’ਤੇ ਸ਼ੱਕ ਹੋ ਜਾਵੇ ਤਾਂ ਉਸ ਦੀ ਹਰ ਹਰਕਤ ’ਤੇ ਨਜ਼ਰ ਰੱਖਣੀ ਜ਼ਰੂਰੀ ਹੁੰਦੀ ਐ। ਨਹੀਂ ਤਾਂ ਬਾਅਦ ਵਿੱਚ ਪਛਤਾਵੇ ਤੋਂ ਬਿਨਾਂ ਕੁਝ ਨ੍ਹੀਂ ਹੱਥ ਲੱਗਦਾ...!’ ਬਿੰਦਰ ਦਾ ਬਹੁਤ ਜੀਅ ਕਰਦਾ ਕਿ ਬਾਪੂ ਨੂੰ ਦੱਸ ਦੇਵੇ ਕਿ ਉਸ ਦੇ ਪੁੱਤ ਨੂੰ ਪੈਸਾ ਕਮਾਉਣਾ ਆ ਗਿਆ...! ਹਜ਼ਾਰ ਤੋਂ ਦੋ ਹਜ਼ਾਰ, ਪੰਜ ਤੋਂ ਦਸ, ਦਸ ਤੋਂ ਪੰਦਰਾਂ...! ‘‘ਲੈ, ਪੈਸੇ ਕਮਾਉਣੇ ਕੀ ਔਖੇ ਨੇ। ਬਾਪੂ ਹੁਰੀਂ ਊਂਈਂ ਛੇ-ਛੇ ਮਹੀਨੇ ਫ਼ਸਲ ਕੰਨੀਂ ਝਾਕਦੇ ਰਹਿੰਦੇ ਨੇ। ਉਹ ਵੀ ਜੇ ਮੀਂਹ ਕਣੀ, ਝੱਖੜ ਤੋਂ ਬਚਾਅ ਰਹਿ ਜਾਵੇ ਤਾਂ ਕੁਝ ਪੱਲੇ ਪੈਂਦੈ, ਨਹੀਂ ਤਾਂ ਬਸ ਆੜ੍ਹਤੀਏ ਜੋਗੇ। ਆੜ੍ਹਤੀਆ ਵੀ ਵਿਆਜ ਲਾਉਣ ਲੱਗਿਆਂ ਜਮ੍ਹਾਂ ਕਿਰਕ ਨ੍ਹੀਂ ਕਰਦਾ। ਹੁਣ ਆਪਾਂ ਵੀ ਬਾਣੀਏ ਦੇ ਪੈਸਿਆਂ ਦੇ ਸਿਰੋਂ ਪੈਸੇ ਬਣਾਉਣੇ ਨੇ।’
ਘਰਦਿਆਂ ਤੋਂ ਚੋਰੀ ਆੜ੍ਹਤੀਏ ਤੋਂ ਪੈਸੇ ਚੁੱਕ ਕੇ ਇੱਕ ਭਰੋਸੇਯੋਗ ਕੰਪਨੀ ਵਿੱਚ ਲਾ ਦਿੱਤੇ। ਭਰੋਸਾ ਹੋਣ ਕਰ ਕੇ ਆੜ੍ਹਤੀਏ ਨੇ ਵੀ ਕੋਈ ਨਾਂਹ-ਨੁੱਕਰ ਨਾ ਕੀਤੀ। ਜਿੱਥੋਂ ਵੀ ਆਸਾਨੀ ਨਾਲ ਪੈਸੇ ਮਿਲ ਸਕਦੇ ਸਨ, ਫੜ ਲਏ। ਉਹ ਸੋਚਦਾ, ‘ਜੇ ਮੈਂ ਘਰਦਿਆਂ ਨੂੰ ਪਹਿਲਾਂ ਹੀ ਦੱਸ ਦਿੱਤਾ, ਫਿਰ ਉਹ ਸੁਆਦ ਨ੍ਹੀਂ ਰਹਿਣਾ। ਬਸ ਉਦੋਂ ਈ ਪਤਾ ਲੱਗੇ ਜਦੋਂ ਉਹ ਪੈਸੇ ਕਈ ਗੁਣਾ ਵਧਾ ਕੇ ਵਾਪਸ ਕਰੇਗਾ, ਸਾਰੇ ਕਿੰਨੇ ਖ਼ੁਸ਼ ਹੋਣਗੇ।’ ਉਸ ਨੂੰ ਰਾਤਾਂ ਨੂੰ ਨੀਂਦ ਨਾ ਆਉਂਦੀ। ਸਾਰੀ-ਸਾਰੀ ਰਾਤ ਆਪਣੇ ਘਰਦਿਆਂ ਦੀ ਖ਼ੁਸ਼ੀ ਬਾਰੇ ਸੋਚਦਾ। ਕਦੇ ਪਿਉ ਬਾਰੇ, ਕਦੇ ਮਾਂ ਬਾਰੇ, ਕਦੇ ਪਤਨੀ ਨੂੰ ਸੂਟ ਲੈ ਕੇ ਦੇਣ ਅਤੇ ਉਸ ਦੀਆਂ ਨਿੱਕੀਆਂ-ਨਿੱਕੀਆਂ ਰੀਝਾਂ ਪੂਰੀਆਂ ਕਰਨ ਬਾਰੇ ਸੋਚਦਾ। ਖੇਤੀਬਾੜੀ ਦੇ ਸਿਰੋਂ ਸਾਰੀਆਂ ਰੀਝਾਂ ਪੂਰੀਆਂ ਨਹੀਂ ਹੋ ਸਕਦੀਆਂ। ਕੰਪਨੀ ਵਾਲਿਆਂ ਨੇ ਇੱਕ ਹੋਰ ਗੱਲ ਵੀ ਸਮਝਾਈ। ਕਹਿੰਦੇ ਕਿ ਜੇਕਰ ਆਪਾਂ ਹੋਰ ਮੈਂਬਰ ਤਿਆਰ ਕਰ ਲਈਏ, ਉਹਦੇ ਅੱਡ ਪੈਸੇ ਮਿਲਦੇ ਨੇ। ਆਪਣੀ ਪਤਨੀ ਕੁਲਜੀਤ ਨੂੰ ਪੇਕੇ ਭੇਜ ਕੇ ਉਨ੍ਹਾਂ ਦੇ ਨਾਂ ’ਤੇ ਵੀ ਪੈਸੇ ਲਾ ਦਿੱਤੇ। ਅਸਲ ਗੱਲ ਕੁਲਜੀਤ ਨੂੰ ਨਹੀਂ ਦੱਸੀ। ਇਹੀ ਆਖਿਆ ਕਿ ਕਿਸੇ ਨੂੰ ਪੈਸਿਆਂ ਦੀ ਜ਼ਰੂਰਤ ਹੈ, ਅਗਲਾ ਵੱਧ ਵਿਆਜ ਦੇਣ ਨੂੰ ਤਿਆਰ ਹੈ।
ਜਦੋਂ ਉਹ ਪੈਸਾ ਲਗਵਾਉਣ ਵਾਲੇ ਏਜੰਟਾਂ ਦੀਆਂ ਗੱਲਾਂ ਸੁਣਦਾ ਤਾਂ ਅੰਬਰੀਂ ਉਡਾਰੀਆਂ ਲਾਉਣ ਲੱਗ ਪੈਂਦਾ। ਆਪਣੇ ਬਾਪੂ ’ਤੇ ਕਈ ਵਾਰ ਉਸ ਨੂੰ ਨਾਰਾਜ਼ਗੀ ਹੁੰਦੀ। ਸਾਰੀ ਉਮਰ ਉਸ ਨੇ ਖੇਤੀ ਕੀਤੀ। ਮਿੱਟੀ ਨਾਲ ਮਿੱਟੀ ਹੁੰਦਾ ਰਿਹਾ। ਕੀ ਖੱਟਿਆ? ਬਸ ਸਬਰ ਸ਼ੁਕਰ ਵਾਲੀ ਸੋਚ ’ਤੇ ਖੜ੍ਹਾ ਰਿਹਾ। ਉਸ ਨੂੰ ਪਤਾ ਨ੍ਹੀਂ ਕਿਉਂ ਨਹੀਂ ਸਮਝ ਆਈ ਕਿ ਪੈਸਾ ਕਿਵੇਂ ਕਮਾਈਦਾ ਹੈ। ਜੇ ਕਿਤੇ ਪਹਿਲਾਂ ਬਾਪੂ ਨੂੰ ਸਮਝ ਆ ਜਾਂਦੀ, ਅੱਜ ਉਹ ਵੀ ਕਾਰਾਂ ਕੋਠੀਆਂ ਵਾਲੇ ਹੁੰਦੇ। ਅਜੀਬ ਜਿਹੀ ਬੇਚੈਨੀ ਸੌਣ ਨਾ ਦਿੰਦੀ। ਅੰਦਰੋਂ ਹਮੇਸ਼ਾ ਖਿੜਿਆ ਰਹਿੰਦਾ। ਆਪਣੀ ਮਿਹਨਤ ਨਾਲ ਟਰੈਕਟਰ ਨਾਲ ਢੋਆ-ਢੁਆਈ ਕਰ ਕੇ ਪਹਿਲੀ ਵਾਰ ਪੈਸੇ ਜੋੜੇ। ਕੁਝ ਪੈਸੇ ਲੋਕਾਂ ਦੇ ਖੇਤਾਂ ਵਿੱਚੋਂ ਕੰਬਾਈਨ ਦੁਆਰਾ ਵੱਢੀ ਕਣਕ ਦੀ ਨਾੜ ਦੀ ਤੂੜੀ ਬਣਾ ਕੇ ਕਮਾਏ। ਕੁਝ ਘਰੇ ਫੜਾਏ, ਕੁਝ ਆਪਣੇ ਕੋਲ ਰੱਖੇ। ਉਹ ਕੰਮ ਵੀ ਵੱਧ ਕਰਨ ਲੱਗ ਪਿਆ ਤਾਂ ਕਿ ਵੱਧ ਕਮਾਈ ਕਰ ਕੇ, ਕੰਪਨੀ ਵਿੱਚ ਵੱਧ ਪੈਸੇ ਲਾ ਸਕੇ ਤੇ ਛੇਤੀ ਹੀ ਵੱਧ ਪੈਸੇ ਕਮਾਵੇ। ਜੇ ਉਸ ਦੇ ਵੱਸ ਦੀ ਗੱਲ ਹੁੰਦੀ ਤਾਂ ਉਹ ਸਮੇਂ ਦੀ ਗਤੀ ਵਧਾ ਕੇ ਉਸ ਮਹੀਨੇ ਤੱਕ ਲੈ ਜਾਂਦਾ, ਜਦੋਂ ਉਸ ਨੂੰ ਲੱਖਾਂ ਰੁਪਏ ਇਕੱਠੇ ਮਿਲਣੇ ਸਨ। ਸੋਚ ਕੇ ਹੀ ਉਸ ਦਾ ਮਨ ਉਡਾਰੀਆਂ ਭਰਨ ਲੱਗ ਪੈਂਦਾ ਕਿ ਸਾਰੇ ਘਰ ਦੀ ਗ਼ਰੀਬੀ ਚੁੱਕੀ ਜਾਊ...! ਦੋ-ਚਾਰ ਵਾਰੀ ਤਾਂ ਉਸ ਨੂੰ ਪੰਜ-ਪੰਜ, ਦਸ-ਦਸ ਹਜ਼ਾਰ ਰੁਪਏ ਮਿਲ ਵੀ ਚੁੱਕੇ ਸਨ। ਇੱਕ-ਦੋ ਵਾਰ ਘਰ ਦੀਆਂ ਜ਼ਰੂਰਤਾਂ ਲਈ ਵਰਤ ਲਏ... ਦੋ ਕੁ ਵਾਰ ਉਨ੍ਹਾਂ ਦੇ ਕਹਿਣ ’ਤੇ ਕੰਪਨੀ ਵਿੱਚ ਹੀ ਲਾ ਦਿੱਤੇ ਤਾਂ ਕਿ ਇਹ ਪੈਸੇ ਕਈ ਗੁਣਾ ਵੱਧ ਬਣ ਜਾਣ। ਐਨੇ ਥੋੜ੍ਹੇ ਪੈਸੇ ਲਾਉਣ ਦਾ ਵੀ ਕੋਈ ਸਵਾਦ ਨਹੀਂ ਸੀ। ਕਿਸੇ ਨੂੰ ਬਿਨਾਂ ਦੱਸੇ ਸਹੁਰਿਆਂ ਵੱਲੋਂ ਪਾਇਆ ਸੋਨੇ ਦਾ ਕੜਾ ਅਤੇ ਛਾਪ ਵੇਚ ਕੇ ਵੀ ਪੈਸੇ ਲਾ ਦਿੱਤੇ। ਇਸ ਉਪਰੰਤ ਉਹ ਬਿਲਕੁਲ ਸੁਰਖ਼ਰੂ ਹੋ ਗਿਆ। ਕੁਝ ਸਮੇਂ ਲਈ ਸਭ ਫ਼ਿਕਰ-ਫ਼ਾਕੇ ਮੁਕਾ ਲਏ। ਬਸ ਉਸ ਵੇਲੇ ਦੀ ਉਡੀਕ ਸੀ, ਜਦੋਂ ਉਹ ਆਪਣੇ ਘਰ ਵਿੱਚ ਸਭ ਤੋਂ ਵੱਧ ਸਿਆਣਾ ਮੰਨਿਆ ਜਾਵੇਗਾ... ਬਾਪੂ ਉਸ ਨੂੰ ਗਲ਼ ਨਾਲ ਲਾਵੇਗਾ, ਨਹੀਂ ਤਾਂ ਹੁਣ ਤੱਕ ਬਾਪੂ ਉਸ ਦੇ ਮੋਢੇ ’ਤੇ ਹੱਥ ਰੱਖ ਕੇ ਈ ਥਾਪੀ ਦੇ ਦਿੰਦਾ ਸੀ। ਬਿੰਦਰ ਨੇ ਆਪਣੇ ਇੱਕ ਬਹੁਤ ਨਜ਼ਦੀਕੀ ਦੋਸਤ ਹਰਪਾਲ ਨਾਲ ਗੱਲ ਸਾਂਝੀ ਕੀਤੀ। ਉਹ ਕਹਿਣ ਲੱਗਾ, ‘‘ਧਿਆਨ ਰੱਖੀਂ ਬਿੰਦਰਾ, ਇਸ ਤਰ੍ਹਾਂ ਦੇ ਲੋਕ ਠੱਗ ਹੁੰਦੇ ਨੇ।’’ ‘‘ਨਾ ਬਾਈ, ਇਹ ਤਾਂ ਚੰਗੇ ਬੰਦੇ ਨੇ। ਪਹਿਲਾਂ ਆਪਾਂ ਸਾਰੀ ਪੜਤਾਲ ਕੀਤੀ ਐ। ਮੈਂ ਆਪ ਇਨ੍ਹਾਂ ਦੇ ਦਫ਼ਤਰ ਗਿਆ ਸੀ। ਸਾਰਾ ਕੁਝ ਇਨ੍ਹਾਂ ਨੇ ਨੈੱਟ ’ਤੇ ਪਾਇਆ ਹੋਇਐ, ਜਦੋਂ ਮਰਜ਼ੀ ਖੋਲ੍ਹ ਕੇ ਦੇਖ ਲਓ।’’ ਥੋੜ੍ਹਾ ਰੁਕ ਕੇ ਬਿੰਦਰ ਫਿਰ ਬੋਲਿਆ, ‘‘ਇਹ ਤਾਂ ਸਗੋਂ ਆਪ ਕਹਿੰਦੇ ਹੁੰਦੇ ਨੇ ਠੱਗਾਂ ਤੋਂ ਬਚ ਕੇ ਰਹੋ। ਤੂੰ ਮੇਰੇ ਨਾਲ ਚੱਲੀਂ ਤੈਨੂੰ ਆਪੇ ਪਤਾ ਲੱਗ ਜਾਊ। ਅਜੇ ਹੋਰ ਕਿਸੇ ਨੂੰ ਨਾ ਦੱਸੀਂ...!’’ ਬਿੰਦਰ ਨੇ ਆਪਣੇ ਨਾਲ ਲਿਜਾਣ ਲਈ ਦੋਸਤ ਨੂੰ ਪੱਕਾ ਕਰ ਲਿਆ।
ਜਾਣ ਤੋਂ ਦੋ ਦਿਨ ਪਹਿਲਾਂ ਬਿੰਦਰ ਨੇ ਫੋਨ ਲਾਇਆ ਤਾਂ ਉਨ੍ਹਾਂ ਦਾ ਫੋਨ ਅੱਗੋਂ ਟੂੰ-ਟੂੰ ਹੀ ਕਰੇ। ਕਿਸੇ ਹੋਰ ਨਾਲ ਗੱਲ ਕਰਦੇ ਹੋਣਗੇ, ਵੱਡੇ ਲੋਕਾਂ ਦੀ ਜਾਣ-ਪਛਾਣ ਵਾਲੇ ਵੀ ਬਥੇਰੇ ਹੁੰਦੇ ਨੇ, ਉਹ ਸੋਚਦਾ। ਉਸ ਨੂੰ ਯਾਦ ਆਇਆ ਕਿ ਗੁਆਂਢੀ ਪਿੰਡ ਦੇ ਮੁੰਡੇ ਨੇ ਵੀ ਇਸ ਕੰਪਨੀ ਵਿੱਚ ਪੈਸੇ ਲਾਏ ਹੋਏ ਸਨ। ਬਿੰਦਰ ਨੇ ਉਸ ਦਾ ਨੰਬਰ ਵੀ ਲੈ ਰੱਖਿਆ ਸੀ। ਫਟਾਫਟ ਨੰਬਰ ਲੱਭ ਕੇ ਫੋਨ ਮਿਲਾਇਆ। ‘‘ਬਾਈ ਕੀ ਹਾਲ ਐ? ਕੰਮ ਸੀ ਤੇਰੇ ਤੱਕ।’’ ਬਿੰਦਰ ਨੇ ਸਾਧਾਰਨ ਜਿਹੀ ਗੱਲਬਾਤ ਸ਼ੁਰੂ ਕੀਤੀ। ‘‘ਹਾਲ ਤਾਂ ਠੀਕ ਐ ਬਾਈ, ਕੰਮ ਕੀ ਐ?’’ ‘‘ਕੰਪਨੀ ਵਾਲਿਆਂ ਦਾ ਮੇਰੇ ਕੋਲ ਇੱਕ ਹੀ ਨੰਬਰ ਹੈ। ਉਹੀ ਲੱਗ ਨ੍ਹੀਂ ਰਿਹਾ, ਜੇ ਤੇਰੇ ਕੋਲ ਕੋਈ ਹੋਰ ਨੰਬਰ ਹੈ ਤਾਂ ਮੈਨੂੰ ਭੇਜ ਦੇ।’’ ਉਸ ਨੇ ਸਿੱਧੀ ਮੁੱਦੇ ਦੀ ਗੱਲ ਕੀਤੀ। ‘‘ਉਨ੍ਹਾਂ ਦਾ ਤਾਂ ਬਾਈ ਕੋਈ ਵੀ ਨੰਬਰ ਨ੍ਹੀਂ ਲੱਗ ਰਿਹਾ। ਸਾਡੇ ਪਿੰਡ ਵਿੱਚ ਤਾਂ ਪੂਰਾ ਰੌਲਾ ਪੈ ਰਿਹੈ, ਉਹ ਤਾਂ ਠੱਗ ਨਿਕਲੇ।’’ ‘‘ਨਾ ਬਾਈ, ਐਂ ਕਿਵੇਂ, ਉਨ੍ਹਾਂ ਨੇ ਵੱਡੀਆਂ ਸਕਰੀਨਾਂ ’ਤੇ ਦਿਖਾਇਆ ਸੀ। ਸਾਰੀ ਜਾਣਕਾਰੀ ਨੈੱਟ ’ਤੇ ਰੱਖੀ ਹੋਈ ਐ।’’ ਬਿੰਦਰ ਨੂੰ ਧੱਕਾ ਤਾਂ ਲੱਗਿਆ, ਪਰ ਉਸ ਦਾ ਭਰੋਸਾ ਹਾਲੇ ਨਹੀਂ ਸੀ ਟੁੱਟਿਆ। ‘‘ਮੈਂ ਤਾਂ ਬਾਈ ਦਿਹਾੜੀ ਦੱਪੇ ਦੇ ’ਕੱਠੇ ਕੀਤੇ ਹੋਏ ਸੀ। ਕੁਝ ਜੀਰੀ ਲੁਆਈ ਦੇ ਮਿਲੇ ਸੀ। ਪੂਰਾ ਵੀਹ ਹਜ਼ਾਰ।’’ ‘‘ਮੈਂ ਵੀ ਐਨੇ ਕੁ ਹੀ ਲਾਏ ਹੋਏ ਨੇ।’’ ਉਸ ਤੋਂ ਸੱਚ ਨਾ ਬੋਲਿਆ ਗਿਆ। ਉਸ ਨੇ ਤਾਂ ਲੱਖਾਂ ਰੁਪਏ ਲਾ ਰੱਖੇ ਸਨ। ਫੋਨ ਕੱਟ ਕੇ ਨੈੱਟ ਤੋਂ ਉਨ੍ਹਾਂ ਦੀ ਜਾਣਕਾਰੀ ਫਰੋਲਣ ਲੱਗਿਆ। ਕੁਝ ਵੀ ਹੱਥ ਪੱਲੇ ਨਾ ਪਿਆ। ਮਨ ਘਬਰਾਉਣ ਲੱਗਿਆ। ਜਦੋਂ ਇਹ ਸੋਚ ਦਿਲ ਦਿਮਾਗ਼ ਵਿੱਚ ਥਾਂ ਬਣਾਉਣ ਲੱਗੀ ਕਿ ਉਸ ਨਾਲ ਵੀ ਠੱਗੀ ਹੋ ਸਕਦੀ ਹੈ। ਸੁਪਨੇ ਵਾਂਗ ਲੱਗਦਾ। ਜਦੋਂ ਸੱਚ ਆਇਆ ਤਾਂ ਉਸ ਦੀਆਂ ਲੱਤਾਂ ਖੁੱਸਣ ਲੱਗੀਆਂ। ਉਸ ਲਈ ਜਿਵੇਂ ਸਭ ਕੁਝ ਖ਼ਤਮ ਹੋ ਗਿਆ। ਵਿਹੜੇ ਵਿੱਚ ਪਏ ਮੰਜੇ ’ਤੇ ਢੇਰੀ ਹੋ ਗਿਆ। ‘‘ਬਿੰਦਰਾ! ਕੀ ਹੋ ਗਿਆ ਪੁੱਤ?’’ ਮਾਂ ਨੇ ਕਾਹਲ਼ੀ ਨਾਲ ਪਾਣੀ ਦਾ ਗਿਲਾਸ ਲਿਆਂਦਾ। ਪਾਣੀ ਦਾ ਘੁੱਟ ਪੀ ਕੇ ਥੋੜ੍ਹਾ ਸੂਤ ਹੋਇਆ।
‘‘ਕੁਝ ਨ੍ਹੀਂ ਬੇਬੇ... ਐਵੇਂ ਚੱਕਰ ਜਿਹਾ ਆ ਗਿਆ ਸੀ।’’ ‘‘ਐਂ ਕਿਵੇਂ ਆ ਗਿਆ ਚੱਕਰ?’’ ਬੇਬੇ ਘਬਰਾਈ ਹੋਈ ਸੀ। ਉਹ ਮਨੋ-ਮਨੀ ਆਪਣੇ ਆਪ ਨੂੰ ਸਮਝਾ ਰਿਹਾ ਸੀ, ‘ਬਿੰਦਰਾ ਤੈਨੂੰ ਸੰਭਲਣਾ ਪਊ... ਚੱਲ ਉੱਠ, ਤੂੰ ਬਿਮਾਰ ਨ੍ਹੀਂ ਪੈਣਾ, ਪਹਿਲਾਂ ਈ ਤੂੰ ਘਰ ਉਜਾੜ ਦਿੱਤਾ, ਜੇ ਤੂੰ ਪੈ ਗਿਆ ਇਨ੍ਹਾਂ ਤੈਨੂੰ ਬਚਾਉਣ ਲਈ ਜੋ ਪੱਲੇ ਐ ਉਹ ਵੀ ਵੇਚ ਵੱਟ ਦੇਣੈ।’ ‘‘ਪੁੱਤ, ਕੰਮ ਘੱਟ ਕਰ ਲਿਆ ਕਰ। ਕੋਈ ਨਾ ਘੱਟ ਖਾ ਲਵਾਂਗੇ, ਆਵਦੀ ਦੇਹ ਵੀ ਜ਼ਰੂਰੀ ਐ। ਸਾਰਾ ਦਿਨ ਨ੍ਹੀਂ ਟਿਕਦਾ।’’ ਬਿੰਦਰ ਦੀ ਬੇਬੇ ਉਸ ਦੇ ਕੋਲ ਖੜ੍ਹੀ ਆਖ ਰਹੀ ਸੀ। ‘‘ਮੈਂ ਕਾਹਦੇ ਲਈ ਆਂ, ਜੇ ਔਖਾ ਹੁੰਨੈ। ਮੈਨੂੰ ਕਹਿ ਦਿਆ ਕਰ।’’ ਬਾਪੂ ਨੇ ਸਿਰ ’ਤੇ ਬੰਨ੍ਹਿਆ ਪਰਨਾ ਲਾਹ ਕੇ ਝਾੜਦਿਆਂ ਆਖਿਆ। ਬਿੰਦਰ ਨੂੰ ਘਰਦਿਆਂ ’ਤੇ ਖਿੱਝ ਆਉਣ ਲੱਗੀ। ‘‘ਮੈਂ ਠੀਕ ਆਂ, ਕੁਝ ਨ੍ਹੀਂ ਹੋਇਆ। ਬੇਬੇ ਰੋਟੀ ਫੜਾ ਦੇ ਮੈਨੂੰ।’’ ਉਸ ਨੇ ਮਾਂ ਨੂੰ ਕਿਹਾ। ਰੋਟੀ ਤਾਂ ਮੰਗਵਾ ਲਈ ਪਰ ਬੁਰਕੀ ਸੰਘੋਂ ਹੇਠ ਨਹੀਂ ਸੀ ਜਾ ਰਹੀ। ਰੋਟੀਆਂ ਮਰੋੜ ਕੇ ਹੱਥ ਵਿੱਚ ਫੜ ਲਈਆਂ। ਥੋੜ੍ਹੀ ਦੇਰ ਬੈਠਾ ਰਿਹਾ, ਫਿਰ ਉੱਠ ਕੇ ਮੱਝਾਂ ਦੀ ਖੁਰਲੀ ਵਿੱਚ ਸੁੱਟ ਦਿੱਤੀਆਂ। ਉਹ ਸੋਚ ਰਿਹਾ ਸੀ ਕਿ ਸ਼ੁਕਰ ਹੈ ਕੁਲਜੀਤ ਪੇਕੇ ਗਈ ਹੋਈ ਹੈ, ਨਹੀਂ ਤਾਂ ਉਸ ਨੇ ਵੀ ਸੌ ਸਵਾਲ ਕਰਨੇ ਸਨ। ਆਪਣੇ ਆਪ ਨੂੰ ਸੰਭਾਲਦਾ, ਆਪੇ ਹੀ ਆਪਣੀ ਹਿੰਮਤ ਬੰਨ੍ਹਦਾ। ਦਿਮਾਗ਼ ਵਿੱਚ ਆਇਆ, ਕਿਉਂ ਨਾ ਕੱਲ੍ਹ ਨੂੰ ਉਨ੍ਹਾਂ ਦੇ ਦਫ਼ਤਰ ਜਾ ਕੇ ਆਵਾਂ। ਹੋ ਸਕਦਾ ਇਹ ਗੱਲ ਝੂਠੀ ਹੋਵੇ। ਦੂਜੇ ਦਿਨ ਸਵੇਰੇ ਹੀ ਬੱਸ ਚੜ੍ਹ ਗਿਆ। ਜਿੱਥੇ ਦਫ਼ਤਰ ਸੀ ਉਸ ਕਮਰੇ ਨੂੰ ਜਿੰਦਾ ਲੱਗਾ ਹੋਇਆ ਸੀ। ਆਲ਼ੇ-ਦੁਆਲ਼ਿਓਂ ਪਤਾ ਕਰਨ ’ਤੇ ਵੀ ਕੋਈ ਬਹੁਤੀ ਜਾਣਕਾਰੀ ਨਹੀਂ ਮਿਲੀ। ਉੱਥੇ ਖੜ੍ਹੇ-ਖੜ੍ਹੇ ਨੇ ਕਿੰਨੀ ਵਾਰ ਫੋਨ ਮਿਲਾਇਆ, ਪਰ ਟੂੰ-ਟੂੰ ਹੀ ਸੁਣਾਈ ਦਿੰਦੀ। ਜਦੋਂ ਪਹਿਲਾਂ ਇਸ ਥਾਂ ’ਤੇ ਆਇਆ ਸੀ ਤਾਂ ਉਦੋਂ ਰੌਣਕ ਲੱਗੀ ਸੀ। ਦਫ਼ਤਰ ਦੇ ਨਾਲ ਵਾਲੀਆਂ ਦੁਕਾਨਾਂ ਵਿੱਚ ਵੀ ਰੌਣਕ ਸੀ। ਉਹ ਵੀ ਆਖਦੇ ਸਨ ਕਿ ਇਸ ਕੰਪਨੀ ਕਰ ਕੇ ਹੀ ਸ਼ਹਿਰ ਵਿੱਚ ਕਾਰੋਬਾਰ ਚੱਲ ਰਿਹਾ ਹੈ, ਨਹੀਂ ਤਾਂ ਦੋ ਡੰਗ ਦੀ ਰੋਟੀ ਵੀ ਔਖੀ ਹੋਈ ਪਈ ਸੀ। ਗ਼ਰੀਬ ਤੋਂ ਅਮੀਰ ਬਣੇ ਇਨ੍ਹਾਂ ਮੁੰਡਿਆਂ ਦੇ ਕੱਪੜਿਆਂ ਦੀ ਮਹਿਕ ਨਾਲ ਹੀ ਉਸ ਦੇ ਅੰਦਰ ਸੁਪਨੇ ਮਹਿਕਣ ਲੱਗੇ ਸਨ। ਜਦੋਂ ਉਨ੍ਹਾਂ ਨੇ ਇੱਥੇ ਬੁਲਾਇਆ ਸੀ, ਇਸ ਦਫ਼ਤਰ ਤੋਂ ਚਾਰ ਕੁ ਦੁਕਾਨਾਂ ਛੱਡ ਕੇ ਇੱਕ ਵੱਡੇ ਸਾਰੇ ਹਾਲ ਕਮਰੇ ਵਿੱਚ ਉਨ੍ਹਾਂ ਦਾ ਕੋਈ ਸਮਾਗਮ ਸੀ। ਚੰਗੇ ਸੂਟ-ਬੂਟ ਵਾਲੇ ਬੰਦਿਆਂ ਨੇ ਪੈਸੇ ਕਮਾਉਣ ਦੇ ਤਰੀਕੇ ਦੱਸੇ ਸਨ। ਪਹਿਲੀ ਵਾਰ ਉਸ ਨੂੰ ਜਾਪਿਆ ਸੀ, ਜ਼ਿੰਦਗੀ ਤਾਂ ਇਹ ਲੋਕ ਜਿਊਂਦੇ ਨੇ ਅਸੀਂ ਤਾਂ ਦਿਨ ਕਟੀ ਹੀ ਕਰਦੇ ਆਂ।
ਪੁੱਛਣ ’ਤੇ ਪਤਾ ਲੱਗਿਆ ਕਿ ਇਹ ਜਗ੍ਹਾ ਕਿਸੇ ਨੇ ਕਿਰਾਏ ’ਤੇ ਲਈ ਸੀ। ਦਸ ਦਿਨ ਹੋ ਗਏ ਬੰਦ ਪਈ ਹੈ। ਉਹ ਸੁਣ ਕੇ ਹੈਰਾਨ ਹੋਇਆ। ਕੱਲ੍ਹ ਦਾ ਹੀ ਫੋਨ ਬੰਦ ਆਉਣ ਲੱਗਿਆ ਹੈ। ਹਾਲੇ ਚਾਰ ਕੁ ਦਿਨ ਪਹਿਲਾਂ ਹੀ ਫੋਨ ’ਤੇ ਗੱਲ ਕੀਤੀ ਸੀ। ਉਨ੍ਹਾਂ ਆਖਿਆ ਸੀ, ‘‘ਜਦੋਂ ਮਰਜ਼ੀ ਆ ਜਾਣਾ। ਸਾਡਾ ਇੱਕ ਬੰਦਾ ਹਮੇਸ਼ਾ ਦਫ਼ਤਰ ’ਚ ਹੀ ਬੈਠਾ ਹੁੰਦੈ ਤਾਂ ਕਿ ਸਾਡੇ ਪਰਿਵਾਰ ਦੇ ਜੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।’’ ਇਸ ਗੱਲ ਵਿੱਚ ਕਿੰਨੀ ਅਪਣੱਤ ਸੀ। ਪਰਿਵਾਰ ਦੇ ਜੀਅ ਸਮਝ ਕੇ ਕੋਈ ਧੋਖਾ ਕਿਵੇਂ ਕਰ ਸਕਦਾ ਐ। ਇਕਦਮ ਦਿਮਾਗ਼ ਵਿੱਚ ਆਇਆ ਕਿ ਅੱਜਕੱਲ੍ਹ ਪਰਿਵਾਰ ਦੇ ਜੀਅ ਹੀ ਤਾਂ ਧੋਖਾ ਕਰਦੇ ਨੇ। ਉਹ ਆਪਣੇ ਵਿਚਾਰਾਂ ਵਿੱਚ ਹੀ ਉਲਝ ਰਿਹਾ ਸੀ। ਹੋ ਸਕਦਾ ਹੈ ਮੇਰਾ ਵਹਿਮ ਹੋਵੇ। ਉਨ੍ਹਾਂ ਦੇ ਆਪਣੇ ਮਾਂ-ਪਿਉ, ਭੈਣ-ਭਰਾ, ਬੱਚੇ ਵੀ ਹੋਣਗੇ। ਇਹ ਵੀ ਹੋ ਸਕਦਾ ਹੈ ਕਿ ਉਨ੍ਹਾਂ ਦੇ ਆਪਣੇ ਘਰਾਂ ਵਿੱਚ ਕੋਈ ਦੁੱਖ-ਸੁੱਖ ਆ ਗਿਆ ਹੋਵੇ। ਮਨ ਨਹੀਂ ਸੀ ਮੰਨ ਰਿਹਾ... ਪਰ ਦਿਮਾਗ਼ ਵਾਰ-ਵਾਰ ਇਹੀ ਸੋਚਦਾ... ‘ਤੂੰ ਤਾਂ ਦਸਾਂ ਨਹੁੰਆਂ ਦੀ ਕਮਾਈ ਰੋੜ੍ਹ ’ਤੀ ਬਿੰਦਰਾ...!’ ਇਸ ਖ਼ਿਆਲ ਦੇ ਨਾਲ ਹੀ ਉਸ ਨੂੰ ਹੌਲ ਜਿਹਾ ਪੈ ਜਾਂਦਾ। ਉੱਥੇ ਆਲੇ-ਦੁਆਲੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਪਿੰਡਾਂ ਦੇ ਜ਼ਿਆਦਾਤਰ ਲੋਕ ਚਾਰ ਪੰਜ ਦਿਨਾਂ ਤੋਂ ਇੱਥੇ ਪੁੱਛਣ ਆ ਰਹੇ ਹਨ। ਉਨ੍ਹਾਂ ਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਉਨ੍ਹਾਂ ਨਾਲ ਠੱਗੀ ਹੋਈ ਹੈ। ਬਿੰਦਰ ਦੀ ਰਹਿੰਦੀ ਉਮੀਦ ਵੀ ਖੁਰਦੀ ਜਾ ਰਹੀ ਸੀ। ਘਰ ਵਾਪਸ ਜਾਣ ਤੋਂ ਡਰ ਲੱਗਣ ਲੱਗ ਪਿਆ, ਪਰ ਹੋਰ ਕਿਤੇ ਜਾਣ ਨੂੰ ਵੀ ਦਿਲ ਨਹੀਂ ਸੀ ਕਰਦਾ। ਡਿੱਗਦੇ-ਢਹਿੰਦੇ ਮਨ ਅਤੇ ਸਰੀਰ ਨਾਲ ਪਿੰਡ ਜਾਣ ਵਾਲੀ ਬੱਸ ਫੜ ਲਈ। ਘੰਟੇ ਕੁ ਦਾ ਸਫ਼ਰ ਸੀ। ਨਾਲ ਵਾਲੀ ਸੀਟ ’ਤੇ ਇੱਕ ਵਿਦਿਆਰਥੀ ਆਪਣੀ ਕਿਤਾਬ ਪੜ੍ਹ ਰਿਹਾ ਸੀ। ਭਰੀਆਂ ਅੱਖਾਂ ਕਾਰਨ ਬਿੰਦਰ ਨੂੰ ਧੁੰਦਲਾ ਦਿਸਣ ਕਰ ਕੇ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਪੜ੍ਹ ਰਿਹਾ ਹੈ। ਅੱਖਾਂ ਸਾਫ਼ ਕਰ ਕੇ ਉਸ ਨੇ ਧਿਆਨ ਨਾਲ ਦੇਖਿਆ ਤਾਂ ਬੱਚਾ ਕੋਈ ਕਹਾਣੀ ਪੜ੍ਹ ਰਿਹਾ ਸੀ। ਬੱਚੇ ਨੇ ਪੰਨਾ ਪਲਟ ਦਿੱਤਾ। ਇਸ ਪੰਨੇ ’ਤੇ ਕਹਾਣੀ ਤੋਂ ਜਿਹੜੀ ਸਿੱਖਿਆ ਮਿਲਦੀ ਹੈ, ਉਹੀ ਇੱਕ ਸਤਰ ਲਿਖੀ ਹੋਈ ਸੀ... ਲਾਲਚ ਬੁਰੀ ਬਲਾ ਹੈ... ਉਸ ਦੇ ਦਿਮਾਗ਼ ਨੂੰ ਝਟਕਾ ਜਿਹਾ ਲੱਗਿਆ। ਉਸ ਨੇ ਵੀ ਸਕੂਲ ਪੜ੍ਹਨ ਸਮੇਂ ਇਹ ਕਹਾਣੀਆਂ ਪੜ੍ਹੀਆਂ ਸਨ। ਲਾਲਚੀ ਕੁੱਤੇ ਦੀ ਕਹਾਣੀ... ਜਿਸ ਨੇ ਵੱਧ ਭੋਜਨ ਪ੍ਰਾਪਤ ਕਰਨ ਲਈ ਜਿਹੜਾ ਕੋਲ ਹੈ ਸੀ, ਉਹ ਵੀ ਗੁਆ ਲਿਆ। ਅੱਜ ਇਸ ਕਹਾਣੀ ਦਾ ਮਤਲਬ ਕੁਝ ਹੋਰ ਹੀ ਸਮਝ ਆ ਰਿਹਾ ਸੀ। ਉਸ ਵੇਲੇ ਇਸ ਦੀ ਕੋਈ ਸਮਝ ਨਹੀਂ ਸੀ। ਅੱਜ ਮਹਿਸੂਸ ਹੋ ਰਿਹਾ ਸੀ, ਪੜ੍ਹਾਈ ਨੰਬਰ ਲੈਣ ਵਾਸਤੇ ਨਹੀਂ ਹੁੰਦੀ। ਇਹ ਤਾਂ ਜਿਊਣ ਦਾ ਚੱਜ ਸਿੱਖਣ ਲਈ ਹੁੰਦੀ ਹੈ। ਪਾਣੀ ਵਿੱਚ ਆਪਣਾ ਪਰਛਾਵਾਂ ਦੇਖਣ ਵਾਲਾ ਕੁੱਤਾ ਵਾਰ-ਵਾਰ ਦਿਮਾਗ਼ ਵਿੱਚ ਘੁੰਮ ਰਿਹਾ ਸੀ। ਕੁੱਤੇ ਦੀ ਜਗ੍ਹਾ ਉਹ ਆਪਣੇ ਆਪ ਨੂੰ ਖੜ੍ਹਾ ਦੇਖਣ ਲੱਗਾ। ਕੰਪਨੀ ਵਿੱਚ ਲਾਏ ਪੈਸੇ ਤੇ ਗਹਿਣੇ ਉਸ ਦੇ ਹੱਥਾਂ ਵਿੱਚ ਫੜੇ ਹੋਏ ਅਤੇ ਉਸ ਨੇ ਵੀ ਆਪਣੇ ਪਰਛਾਵੇਂ ਵਾਲੇ ਰੁਪਈਏ ਤੇ ਗਹਿਣੇ ਪ੍ਰਾਪਤ ਕਰਨ ਲਈ ਆਪਣੇ ਹੱਥਲਾ ਵੀ ਸਭ ਕੁਝ ਗਵਾ ਲਿਆ ਸੀ। ਕੰਡਕਟਰ ਨੇ ਉਸ ਦੇ ਪਿੰਡ ਦਾ ਨਾਂ ਲੈ ਕੇ ਸਵਾਰੀਆਂ ਨੂੰ ਉਤਰਨ ਲਈ ਆਵਾਜ਼ ਮਾਰੀ। ਉਸ ਦੀ ਸੁਰਤ ਪਰਤੀ। ਅਜੇ ਵੀ ਆਪਣੀ ਕਮਜ਼ੋਰੀ ਜ਼ਾਹਿਰ ਨਹੀਂ ਸੀ ਕਰਨਾ ਚਾਹੁੰਦਾ। ਰਸਤੇ ਵਿੱਚੋਂ ਮੈਡੀਕਲ ਸਟੋਰ ਤੋਂ ਖਰੀਦੇ ਗੋਲ਼ੀਆਂ ਦੇ ਪੱਤੇ ਘਰ ਜਾ ਕੇ ਮੇਜ਼ ’ਤੇ ਰੱਖ ਦਿੱਤੇ ਤਾਂ ਕਿ ਸਭ ਨੂੰ ਲੱਗੇ ਕਿ ਉਹ ਦਵਾਈ ਲੈਣ ਗਿਆ ਸੀ। ਉਸ ਨੂੰ ਆਪਣੇ ਪਰਿਵਾਰ ਦਾ ਦੇਖਣ ਦਾ ਢੰਗ ਬੜਾ ਅਜੀਬ ਜਿਹਾ ਲੱਗਿਆ। ਇਕਦਮ ਠੰਢੀ ਤਰੇਲੀ ਆ ਗਈ... ਕਿਤੇ ਇਨ੍ਹਾਂ ਨੂੰ ਪਤਾ ਤਾਂ ਨ੍ਹੀਂ ਲੱਗ ਗਿਆ। ਰਾਤ ਦੀ ਰੋਟੀ ਤੱਕ ਉਹ ਉਨ੍ਹਾਂ ਦੀਆਂ ਨਜ਼ਰਾਂ ਤੋਂ ਬਚਣ ਲਈ ਟਾਲ਼ਾ ਵੱਟਦਾ ਰਿਹਾ। ਥੱਕਿਆ ਹੋਣ ਦਾ ਬਹਾਨਾ ਮਾਰ ਛੇਤੀ ਸੌਣ ਦਾ ਆਖ ਕੇ ਅੰਦਰ ਜਾ ਪਿਆ। ਪਿਤਾ ਅੰਦਰ ਜਾਣ ਲੱਗਿਆ ਤਾਂ ਮਾਂ ਨੇ ਰੋਕ ਦਿੱਤਾ। ਉਹ ਆਪ ਜਾ ਕੇ ਬਿੰਦਰ ਕੋਲ ਬੈਠ ਗਈ। ‘‘ਬਿੰਦਰਾ, ਜੋ ਮੈਂ ਪੁੱਛੂੰ, ਮੈਨੂੰ ਸੱਚ ਦੱਸੀਂ ਪੁੱਤ...!’’ ‘‘ਬੇਬੇ ਹੁਣ ਥੱਕਿਆ ਹੋਇਆਂ। ਤੜਕੇ ਪੁੱਛ ਲਈਂ ਜੋ ਪੁੱਛਣੈ।’’ ਉਸ ਨੇ ਪਾਸਾ ਬਦਲਦਿਆਂ ਕਿਹਾ। ਉਸ ਦੀ ਮਾਂ ਨੇ ਕਿਹਾ, ‘‘ਸਾਨੂੰ ਨੀਂਦ ਨ੍ਹੀਂ ਆਉਣੀ, ਹੁਣੇ ਦੱਸ ਦੇ। ਪੁੱਤ, ਹਰ ਮੁਸ਼ਕਿਲ ਦਾ ਹੱਲ ਹੁੰਦੈ। ਹਰ ਬਿਮਾਰੀ ਦਾ ਇਲਾਜ ਵੀ ਹੁੰਦੈ।’’ ਉਹ ਉੱਠ ਕੇ ਬੈਠ ਗਿਆ। ਉਹ ਫਿਰ ਬੋਲੀ, ‘‘ਤੂੰ ਕੁਝ ਖਾਣ ਤਾਂ ਨ੍ਹੀਂ ਲੱਗ ਗਿਆ, ਦੇਖੀਂ ਪੁੱਤ ਪੱਟੇ ਜਾਵਾਂਗੇ। ਅਸੀਂ ਕਈ ਦਿਨਾਂ ਦੇ ਦੇਖ ਰਹੇ ਆਂ ਤੈਨੂੰ।’’ ਬਿੰਦਰ ਨੂੰ ਥੋੜ੍ਹਾ ਚੈਨ ਮਿਲਿਆ। ਜਿਹੜੀ ਗੱਲ ਤੋਂ ਉਹ ਡਰਦਾ ਸੀ ਉਸ ਦਾ ਨ੍ਹੀਂ ਸੀ ਪਤਾ ਉਨ੍ਹਾਂ ਨੂੰ। ‘‘ਨਾ ਬੇਬੇ, ਕਿਹੋ ਜੀ ਗੱਲ ਕਰ ’ਤੀ।’’ ਮਾਂ ਨੇ ਕਿਹਾ, ‘‘ਖਾ ਮੇਰੀ ਸਹੁੰ।’’ ਉਸ ਨੇ ਬਿੰਦਰ ਦਾ ਹੱਥ ਚੁੱਕ ਕੇ ਆਪਣੇ ਸਿਰ ’ਤੇ ਰੱਖ ਲਿਆ।
‘‘ਤੇਰੀ ਸਹੁੰ, ਬੇਫ਼ਿਕਰ ਰਹਿ ਮਾਂ।’’ ਉਸ ਨੇ ਥੋੜ੍ਹੀ ਹਿੰਮਤ ਨਾਲ ਕਿਹਾ। ‘‘ਫਿਰ ਤੇਰੇ ਤਾਏ ਤੋਂ ਤੀਹ ਹਜ਼ਾਰ ਕਾਹਦੇ ਲਈ ਫੜਿਆ...? ਉਹਨੂੰ ਚਾਹੀਦੇ ਨੇ, ਤੂੰ ਘਰੇ ਨ੍ਹੀਂ ਸੀ, ਉਹ ਤੇਰੇ ਬਾਪੂ ਤੋਂ ਪੁੱਛ ਰਿਹਾ ਸੀ।’’ ‘‘ਉਹ ਤਾਂ ਬੇਬੇ ਕਿਸੇ ਦੋਸਤ ਨੂੰ ਜ਼ਰੂਰਤ ਸੀ। ਉਹ ਘਰੋਂ ਗ਼ਰੀਬ ਨੇ ਵਿਚਾਰੇ। ਉਹਦੀ ਭੈਣ ਦਾ ਵਿਆਹ ਸੀ ਤਾਂ ਕਰ ਕੇ ਲਏ ਸੀ। ਬਾਪੂ ਨੂੰ ਮੈਂ ਤਾਂ ਨ੍ਹੀਂ ਦੱਸਿਆ ਕਿ ਮੈਨੂੰ ਇਉਂ ਸੀ ਜੇ ਉਹਦੇ ਤੋਂ ਛੇਤੀ ਨਾ ਮੋੜੇ ਗਏ ਮੈਂ ਆਪੇ ਮੋੜ ਦੇਊਂ ਟਰੈਕਟਰ ਨਾਲ ਕਿਰਾਇਆ ਕਰ ਕੇ।’’ ਮਾਂ ਨੂੰ ਤਾਂ ਸੁਣ ਕੇ ਥੋੜ੍ਹਾ ਚੈਨ ਆ ਗਿਆ ਪਰ ਬਿੰਦਰ ਦੀ ਨੀਂਦ ਉੱਡ ਗਈ। ‘‘ਤਾਏ ਦੇ ਪੈਸੇ ਵਾਪਸ ਕਰਨ ਲਈ ਕੱਲ੍ਹ ਨੂੰ ਬਾਪੂ ਆੜ੍ਹਤੀਏ ਕੋਲ ਜਾਊ, ਉਹਨੇ ਬਾਪੂ ਨੂੰ ਦੱਸ ਦੇਣੈ... ਮੈਂ ਉਸ ਤੋਂ ਦੋ ਵਾਰ ਰੁਪਈਏ ਲੈ ਗਿਆ। ਹੁਣ ਕੋਈ ਰਾਹ ਨ੍ਹੀਂ ਬਚਣ ਦਾ... ਕੀ ਕਰਾਂ, ਕੀ ਨਾ ਕਰਾਂ?’’ ਬਿੰਦਰ ਉੱਠ ਕੇ ਬੈਠ ਗਿਆ। ਸੋਚ ਰਿਹਾ ਸੀ ਕਿ ਇਹੋ ਰਾਤ ਐ ਬੱਸ ਉਸ ਕੋਲ, ਸਵੇਰ ਨੂੰ ਤਾਂ ਜਲੂਸ ਨਿਕਲ ਜਾਣੈ... ਹੋ ਸਕਦੈ ਸਹੁਰਿਆਂ ਤੋਂ ਲਏ ਪੈਸਿਆਂ ਦਾ ਵੀ ਪਤਾ ਲੱਗ ਜਾਵੇ। ਭੱਜਣ ਨੂੰ ਕੋਈ ਰਸਤਾ ਨਹੀਂ। ਬੇਇੱਜ਼ਤੀ ਤੋਂ ਬਚਣ ਲਈ ਇੱਕੋ ਹੱਲ ਦਿਸਿਆ, ਉੱਠ ਕੇ ਬਾਹਰ ਨੂੰ ਤੁਰ ਪਿਆ। ਰਾਤ ਦੇ ਹਨੇਰੇ ਵਿੱਚ ਵੀ ਉਸ ਨੂੰ ਇਹੀ ਮਹਿਸੂਸ ਹੋ ਰਿਹਾ ਸੀ ਜਿਵੇਂ ਸਾਰੀ ਦੁਨੀਆ ਦੀ ਨਿਗ੍ਹਾ ਉਸ ’ਤੇ ਹੋਵੇ। ਸਾਰੇ ਉਸ ਦੀ ਬੇਵਕੂਫ਼ੀ ’ਤੇ ਹੱਸ ਰਹੇ ਹੋਣ। ਉਹ ਸੋਚ ਰਿਹਾ ਸੀ, ‘ਕੱਲ੍ਹ ਨੂੰ ਇਹੀ ਕੁਝ ਹੋਣੈ... ਮਾਂ ਨੇ ਆਖਣੈ, ਐਦੂੰ ਤਾਂ ਤੂੰ ਨਾ ਹੁੰਦਾ ਤੇ ਬਾਪੂ, ਉਹ ਤਾਂ ਸੁਣਨ ਸਾਰ ਜਾਂ ਤਾਂ ਆਪ ਮਰ ਜਾਊ ਜਾਂ ਮੈਨੂੰ ਮਾਰ ਦਿਊਂ। ਇਹ ਸਾਰਾ ਕੰਮ ਚੁੱਪ-ਚੁੱਪੀਤੇ ਹੋਣ ਵਾਲਾ ਨਹੀਂ। ਮੇਰੀ ਬੇਵਕੂਫ਼ੀ ਕਾਰਨ ਘਰ ਵਿੱਚ ਕਿੰਨਾ ਕਲੇਸ਼ ਪਊ।’ ਇਹੀ ਕਲੇਸ਼ ਘਰ ਦੀਆਂ ਕੰਧਾਂ ਟੱਪ ਕੇ ਗਲ਼ੀ-ਮੁਹੱਲੇ ਵਿੱਚ ਪਰਿਵਾਰ ਦੀ ਭੰਡੀ ਕਰਦਾ ਫਿਰੂ। ਮੈਂ ਐਨਾ ਬੇਵਕੂਫ਼ ਕਿਵੇਂ ਬਣ ਗਿਆ। ਕੀ ਮੈਂ ਸੱਚੀਂ ਲਾਲਚ ਵਿੱਚ ਅੰਨ੍ਹਾ ਹੋ ਗਿਆ। ‘ਲਾਲਚੀ ਕੁੱਤਾ...!’ ਉਸ ਦੇ ਮੂੰਹੋਂ ਨਿਕਲਿਆ, ਆਪਣੇ ਆਪ ’ਤੇ ਘਿਣ ਆ ਰਹੀ ਸੀ। ਉਸ ਨੂੰ ਦਿਸਦੀ ਹਰ ਚੀਜ਼ ਜਿਵੇਂ ਮਿਹਣੇ ਮਾਰ ਰਹੀ ਹੋਵੇ। ਆਸਮਾਨ ਵੱਲ ਦੇਖਿਆ ਤਾਂ ਤਾਰੇ ਵੀ ਇਸ ਤਰ੍ਹਾਂ ਜਾਪੇ ਜਿਵੇਂ ਕਿਸੇ ਨੇ ਸੋਨੇ ਦੀਆਂ ਮੇਖਾਂ ਆਸਮਾਨ ਦੇ ਸੀਨੇ ’ਚ ਠੋਕ ਦਿੱਤੀਆਂ ਹੋਣ। ਇਹ ਤਾਂ ਧਰਤੀ ਦੀ ਛੱਤ ਐ, ਇਸ ਤੋਂ ਕੀ ਗੁਨਾਹ ਹੋ ਗਿਆ। ਇਹਦੇ ਸੀਨੇ ’ਤੇ ਮੇਖਾਂ ਕਿਉਂ ਠੋਕੀਆਂ ਕਿਸੇ ਨੇ। ‘‘ਬਿੰਦਰਾ, ਕੰਮ ਕਰਨ ਵਾਲਾ ਬੰਦਾ ਵੀ ਤਾਂ ਆਪਣੇ ਪਰਿਵਾਰ ਦੀ ਛੱਤ ਵਾਂਗ ਹੁੰਦਾ ਐ ਉਸ ਤੋਂ ਵੀ ਤਾਂ ਗ਼ਲਤੀ ਹੋ ਜਾਂਦੀ ਐ।’’ ਉਸ ਨੇ ਆਪਣੇ ਆਪ ਨੂੰ ਕਿਹਾ। ਜੇ ਆਸਮਾਨ ਨੂੰ ਐਨਾ ਦਰਦ ਦੇਣ ਵਾਲੀ ਸਜ਼ਾ ਮਿਲੀ ਐ ਤਾਂ ਮੇਰੀ ਸਜ਼ਾ ਕੀ ਹੋਊ। ‘‘ਤੈਨੂੰ ਜਿਊਣ ਦਾ ਕੋਈ ਹੱਕ ਨ੍ਹੀਂ ਬਿੰਦਰਾ...!’’ ਹਰ ਚੀਜ਼ ਵਿੱਚੋਂ ਇਹੀ ਆਵਾਜ਼ ਆਉਂਦੀ। ਆਵਾਜ਼ਾਂ ਨੇ ਉਸ ਨੂੰ ਚਾਰੇ ਪਾਸਿਓਂ ਘੇਰ ਲਿਆ। ਉਸ ਨੇ ਕੰਨਾਂ ’ਤੇ ਹੱਥ ਰੱਖ ਲਏ। ਕੱਲ੍ਹ ਨੂੰ ਮੇਰੀ ਛਾਤੀ ’ਤੇ ਵੀ ਮੇਖਾਂ ਠੁਕਣੀਆਂ ਸ਼ੁਰੂ ਹੋ ਜਾਣਗੀਆਂ। ਅਸਲੀ ਮੇਖਾਂ ਹੋਣ ਤਾਂ ਬੰਦਾ ਖਿੱਚ ਕੇ ਬਾਹਰ ਕੱਢ ਮਾਰਦੈ, ਚੁਭਵੀਆਂ ਗੱਲਾਂ ਦੀਆਂ ਮੇਖਾਂ ਨ੍ਹੀਂ ਕੱਢ ਸਕਦਾ ਕੋਈ। ‘‘ਹਾਏ ਓਏ ਮੇਰਿਆ ਰੱਬਾ! ਇਹੀ ਮੇਖਾਂ ਮੈਂ ਆਪਣੇ ਪਰਿਵਾਰ ਨਾਲ ਧੋਖਾ ਕਰ ਕੇ ਉਨ੍ਹਾਂ ਦੇ ਸੀਨੇ ਠੋਕ ਦਿੱਤੀਆਂ।’’ ਉਸ ਨੇ ਉਤਾਂਹ ਨੂੰ ਮੂੰਹ ਕੀਤਾ, ਉਹ ਰੋ ਰਿਹਾ ਸੀ। ਇਨ੍ਹਾਂ ਸਾਰੀਆਂ ਗੱਲਾਂ ਦਾ ਸਾਹਮਣਾ ਕਿਵੇਂ ਕਰੇਗਾ? ਹੁਣ ਤਾਂ ਇੱਕੋ ਰਸਤਾ ਰਹਿ ਗਿਆ ਜਿਸ ਨੂੰ ਬਾਪੂ ਬੁਜ਼ਦਿਲਾਂ ਦਾ ਕੰਮ ਆਖਦਾ ਹੁੰਦੈ। ਧਿਆਨ ਨਾਲ ਦੇਖਿਆ ਤਾਂ ਉਹ ਆਵਦੇ ਖੇਤ ਤੋਂ ਅੱਗੇ ਲੰਘ ਗਿਆ ਸੀ। ਉਸ ਨੂੰ ਆਪਣੇ ਪਿੱਛੇ ਪੈਰਾਂ ਦੀ ਬਿੜਕ ਮਹਿਸੂਸ ਹੋਈ। ਪਿੱਛੇ ਨਜ਼ਰ ਘੁਮਾਈ। ਕੋਈ ਨਹੀਂ ਸੀ। ਨਹਿਰ ਦਾ ਪੁਲ਼ ਥੋੜ੍ਹੀ ਦੂਰ ਰਹਿ ਗਿਆ ਸੀ। ਪੁਲ ’ਤੇ ਦੋ-ਤਿੰਨ ਬੰਦੇ ਖੜ੍ਹੇ ਸਨ। ਉਹ ਰੁਕ ਗਿਆ। ਕੀ ਪਤੈ ਪੁਲੀਸ ਵਾਲੇ ਹੋਣ? ਉਹ ਪਤਾ ਨ੍ਹੀਂ ਕਿਹੜੀਆਂ ਗੱਲਾਂ ਵਿੱਚ ਉਲਝਾ ਲੈਣ। ਜਿਵੇਂ ਦੀਆਂ ਗੱਲਾਂ ਸੁਣਨ ਵਿੱਚ ਆਉਂਦੀਆਂ ਨੇ, ਪਤਾ ਨ੍ਹੀਂ ਕਿਹੜੇ ਕੇਸ ਵਿੱਚ ਫਸਾ ਲੈਣ। ਉਸ ਦੇ ਪੈਰ ਪਿਛਾਂਹ ਨੂੰ ਮੁੜਨ ਲੱਗੇ। ਆਪਣੇ ਖੇਤ ਵਾਲੀ ਪਹੀ ਮੁੜ ਗਿਆ। ਜੇ ਉੱਥੇ ਨ੍ਹੀਂ ਤਾਂ ਐਥੇ ਸਹੀ। ਮੋਟਰ ਵਾਲੇ ਕੋਠੇ ਵਿੱਚ ਦੋ ਕਿੱਲੀਆਂ ਗੱਡ ਕੇ ਇੱਕ ਫੱਟਾ ਰੱਖ ਕੇ ਉਸ ਉੱਪਰ ਥੋੜ੍ਹਾ ਜਿਹਾ ਸਾਮਾਨ ਰੱਖਿਆ ਹੋਇਆ ਸੀ। ਉੱਥੇ ਹੀ ਸਪਰੇਅ ਵਾਲੀ ਪੀਪੀ ਪਈ ਸੀ। ਦੋ ਇੱਟਾਂ ’ਤੇ ਪੈਰ ਰੱਖ ਕੇ ਪੀਪੀ ਚੁੱਕਣ ਲੱਗਿਆ। ਸੰਤੁਲਨ ਵਿਗੜਨ ਕਰ ਕੇ ਇੱਟਾਂ ਡਿੱਗੀਆਂ ਤੇ ਆਪ ਧੜੰਮ ਦੇਣੇ ਡਿੱਗਿਆ। ਡਿੱਗਣ ਲੱਗਿਆਂ ਉਸ ਨੂੰ ਬਾਹਰ ਇੱਕ ਪਰਛਾਵੇਂ ਦਾ ਭੁਲੇਖਾ ਪਿਆ। ਉਸ ਨੇ ਆਲੇ-ਦੁਆਲੇ ਦੇਖਿਆ ਤਾਂ ਕੋਈ ਨਹੀਂ ਸੀ। ਇੱਕ ਵਾਰ ਨਿੱਕੇ ਹੁੰਦੇ ਡਿੱਗਿਆ ਸੀ। ਬੇਬੇ ਹੁਰੀਂ ਕਪਾਹ ਚੁਗਦੀਆਂ ਸਨ। ਉਹ ਫੱਟੇ ਤੋਂ ਮੱਠੀਆਂ ਅਤੇ ਕਚੌਰੀਆਂ ਵਾਲਾ ਪੋਣਾ ਚੁੱਕਣ ਲੱਗਿਆ ਸੀ। ਬੇਬੇ ਭੱਜ ਕੇ ਆਈ, ‘‘ਮੈਂ ਮਰਗੀ ਸੀ, ਮੈਨੂੰ ਕਹਿ ਦਿੰਦਾ, ਮੈਂ ਕਾਹਦੇ ਲਈ ਆਂ...?’’ ਆਖਦਿਆਂ ਬੇਬੇ ਨੇ ਉਸ ਨੂੰ ਗਲ ਨਾਲ ਲਾ ਲਿਆ ਸੀ। ਬੇਬੇ ਦਾ ਧੜਕਦਾ ਦਿਲ ਉਹ ਹੁਣ ਤੱਕ ਮਹਿਸੂਸ ਕਰ ਸਕਦਾ ਹੈ। ਕੂਹਣੀ ’ਤੇ ਲੱਗੀ ਮਾੜੀ ਜਿਹੀ ਸੱਟ ਨਾਲ ਮਾਂ ਦੀ ਜਾਨ ਨਿਕਲਣ ਵਾਲੀ ਹੋ ਗਈ ਸੀ ਤੇ ਹੁਣ ਸਵੇਰੇ ਮਾਂ ਦਾ ਕੀ ਹਾਲ ਹੋਊ। ਜੇ ਬਾਪੂ ਤੋਂ ਡਰ ਲੱਗਦੈ, ਬੇਬੇ ਨੂੰ ਤਾਂ ਸੱਚ ਦੱਸ ਸਕਦਾ ਸੀ। ਮਰਨ ਨਾਲ ਕਿਹੜਾ ਘਾਟਾ ਪੂਰਾ ਹੋ ਜਾਊ। ਉਹ ਕੋਠੇ ਤੋਂ ਬਾਹਰ ਡਹੇ ਮੰਜੇ ’ਤੇ ਬੈਠ ਗਿਆ। ‘‘ਮੈਂ ਕਾਹਦੇ ਲਈ ਆਂ...?’’ ਕੱਲ੍ਹ ਬਾਪੂ ਨੇ ਵੀ ਤਾਂ ਇਹੋ ਆਖਿਆ ਸੀ। ਬੇਬੇ ਦੇ ਹੱਥੀਂ ਲਾਈ ਜਾਮਣ, ਬਾਪੂ ਦੇ ਲਾਏ ਅਮਰੂਦਾਂ ਦੇ ਬੂਟੇ, ਬਾਬੇ (ਦਾਦਾ) ਦੇ ਲਾਏ ਤੂਤ, ਬਿੰਦਰ ਨੂੰ ਸਾਮਰਤੱਖ ਬੇਬੇ, ਬਾਪੂ ਅਤੇ ਬਾਬਾ ਖੜ੍ਹੇ ਦਿਸਣ ਲੱਗੇ। ਕੰਨਾਂ ਨੂੰ ਇਹੀ ਸੁਣ ਰਿਹਾ ਸੀ, ਅਸੀਂ ਕਾਹਦੇ ਲਈ ਆਂ...? ਬਾਬੇ ਦੀ ਕਹੀ ਗੱਲ ਯਾਦ ਆਈ, ‘‘ਜੇ ਕਿਸੇ ਮੁਸੀਬਤ ਵਿੱਚ ਫਸ ਜਾਓ, ਭਾਵੇਂ ਕੋਈ ਹੋਰ ਫਸਾ ਲਵੇ, ਭਾਵੇਂ ਆਪਣੀ ਗ਼ਲਤੀ ਨਾਲ, ਸਭ ਤੋਂ ਪਹਿਲਾਂ ਘਰੇ ਗੱਲ ਕਰੋ। ਕੋਈ ਨਾ ਕੋਈ ਹੱਲ ਜ਼ਰੂਰ ਨਿਕਲ ਆਉਂਦੈ।’’ ਬਾਪੂ ਵੀ ਤਾਂ ਆਖਦਾ ਹੁੰਦੈ, ‘‘ਜੀਆਂ ਵਿੱਚ ਤੰਦਰੁਸਤੀ ਚਾਹੀਦੀ ਐ। ਪੈਸਾ ਤਾਂ ਹੱਥਾਂ ਦੀ ਮੈਲ਼ ਹੁੰਦੀ ਐ। ਜਿੰਨੀ ਮਿਹਨਤ ਕਰਾਂਗੇ, ਕਮਾ ਲਵਾਂਗੇ।’’ ਉਸ ਨੇ ਆਪਣੇ ਕੰਬਦੇ ਹੱਥ ਸਿੱਧੇ ਕਰ ਕੇ ਦੇਖੇ, ਅਸੀਂ ਕਾਹਦੇ ਲਈ ਆਂ...? ਜਿਵੇਂ ਉਨ੍ਹਾਂ ਵੀ ਇਹੋ ਆਖਿਆ। ਬਿੰਦਰ ਦੇ ਮਨ ਵਿੱਚ ਸਾਰਾ ਕੁਝ ਘੁੰਮ ਰਿਹਾ ਸੀ। ਖੇਤ ਦੀ ਮਿੱਟੀ, ਲਹਿਰਾਉਂਦੀ ਫ਼ਸਲ, ਘਾਹ-ਫੂਸ ਸਭ ਪਾਸਿਓਂ ਆਵਾਜ਼ਾਂ ਆ ਰਹੀਆਂ ਸਨ... ਅਸੀਂ ਕਾਹਦੇ ਲਈ ਆਂ...? ਉਸ ਦਾ ਸਰੀਰ ਕੰਬ ਰਿਹਾ ਸੀ। ਘੰਟਾ ਪਹਿਲਾਂ ਹਰ ਸ਼ੈਅ ਉਸ ਨੂੰ ਲਾਹਨਤਾਂ ਪਾ ਰਹੀ ਸੀ। ਹੁਣ ਹਰ ਸ਼ੈਅ ਉਸ ਦਾ ਹੌਸਲਾ ਬਣਦੀ ਜਾਪੀ। ਉਸ ਨੇ ਚੁਬੱਚੇ ਵਿੱਚ ਆਪਣੇ ਹੱਥ ਧੋਤੇ, ਮੂੰਹ ਧੋਤਾ, ਪਾਣੀ ਪੀਤਾ। ਆਸਮਾਨ ਵੱਲ ਦੇਖਿਆ ਤਾਂ ਤਾਰੇ ਮੋਤੀਆਂ ਵਾਂਗ ਚਮਕ ਰਹੇ ਸਨ। ਘਰ ਵੱਲ ਤੁਰ ਪਿਆ।
ਕੱਲ੍ਹ ਨੂੰ ਉਹ ਸਾਰਾ ਕੁਝ ਸੱਚ ਦੱਸ ਦੇਵੇਗਾ। ਮੁਆਫ਼ੀ ਮੰਗ ਲਵੇਗਾ ਅਤੇ ਹੋਰ ਮਿਹਨਤ ਕਰੇਗਾ। ਅੱਧੀ ਰਾਤ ਹੋ ਚੁੱਕੀ ਸੀ। ਬੇਬੇ ਵਿਹੜੇ ਵਿੱਚ ਕਾਲਜਾ ਫੜੀ ਖੜ੍ਹੀ ਸੀ। ਬਾਪੂ ਸੋਟੀ ਚੁੱਕੀ ਪਿੱਛੋਂ ਉਸ ਦੇ ਨਾਲ ਆ ਰਲ਼ਿਆ। ‘‘ਪੁੱਛ ਇਹਨੂੰ ਕਿੱਥੇ-ਕਿੱਥੇ ਭੌਂਕ ਕੇ ਆਇਐ?’’ ਬਾਪੂ ਹਰਖਿਆ ਪਿਆ ਸੀ। ‘‘ਨਾਲ਼ੇ ਚੋਰ ਨਾਲ਼ੇ ਚਤਰ।’’ ਬਾਪੂ ਫਿਰ ਬੋਲਿਆ। ਬੇਬੇ ਨੇ ਹੱਥ ਜੋੜੇ, ‘‘ਅੰਦਰ ਜਾ ਕੇ ਗੱਲ ਕਰ ਲਵੋ। ਕਿਉਂ ਲੋਕਾਂ ਨੂੰ ਤਮਾਸ਼ਾ ਦਿਖਾਉਂਗੇ?’’ ‘‘ਮੈਥੋਂ ਗ਼ਲਤੀ ਹੋ ਗੀ ਬਾਪੂ। ਮੈਂ ਤੜਕੇ ਨੂੰ ਦੱਸੂੰ ਥੋਨੂੰ।’’ ‘‘ਤੂੰ ਕੀ ਦੱਸੇਂਗਾ ਮੈਨੂੰ, ਮੈਂ ਤੇਰਾ ਪਿਉ ਆਂ। ਤੇਰੀ ਬੂਥੀ ਦੇਖ ਕੇ ਸਮਝ ਗਿਆ ਸੀ।’’ ‘‘ਤੇਰਾ ਬਾਪੂ ਆੜ੍ਹਤੀਏ ਕੋਲ ਗਿਆ ਸੀ, ਕੁਲਜੀਤ ਨੂੰ ਵੀ ਫੋਨ ਕਰਿਆ... ਹਰਪਾਲ ਵੀ ਆਇਆ ਸੀ!’’ ਬੇਬੇ ਗੱਲ ਪੂਰੀ ਕਰੇ ਬਿਨਾਂ ਹੀ ਚੁੱਪ ਕਰ ਗਈ। ‘‘ਨਹਿਰ ਵੱਲ ਕੀ ਕਰਨ ਗਿਆ ਸੀ? ਸਪਰੇਅ ਆਲ਼ੀ ਪੀਪੀ ਦਾ ਕੀ ਕਰਨ ਲੱਗਿਆ ਸੀ?’’ ਬਾਪੂ ਨੇ ਬਿੰਦਰ ਨੂੰ ਗਲਾਮੇਂ ਤੋਂ ਫੜ ਲਿਆ। ‘‘ਜੀਅ ਤਾਂ ਕਰਦਾ ਸੀ ਤੈਨੂੰ ਕੁੱਟਦਾ ਈ ਘਰੇ ਲੈ ਕੇ ਆਵਾਂ।’’ ਹੁਣ ਕੋਈ ਓਹਲਾ ਕੋਈ ਬਹਾਨਾ ਨਹੀਂ ਸੀ ਰਿਹਾ। ਬਿੰਦਰ ਬਾਪੂ ਦੇ ਲੱਕ ਨੂੰ ਚਿੰਬੜ ਗਿਆ। ‘‘ਗ਼ਲਤੀ ਹੋ ਗੀ ਬਾਪੂ...!’’ ਉਸ ਤੋਂ ਬਾਅਦ ਕੁਝ ਨਾ ਬੋਲਿਆ ਗਿਆ। ਬਸ ਉਹ ਰੋ ਰਿਹਾ ਸੀ। ‘‘ਚੱਲ ਮੁਆਫ਼ ਕਰ ਦਿਉ ਨਿਆਣਾ ਐ।’’ ਬੇਬੇ ਨੇ ਤਰਲਾ ਕੀਤਾ।
‘‘ਪੈਸਿਆਂ ਦਾ ਘਾਟਾ ਤਾਂ ਪੂਰਾ ਹੋ ਜੂ... ਜਿਹੜਾ ਇਹ ਹੋਰ ਘਾਟਾ ਪਾਉਣ ਲੱਗਿਆ ਸੀ,’’ ਬਾਪੂ ਦਾ ਗਲ਼ਾ ਭਰ ਆਇਆ, ‘‘ਅਸੀਂ ਕੋਈ ਤੇਰੇ ਦੁਸ਼ਮਣ ਆਂ। ਘਰੇ ਨ੍ਹੀਂ ਦੱਸ ਸਕਦਾ ਸੀ। ਅਸੀਂ ਕਾਹਦੇ ਲਈ ਆਂ...?’’ ਬਿੰਦਰ ਨੇ ਬਾਪੂ ਨੂੰ ਹੋਰ ਘੁੱਟ ਲਿਆ, ਆਪਣਾ ਮੂੰਹ ਉਸ ਦੀ ਛਾਤੀ ਵਿੱਚ ਲੁਕੋ ਲਿਆ। ਬਾਪੂ ਦਾ ਹੱਥ ਬਿੰਦਰ ਦੀ ਪਿੱਠ ’ਤੇ ਫਿਰ ਰਿਹਾ ਸੀ। ਬਾਪੂ ਦਾ ਦਿਲ ਵੀ ਬੇਬੇ ਦੇ ਦਿਲ ਵਾਂਗ ਹੀ ਧੜਕ ਰਿਹਾ ਸੀ।
ਸੰਪਰਕ: 98767-14004

