ਯੁੱਧ
ਯੂਗੋਸਲਾਵੀਆ ਦੀ ਕਹਾਣੀ ਈਵਾਨ ਕੈਂਕਰ ਪੰਜਾਬੀ ਰੂਪ: ਜੰਗ ਬਹਾਦਰ ਗੋਇਲ ਹਰ ਰੋਜ਼ ਰਾਤ ਵੇਲੇ ਸੌਣ ਤੋਂ ਪਹਿਲਾਂ ਬੱਚੇ ਆਪਸ ਵਿੱਚ ਖ਼ੂਬ ਗੱਲਾਂ ਕਰਦੇ, ਰਸੋਈ ਵਿੱਚ ਚੁੱਲ੍ਹੇ ਅੱਗੇ ਬੈਠੇ ਉਹ ਬਾਤਾਂ ਪਾਉਂਦੇ। ਸ਼ਾਮ ਵੇਲੇ ਸੁਪਨਿਆਂ ਨਾਲ ਭਰੀਆਂ ਅੱਖਾਂ ਨਾਲ ਉਹ ਤਿਰਕਾਲਾਂ...
ਯੂਗੋਸਲਾਵੀਆ ਦੀ ਕਹਾਣੀ
ਈਵਾਨ ਕੈਂਕਰ
ਪੰਜਾਬੀ ਰੂਪ: ਜੰਗ ਬਹਾਦਰ ਗੋਇਲ
ਹਰ ਰੋਜ਼ ਰਾਤ ਵੇਲੇ ਸੌਣ ਤੋਂ ਪਹਿਲਾਂ ਬੱਚੇ ਆਪਸ ਵਿੱਚ ਖ਼ੂਬ ਗੱਲਾਂ ਕਰਦੇ, ਰਸੋਈ ਵਿੱਚ ਚੁੱਲ੍ਹੇ ਅੱਗੇ ਬੈਠੇ ਉਹ ਬਾਤਾਂ ਪਾਉਂਦੇ। ਸ਼ਾਮ ਵੇਲੇ ਸੁਪਨਿਆਂ ਨਾਲ ਭਰੀਆਂ ਅੱਖਾਂ ਨਾਲ ਉਹ ਤਿਰਕਾਲਾਂ ਦਾ ਘੁਸਮੁਸਾ ਖਿੜਕੀ ਰਾਹੀਂ ਰਸੋਈ ’ਚ ਦਾਖ਼ਲ ਹੁੰਦਾ ਵੇਖਦੇ। ਪਰਛਾਵੇਂ ਆਪਣੇ ਨਾਲ ਢੇਰ ਸਾਰੀਆਂ ਕਹਾਣੀਆਂ ਲੈ ਕੇ ਕੰਧਾਂ ਤੇ ਉਸਰਦੇ ਅਤੇ ਹੌਲੀ ਹੌਲੀ ਛੱਤ ਵੱਲ ਵਧਣ ਲੱਗਦੇ।
ਬੱਚੇ ਦਿਲ ਖੋਲ੍ਹ ਕੇ ਗੱਲਾਂ ਕਰਦੇ। ਉਨ੍ਹਾਂ ਦੇ ਜ਼ਿਹਨ ਵਿੱਚ ਖਿੜੀ ਧੁੱਪ ਵਰਗੀਆਂ ਖੁਸ਼ਨੁਮਾ ਕਹਾਣੀਆਂ ਪੁੰਗਰਦੀਆਂ, ਅਜਿਹੀਆਂ ਕਹਾਣੀਆਂ ਜੋ ਪਿਆਰ, ਦੁਲਾਰ ਤੇ ਆਸਾਂ-ਉਮੀਦਾਂ ਨਾਲ ਭਰੀਆਂ ਹੁੰਦੀਆਂ। ਭਵਿੱਖ ਉਨ੍ਹਾਂ ਨੂੰ ਸਕੂਲ ਦੀਆਂ ਅਮੁੱਕ ਛੁੱਟੀਆਂ ਵਾਂਗ ਜਾਪਦਾ- ਨਾ ਕੋਈ ਫ਼ਿਕਰ, ਨਾ ਕੋਈ ਕੰਮ, ਨਾ ਕੋਈ ਔਕੜ। ਫੁੱਲਾਂ ਵਾਲੇ ਪਰਦਿਆਂ ਪਿੱਛੋਂ ਝਾਕਦਾ ਚੰਨ ਚੁੱਪਚਾਪ ਘਰ ਦੇ ਕਸੋਰੇ ਨੂੰ ਚਾਣਨੀ ਨਾਲ ਭਰਦਾ ਰਹਿੰਦਾ। ਸ਼ਬਦ ਬੁੜਬੁੜਾਏ ਜਾਂਦੇ ਜੋ ਅੱਧੇ-ਅਧੂਰੇ ਸਮਝ ਪੈਂਦੇ। ਕਿਸੇ ਵੀ ਕਹਾਣੀ ਦਾ ਨਾ ਕੋਈ ਆਦਿ ਹੁੰਦਾ ਨਾ ਅੰਤ। ਕਈ ਵੇਰਾਂ ਚਾਰੋਂ ਬੱਚੇ ਇੱਕੋ ਵੇਲੇ ਬੋਲਣ ਲੱਗਦੇ। ਉਹ ਹੈਰਾਨੀ ਨਾਲ ਨੀਲੇ ਆਸਮਾਨ ’ਤੇ ਉਸ ਅਲੋਕਾਰੀ ਰੌਸ਼ਨੀ ਤੱਕਦੇ ਜਿੱਥੇ ਹਰ ਬੋਲ ਸੱਚਾ ਸੀ, ਜਿੱਥੇ ਹਰ ਕਹਾਣੀ ਦੀ ਸ਼ਕਲ-ਸੂਰਤ ਸਾਫ਼ ਤੇ ਸਪੱਸ਼ਟ ਸੀ, ਜਿੱਥੇ ਹਰ ਕਹਾਣੀ ਦਾ ਇੱਕ ਸ਼ਾਨਦਾਰ ਅੰਤ ਸੀ।
ਵੇਖਣ ’ਚ ਸਾਰੇ ਬੱਚਿਆਂ ਦਾ ਮੁਹਾਂਦਰਾ ਇੱਕੋ ਜਿਹਾ ਸੀ। ਸਭ ਤੋਂ ਛੋਟੇ ਚਾਰ ਸਾਲਾਂ ਦੇ ਟੋਂਜ਼ੇਕ ਅਤੇ ਸਭ ਤੋਂ ਵੱਡੀ ਗਿਆਰਾਂ ਸਾਲਾਂ ਦੀ ਲੋਇਜ਼ਕਾ ਵਿਚਕਾਰ ਸਹੀ ਪਛਾਣ ਕਰਨੀ ਔਖੀ ਸੀ। ਸਾਰੇ ਬੱਚੇ ਬੜੇ ਦੁਬਲੇ-ਪਤਲੇ ਜਿਹੇ ਸਨ। ਉਨ੍ਹਾਂ ਦੀਆਂ ਅੱਖਾਂ ਵਿੱਚ ਸੁਪਨੇ ਤੈਰਦੇ ਸਨ ਤੇ ਉਹ ਆਪਣੀ ਉਮਰ ਤੋਂ ਵੱਧ ਸਿਆਣੇ ਜਾਪਦੇ ਸਨ।
ਉਸ ਦੁਪਹਿਰ ਕਿਸੇ ਓਪਰੀ ਥਾਂ ਤੋਂ ਉਨ੍ਹਾਂ ਦੇ ਘਰ ਅਜਿਹੀ ਕੜਮੀ ਸ਼ੈਅ ਦਾਖ਼ਲ ਹੋਈ ਜਿਸ ਨੇ ਆਪਣੇ ਵਹਿਸ਼ੀ ਹੱਥਾਂ ਨਾਲ ਆਸਮਾਨ ਦੇ ਤਾਰੇ ਤੋੜ ਸੁੱਟੇ, ਮੌਜ-ਮਸਤੀ ਦੇ ਪਲਾਂ ’ਤੇ ਤੇਜ਼ਾਬ ਛਿੜਕ ਦਿੱਤਾ ਤੇ ਕਹਾਣੀਆਂ ਨੂੰ ਪੈਰਾਂ ਹੇਠ ਮਸਲ ਦਿੱਤਾ।
ਡਾਕ ਰਾਹੀਂ ਜੁਆਰਭਾਟੇ ਵਾਂਗ ਖ਼ਬਰ ਆਈ ਕਿ ਇਟਲੀ ਦੇ ਮੈਦਾਨ ’ਚ ਉਨ੍ਹਾਂ ਦਾ ਪਿਤਾ ਢੇਰੀ ਹੋ ਗਿਆ। ਇਹ ਅਜਿਹੀ ਖ਼ਬਰ ਸੀ ਜੋ ਬੱਚਿਆਂ ਦੀ ਕਲਪਨਾ ਤੋਂ ਪਰ੍ਹੇ ਸੀ। ਇਸ ਦਾ ਕੋਈ ਸਿਰ-ਪੈਰ ਨਹੀਂ ਸੀ। ਫਿਰ ਵੀ ਇਹ ਉਨ੍ਹਾਂ ਸਾਹਮਣੇ ਮੂੰਹ ਅੱਡ ਕੇ ਖਲੋਤੀ ਸੀ। ਉਸ ਦੀ ਹੋਂਦ ਕਿਧਰੇ ਵੀ ਨਹੀਂ ਸੀ- ਨਾ ਭੀੜ ਭਰੇ ਗਿਰਜਾਘਰ ’ਚ ਨਾ ਕਿਸੇ ਗਲੀ ਵਿੱਚ ਤੇ ਨਾ ਚੁੱਲ੍ਹੇ ਦੁਆਲੇ ਪਸਰੇ ਤ੍ਰਿਕਾਲਾਂ ਦੇ ਘੁਸਮੁਸੇ ਵਿੱਚ ਤੇ ਨਾ ਕਿਸੇ ਕਥਾ-ਕਹਾਣੀ ’ਚ। ਉਹ ਮੌਤ ਦਾ ਕੋਈ ਅਤਾ-ਪਤਾ ਨਹੀਂ ਸਨ ਜਾਣਦੇ, ਪਰ ਹੁਣ ਉਹ ਸਭ ਇਸ ਡਰਾਉਣੇ ਦਿਓ ਸਾਹਮਣੇ ਡਰੇ, ਸਹਿਮੇ ਤੇ ਕੰਬਦੇ ਹੋਏ ਖਲੋਤੇ ਸਨ।
‘‘ਪਾਪਾ! ਵਾਪਸ ਤਾਂ ਆਉਣਗੇ, ਨਾ?’’ ਟੋਂਚੇਕ ਨੇ ਪੁੱਛਿਆ!
‘‘ਜਦੋਂ ਉਹ ਢੇਰੀ ਹੋ ਚੁੱਕੇ ਹਨ ਤਾਂ ਫੇਰ ਉਹ ਵਾਪਸ ਕਿਵੇਂ ਆ ਸਕਦੇ ਹਨ।’’ ਲੋਇਜ਼ਕਾ ਨੇ ਹੰਝੂਆਂ ਭਰੀ ਆਵਾਜ਼ ’ਚ ਕਿਹਾ।
ਚਾਰੋਂ ਪਾਸੇ ਚੁੱਪ ਪਸਰ ਗਈ। ਉਹ ਤਾਂ ਹੁਣ ਅਜਿਹੀ ਚੱਟਾਨ ਸਾਹਮਣੇ ਖੜ੍ਹੇ ਸਨ ਜਿਸ ਦੇ ਪਾਰ ਕੁਝ ਵੀ ਵਿਖਾਈ ਨਹੀਂ ਸੀ ਦੇ ਰਿਹਾ।
‘‘ਮੈਂ ਤਾਂ ਹੁਣੇ ਹੀ ਯੁੱਧ ਦੇ ਮੈਦਾਨ ’ਚ ਜਾ ਰਿਹਾ ਹਾਂ।’’ ਸੱਤ ਸਾਲਾਂ ਦੇ ਮੈਸੀ ਨੇ ਫ਼ੈਸਲਾਕੁਨ ਆਵਾਜ਼ ਵਿੱਚ ਕਿਹਾ। ਲੱਗਦਾ ਸੀ ਉਸ ਨੂੰ ਇਹ ਗੱਲ ਹੁਣੇ-ਹੁਣੇ ਸੁੱਝੀ ਸੀ। ਉਸ ਦੀ ਜਾਚੇ ਇਸ ਮੌਕੇ ਸ਼ਾਇਦ ਇਹੋ ਢੁੱਕਵੀਂ ਗੱਲ ਹੋ ਸਕਦੀ ਸੀ।
‘‘ਪਰ ਤੂੰ ਤਾਂ ਅਜੇ ਬਹੁਤ ਛੋਟਾ ਹੈਂ।’’ ਚਾਰ ਸਾਲਾਂ ਦੇ ਟੋਂਚੇਕ ਨੇ ਡੂੰਘੀ, ਗੰਭੀਰ ਆਵਾਜ਼ ’ਚ ਇੰਝ ਕਿਹਾ ਜਿਵੇਂ ਉਹ ਮੈਸੀ ਤੋਂ ਕਈ ਵਰ੍ਹੇ ਵੱਡਾ ਹੋਵੇ।
ਮਿਲਕਾ ਆਪਣੇ ਭੈਣ ਭਰਾਵਾਂ ’ਚੋਂ ਸਭ ਤੋਂ ਪਤਲੀ ਸੀ। ਉਸ ਨੇ ਆਪਣੇ ਪਿੰਡੇ ’ਤੇ ਆਪਣੀ ਮਾਂ ਦਾ ਸ਼ਾਲ ਲਪੇਟਿਆ ਹੋਇਆ ਸੀ। ਉਹ ਤਾਂ ਕਿਸੇ ਪਾਂਧੀ ਦੇ ਹੱਥ ’ਚ ਫੜੀ ਨਿੱਕੀ ਜਿਹੀ ਪੋਟਲੀ ਵਾਂਗ ਜਾਪਦੀ ਸੀ। ਉਸ ਨੇ ਆਪਣੀ ਨਾਜ਼ੁਕ ਜਿਹੀ ਆਵਾਜ਼ ਵਿੱਚ ਪੁੱਛਿਆ; ‘‘ਯੁੱਧ ਕੀ ਹੁੰਦਾ ਹੈ, ਮੈਸੀ? ਤੂੰ ਮੈਨੂੰ ਦੱਸ ਤੇ ਫੇਰ ਯੁੱਧ ਦੀ ਕਹਾਣੀ ਸੁਣਾ।’’
ਮੈਸੀ ਡੌਰ-ਭੌਰ ਹੋਇਆ ਆਪਣੀ ਸਭ ਤੋਂ ਵੱਡੀ ਭੈਣ ਲੋਇਜ਼ਕਾ ਵੱਲ ਵੇਖਣ ਲੱਗਾ। ਸੋਚ-ਸੋਚ ਕੇ ਲੋਇਜ਼ਕਾ ਬੋਲੀ, ‘‘ਵੇਖੋ, ਯੁੱਧ, ਯੁੱਧ ਹੁੰਦਾ ਹੈ ਜਿਸ ਵਿੱਚ ਲੋਕ ਇੱਕ ਦੂਜੇ ਨੂੰ ਮਾਰ-ਮੁਕਾਉਣ ਲਈ ਬੰਦੂਕਾਂ ’ਚੋਂ ਗੋਲੀਆਂ ਚਲਾਉਂਦੇ ਹਨ। ਜਿਹੜਾ ਆਦਮੀ ਜਿੰਨੇ ਜ਼ਿਆਦਾ ਆਦਮੀ ਮਾਰਦਾ ਹੈ, ਉਹ ਓਨਾ ਹੀ ਬਹਾਦਰ ਸਮਝਿਆ ਜਾਂਦਾ ਹੈ। ਉਸ ਨੂੰ ਤਗ਼ਮੇ ਤੇ ਇਨਾਮ ਮਿਲਦੇ ਹਨ। ਕੋਈ ਉਸ ਨੂੰ ਬੁਰਾ ਨਹੀਂ ਕਹਿੰਦਾ। ਸ਼ਾਇਦ ਇਸ ਦਾ ਨਾਮ ਹੈ, ਯੁੱਧ!’’
‘‘ਪਰ ਆਦਮੀ-ਆਦਮੀ ਨੂੰ ਮਾਰਦਾ ਕਿਉਂ ਹੈ?’’ ਮਿਲਕਾ ਨੇ ਫੇਰ ਪੁੱਛਿਆ।
‘‘ਆਪਣੇ ਰਾਜੇ ਦੀ ਸ਼ਾਨ ਖਾਤਰ!’’ ਲੋਇਜ਼ਕਾ ਨੇ ਕਿਹਾ।
ਸ਼ਾਮ ਘਿਰ ਆਈ। ਕੰਧ ’ਤੇ ਇੱਕ ਤਸਵੀਰ ਉਘੜੀ ਜਿਸ ਦਾ ਚਿਹਰਾ ਇਲਾਹੀ ਨੂਰ ਨਾਲ ਚਮਕ ਰਿਹਾ ਸੀ। ਉਹ ਅਡੋਲ ਬੈਠੇ ਬਹੁਤ ਮੁਸ਼ਕਿਲ ਨਾਲ ਸਾਹ ਲੈ ਰਹੇ ਸਨ। ਉਹ ਇਸ ਤਰ੍ਹਾਂ ਬੈਠੇ ਸਨ ਜਿਵੇਂ ਗਿਰਜਾਘਰ ਵਿੱਚ ਸਿਰ ਝੁਕਾਈ ਪ੍ਰਾਰਥਨਾ ਵਿੱਚ ਬੈਠੇ ਹੋਣ।
ਸਭ ’ਤੇ ਭਾਰੀ ਹੋ ਰਹੀ ਚੁੱਪੀ ਨੂੰ ਤੋੜਨ ਲਈ ਮੈਸੀ ਨੇ ਜੋਸ਼ ਵਿੱਚ ਕਿਹਾ;
‘‘ਮੈਂ ਦੁਸ਼ਮਣਾਂ ਨਾਲ ਲੜਨ ਜਾ ਰਿਹਾ ਹਾਂ।’’
‘‘ਦੁਸ਼ਮਣ ਕਿਹੋ ਜਿਹਾ ਹੁੰਦਾ ਹੈ?’’ ਕੀ ਉਸ ਦੇ ਸਿੰਗ ਹੁੰਦੇ ਹਨ?’’ ਮਿਲਕਾ ਨੇ ਪੁੱਛਿਆ!
‘‘ਹਾਂ, ਹਾਂ, ਹੁੰਦੇ ਹਨ। ਸਿੰਗਾਂ ਤੋਂ ਬਿਨਾਂ ਭਲਾ ਕੋਈ ਕਿਸੇ ਨੂੰ ਕਿਵੇਂ ਮਾਰ ਸਕਦਾ ਹੈ?’’ ਟੋਂਚੇਕ ਨੇ ਇੰਝ ਕਿਹਾ ਜਿਵੇਂ ਉਹ ਸਭ ਕੁਝ ਜਾਣਦਾ ਹੋਵੇ।
ਇਸ ਦਾ ਸਹੀ-ਸਹੀ ਜਵਾਬ ਤਾਂ ਮੈਸੀ ਵੀ ਨਹੀਂ ਸੀ ਜਾਣਦਾ। ਫਿਰ ਵੀ ਉਸ ਨੇ ਝਕਦਿਆਂ ਹੋਇਆਂ ਕਿਹਾ; ‘‘ਮੇਰੇ ਖਿਆਲ ਵਿੱਚ ਦੁਸ਼ਮਣਾਂ ਦੇ ਸਿੰਗ ਜ਼ਰੂਰ ਹੁੰਦੇ ਹਨ...।’’
‘‘ਦੁਸ਼ਮਣਾਂ ਦੇ ਸਿੰਗ ਕਿਵੇਂ ਹੋ ਸਕਦੇ ਹਨ। ਉਹ ਵੀ ਆਮ ਆਦਮੀ ਵਾਂਗ ਆਦਮੀ ਹੁੰਦਾ ਹੈ’’ ਕਹਿ ਕੇ ਉਹ ਪਲ ਭਰ ਲਈ ਰੁਕੀ ਤੇ ਫੇਰ ਬੋਲੀ, ‘‘ਪਰ, ਉਸ ਕੋਲ ਜ਼ਮੀਰ ਨਹੀਂ ਹੁੰਦੀ।’’
ਸਭ ਤੋਂ ਵੱਡੀ ਭੈਣ ਦੀ ਗੱਲ ਸੁਣਕੇ ਸਭ ਚੁੱਪ ਹੋ ਗਏ। ਲੰਮੀ ਖ਼ਾਮੋਸ਼ੀ ਤੋਂ ਬਾਅਦ ਟੋਂਚੈਕ ਨੇ ਪੁੱਛਿਆ, ‘‘ਪਰ ਕੋਈ ਬੰਦਾ ਯੁੱਧ ’ਚ ਢੇਰੀ ਕਿਵੇਂ ਹੁੰਦਾ ਹੈ?’’ ਕਹਿ ਕੇ ਉਹ ਪਿੱਠ ਭਾਰ ਹੇਠਾਂ ਡਿੱਗ ਪਿਆ ਤੇ ਬੋਲਿਆ, ‘‘ਕੀ ਇੰਝ?’’
‘‘ਨਹੀਂ, ਉਹ ਸਦਾ ਲਈ ਚਲਾ ਜਾਂਦਾ ਹੈ।’’ ਮੈਸੀ ਨੇ ਕਿਹਾ।
‘‘ਪਾਪਾ ਨੇ ਤਾਂ ਮੇਰੇ ਲਈ ਖਿਡੌਣਾ ਲੈ ਕੇ ਆਉਣ ਦਾ ਵਾਅਦਾ ਕੀਤਾ ਸੀ...।’’ ਟੋਂਚੇਕ ਨੇ ਡੁਸਕਦਿਆਂ ਕਿਹਾ।
‘‘ਹੁਣ ਉਹ ਤੇਰੇ ਲਈ ਖਿਡੌਣਾ ਕਿਵੇਂ ਲਿਆ ਸਕਦੇ ਹਨ, ਉਹ ਤਾਂ ਢੇਰੀ ਹੋ ਚੁੱਕੇ ਹਨ।’’ ਮੈਸੀ ਨੇ ਕਿਹਾ।
ਬੱਚਿਆਂ ਦੀਆਂ ਵੱਡੀਆਂ-ਵੱਡੀਆਂ ਅੱਖਾਂ ਵਿੱਚ ਹੁਣ ਕੋਈ ਸਵਾਲ ਨਹੀਂ ਸੀ ਬਾਕੀ ਬਚਿਆ। ਉਨ੍ਹਾਂ ਦੇ ਦਿਲਾਂ ਅੰਦਰ ਡੂੰਘਾ ਸੋਗ ਤੇ ਖ਼ੌਫ਼ ਸੀ। ਉਨ੍ਹਾਂ ਦਾ ਮਨ-ਮਸਤਕ ਕਿਵੇਂ ਰਹੱਸਮਈ ਕਾਲੀ-ਸਿਆਹ ਚਾਦਰ ’ਚ ਢਕਿਆ ਹੋਇਆ ਸੀ।
ਠੀਕ ਉਸ ਸਮੇਂ ਘਰ ਦੇ ਬਾਹਰ ਚੌਂਤਰੇ ’ਤੇ ਬੱਚਿਆਂ ਦੇ ਬੁਢੇ ਦਾਦਾ-ਦਾਦੀ ਪਥਰਾਈਆਂ ਅੱਖਾਂ ਨਾਲ ਡੁੱਬਦੇ ਸੂਰਜ ਨੂੰ ਤੱਕ ਰਹੇ ਸਨ।
ਪਸ਼ੂਆਂ ਦੇ ਵਾੜੇ ’ਚੋਂ ਆ ਰਹੀ ਸਿਸਕੀਆਂ ਦੀ ਦਰਦਨਾਕ ਆਵਾਜ਼ ਚਾਰੋਂ ਪਾਸੇ ਫੈਲੀ ਭਿਆਨਕ ਚੁੱਪ ਨੂੰ ਚੀਰ ਰਹੀ ਸੀ। ਇਹ ਬੱਚਿਆਂ ਦੀ ਮਾਂ ਦਾ ਇੱਕ-ਜਵਾਨ ਵਿਧਵਾ ਦਾ ਰੁਦਨ ਸੀ। ਉਹ ਦਿਨ ਭਰ ਦੇ ਭੁੱਖੇ-ਤਿਹਾਏ ਪਸ਼ੂਆਂ ਨੂੰ ਚਾਰਾ ਪਾਉਣ ਵਾੜੇ ’ਚ ਆਈ ਸੀ ਤੇ ਉੱਥੇ ਹੀ ਇੱਕ ਖੂੰਜੇ ’ਚ ਬੈਠੀ ਰੋ ਰਹੀ ਸੀ।

