DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਜੰਗ ਅਤੇ ਖੇਡਾਂ: ਕੂਟਨੀਤੀ ਬਨਾਮ ਰਾਜਨੀਤੀ

ਖੇਡਾਂ ਹਮੇਸ਼ਾ ਏਕੇ, ਭਾਈਚਾਰੇ, ਸ਼ਾਂਤੀ ਅਤੇ ਸਿਹਤਮੰਦ ਮੁਕਾਬਲੇ ਦਾ ਪ੍ਰਤੀਕ ਰਹੀਆਂ ਹਨ। ਓਲੰਪਿਕ ਵਰਗੇ ਵੱਡੇ ਕੌਮਾਂਤਰੀ ਖੇਡ ਮੰਚਾਂ ਦਾ ਮੁੱਖ ਉਦੇਸ਼ ਦੁਨੀਆ ਦੇ ਵੱਖ-ਵੱਖ ਦੇਸ਼ਾਂ, ਨਸਲਾਂ ਅਤੇ ਵਿਚਾਰਧਾਰਾਵਾਂ ਵਾਲੇ ਲੋਕਾਂ ਨੂੰ ਇੱਕ ਥਾਂ ਇਕੱਠਾ ਕਰਨਾ ਅਤੇ ਖਹਿਬਾਜ਼ੀ ਜਾਂ ਜੰਗ ਤੋਂ...

  • fb
  • twitter
  • whatsapp
  • whatsapp
Advertisement

ਖੇਡਾਂ ਹਮੇਸ਼ਾ ਏਕੇ, ਭਾਈਚਾਰੇ, ਸ਼ਾਂਤੀ ਅਤੇ ਸਿਹਤਮੰਦ ਮੁਕਾਬਲੇ ਦਾ ਪ੍ਰਤੀਕ ਰਹੀਆਂ ਹਨ। ਓਲੰਪਿਕ ਵਰਗੇ ਵੱਡੇ ਕੌਮਾਂਤਰੀ ਖੇਡ ਮੰਚਾਂ ਦਾ ਮੁੱਖ ਉਦੇਸ਼ ਦੁਨੀਆ ਦੇ ਵੱਖ-ਵੱਖ ਦੇਸ਼ਾਂ, ਨਸਲਾਂ ਅਤੇ ਵਿਚਾਰਧਾਰਾਵਾਂ ਵਾਲੇ ਲੋਕਾਂ ਨੂੰ ਇੱਕ ਥਾਂ ਇਕੱਠਾ ਕਰਨਾ ਅਤੇ ਖਹਿਬਾਜ਼ੀ ਜਾਂ ਜੰਗ ਤੋਂ ਉੱਪਰ ਉੱਠ ਕੇ ਖੇਡ ਭਾਵਨਾ ਦਾ ਜਸ਼ਨ ਮਨਾਉਣਾ ਰਿਹਾ ਹੈ। ਪ੍ਰਾਚੀਨ ਯੂਨਾਨ ਵਿੱਚ ਓਲੰਪਿਕ ਖੇਡਾਂ ਦੌਰਾਨ ਜੰਗਬੰਦੀ ਦੀ ਪਰੰਪਰਾ ਸੀ, ਜਿਸ ਤਹਿਤ ਖੇਡਾਂ ਦੇ ਦਿਨਾਂ ’ਚ ਸਾਰੇ ਯੁੱਧ ਰੋਕ ਦਿੱਤੇ ਜਾਂਦੇ ਸਨ ਤਾਂ ਜੋ ਖਿਡਾਰੀ ਅਤੇ ਦਰਸ਼ਕ ਸੁਰੱਖਿਅਤ ਯਾਤਰਾ ਕਰ ਸਕਣ, ਪਰ ਅਜੋਕੇ ਦੌਰ ਵਿੱਚ ਖੇਡਾਂ ਅਤੇ ਸਿਆਸਤ ਦਾ ਆਪਸੀ ਸਬੰਧ ਇੰਨਾ ਗੁੰਝਲਦਾਰ ਹੋ ਚੁੱਕਿਆ ਹੈ ਕਿ ਖੇਡਾਂ ਹੁਣ ਜੰਗ ਦੇ ਪਰਛਾਵੇਂ ਤੋਂ ਮੁਕਤ ਨਹੀਂ ਰਹੀਆਂ। ਮੌਜੂਦਾ ਸਮੇਂ ’ਚ ਮੱਧ ਪੂਰਬ ਵਿੱਚ ਇਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਸਿੱਧੀ ਅਤੇ ਅਸਿੱਧੀ ਜੰਗ ਤੇ ਇਸ ਵਿੱਚ ਅਮਰੀਕਾ ਦੀ ਸਰਗਰਮ ਹਿੱਸੇਦਾਰੀ ਨੇ ਨਾ ਸਿਰਫ਼ ਆਲਮੀ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ ਹੈ ਸਗੋਂ ਕੌਮਾਂਤਰੀ ਖੇਡ ਪਿੜ ’ਤੇ ਵੀ ਇਸ ਨੇ ਡੂੰਘੇ ਅਤੇ ਚਿੰਤਾਜਨਕ ਪ੍ਰਭਾਵ ਪਾਏ ਹਨ। ਇਸ ਜੰਗ ਨੇ ਖੇਡਾਂ ਦੀ ਨਿਰਪੱਖਤਾ, ਖਿਡਾਰੀਆਂ ਦੀ ਸੁਰੱਖਿਆ, ਖੇਡ ਕੂਟਨੀਤੀ ਅਤੇ ਆਲਮੀ ਖੇਡ ਸੰਸਥਾਵਾਂ ਦੇ ਫ਼ੈਸਲਿਆਂ ਨੂੰ ਪ੍ਰਭਾਵਿਤ ਕੀਤਾ ਹੈ| ਹਾਲਾਂਕਿ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਵੱਡੇ ਰਾਜਨੀਤਿਕ ਟਕਰਾਅ ਨੇ ਖੇਡਾਂ ਨੂੰ ਪ੍ਰਭਾਵਿਤ ਕੀਤਾ ਹੋਵੇ। ਪਹਿਲੀ ਅਤੇ ਦੂਜੀ ਆਲਮੀ ਜੰਗ ਕਾਰਨ ਸੰਨ 1916, 1940 ਅਤੇ 1944 ਦੀਆਂ ਓਲੰਪਿਕ ਖੇਡਾਂ ਰੱਦ ਕਰਨੀਆਂ ਪਈਆਂ ਸਨ। ਸ਼ੀਤ ਯੁੱਧ ਦੌਰਾਨ 1980 ਦੀਆਂ ਮਾਸਕੋ ਓਲੰਪਿਕ ਦਾ ਅਮਰੀਕਾ ਅਤੇ ਉਸ ਦੇ ਸਹਿਯੋਗੀ ਮੁਲਕਾਂ ਦੁਆਰਾ ਬਾਈਕਾਟ ਕੀਤਾ ਗਿਆ ਸੀ, ਜਿਸ ਦੇ ਜਵਾਬ ’ਚ ਸੋਵੀਅਤ ਸੰਘ (ਹੁਣ ਰੂਸ) ਅਤੇ ਉਸ ਦੇ ਸਾਥੀ ਦੇਸ਼ਾਂ ਨੇ 1984 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਦਾ ਬਾਈਕਾਟ ਕੀਤਾ।

ਹਾਲ ਹੀ ਵਿੱਚ ਰੂਸ-ਯੂਕਰੇਨ ਜੰਗ ਕਾਰਨ ਰੂਸ ਅਤੇ ਬੇਲਾਰੂਸ ਦੇ ਖਿਡਾਰੀਆਂ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ। ਇਰਾਨ, ਇਜ਼ਰਾਈਲ ਅਤੇ ਅਮਰੀਕਾ ਵਿਚਾਲੇ ਚੱਲ ਰਿਹਾ ਟਕਰਾਅ ਇੱਕ ਵੱਖਰੀ ਕਿਸਮ ਦੀ ਚੁਣੌਤੀ ਪੇਸ਼ ਕਰਦਾ ਹੈ। ਇਹ ਟਕਰਾਅ ਨਾ ਸਿਰਫ਼ ਵਿਚਾਰਧਾਰਕ ਹੈ ਸਗੋਂ ਇਸ ਵਿੱਚ ਧਰਮ, ਖੇਤਰੀ ਪ੍ਰਭੂਸੱਤਾ ਅਤੇ ਪਰਮਾਣੂ ਹਥਿਆਰਾਂ ਦੀ ਦੌੜ ਵਰਗੇ ਸੰਵੇਦਨਸ਼ੀਲ ਮੁੱਦੇ ਸ਼ਾਮਿਲ ਹਨ, ਜਿਸ ਕਾਰਨ ਇਸ ਦਾ ਕੌਮਾਂਤਰੀ ਖੇਡ ਮੁਕਾਬਲਿਆਂ ’ਤੇ ਬਹੁਤ ਤਿੱਖਾ ਅਸਰ ਪੈੈ ਰਿਹਾ ਹੈ। ਇਸ ਯੁੱਧ ਕਾਰਨ ਸਭ ਤੋਂ ਪਹਿਲਾ ਅਸਰ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਦੀ ਸੁਰੱਖਿਆ ’ਤੇ ਪੈ ਰਿਹਾ ਹੈ| ਮੱਧ-ਪੂਰਬ ਵਿੱਚ ਵਧ ਰਹੇ ਹਵਾਈ ਹਮਲਿਆਂ, ਮਿਜ਼ਾਈਲਾਂ ਦਾਗੇ ਜਾਣ ਦੀਆਂ ਘਟਨਾਵਾਂ ਅਤੇ ਅਸਥਿਰਤਾ ਕਾਰਨ ਇਸ ਖੇਤਰ ਵਿੱਚੋਂ ਲੰਘਣ ਵਾਲੀਆਂ ਹਵਾਈ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਇਰਾਨ ਅਤੇ ਇਜ਼ਰਾਈਲ ਦੋਵਾਂ ਦੇਸ਼ਾਂ ’ਚ ਕੌਮਾਂਤਰੀ ਮੈਚਾਂ ਦੀ ਮੇਜ਼ਬਾਨੀ ਲਗਪਗ ਅਸੰਭਵ ਹੋ ਗਈ ਹੈ। ਏਸ਼ੀਅਨ ਫੁੱਟਬਾਲ ਕਨਫੈਡਰੇਸ਼ਨ ਅਤੇ ਫੀਫਾ ਵਰਗੀਆਂ ਖੇਡ ਸੰਸਥਾਵਾਂ ਨੇ ਕਈ ਵਾਰ ਇਰਾਨ ਦੇ ਕਲੱਬਾਂ ਅਤੇ ਕੌਮੀ ਟੀਮ ਦੇ ਮੈਚਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਨਿਰਪੱਖ ਸਥਾਨਾਂ (ਜਿਵੇਂ ਦੁਬਈ ਜਾਂ ਕਤਰ) ਵਿੱਚ ਤਬਦੀਲ ਕੀਤਾ ਹੈ| ਇਸੇ ਤਰ੍ਹਾਂ ਇਜ਼ਰਾਈਲ ਵਿੱਚ ਹੋਣ ਵਾਲੇ ਯੂਰੋਪੀਅਨ ਫੁੱਟਬਾਲ ਮੈਚ ਵੀ ਬਾਹਰ ਤਬਦੀਲ ਕਰਨੇ ਪਏ ਹਨ। ਜੰਗ ਕਾਰਨ ਹੁਣ ਕੌਮਾਂਤਰੀ ਖਿਡਾਰੀ ਮੱਧ ਪੂਰਬ ਦੇ ਖੇਤਰਾਂ ਵਿੱਚ ਜਾਣ ਤੋਂ ਡਰਨ ਲੱਗ ਪਏ ਹਨ। ਜਦੋਂ ਅਮਰੀਕਾ ਅਤੇ ਇਰਾਨ ਵਿਚਾਲੇ ਸਿੱਧੀ ਜੰਗ ਦੀਆਂ ਧਮਕੀਆਂ ਚੱਲ ਰਹੀਆਂ ਹੋਣ ਤਾਂ ਅਮਰੀਕੀ ਖਿਡਾਰੀ ਜਾਂ ਪੱਛਮੀ ਦੇਸ਼ਾਂ ਦੇ ਐਥਲੀਟ ਇਸ ਖੇਤਰ ਵਿੱਚ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਤੋਂ ਗੁਰੇਜ਼ ਕਰਦੇ ਹਨ।

Advertisement

ਇਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੇ ਦੁਸ਼ਮਣੀ ਭਰੇ ਸਬੰਧਾਂ ਦਾ ਸਭ ਤੋਂ ਵੱਡਾ ਪ੍ਰਭਾਵ ਖੇਡ ਮੈਦਾਨਾਂ ’ਚ ਮੁਕਾਬਲੇ ਤੋਂ ਇਨਕਾਰ ਦੇ ਰੂਪ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਇਰਾਨ ਦੀ ਸਰਕਾਰ ਨੇ ਆਪਣੇ ਦੇਸ਼ ਦੇ ਖਿਡਾਰੀਆਂ ’ਤੇ ਸਖ਼ਤ ਪਾਬੰਦੀ ਲਾ ਦਿੱਤੀ ਹੈ ਕਿ ਉਹ ਕਿਸੇ ਵੀ ਕੌਮਾਂਤਰੀ ਮੰਚ ’ਤੇ ਇਜ਼ਰਾਇਲੀ ਖਿਡਾਰੀਆਂ ਨਾਲ ਮੁਕਾਬਲਾ ਨਾ ਕਰਨ। ਇਰਾਨ, ਇਜ਼ਰਾਈਲ ਨੂੰ ਦੇਸ਼ ਵਜੋਂ ਮਾਨਤਾ ਨਹੀਂ ਦਿੰਦਾ।

Advertisement

ਜੇਕਰ ਕੋਈ ਇਰਾਨੀ ਖਿਡਾਰੀ ਇਜ਼ਰਾਇਲੀ ਐਥਲੀਟ ਨਾਲ ਖੇਡਦਾ ਹੈ ਤਾਂ ਉਸ ਨੂੰ ਦੇਸ਼ ਵਿੱਚ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਇਸ ਨੀਤੀ ਕਾਰਨ ਕਈ ਵਾਰ ਇਰਾਨ ਦੇ ਜੂਡੋ, ਕੁਸ਼ਤੀ ਅਤੇ ਸ਼ਤਰੰਜ ਦੇ ਖਿਡਾਰੀਆਂ ਨੂੰ ਜਾਣਬੁੱਝ ਕੇ ਮੈਚ ਹਾਰਨਾ ਪੈਂਦਾ ਹੈ ਤਾਂ ਜੋ ਅਗਲੇ ਦੌਰ ’ਚ ਇਜ਼ਰਾਇਲੀ ਖਿਡਾਰੀ ਨਾਲ ਟਾਕਰਾ ਨਾ ਹੋਵੇ ਜਾਂ ਫਿਰ ਬਿਮਾਰੀ ਦਾ ਬਹਾਨਾ ਬਣਾ ਕੇ ਟੂਰਨਾਮੈਂਟ ਤੋਂ ਪਿੱਛੇ ਹਟਣਾ ਪੈਂਦਾ ਹੈ। ਦੂਜੇ ਪਾਸੇ, ਇਜ਼ਰਾਈਲ ਦਾ ਸਭ ਤੋਂ ਵੱਡਾ ਸਹਿਯੋਗੀ ਅਮਰੀਕਾ ਅਕਸਰ ਅਜਿਹੀਆਂ ਘਟਨਾਵਾਂ ’ਤੇ ਤਿੱਖਾ ਪ੍ਰਤੀਕਰਮ ਦਿੰਦਾ ਹੈ ਅਤੇ ਕੌਮਾਂਤਰੀ ਮੰਚਾਂ ’ਤੇ ਇਰਾਨੀ ਖੇਡ ਫੈਡਰੇਸ਼ਨਾਂ ਉੱਤੇ ਪਾਬੰਦੀਆਂ ਲਾਉਣ ਲਈ ਦਬਾਅ ਪਾਉਂਦਾ ਹੈ। ਇਸ ਨਾਲ ਖੇਡਾਂ ਦਾ ਮਾਹੌਲ ਪੂਰੀ ਤਰ੍ਹਾਂ ਸਿਆਸੀ ਬਣ ਜਾਂਦਾ ਹੈ। ਕੌਮਾਂਤਰੀ ਖੇਡ ਸੰਸਥਾਵਾਂ ਦੇ ਦੂਹਰੇ ਮਾਪਦੰਡ ਅਤੇ ਸਿਆਸੀਕਰਨ ਕਰਕੇ ਇਸ ਯੁੱਧ ਨੇ ਆਈ ਓ ਸੀ, ਫੀਫਾ ਅਤੇ ਹੋਰ ਖੇਡ ਸੰਸਥਾਵਾਂ ਦੀ ਭਰੋਸੇਯੋਗਤਾ ’ਤੇ ਵੱਡੇ ਸਵਾਲੀਆ ਨਿਸ਼ਾਨ ਲਾ ਦਿੱਤੇ ਹਨ। ਜਦੋਂ ਰੂਸ ਨੇ ਯੂਕਰੇਨ ’ਤੇ ਹਮਲਾ ਕੀਤਾ ਸੀ ਤਾਂ ਆਈ ਓ ਸੀ ਅਤੇ ਫੀਫਾ ਨੇ ਤੁਰੰਤ ਰੂਸ ਨੂੰ ਖੇਡਾਂ ਵਿੱਚੋਂ ਮੁਅੱਤਲ ਕਰ ਦਿੱਤਾ ਸੀ ਅਤੇ ਰੂਸੀ ਖਿਡਾਰੀਆਂ ਨੂੰ ਰਾਸ਼ਟਰੀ ਝੰਡੇ ਹੇਠ ਖੇਡਣ ਤੋਂ ਰੋਕ ਦਿੱਤਾ। ਹੁਣ ਜਦੋਂ ਇਜ਼ਰਾਈਲ-ਗਾਜ਼ਾ-ਇਰਾਨ ਯੁੱਧ ਚੱਲ ਰਿਹਾ ਹੈ, ਜਿਸ ਵਿੱਚ ਹਜ਼ਾਰਾਂ ਬੇਗੁਨਾਹ ਲੋਕ ਮਾਰੇ ਜਾ ਚੁੱਕੇ ਹਨ ਤਾਂ ਇਨ੍ਹਾਂ ਸੰਸਥਾਵਾਂ ਨੇ ਇਜ਼ਰਾਈਲ ਵਿਰੁੱਧ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ| ਦੁਨੀਆ ਦੇ ਕਈ ਦੇਸ਼ਾਂ, ਵਿਸ਼ੇਸ਼ ਤੌਰ ’ਤੇ ਗਲੋਬਲ ਸਾਊਥ ਅਤੇ ਮੁਸਲਿਮ ਦੇਸ਼ ਦੋਸ਼ ਲਗਾਉਂਦੇ ਹਨ ਕਿ ਇਨ੍ਹਾਂ ਖੇਡ ਸੰਸਥਾਵਾਂ ’ਤੇ ਅਮਰੀਕਾ ਅਤੇ ਪੱਛਮੀ ਦੇਸ਼ਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ। ਅਮਰੀਕੀ ਕਾਰਪੋਰੇਟ ਸਪਾਂਸਰਾਂ ਦੇ ਪ੍ਰਭਾਵ ਅਤੇ ਰਾਜਨੀਤਿਕ ਦਬਾਅ ਕਾਰਨ ਇਜ਼ਰਾਈਲ ਵਿਰੁੱਧ ਕਾਰਵਾਈ ਕਰਨ ਤੋਂ ਬਚਿਆ ਜਾਂਦਾ ਹੈ ਜਦੋਂਕਿ ਇਰਾਨ ਵਰਗੇ ਦੇਸ਼ਾਂ ਦੇ ਖਿਡਾਰੀਆਂ ’ਤੇ ਸਖ਼ਤ ਨਜ਼ਰ ਰੱਖੀ ਜਾਂਦੀ ਹੈ। ਇਹ ਪੱਖਪਾਤ ਕੌਮਾਂਤਰੀ ਖੇਡ ਪਿੜ ਵਿੱਚ ਵੰਡੀਆਂ ਪਾ ਰਿਹਾ ਹੈ। ਯੁੱਧ ਕਾਰਨ ਖੇਡ ਸਪਾਂਸਰਸ਼ਿਪ, ਮੱਧ ਪੂਰਬੀ ਪੂੰਜੀ ਤੇ ਆਰਥਿਕ ਅਸਰ ਦੇਖਣ ਨੂੰ ਮਿਲ ਰਿਹਾ ਹੈ। ਮਸਲਨ ਅੱਜ ਦੇ ਦੌਰ ਵਿੱਚ ਖੇਡਾਂ ਸਿਰਫ਼ ਸਰੀਰਕ ਮੁਕਾਬਲਾ ਨਹੀਂ ਹਨ ਸਗੋਂ ਅਰਬਾਂ ਡਾਲਰਾਂ ਦਾ ਉਦਯੋਗ ਵੀ ਹਨ|

ਇਸ ਉਦਯੋਗ ਵਿੱਚ ਮੱਧ ਪੂਰਬ ਦੇ ਦੇਸ਼ (ਕਤਰ, ਯੂ ਏ ਈ, ਸਾਊਦੀ ਅਰਬ) ਅਤੇ ਅਮਰੀਕੀ ਕਾਰਪੋਰੇਟ ਕੰਪਨੀਆਂ ਸਭ ਤੋਂ ਵੱਡੇ ਨਿਵੇਸ਼ਕ ਹਨ। ਇਸ ਜੰਗ ਕਾਰਨ ਵਿਸ਼ਵ ਪੱਧਰ ’ਤੇ ਤੇਲ ਦੀਆਂ ਕੀਮਤਾਂ ਵਿੱਚ ਉਤਾਰ-ਚੜ੍ਹਾਅ ਆਇਆ ਹੈ। ਆਰਥਿਕ ਮੰਦੀ ਦੇ ਡਰ ਕਾਰਨ ਖੇਡਾਂ ਦੇ ਬਜਟ, ਸਟੇਡੀਅਮਾਂ ਦੀ ਉਸਾਰੀ ਅਤੇ ਵੱਡੇ ਖੇਡ ਟੂਰਨਾਮੈਂਟ ਕਰਵਾਉਣ ’ਤੇ ਨਕਾਰਾਤਮਕ ਅਸਰ ਪਿਆ ਹੈ। ਅਮਰੀਕੀ ਕੰਪਨੀਆਂ ਵੀ ਯੁੱਧ ਪ੍ਰਭਾਵਿਤ ਖੇਤਰਾਂ ਵਿੱਚ ਨਿਵੇਸ਼ ਕਰਨ ਤੋਂ ਪਿੱਛੇ ਹਟਦੀਆਂ ਨਜ਼ਰ ਆ ਰਹੀਆਂ ਹਨ। ਇਸ ਜੰਗ ਦੇ ਕੇਂਦਰ ਵਿੱਚ ਰਹਿਣ ਵਾਲੇ ਦੇਸ਼ਾਂ ਦੇ ਖਿਡਾਰੀਆਂ ਦੀ ਮਾਨਸਿਕ ਸਥਿਤੀ ਬਹੁਤ ਨਾਜ਼ੁਕ ਬਣੀ ਹੋਈ ਹੈ। ਜਦੋਂ ਕੋਈ ਇਰਾਨੀ ਜਾਂ ਇਜ਼ਰਾਇਲੀ ਖਿਡਾਰੀ ਵਿਦੇਸ਼ ਦੀ ਧਰਤੀ ’ਤੇ ਖੇਡ ਰਿਹਾ ਹੁੰਦਾ ਹੈ ਤੇ ਦੂਜੇ ਪਾਸੇ ਉਸ ਦੇ ਆਪਣੇ ਦੇਸ਼ ’ਤੇ ਮਿਜ਼ਾਈਲਾਂ ਵਰ੍ਹਾ ਰਹੀਆਂ ਹੋਣ ਤਾਂ ਉਸ ਲਈ ਖੇਡ ’ਤੇ ਧਿਆਨ ਕੇਂਦਰਿਤ ਕਰਨਾ ਅਸੰਭਵ ਹੁੰਦਾ ਹੈ| ਇੰਝ ਖਿਡਾਰੀਆਂ ਦੇ ਪਰਿਵਾਰਾਂ ਦੀ ਸੁਰੱਖਿਆ ਹਮੇਸ਼ਾ ਖ਼ਤਰੇ ਵਿੱਚ ਰਹਿੰਦੀ ਹੈ। ਖਿਡਾਰੀਆਂ ’ਤੇ ਆਪਣੀਆਂ ਸਰਕਾਰਾਂ ਦੀਆਂ ਜੰਗੀ ਨੀਤੀਆਂ ਦਾ ਸਮਰਥਨ ਕਰਨ ਲਈ ਦਬਾਅ ਪਾਇਆ ਜਾਂਦਾ ਹੈ। ਜੇਕਰ ਕੋਈ ਖਿਡਾਰੀ ਜੰਗ ਦੇ ਖ਼ਿਲਾਫ਼ ਸ਼ਾਂਤੀ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਦੇਸ਼ਧ੍ਰੋਹੀ ਐਲਾਨ ਦਿੱਤਾ ਜਾਂਦਾ ਹੈ। ਕਈ ਇਰਾਨੀ ਖਿਡਾਰੀਆਂ ਨੇ ਜਦੋਂ ਦੇਸ਼ ਵਿੱਚ ਮਨੁੱਖੀ ਅਧਿਕਾਰਾਂ ਦੇ ਹੱਕ ਵਿੱਚ ਜਾਂ ਯੁੱਧ ਵਿਰੁੱਧ ਆਵਾਜ਼ ਉਠਾਈ ਤਾਂ ਉਨ੍ਹਾਂ ਦੇ ਪਾਸਪੋਰਟ ਜ਼ਬਤ ਕਰ ਲਏ ਗਏ ਜਾਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਜੰਗ ਨੇ ਵਿਸ਼ਵ ਖੇਡ ਜਗਤ ਨੂੰ ਦੋ ਹਿੱਸਿਆਂ ’ਚ ਵੰਡ ਦਿੱਤਾ ਹੈ। ਅਮਰੀਕਾ ਅਤੇ ਉਸ ਦੇ ਸਹਿਯੋਗੀ ਮੁਲਕਾਂ ਨੂੰ ਪੱਛਮੀ ਬਲਾਕ ਵਾਲਾ ਧੜਾ ਕਿਹਾ ਜਾਂਦਾ ਹੈ ਤੇ ਇਹ ਧੜਾ ਇਜ਼ਰਾਈਲ ਦੀ ਹਮਾਇਤ ਕਰਦਾ ਹੈ ਅਤੇ ਕੌਮਾਂਤਰੀ ਮੰਚਾਂ ’ਤੇ ਇਰਾਨ ਦੀਆਂ ਖੇਡ ਗਤੀਵਿਧੀਆਂ ’ਤੇ ਨਜ਼ਰ ਰੱਖਦਾ ਹੈ। ਉਹ ਇਰਾਨ ਦੇ ਮਨੁੱਖੀ ਅਧਿਕਾਰਾਂ ਦੇ ਰਿਕਾਰਡ ਅਤੇ ਔਰਤਾਂ ਨੂੰ ਸਟੇਡੀਅਮਾਂ ਵਿੱਚ ਜਾਣ ਦੀ ਇਜਾਜ਼ਤ ਨਾ ਦੇਣ ਵਰਗੇ ਮੁੱਦਿਆਂ ’ਤੇ ਸਖ਼ਤ ਰੁਖ਼ ਅਪਣਾਉਂਦਾ ਹੈ। ਦੂਜੇ ਪਾਸੇ ਪੂਰਬੀ ਅਤੇ ਇਸਲਾਮਿਕ ਬਲਾਕ ਵਾਲਾ ਧੜਾ ਫ਼ਲਸਤੀਨ ਅਤੇ ਇਰਾਨ ਦੀ ਹਮਾਇਤ ਵਿੱਚ ਖੜ੍ਹਦਾ ਹੈ। ਕਈ ਅਰਬ ਖਿਡਾਰੀ ਜਿਵੇਂ ਅਲਜ਼ੀਰੀਆ ਦੇ ਜੂਡੋ ਖਿਡਾਰੀ ਫੇਥੀ ਨੂਰੀਨ ਨੇ ਇਜ਼ਰਾਈਲ ਵਿਰੁੱਧ ਖੇਡਣ ਦੀ ਬਜਾਏ ਖੇਡਾਂ ਨੂੰ ਛੱਡਣਾ ਬਿਹਤਰ ਸਮਝਿਆ। ਅਜਿਹੇ ਖਿਡਾਰੀਆਂ ਨੂੰ ਉਨ੍ਹਾਂ ਦੇ ਦੇਸ਼ਾਂ ਵਿੱਚ ਨਾਇਕ ਵਜੋਂ ਦੇਖਿਆ ਜਾਂਦਾ ਹੈ। ਇਹ ਧਰੁਵੀਕਰਨ ਖੇਡਾਂ ਦੀ ਉਸ ਮੂਲ ਭਾਵਨਾ ਨੂੰ ਤਬਾਹ ਕਰ ਰਿਹਾ ਹੈ, ਜਿਸ ਦਾ ਉਦੇਸ਼ ਖੇਡਾਂ ਰਾਹੀਂ ਦੁਨੀਆ ਨੂੰ ਜੋੜਨਾ ਸੀ।

ਜੰਗ ਕਾਰਨ ਉਪਜੇ ਇਸ ਮਾਹੌਲ ਕਾਰਨ ਸਵਾਲ ਉੱਠਦਾ ਹੈ: ਕੀ ਖੇਡ ਕੂਟਨੀਤੀ ਅਜੇ ਵੀ ਸੰਭਵ ਹੈ? ਹਾਂ, ਇਤਿਹਾਸ ਗਵਾਹ ਹੈ ਕਿ ਖੇਡਾਂ ਨੇ ਕਈ ਵਾਰ ਕੱਟੜ ਦੁਸ਼ਮਣਾਂ ਨੂੰ ਵੀ ਨੇੜੇ ਲਿਆਂਦਾ ਹੈ। 1970ਵਿਆਂ ਵਿੱਚ ਅਮਰੀਕਾ ਅਤੇ ਚੀਨ ਵਿਚਾਲੇ ਪਿੰਗ-ਪੌਂਗ (ਟੇਬਲ ਟੈਨਿਸ) ਕੂਟਨੀਤੀ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਸੁਧਾਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਕੂਟਨੀਤੀ ਨੇ ਕਈ ਵਾਰ ਤਣਾਅ ਨੂੰ ਘੱਟ ਕੀਤਾ ਹੈ। 2018 ਦੀਆਂ ਸਰਦ ਰੁੱਤ ਦੀਆਂ ਓਲੰਪਿਕਸ ਵਿੱਚ ਉੱਤਰੀ ਅਤੇ ਦੱਖਣੀ ਕੋਰੀਆ ਦੇ ਖਿਡਾਰੀਆਂ ਨੇ ਇੱਕੋ ਝੰਡੇ ਹੇਠ ਮਾਰਚ ਕੀਤਾ ਸੀ, ਪਰ ਅਜੇ ਇਰਾਨ, ਇਜ਼ਰਾਈਲ ਅਤੇ ਅਮਰੀਕਾ ਦੇ ਮਾਮਲੇ ਵਿੱਚ ਅਜਿਹੀ ਕਿਸੇ ਖੇਡ ਕੂਟਨੀਤੀ ਦੀ ਉਮੀਦ ਬਹੁਤ ਮੱਧਮ ਨਜ਼ਰ ਆਉਂਦੀ ਹੈ ਕਿਉਂਕਿ ਇਸ ਦੇ ਕਈ ਕਾਰਨ ਹਨ। ਮਸਲਨ ਦੋਵਾਂ ਪਾਸਿਆਂ ਤੋਂ ਰਾਜਨੀਤਿਕ ਅਤੇ ਧਾਰਮਿਕ ਲੀਡਰਸ਼ਿਪ ਖੇਡਾਂ ਨੂੰ ਵੀ ਆਪਣੇ ਪ੍ਰਚਾਰ ਦੇ ਸਾਧਨ ਵਜੋਂ ਵਰਤਦੀ ਹੈ। ਜਦੋਂ ਤੱਕ ਦੋਵੇਂ ਧਿਰਾਂ ਇੱਕ-ਦੂਜੇ ਦੀ ਹੋਂਦ ਨੂੰ ਸਵੀਕਾਰ ਨਹੀਂ ਕਰਦੀਆਂ ਉਦੋਂ ਤੱਕ ਖੇਡਾਂ ਦੇ ਮੈਦਾਨ ਵਿੱਚ ਕਿਸੇ ਸਕਾਰਾਤਮਕ ਸੰਵਾਦ ਦੀ ਸ਼ੁਰੂਆਤ ਨਹੀਂ ਹੋ ਸਕਦੀ। ਕੌਮਾਂਤਰੀ ਖੇਡ ਪਿੜ ਨੂੰ ਜੰਗ ਅਤੇ ਰਾਜਨੀਤੀ ਦੇ ਭਿਆਨਕ ਪ੍ਰਭਾਵਾਂ ਤੋਂ ਬਚਾਉਣ ਲਈ ਕੁਝ ਦੂਰਅੰਦੇਸ਼ ਕਦਮ ਚੁੱਕਣ ਦੀ ਲੋੜ ਹੈ। ਜਿਵੇਂ ਖੇਡ ਸੰਸਥਾਵਾਂ ਆਈ ਓ ਸੀ, ਫੀਫਾ ਅਤੇ ਹੋਰਾਂਂ ਨੂੰ ਪੂਰਨ ਖ਼ੁਦਮੁਖਤਿਆਰੀ ਲਈ ਕਿਸੇ ਵੀ ਮਹਾਸ਼ਕਤੀ, ਚਾਹੇ ਉਹ ਅਮਰੀਕਾ ਹੋਵੇ ਜਾਂ ਕੋਈ ਹੋਰ, ਦੇ ਸਿਆਸੀ ਪ੍ਰਭਾਵ ਤੋਂ ਮੁਕਤ ਹੋਣਾ ਚਾਹੀਦਾ ਹੈ। ਨਿਯਮ ਸਾਰੇ ਦੇਸ਼ਾਂ ਲਈ ਇੱਕੋ ਜਿਹੇ ਹੋਣੇ ਚਾਹੀਦੇ ਹਨ।

ਜੇਕਰ ਕਿਸੇ ਦੇਸ਼ ’ਤੇ ਹਮਲੇ ਜਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਾਰਨ ਪਾਬੰਦੀ ਲਾਈ ਜਾਂਦੀ ਹੈ ਤਾਂ ਉਹ ਕਾਨੂੰਨ ਸਾਰੇ ਦੇਸ਼ਾਂ ’ਤੇ ਬਰਾਬਰ ਲਾਗੂ ਹੋਣਾ ਚਾਹੀਦਾ ਹੈ ਨਾ ਕਿ ਸਿਰਫ ਪੱਛਮੀ ਦੇਸ਼ਾਂ ਦੇ ਵਿਰੋਧੀਆਂ ’ਤੇ। ਖਿਡਾਰੀਆਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰੋਟੋਕੋਲ ਹੋਵੇ ਅਤੇ ਜੰਗ ਪ੍ਰਭਾਵਿਤ ਖੇਤਰਾਂ ਦੇ ਖਿਡਾਰੀਆਂ ਵੱਲੋਂ ਕੌਮਾਂਤਰੀ ਮੁਕਾਬਲਿਆਂ ਵਿੱਚ ਸੁਰੱਖਿਅਤ ਹਿੱਸਾ ਲੈਣਾ ਸੰਭਵ ਬਣਾਉਣ ਲਈ ਕੌਮਾਂਤਰੀ ਪੱਧਰ ’ਤੇ ਸੁਰੱਖਿਅਤ ਲਾਂਘਾ ਦੇਣ ਦੇ ਨਾਲ-ਨਾਲ ਵੀਜ਼ਾ ਨਿਯਮਾਂ ਨੂੰ ਸਰਲ ਬਣਾਇਆ ਜਾਣਾ ਚਾਹੀਦਾ ਹੈ। ਵੱਡੇ ਖੇਡ ਟੂਰਨਾਮੈਂਟਾਂ ਦੌਰਾਨ ਸਿਆਸੀ ਬਿਆਨਬਾਜ਼ੀ, ਪ੍ਰਦਰਸ਼ਨ ਅਤੇ ਬਾਈਕਾਟ ਦੇ ਰੁਝਾਨ ਨੂੰ ਉਤਸ਼ਾਹਿਤ ਨਹੀਂ ਕੀਤਾ ਜਾਣਾ ਚਾਹੀਦਾ। ਖੇਡਾਂ ਨੂੰ ਸਿਰਫ਼ ਖੇਡ ਦੇ ਰੂਪ ਵਿੱਚ ਹੀ ਦੇਖਿਆ ਜਾਣਾ ਚਾਹੀਦਾ ਹੈ। ਮੱਧ ਪੂਰਬ ਵਿੱਚ ਇਰਾਨ, ਇਜ਼ਰਾਈਲ ਅਤੇ ਅਮਰੀਕਾ ਦਾ ਚੱਲ ਰਿਹਾ ਟਕਰਾਅ ਸਿਰਫ਼ ਇੱਕ ਖੇਤਰੀ ਯੁੱਧ ਨਹੀਂ ਹੈ ਸਗੋਂ ਇਹ ਮਨੁੱਖੀ ਕਦਰਾਂ ਕੀਮਤਾਂ, ਅਮਨ ਸ਼ਾਂਤੀ ਅਤੇ ਕੌਮਾਂਤਰੀ ਭਾਈਚਾਰੇ ’ਤੇ ਇੱਕ ਵੱਡਾ ਹਮਲਾ ਹੈ ਕਿਉਂਕਿ ਇਸ ਜੰਗ ਦੇ ਪਰਛਾਵੇਂ ਨੇ ਖੇਡਾਂ ਦੇ ਮੈਦਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਰੱਖਿਆ ਹੈ, ਜਿਸ ਨਾਲ ਖੇਡਾਂ ਦੀ ਨਿਰਪੱਖਤਾ, ਖਿਡਾਰੀਆਂ ਦੀ ਮਾਨਸਿਕ ਤੇ ਸਰੀਰਕ ਸੁਰੱਖਿਆ ਅਤੇ ਆਲਮੀ ਖੇਡ ਸੰਸਥਾਵਾਂ ਦੀ ਸਾਖ ਨੂੰ ਵੱਡੀ ਸੱਟ ਵੱਜੀ ਹੈ| ਖੇਡਾਂ ਸਾਨੂੰ ਇਹ ਸਿਖਾਉਂਦੀਆਂ ਹਨ ਕਿ ਅਸੀਂ ਵਿਰੋਧੀ ਹੋ ਸਕਦੇ ਹਾਂ, ਪਰ ਦੁਸ਼ਮਣ ਨਹੀਂ| ਜੇਕਰ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਖੇਡਾਂ ਦੇ ਅਸਲ ਮਨੋਰਥ, ਸ਼ਾਂਤੀ ਅਤੇ ਭਾਈਚਾਰੇੇ ਨੂੰ ਮਹਿਸੂਸ ਕਰ ਸਕਣ ਤਾਂ ਵਿਸ਼ਵ ਭਾਈਚਾਰੇ ਨੂੰ ਜੰਗਾਂ ਨੂੰ ਰੋਕਣ ਲਈ ਗੰਭੀਰ ਯਤਨ ਕਰਨੇ ਪੈਣਗੇ| ਖੇਡਾਂ ਦਾ ਪਿੜ ਜੰਗ ਦੇ ਹਥਿਆਰਾਂ ਨਾਲ ਨਹੀਂ ਸਗੋਂ ਖਿਡਾਰੀਆਂ ਦੀ ਖੇਡ ਭਾਵਨਾ ਅਤੇ ਦਰਸ਼ਕਾਂ ਦੀਆਂ ਤਾੜੀਆਂ ਨਾਲ ਗੂੰਜਣਾ ਚਾਹੀਦਾ ਹੈ| ਜੰਗਾਂ ਕਦੇ ਵੀ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀਆਂ, ਇਹ ਸਿਰਫ਼ ਤਬਾਹੀ ਲਿਆਉਂਦੀਆਂ ਹਨ ਜਦੋਂਕਿ ਖੇਡਾਂ ਸਾਨੂੰ ਮੁੜ ਉੱਠਣ, ਜੁੜਨ ਅਤੇ ਜੀਵਨ ਦਾ ਜਸ਼ਨ ਮਨਾਉਣ ਦੀ ਪ੍ਰੇਰਣਾ ਦਿੰਦੀਆਂ ਹਨ|

ਸੰਪਰਕ: 94176-65241

Advertisement
×