ਜੰਗ, ਇਸਤਰੀ ਅਤੇ ਅਮਨ
ਇਸ ਖ਼ੂਬਸੂਰਤ ਸੰਸਾਰ ਦੀ ਵਿਸ਼ਾਲਤਾ ਦਾ ਪਾਰ ਨਹੀਂ ਪਾਇਆ ਜਾ ਸਕਦਾ। ਹਾਂ, ਇਸ ਅਸੀਮ ਖ਼ੂਬਸੂਰਤੀ ਨੂੰ ਮਾਣਿਆ ਜ਼ਰੂਰ ਜਾ ਸਕਦਾ ਹੈ। ਇਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਖ਼ੂਬਸੂਰਤੀ ਵਿੱਚ ਅਨੰਦਿਤ ਹੋਇਆ ਜਾ ਸਕਦਾ ਹੈ, ਤਰੰਗਿਤ ਹੋਇਆ ਜਾ ਸਕਦਾ...
ਇਸ ਖ਼ੂਬਸੂਰਤ ਸੰਸਾਰ ਦੀ ਵਿਸ਼ਾਲਤਾ ਦਾ ਪਾਰ ਨਹੀਂ ਪਾਇਆ ਜਾ ਸਕਦਾ। ਹਾਂ, ਇਸ ਅਸੀਮ ਖ਼ੂਬਸੂਰਤੀ ਨੂੰ ਮਾਣਿਆ ਜ਼ਰੂਰ ਜਾ ਸਕਦਾ ਹੈ। ਇਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਖ਼ੂਬਸੂਰਤੀ ਵਿੱਚ ਅਨੰਦਿਤ ਹੋਇਆ ਜਾ ਸਕਦਾ ਹੈ, ਤਰੰਗਿਤ ਹੋਇਆ ਜਾ ਸਕਦਾ ਹੈ। ਹੁਣ ਤੱਕ ਅਰਬਾਂ-ਖ਼ਰਬਾਂ ਲੋਕ ਇਸ ਖ਼ੂਬਸੂਰਤੀ ਦਾ ਅਵਲੋਕਣ ਕਰਦੇ ਆ ਰਹੇ ਹਨ, ਪਰ ਇਸ ਦੇ ਬਾਵਜੂਦ ਇਸ ਖ਼ੂਬਸੂਰਤੀ ਵਿੱਚ ਕੋਈ ਕਮੀ ਨਹੀਂ ਆਈ। ਹਾਂ, ਇੰਨਾ ਜ਼ਰੂਰ ਹੈ ਕਿ ਇਸ ਰਤੀ ਮਾਂ ਦੇ ਕੁਝ ਨਾਲਾਇਕ ਬੱਚੇ ਇਸ ਦੇ ਖ਼ੂਬਸੂਰਤ ਚਿਹਰੇ ਨੂੰ ਸਮੇਂ-ਸਮੇਂ ਕਰੂਪ ਕਰਦੇ ਆਏ ਹਨ। ਇਸ ਤੋਂ ਭਾਵ ਦੁਨੀਆ ਦੇ ਜੰਗਬਾਜ਼ਾਂ ਤੋਂ ਹੈ। ਧਰਤੀ ਤਾਂ ਆਪਣੇ ਆਪ ਨੂੰ ਹਮੇਸ਼ਾ ਸ਼ਿੰਗਾਰਦੀ ਤੇ ਹੋਰ ਵਧੀਆ ਢੰਗ ਨਾਲ ਸੰਸਾਰ ਨੂੰ ਸੁੰਦਰ ਬਣਾਉਣ ਵਿੱਚ ਆਪਣਾ ਪੂਰਾ ਤਾਣ ਲਾ ਦਿੰਦੀ ਹੈ, ਪਰ ਹੰਕਾਰੀ ਤੇ ਆਪਣੇ ਆਪ ਨੂੰ ਦੁਨੀਆ ਦੇ ਠੇਕੇਦਾਰ ਸਮਝਣ ਵਾਲੇ ਇਹ ਜੰਗਬਾਜ਼ ਕੁਦਰਤ ਨਾਲ ਆਢਾ ਲਾਉਣ ਦੀ ਹਿਮਾਕਤ ਕਰਦੇ ਰਹਿੰਦੇ ਹਨ। ਵਰਤਮਾਨ ਸਮੇਂ ਵਿੱਚ ਵੀ ਦੁਨੀਆ ਨੂੰ ਅਜਿਹੇ ਸਿਰਫਿਰਿਆਂ ਨੇ ਵੰਝ ’ਤੇ ਟੰਗ ਰੱਖਿਆ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਤੋਂ ਕਿਸੇ ਚੰਗੇ ਕਰਮ ਦੀ ਉਮੀਦ ਨਹੀਂ ਰੱਖੀ ਜਾ ਸਕਦੀ। ਇਸ ਲਈ ਅਮਨਪਸੰਦ ਲੋਕਾਂ, ਕਲਾਕਾਰਾਂ, ਸਾਹਿਤਕਾਰਾਂ ਤੇ ਬੁੱਧੀਜੀਵੀਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇੱਕ ਸੁਚੱਜੇ, ਖ਼ੂਬਸੂਰਤ, ਵਿਤਕਰੇ ਰਹਿਤ, ਸ਼ਾਂਤੀਪੂਰਨ ਦੁਨੀਆ ਤੇ ਸਮਾਜ ਦੀ ਉਸਾਰੀ ਲਈ ਅੱਗੇ ਆਉਣ ਤੇ ਹਰ ਪਲ ਯਤਨਸ਼ੀਲ ਰਹਿਣ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੰਗਬਾਜ਼ ਜੰਗਾਂ ਛੇੜਦੇ ਹੀ ਕਿਉਂ ਹਨ? ਅਸਲ ਵਿੱਚ ਜੰਗ ਵੀ ਸਿਆਸਤ ਹੈ, ਵਪਾਰ ਹੈ। ਜੰਗ ਵੀ ਹਉਮੈ ਨੂੰ ਪਾਏ ਗਏ ਪੱਠੇ ਹਨ, ਖੁਰਾਕ ਹੈ। ਜੰਗ ਵੀ ਨਿੱਜੀ ਹਿੱਤਾਂ ਦਾ ਪੋਸ਼ਣ ਹੈ। ਜੰਗ ਜੰਗਬਾਜ਼ਾਂ ਦਾ ਆਪਣੇ ਅਤੇ ਆਪਣੀ ਕੌਮ ਨੂੰ ਅਮਰ ਕਰਨ ਦਾ ਇੱਕ ਭਰਮ ਹੈ, ਜਿਹੜਾ ਕਦੇ ਵੀ ਪੂਰਾ ਨਹੀਂ ਹੁੰਦਾ। ਆਪਣੇ ਹੱਥੀਂ ਬਾਲੀ ਅੱਗ ਵਿੱਚ ਹੁਣ ਤੱਕ ਦੇ ਸਾਰੇ ਜੰਗਬਾਜ਼ ਆਪ ਰਾਖ਼ ਹੁੰਦੇ ਆਏ ਹਨ। ਸੱਤਾ ਹਥਿਆਉਣ, ਪੈਸਾ ਇਕੱਠਾ ਕਰਨ ਅਤੇ ਅਮਰ ਹੋਣ ਦਾ ਲਾਲਚ ਦੁਨੀਆ ਦੇ ਜੰਗਬਾਜ਼ਾਂ ਦਾ ਤਾਂ ਕਾਲ ਬਣਦਾ ਆਇਆ ਹੈ, ਪਰ ਇਹ ਮੁੱਠੀ ਭਰ ਲੋਕ ਪੂਰੀ ਦੁਨੀਆ ਨੂੰ ਖ਼ਤਰੇ ਵਿੱਚ ਪਾਉਂਦੇ ਆਏ ਹਨ।
ਅੱਜ ਦੁਨੀਆ ਦੇ ਕਈ ਦੇਸ਼ਾਂ ਵਿੱਚ ਜੰਗਾਂ ਹੋ ਰਹੀਆਂ ਹਨ। ਮਨੁੱਖਤਾ ਦੇ ਖ਼ਿਲਾਫ਼ ਤਾਂ ਜੰਗ ਜੁਰਮ ਹੁੰਦੀ ਹੀ ਹੈ, ਪਰ ਇਹ ਧਰਤੀ, ਆਕਾਸ਼, ਪਾਣੀ, ਹਵਾ, ਵਾਯੂਮੰਡਲ ਖ਼ਿਲਾਫ਼ ਵੀ ਨਾ-ਮੁਆਫ਼ੀ ਯੋਗ ਅਪਰਾਧ ਹੁੰਦਾ ਹੈ ਕਿਉਂ ਜੋ ਇਹ ਸਾਰੇ ਸੋਮੇ ਕੁੱਲ ਦੁਨੀਆ ਦੇ ਸਾਂਝੇ ਹਨ। ਇਨ੍ਹਾਂ ਸਭਨਾਂ ਨੂੰ ਖੰਡਿਤ, ਦੂਸ਼ਿਤ, ਸਮਾਪਤ, ਨਸ਼ਟ ਤੇ ਜ਼ਖ਼ਮੀ ਕਰਨ ਦਾ ਕਿਸੇ ਵੀ ਦੇਸ਼ ਜਾਂ ਇਨਸਾਨ ਨੂੰ ਕੋਈ ਹੱਕ ਨਹੀਂ ਹੈ। ਅੱਜ ਅਮਰੀਕਾ ਅਤੇ ਇਜ਼ਰਾਈਲ ਆਪਣੇ ਨਿੱਜੀ ਹਿੱਤਾਂ, ਵਪਾਰ ਵਿਸਥਾਰ ਤੇ ਸਨਕ ਕਰ ਕੇ ਪੂਰੀ ਦੁਨੀਆ ਲਈ ਬਹੁਤ ਵੱਡਾ ਖ਼ਤਰਾ ਬਣ ਗਏ ਹਨ। ਕੋਈ ਦੋ ਤਿੰਨ ਸਾਲ ਪਹਿਲਾਂ ਲਿਖੀ ਆਪਣੀ ਇੱਕ ਨਜ਼ਮ ਵਿੱਚ ਅਸਾਂ ਅਮਰੀਕਾ ਨੂੰ ਦੁਨੀਆ ਲਈ ਦਲਦਲ ਕਿਹਾ ਸੀ। ਇਹ ਕਹਿਣਾ ਅੱਜ ਡਰਾਉਣਾ ਸੱਚ ਬਣ ਕੇ ਸਾਡੇ ਸਾਰਿਆਂ ਦੇ ਸਾਹਮਣੇ ਖੜ੍ਹਾ ਹੈ:
ਮੇਰੇ ਸਿਰ ’ਤੇ
ਸਮੱਸਿਆਵਾਂ ਦਾ ਜੰਗਲ
ਉੱਗ ਆਇਆ ਹੈ।
ਮੇਰੇ ਪੈਰਾਂ ਹੇਠ
ਅਮਰੀਕਾ ਦੀ ਦਲਦਲ ਹੈ
ਤੀਸਰੇ ਵਿਸ਼ਵ ਯੁੱਧ ਦਾ ਨਾਦ
ਮੇਰੀ ਵੰਝਲੀ ਦੀਆਂ
ਸੁਰਾਂ ਨੂੰ ਬੇਸੁਰਾ ਬਣਾ ਰਿਹਾ ਹੈ!
ਫੇਰ ਵੀ ਮੈਂ
ਸੂਰਜ ਦਾ ਨਿੱਘ ਮਾਣਦਾ
ਉਸਦੇ ਖ਼ਿਆਲਾਂ ’ਚ ਖੋਇਆ ਹਾਂ
ਤੇ ਸਮੱਸਿਆਵਾਂ ਦੇ ਜੰਗਲ ਨੂੰ
ਫੁੱਲਾਂ ਦੇ ਬਾਗ਼ ’ਚ
ਤਬਦੀਲ ਕਰਨ ਦੇ ਸੁਪਨੇ ਲੈ ਰਿਹਾ ਹਾਂ!
ਜੰਗ ਦਾ ਸਭ ਤੋਂ ਮਾੜਾ ਅਸਰ ਔਰਤਾਂ ਉੱਤੇ ਪੈਂਦਾ ਹੈ। ਔਰਤ ਨੂੰ ਇਸ ਸੰਸਾਰ ਦੀ ਸਭ ਤੋਂ ਖ਼ੂਬਸੂਰਤ, ਨਾਯਾਬ ਤੇ ਬੁਨਿਆਦੀ ਹੋਂਦ ਤੇ ਹਸਤੀ ਵਜੋਂ ਸਵੀਕਾਰ ਕੀਤਾ ਜਾ ਸਕਦਾ ਹੈ। ਇਸ ਦੀ ਸਿਰਜਣਾਤਮਕ ਸ਼ਕਤੀ ਵੀ ਕਮਾਲ ਦੀ ਹੈ। ਮਨੁੱਖੀ ਸੱਭਿਅਤਾ ਦੇ ਜਨਮ, ਵਿਕਾਸ ਅਤੇ ਸੁਰੱਖਿਆ ਦਾ ਜ਼ਿੰਮਾ ਕੁਦਰਤ ਨੇ ਹੀ ਉਸਦੇ ਹਿੱਸੇ ਦਾ ਹਾਸਲ ਬਣਾਇਆ ਹੈ। ਜੰਗਾਂ ਯੁੱਧਾਂ ਨੂੰ ਸ਼ੁਰੂ ਕਰਨ ਵਿੱਚ ਉਸ ਦੀ ਭੂਮਿਕਾ ਤਕਰੀਬਨ ਨਾਂ-ਮਾਤਰ ਰਹੀ ਹੈ। ਇਹ ਵੀ ਇੱਕ ਵੱਡਾ ਦੁਖਾਂਤਕ ਪਹਿਲੂ ਹੈ ਕਿ ਜੰਗਾਂ ਦਾ ਸਭ ਤੋਂ ਖ਼ਤਰਨਾਕ ਤੇ ਮਾੜਾ ਪ੍ਰਭਾਵ ਔਰਤਾਂ ਅਤੇ ਬੱਚਿਆਂ ਉੱਤੇ ਹੀ ਪੈਂਦਾ ਹੈ। ਔਰਤ ਦਾ ਹਿਰਦਾ ਕੋਮਲ ਹੁੰਦਾ ਹੈ। ਦੁਨੀਆ ਵਿੱਚ ਸੁਖ ਦੀਆਂ ਛਾਵਾਂ ਕਰਨ ਵਾਲੀ ਮਾਂ ਹੀ ਹੁੰਦੀ ਹੈ। ਦੁਨੀਆ ਵਿੱਚ ਮਿਠਾਸ ਦੀ ਮਹਿਕ ਘੋਲਣ ਵਾਲੀ ਮਾਂ ਹੀ ਹੁੰਦੀ ਹੈ। ਮਨੁੱਖੀ ਰਿਸ਼ਤਿਆਂ ਵਿੱਚ ਮੋਹ-ਮੁਹੱਬਤ ਦੇ ਆਕਰਸ਼ਣ, ਹੁਸਨ ਤੇ ਹਾਸਿਆਂ ਦੇ ਦੀਪ ਜਗਾਉਣ ਵਾਲੀ ਵੀ ਔਰਤ ਹੀ ਹੁੰਦੀ ਹੈ। ਜੇ ਮਨੁੱਖ ਜੰਗਾਂ ਛੇੜਨ ਸਮੇਂ ਔਰਤ ਦੀ ਰਾਏ ਜਾਂ ਅਗਵਾਈ ਲੈ ਲਏ ਤਾਂ ਦੁਨੀਆ ਦੇ ਮਾਮਲੇ ਮਿਲਵਰਤਣ, ਸੂਝ-ਬੂਝ ਤੇ ਸਮਝਦਾਰੀ ਨਾਲ ਆਪੇ ਹੀ ਹੱਲ ਹੋ ਸਕਦੇ ਹਨ। ਹੁਣ ਤੱਕ ਦੀਆਂ ਜੰਗਾਂ ਵਿੱਚ ਔਰਤਾਂ ਨੂੰ ਇਸ ਪੱਖ ਤੋਂ ਹਾਸ਼ੀਏ ’ਤੇ ਹੀ ਧੱਕਿਆ ਜਾਂਦਾ ਰਿਹਾ ਹੈ। ਵਰਤਮਾਨ ਸਮੇਂ ਵਿੱਚ ਚੱਲ ਰਹੀਆਂ ਜੰਗਾਂ ਵਿੱਚ ਔਰਤਾਂ ਤੇ ਬੱਚਿਆਂ ਉੱਤੇ ਸਭ ਤੋਂ ਵੱਧ ਜ਼ੁਲਮ ਹੋਏ ਹਨ। ਗਾਜ਼ਾ ਵਿੱਚ ਇਜ਼ਰਾਈਲ ਦੇ ਹਮਲਿਆਂ ਨਾਲ 20,000 ਤੋਂ ਵੱਧ ਬੱਚੇ ਅਤੇ 70,000 ਤੋਂ ਵੱਧ ਔਰਤਾਂ ਤੇ ਮਰਦਾਂ ਦੀ ਜਾਨ ਜਾ ਚੁੱਕੀ ਹੈ। ਇਜ਼ਰਾਈਲ ਅਤੇ ਅਮਰੀਕਾ ਵੱਲੋਂ ਇਰਾਨ ਉੱਤੇ ਕੀਤੇ ਹਮਲਿਆਂ ਵਿੱਚ 165 ਸਕੂਲੀ ਬੱਚੀਆਂ ਨੂੰ ਅਣਿਆਈ ਮੌਤ ਮਾਰਿਆ ਗਿਆ। ਉਨ੍ਹਾਂ ਦੀਆਂ ਸਾਂਝੀਆਂ ਕਬਰਾਂ ਦਾ ਮੰਜ਼ਰ ਬੜਾ ਹੀ ਭਿਆਨਕ ਸੀ। ਹੁਣੇ ਜਿਹੇ ਆਸਟਰੇਲੀਆ ਨੇ ਆਪਣੇ 125 ਸਾਲਾਂ ਦੇ ਜਮਹੂਰੀ ਇਤਿਹਾਸ ਵਿੱਚ ਪਹਿਲੀ ਵਾਰੀ ਕਿਸੇ ਔਰਤ ਨੂੰ ਮੁਲਕ ਦੀ ਫ਼ੌਜ ਮੁਖੀ ਬਣਾਇਆ ਹੈ। ਲੈਫਟੀਨੈਂਟ ਜਨਰਲ ਸੁਜ਼ੈਨ ਕਾਇਲ ਉੱਥੋਂ ਦੀ ਫ਼ੌਜ ਮੁਖੀ ਬਣੀ ਹੈ। ਉਮੀਦ ਹੈ ਕਿ ਇਹ ਨਿਯੁਕਤੀ ਦੁਨੀਆ ਵਿੱਚ ਅਮਨ ਸਥਾਪਤ ਕਰਨ ਲਈ ਲਾਹੇਵੰਦ ਸਾਬਿਤ ਹੋਵੇਗੀ।
ਜੰਗ ਕਦੇ ਵੀ ਕਿਸੇ ਮਸਲੇ ਦਾ ਹੱਲ ਨਹੀਂ ਰਹੀ। ਜੰਗਾਂ ਤਾਂ ਮਸਲਿਆਂ ਨੂੰ ਉਲਝਾਉਂਦੀਆਂ ਰਹੀਆਂ ਹਨ। ਜੰਗਾਂ ਦੇ ਮਾੜੇ ਪ੍ਰਭਾਵ ਸਦੀਆਂ ਤੱਕ ਰਹਿੰਦੇ ਹਨ। ਧਰਤੀ ਜ਼ਖ਼ਮੀ ਹੁੰਦੀ ਹੈ, ਪੌਣ ਗੰਧਲੀ ਹੁੰਦੀ ਹੈ ਅਤੇ ਪਾਣੀ ਦੂਸ਼ਿਤ ਹੋ ਜਾਂਦੇ ਹਨ। ਇਹ ਸਾਰੇ ਮਾੜੇ ਪ੍ਰਭਾਵ ਮਨੁੱਖੀ ਨਸਲ ਦੇ ਖ਼ਾਤਮੇ ਦਾ ਬਾਨਣੂੰ ਬੰਨ੍ਹਦੇ ਹਨ। ਰਾਤ ਨੂੰ ਰੌਲਾ ਰੱਪਾ ਨਹੀਂ ਹੁੰਦਾ, ਟਿਕਾਅ ਹੁੰਦਾ ਹੈ। ਇਸੇ ਲਈ ਰਾਤ ਨੂੰ ਦਰੱਖ਼ਤ, ਪੌਦੇ ਵਧਦੇ ਹਨ, ਡੋਡੀਆਂ ਪਣਪਦੀਆਂ ਹਨ ਤੇ ਫ਼ਲ ਫ਼ਲਹਾਰ ਲਈ ਤਿਆਰ ਹੁੰਦੇ ਹਨ। ਇਸੇ ਤਰ੍ਹਾਂ ਜ਼ਿੰਦਗੀ ਦਾ ਵਿਕਾਸ ਅਮਨ-ਚੈਨ ਦੇ ਹਾਲਾਤ ਵਿੱਚ ਹੀ ਹੁੰਦਾ ਅਤੇ ਹੋ ਸਕਦਾ ਹੈ। ਹੁਣੇ ਜਿਹੇ ਇਕੱਲੇ ਅਮਰੀਕਾ ਵਿੱਚ ਹੀ ਲੱਖਾਂ ਲੋਕਾਂ ਨੇ ਜੰਗ ਦੇ ਖ਼ਾਤਮੇ ਤੇ ਅਮਨ ਸਥਾਪਿਤ ਕਰਨ ਲਈ ਸੜਕਾਂ ’ਤੇ ਮੁਜ਼ਾਹਰੇ ਕੀਤੇ ਹਨ। ਇਸੇ ਤਰ੍ਹਾਂ ਹੋਰ ਦੇਸ਼ਾਂ ਵਿੱਚ ਵੀ ਲੋਕ ਅਮਨ ਦੇ ਹੱਕ ਵਿੱਚ ਆਵਾਜ਼ ਉਠਾ ਰਹੇ ਹਨ। ਜੰਗਾਂ ਤੁਰੰਤ ਬੰਦ ਹੋਣੀਆਂ ਚਾਹੀਦੀਆਂ ਹਨ। ਮਨੁੱਖਤਾ ਦਾ ਘਾਣ ਤੁਰੰਤ ਸਮਾਪਤ ਹੋਣਾ ਚਾਹੀਦਾ ਹੈ। ਹਨੇਰੀਆਂ ਰਾਤਾਂ ਸਮਾਪਤ ਹੋਣੀਆਂ ਚਾਹੀਦੀਆਂ ਹਨ। ਰੌਸ਼ਨੀ, ਪ੍ਰੇਮ, ਮੁਹੱਬਤ, ਸਨੇਹ, ਆਪਸੀ ਭਾਈਚਾਰੇ, ਸੁੱਖ ਦੇ ਦੀਵੇ ਦੁਨੀਆ ਦੀ ਹਰ ਗਲੀ ਕੂਚੇ, ਹਰ ਕੋਨੇ ਉੱਤੇ ਹਰ ਹੀਲੇ ਜਗਮਗ ਕਰਦੇ ਦਿਸਣੇ ਚਾਹੀਦੇ ਹਨ। ਸ਼ਾਇਰ ਦੀ ਕਿੰਨੀ ਪਿਆਰੀ ਤੇ ਖ਼ੂਬਸੂਰਤ ਤਮੰਨਾ ਹੈ, ਜੋ ਹਰ ਹੀਲੇ ਸਾਕਾਰ ਹੋਣੀ ਚਾਹੀਦੀ ਹੈ:
ਦੁਨੀਆ ’ਚ ਕਿੰਨਾ
ਖ਼ੂਬਸੂਰਤ ਉਹ ਦਿਨ ਹੋਵੇਗਾ
ਜਿਸ ਦਿਨ ਦੁਸ਼ਮਣ ਦੇ ਹੱਥਾਂ ’ਚ
ਖੰਜਰ ਦੀ ਥਾਵੇਂ
ਫੁੱਲ ਹੋਵੇਗਾ!
ਸੰਪਰਕ: 98962-01036
