DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੋ ਪੈਰ ਘੱਟ ਤੁਰਨਾ

ਫੁੱਲ ਜਿਊਣ ਤਾਂਘ ਦਾ ਪ੍ਰਤੀਕ ਹੁੰਦੇ ਹਨ। ਮਨ ਮਸਤਕ ਦੇ ਦਰਾਂ ’ਤੇ ਖ਼ੁਸ਼ੀ ਦੀ ਦਸਤਕ ਦਿੰਦੇ ਹਨ। ਖਿੜੇ, ਹੱਸਦੇ ਖੇਡਦੇ ਫੁੱਲ ਸੁਪਨਿਆਂ ਦੀ ਪਰਵਾਜ਼ ਬਣਦੇ ਹਨ। ਮਹਿਕ ਵੰਡਦਿਆਂ ਮਨ ਦੇ ਅੰਬਰ ’ਤੇ ਸ਼ੋਖ ਰੰਗ ਵੀ ਬਿਖੇਰਦੇ ਹਨ। ਪਹੁ-ਫੁਟਾਲੇ ’ਤੇ ਤ੍ਰੇਲ...

  • fb
  • twitter
  • whatsapp
  • whatsapp
Advertisement

ਫੁੱਲ ਜਿਊਣ ਤਾਂਘ ਦਾ ਪ੍ਰਤੀਕ ਹੁੰਦੇ ਹਨ। ਮਨ ਮਸਤਕ ਦੇ ਦਰਾਂ ’ਤੇ ਖ਼ੁਸ਼ੀ ਦੀ ਦਸਤਕ ਦਿੰਦੇ ਹਨ। ਖਿੜੇ, ਹੱਸਦੇ ਖੇਡਦੇ ਫੁੱਲ ਸੁਪਨਿਆਂ ਦੀ ਪਰਵਾਜ਼ ਬਣਦੇ ਹਨ। ਮਹਿਕ ਵੰਡਦਿਆਂ ਮਨ ਦੇ ਅੰਬਰ ’ਤੇ ਸ਼ੋਖ ਰੰਗ ਵੀ ਬਿਖੇਰਦੇ ਹਨ। ਪਹੁ-ਫੁਟਾਲੇ ’ਤੇ ਤ੍ਰੇਲ ਨਾਲ ਨਹਾਏ ਫੁੱਲ ਜ਼ਿੰਦਗੀ ਦਾ ਸਬਕ ਬਣਦੇ, ‘ਇੱਕ ਦੂਸਰੇ ਦਾ ਸੰਗ ਸਾਥ ਜਿਊਣ ਦਾ ਬਲ ਹੁੰਦਾ ਹੈ। ਖ਼ੁਸ਼ੀ ਨੂੰ ਦੂਣਾ ਚੌਗੁਣਾ ਕਰਦਾ ਹੈ। ਦੁੱਖ ਤੇ ਔਕੜ ਵਿੱਚ ਸਹਾਰਾ ਬਣਦਾ ਹੈ।’ ਫੁੱਲਾਂ ਦਾ ਸਾਥ ਜ਼ਿੰਦਗੀ ਦਾ ਨੂਰ ਹੁੰਦਾ ਹੈ। ਫੁੱਲ ਜਿਊਣ ਦਾ ਮਕਸਦ ਦਰਸਾਉਂਦੇ ਹਨ। ਹੋਰਾਂ ਦੀ ਖ਼ੁਸ਼ੀ ਲਈ ਜਿਊਣ ਦਾ ਮਾਣ ਹਾਸਲ ਕਰਦੇ ਹਨ। ਹੱਸਦੇ ਆਖਦੇ ਹਨ, ‘‘ਦੂਸਰਿਆਂ ਲਈ ਜਿਊਣਾ ਅੰਬਰ ਵਿੱਚ ਸੋਂਹਦੇ ਚੰਨ ਜਿਹਾ ਹੁੰਦਾ, ਜਿਸ ਦੀ ਰੌਸ਼ਨੀ ਹਨੇਰੇ ਰਾਹਾਂ ਨੂੰ ਚਾਨਣ ਨਾਲ ਭਰਦੀ ਰਹਿੰਦੀ ਹੈ।’’

ਜ਼ਿੰਦਗੀ ਦੇ ਖ਼ੁਸ਼ੀਆਂ ਭਰੇ ਪੰਨਿਆਂ ਦੇ ਸੁਨਹਿਰੇ ਸ਼ਬਦ ਫੁੱਲ ਹੁੰਦੇ। ਵਿਆਹ ਦੇ ਜਸ਼ਨਾਂ ਦਾ ਰੰਗ ਹੋਵੇ। ਬੱਚੇ ਦੇ ਜਨਮ ਦੀ ਖ਼ੁਸ਼ੀ ਹੋਵੇ। ਸਫ਼ਲਤਾ ਦੀ ਮੰਜ਼ਿਲ ਪਾਉਣ ’ਤੇ ਜਿੱਤ ਦੇ ਖੁਸ਼ਨੁਮਾ ਪਲਾਂ ਦੀ ਆਮਦ ਹੋਵੇ। ਘਰ ਪਰਿਵਾਰ, ਸਮਾਜ ਵਿਚਲੇ ਖ਼ੁਸ਼ੀ ਦੇ ਅਜਿਹੇ ਅਨੂਠੇ ਪਲ ਫੁੱਲਾਂ ਨਾਲ ਹੀ ਸੰਪੂਰਨ ਹੁੰਦੇ ਹਨ। ਫੁੱਲ ਸਭਨਾਂ ਦੇ ਮਨਾਂ ਦਾ ਸਕੂਨ ਬਣਦੇ ਹਨ। ਖ਼ੁਸ਼ੀ ਨੂੰ ਹਾਸਿਆਂ ਦਾ ਸੰਗੀਤ ਦਿੰਦੇ ਜਾਪਦੇ ਹਨ। ਮਹਿਮਾਨਾਂ ਦਾ ਫੁੱਲਾਂ ਨਾਲ ਸੁਆਗਤ ਹੁੰਦਾ ਹੈ। ਫੁੱਲ ਬਰਸਾਏ ਜਾਂਦੇ ਹਨ। ਖ਼ੁਸ਼ੀ ਭਰੇ ਸੰਗੀਤ ਵਿੱਚ ਫੁੱਲਾਂ ਦੀ ਮਹਿਕ ਬਿਖਰੀ ਹੁੰਦੀ ਹੈ। ਸਭਨਾਂ ਦੇ ਚਿਹਰਿਆਂ ’ਤੇ ਫੁੱਲਾਂ ਜਿਹਾ ਨੂਰ ਹੁੰਦਾ ਹੈ। ਸਨੇਹੀਆਂ ਦੀਆਂ ਮੁਸਕਰਾਹਟਾਂ ਤੇ ਹਾਸੇ ਫੁੱਲ ਬਣ ਬਿਖਰਦੇ ਨਜ਼ਰ ਆਉਂਦੇ ਹਨ। ਫੁੱਲ ਚਾਅ, ਮਲਾਰਾਂ ਤੇ ਭਾਵਨਾਵਾਂ ਨੂੰ ਖ਼ੁਸ਼ੀ ਦੇ ਸਰੂਰ ਵਿੱਚ ਰੰਗਦੇ ਹਨ।

Advertisement

ਜੀਵਨ ਰਾਹਾਂ ’ਤੇ ਸਿਰ ਉਠਾ ਕੇ ਝੂਮਦੇ ਫੁੱਲ ਸਵੈ-ਮਾਣ ਦਾ ਪ੍ਰਤੀਕ ਹੁੰਦੇ ਹਨ। ਮੰਜ਼ਿਲ ਵੱਲ ਜਾਂਦੇ ਰਾਹੀਆਂ ਲਈ ਫਿਜ਼ਾ ਵਿੱਚ ਸੰਦੇਸ਼ ਛੱਡਦੇ ਹਨ ਕਿ ਸਮਝੌਤੇ ਮੰਜ਼ਿਲ ਦਾ ਰਾਹ ਨਹੀਂ ਹੁੰਦੇ। ਤਰਲਿਆਂ ਨਾਲ ਰਾਹਾਂ ਦੇ ਕੰਡੇ ਪਾਸੇ ਨਹੀਂ ਹੋਇਆ ਕਰਦੇ। ਰਾਹ ਰਸਤੇ ਸਾਫ਼ ਕਰਨ ਲਈ ਅੱਗੇ ਵਧਣ ਦਾ ਬਲ ਤੇ ਸਿਦਕ ਕੰਮ ਆਉਂਦਾ ਹੈ। ਔਕੜਾਂ ਨਾਲ ਸਿੱਝਣ ਲਈ ਸਹਾਰੇ ਨਹੀਂ ਬੁਲੰਦ ਇਰਾਦੇ ਕੰਮ ਆਉਂਦੇ ਹਨ। ਦੂਸਰਿਆਂ ਨੂੰ ਲਤਾੜ ਕੇ ਅੱਗੇ ਲੰਘਣ ਨਾਲ ਮੰਜ਼ਿਲ ਨੇੜੇ ਨਹੀਂ ਹੁੰਦੀ। ਮੰਜ਼ਿਲ ਦੇ ਦਰਾਂ ’ਤੇ ਪੁੱਜਣ ਲਈ ਹਿੰਮਤ ਤੇ ਲਗਨ ਕੰਮ ਆਉਂਦੀ ਹੈ। ਸਫ਼ਲਤਾ ਵੱਲ ਜਾਂਦਾ ਰਾਹ ਹਵਾਵਾਂ ਦੇ ਉਲਟ ਚੱਲਣ ਸਮਾਨ ਹੁੰਦਾ ਹੈ। ਇਸ ਇਮਤਿਹਾਨ ਵਿੱਚੋਂ ਅੱਵਲ ਆਉਣ ’ਤੇ ਜ਼ਿੰਦਗੀ ਹੱਥੀਂ ਛਾਵਾਂ ਕਰਨ ਦੇ ਰਾਹ ਪੈਂਦੀ ਹੈ।

Advertisement

ਸੂਹੇ ਫੁੱਲ ਚੇਤਨਾ ਦਾ ਪ੍ਰਤੀਕ ਹੁੰਦੇ ਹਨ। ਦਿਲ ਦਿਮਾਗ਼ ’ਤੇ ਸ਼ੋਖ਼ ਸ਼ਬਦਾਂ ਦਾ ਚਾਨਣ ਬਣ ਬਿਖਰਦੇ ਹਨ। ਚੇਤਨਾ ਦੀ ਜਾਗ ਨਾਲ ਜ਼ਿੰਦਗੀ ਦੀ ਸ਼ਾਹ ਰਗ ਬਣਦੇ ਹਨ। ਚਾਨਣ ਦਾ ਨੂਰ ਬਣ ਮਨਾਂ ਤੋਂ ਹਨੇਰੇ ਦੇ ਸਾਏ ਮਿਟਾ ਦਿੰਦੇ ਹਨ। ਜੀਵਨ ਮਾਰਗ ’ਤੇ ਤੁਰਨ ਲਈ ਰਾਹ ਰੌਸ਼ਨ ਕਰਦੇ ਹਨ। ਜਿਊਣ ਦਾ ਮਕਸਦ ਸਮਝਾਉਂਦੇ ਹਨ। ਹੱਕਾਂ ਹਿੱਤਾਂ ਦੀ ਸੂਝ ਦੀਆਂ ਕਿਰਨਾਂ ਬਣ ਬਿਖਰਦੇ ਹਨ। ਆਪਣਿਆਂ ਦੀ ਪਛਾਣ ਦੱਸਦੇ ਹਨ। ਬੇਗਾਨਿਆਂ ਦੀ ਸ਼ਨਾਖ਼ਤ ਕਰਦੇ ਹਨ। ਸੁਆਰਥ, ਗਰਜਾਂ ’ਤੇ ਉੱਸਰੇ ਰਿਸ਼ਤਿਆਂ ਨੂੰ ਮਹਿਜ਼ ਨਿੱਜ ਲਈ ਜਿਊਣ ਦਾ ਬੇਮਕਸਦ ਯਤਨ ਦੱਸਦੇ ਹਨ। ਜਾਗੀ ਚੇਤਨਾ ਚੰਗੇਰੀ ਜ਼ਿੰਦਗੀ ਤੇ ਬਰਾਬਰੀ ਦੇ ਸਮਾਜ ਵੇਖਣਾ ਲੋਚਦੀ ਹੈ। ਮਨਾਂ ਵਿੱਚ ਸੋਚਾਂ ਸੁਪਨਿਆਂ ਵਿੱਚ ਜਿਊਣ ਤੇ ਕੁਝ ਚੰਗਾ ਕਰਨ ਦੀ ਤਾਂਘ ਪਨਪਦੀ ਹੈ।

ਫੁੱਲ ਬਰਾਬਰੀ ਦੇ ਸੰਦੇਸ਼ਵਾਹਕ ਹੁੰਦੇ ਹਨ। ਉਨ੍ਹਾਂ ਦੀ ਮਹਿਕ ਬਿਨਾਂ ਕਿਸੇ ਵਿਤਕਰੇ ਤੋਂ ਸਭਨਾਂ ਦੀਆਂ ਨਜ਼ਰਾਂ ਦਾ ਨੂਰ ਬਣਦੀ ਹੈ, ਜਿਹੜੀ ਸਾਰਿਆਂ ਦੇ ਮਨਾਂ ਵਿੱਚ ਅਪਣੱਤ ਦੀ ਸੁਗੰਧ ਬਣ ਤੈਰਦੀ ਹੈ। ਥੋੜ੍ਹਾ ਜਿਊਂਦੇ ਪਰ ਮੜ੍ਹਕ ਨਾਲ ਸਿਰ ਉਠਾ ਕੇ ਰਹਿੰਦੇ ਹਨ। ਉਹ ਹੁਲਾਰੇ ਦਿੰਦੀ ਪੌਣ ਨਾਲ ਬੋਲਾਂ ਦੀ ਸਾਂਝ ਪਾਉਂਦੇ ਹਨ, ‘ਤੈਨੂੰ ਧਰਤੀ, ਅੰਬਰ ’ਤੇ ਵਹਿਣ ਦਾ ਮਾਣ ਪਤਾ ਕਿਉਂ ਹਾਸਲ ਹੈ? ਤੂੰ ਕੁਦਰਤ ਦੀ ਜਿੰਦ ਜਾਨ ਏਂ। ਪੰਛੀ, ਪ੍ਰਾਣੀ ਤੇਰੇ ਕਰ ਕੇ ਸਾਹਾਂ ਦੀ ਤੰਦ ਬੁਣਦੇ ਨੇ। ਨੀਲੇ ਅੰਬਰ ਵਿੱਚ ਜਿਊਣ ਉਡਾਰੀਆਂ ਤੇਰੇ ਸਦਕੇ ਹੀ ਲਗਦੀਆਂ। ਤੇਰੇ ਵਿੱਚ ਵਿੱਚ ਪੁੰਗਰਦੀਆਂ ਕਲੀਆਂ ਦੀ ਮਹਿਕਦੀ ਸੁਗੰਧ ਤੇ ਪੰਛੀਆਂ ਦੇ ਮਿੱਠੇ ਬੋਲਾਂ ਦਾ ਰਸ ਸਮੋਇਆ ਹੈ।’

ਪੌਣ ਹੁੰਗਾਰਾ ਭਰਦੀ ਸੁਣਦੀ ਹੈ, ‘ਐਵੇਂ ਹੀ ਮਨੁੱਖ ਦਾ ਧਨ ਦੌਲਤ ਸ਼ੁਹਰਤ ਲਈ ਜਿਊਣਾ। ਆਪਣੇ ਪਰਿਵਾਰ, ਕਬੀਲੇ ਲਈ ਚੰਗਾ ਹੁੰਦਾ ਹੈ। ਨਿੱਜ ਦੀ ਦੁਨੀਆ ਨੂੰ ਸੁੱਖ, ਖੁਸ਼ਹਾਲੀ ਦਿੰਦਾ ਹੈ, ਪਰ ਜ਼ਿੰਦਗੀ ਦਾ ਤਾਜ ਨਹੀਂ ਬਣਦਾ। ਆਪਣੇ ਲਈ ਗੁਜ਼ਾਰੀ ਲੰਮੀ ਜ਼ਿੰਦਗੀ ਜਿਊਣ ਦੇ ਮਕਸਦ ਦਾ ਸਾਰ ਨਹੀਂ ਬਣਦੀ। ਜ਼ਿੰਦਗੀ ਦੇ ਪਰਾਂ ਨਾਲ ਉਤਸ਼ਾਹੀ ਉਡਾਣ ਭਰਨ ਵਾਲੇ ਜਿਹੜੇ ਮਨੁੱਖ ਜੀਵਨ ਨੂੰ ਉਚੇਰੇ ਆਦਰਸ਼ਾਂ ਦੇ ਲੇਖੇ ਲਾ ਦਿੰਦੇ, ਹੋਰਾਂ ਦੇ ਕਦਮਾਂ ਨਾਲ ਕਦਮ ਮਿਲਾ ਕੇ ਪੁਲਾਂਘਾਂ ਪੁੱਟਦੇ, ਸਾਂਝਾਂ ਦੇ ਕਲਾਵੇ ਵਿੱਚ ਰਹਿੰਦੇ, ਉਹ ਹੀ ਮਕਸਦ ਨੂੰ ਪ੍ਰਣਾਈ ਮਾਣਮੱਤੀ ਜ਼ਿੰਦਗੀ ਦੇ ਸ਼ਾਹ ਅਸਵਾਰ ਬਣਦੇ ਹਨ। ਉਨ੍ਹਾਂ ਦਾ ਜਿਊਣਾ ਜ਼ਿੰਦਗੀ ਦੀ ਬੁਲੰਦੀ ਤੇ ਪ੍ਰੇਰਨਾ ਦਾ ਪ੍ਰਤੀਕ ਹੁੰਦਾ ਹੈ। ਉਹ ਵਕਤ ਦੇ ਪੰਨਿਆਂ ’ਤੇ ਸੱਚ, ਸਿਦਕ ਤੇ ਸਫ਼ਲਤਾ ਦੇ ਹਸਤਾਖਰ ਬਣਦੇ ਹਨ’।

ਫੁੱਲਾਂ ਦਾ ਸੂਹਾ ਰੰਗ ਤਬਦੀਲੀ ਦਾ ਸੂਚਕ ਹੁੰਦਾ ਹੈ। ਹੱਕਾਂ ਹਿੱਤਾਂ ਲਈ ਜੂਝਦੇ ਲੋਕਾਂ ਦੇ ਮਨਾਂ ਵਿੱਚ ਲੋਅ ਬਣ ਬਿਖਰਦਾ ਹੈ। ਜਿਸ ਵਿੱਚ ਅੱਗੇ ਵਧਣ ਦੀ ਵਿਰਾਸਤ ਤੇ ਜੇਤੂ ਪੈੜਾਂ ਦੇ ਨਿਸ਼ਾਨ ਹੁੰਦੇ ਹਨ, ਉਹ ਹੀ ਉਤਸ਼ਾਹ ਤੇ ਬੁਲੰਦੀ ਦਾ ਬਲ ਬਣਦਾ ਹੈ। ਔਖੇਰੀ ਮੰਜ਼ਿਲ ਵੱਲ ਵਧਦੇ ਕਾਫ਼ਲਿਆਂ ਦੇ ਕਦਮਾਂ ਨੂੰ ਰਵਾਨੀ ਦਿੰਦਾ ਹੈ। ਨਿਰਾਸ਼ਾ ਨੂੰ ਆਸਾਂ ਦੀ ਲੋਅ ਵਿੱਚ ਤਬਦੀਲ ਕਰਦਾ ਹੈ। ਜਜ਼ਬਿਆਂ ਦੇ ਵਹਿਣ ਨੂੰ ਭਵਿੱਖ ਦੀ ਆਸ ਦੇ ਲੜ ਲਾਉਂਦਾ ਹੈ। ਕਲਾ ਨਾਲ ਜੀਵਨ ਦੀ ਬਿਹਤਰੀ ਲਈ ਭਰੇ ਰੰਗਾਂ ਦੇ ਨਕਸ਼ ਬਣਦਾ ਹੈ। ਆਸਾਂ ਦੀ ਤੰਦ ਪਰੋਂਦਾ ਹੈ। ਇਰਾਦਿਆਂ ਦਾ ਜਲੌਅ ਬਣਦਾ ਹੈ। ਰਾਹਾਂ ਵਿੱਚ ਬਿਖਰੇ ਕੰਡਿਆਂ ਨਾਲ ਸਿੱਝਣ ਲਈ ਸਿਦਕ ਤੇ ਹਿੰਮਤ ਦੀ ਪਾਣ ਦਿੰਦਾ ਹੈ।

ਸਰ੍ਹੋਂ ਦੇ ਖਿੜੇ ਹੋਏ ਬਸੰਤੀ ਫੁੱਲਾਂ ਦੀ ਰੰਗਤ ਪਹੁ-ਫੁਟਾਲੇ ਵਾਂਗ ਚਾਨਣ ਦਾ ਦੂਤ ਜਾਪਦੀ ਹੈ। ਆਪਣੇ ਖੇਤਾਂ ਵਿੱਚ ਬਸੰਤੀ ਬਹਾਰ ਵੇਖ ‘ਖੇਤਾਂ ਦੇ ਪੁੱਤਾਂ’ ਦੀ ਖ਼ੁਸ਼ੀ ਸੱਤਵੇਂ ਆਸਮਾਨ ’ਤੇ ਹੁੰਦੀ ਹੈ। ਪੰਛੀ ਫੁੱਲਾਂ ਦੇ ਅੰਗ-ਸੰਗ ਬਹਿੰਦੇ ਉੱਠਦੇ, ਉਡਾਰੀਆਂ ਭਰਦੇ ਹਨ। ਹਵਾ ਵਿੱਚ ਅਠਖੇਲੀਆਂ ਕਰਦੇ ਫੁੱਲ ਕਹਿੰਦੇ ਪ੍ਰਤੀਤ ਹੁੰਦੇ ਹਨ, ‘ਸਾਡੇ ਬਸੰਤੀ ਰੰਗ ਦੀ ਵਿਰਾਸਤ ਨੂੰ ਦੇਸ਼ ਦੁਨੀਆ ਜਾਣਦੀ ਹੈ। ਇਸ ਵਿੱਚ ਸਿਦਕ, ਤਿਆਗ ਤੇ ਕੁਰਬਾਨੀ ਦਾ ਰੰਗ ਹੈ, ਜਿਸ ਦਾ ਸੱਚਾ ਸੁੱਚਾ ਸਬਕ ‘ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ’ ਰੌਸ਼ਨ ਭਵਿੱਖ ਦਾ ਪ੍ਰਤੀਕ ਹੈ।’

ਸੰਪਰਕ: 95010-06626

Advertisement
×