ਉਡੀਕ...
ਪਿੰਡ ਦੇ ਆਖ਼ਰੀ ਘਰ ਦੇ ਬੂਹੇ ਉੱਤੇ ਨਿੰਮ ਦਾ ਪੁਰਾਣਾ ਰੁੱਖ ਸੀ। ਲੋਕ ਉਸ ਨੂੰ ਰੁੱਖ ਨਹੀਂ ਕਹਿੰਦੇ ਸਨ। ਉਹ ਕਹਿੰਦੇ ਸਨ, “ਬਾਬੇ ਦਾ ਨਿੰਮ।” ਬਾਬਾ ਹਰਨਾਮ ਅੱਸੀ ਸਾਲਾਂ ਦਾ ਸੀ। ਨਿੰਮ ਉਸ ਤੋਂ ਵੀ ਵਡੇਰਾ ਸੀ। ਕਿਸੇ ਨੂੰ ਪਤਾ...
ਪਿੰਡ ਦੇ ਆਖ਼ਰੀ ਘਰ ਦੇ ਬੂਹੇ ਉੱਤੇ ਨਿੰਮ ਦਾ ਪੁਰਾਣਾ ਰੁੱਖ ਸੀ। ਲੋਕ ਉਸ ਨੂੰ ਰੁੱਖ ਨਹੀਂ ਕਹਿੰਦੇ ਸਨ। ਉਹ ਕਹਿੰਦੇ ਸਨ, “ਬਾਬੇ ਦਾ ਨਿੰਮ।” ਬਾਬਾ ਹਰਨਾਮ ਅੱਸੀ ਸਾਲਾਂ ਦਾ ਸੀ। ਨਿੰਮ ਉਸ ਤੋਂ ਵੀ ਵਡੇਰਾ ਸੀ। ਕਿਸੇ ਨੂੰ ਪਤਾ ਨਹੀਂ ਸੀ ਕਿ ਪਹਿਲਾਂ ਬਾਬਾ ਆਇਆ ਸੀ ਜਾਂ ਨਿੰਮ। ਬਾਬਾ ਹੱਸ ਕੇ ਕਹਿੰਦਾ ਸੀ, “ਮੈਂ ਤਾਂ ਇਸ ਦੇ ਹੇਠਾਂ ਜੰਮਿਆ ਸੀ।” ਕੋਈ ਪੁੱਛਦਾ, “ਬਾਬਾ, ਰੁੱਖ ਹੇਠ ਕੌਣ ਜੰਮਦਾ ਏ?” ਉਹ ਆਖਦਾ, “ਜਿਹੜਾ ਮਿੱਟੀ ਦਾ ਪੁੱਤ ਹੋਵੇ।” ਫਿਰ ਸਭ ਹੱਸ ਪੈਂਦੇ, ਪਰ ਬਾਬਾ ਨਾ ਹੱਸਦਾ। ਉਹ ਨਿੰਮ ਦੇ ਤਣੇ ਉੱਤੇ ਹੱਥ ਰੱਖ ਕੇ ਕੁਝ ਦੇਰ ਚੁੱਪ ਰਹਿੰਦਾ। ਜਿਵੇਂ ਕਿਸੇ ਪੁਰਾਣੇ ਮਿੱਤਰ ਦੀ ਨਬਜ਼ ਦੇਖ ਰਿਹਾ ਹੋਵੇ। ਬਾਬੇ ਦਾ ਇੱਕ ਪੁੱਤ ਸੀ ਜਗਸੀਰ। ਜਗਸੀਰ ਵੀਹ ਸਾਲ ਪਹਿਲਾਂ ਕੈਨੇਡਾ ਚਲਾ ਗਿਆ ਸੀ। ਪਹਿਲਾਂ ਚਿੱਠੀਆਂ ਆਉਂਦੀਆਂ ਸਨ। ਫਿਰ ਫੋਨ ਆਉਣ ਲੱਗੇ। ਫਿਰ ਵੀਡੀਓ ਕਾਲਾਂ। ਫਿਰ ਵਟਸਐਪ ਤੇ ਹੁਣ, “ਬਾਬਾ, ਮੈਂ ਬਿਜ਼ੀ ਆਂ।” ਇਹੀ ਸਭ ਤੋਂ ਲੰਮੀ ਗੱਲ ਰਹਿ ਗਈ ਸੀ। ਬਾਬਾ ਹਰ ਸ਼ਾਮ ਆਪਣੀ ਮੰਜੀ ਨਿੰਮ ਹੇਠਾਂ ਡਾਹ ਲੈਂਦਾ। ਫੋਨ ਕੋਲ ਰੱਖ ਲੈਂਦਾ। ਕਦੇ ਸਕਰੀਨ ਵੱਲ ਦੇਖਦਾ ਤੇ ਕਦੇ ਆਸਮਾਨ ਵੱਲ। ਉਸ ਨੂੰ ਪਤਾ ਨਹੀਂ ਸੀ ਕਿ ਉਡੀਕ ਕਿਸ ਪਾਸੇ ਕਰਨੀ ਹੈ। ਪਹਿਲਾਂ ਪੁੱਤ ਦੇ ਆਉਣ ਦੀ ਉਡੀਕ ਹੁੰਦੀ ਸੀ। ਹੁਣ ਫੋਨ ਵੱਜਣ ਦੀ। ਕਈ ਵਾਰ ਫੋਨ ਨਹੀਂ ਵੱਜਦਾ ਸੀ, ਪਰ ਬਾਬਾ ਫਿਰ ਵੀ ਉਸ ਨੂੰ ਕੰਨ ਨੇੜੇ ਲਾ ਕੇ ਦੇਖ ਲੈਂਦਾ।
ਪਿੰਡ ਵੀ ਬਦਲ ਗਿਆ ਸੀ। ਜਿੱਥੇ ਪਹਿਲਾਂ ਬਲਦਾਂ ਦੀਆਂ ਟੱਲੀਆਂ ਵੱਜਦੀਆਂ ਸਨ, ਉੱਥੇ ਹੁਣ ਮੋਟਰਸਾਈਕਲਾਂ ਦੇ ਸਾਇਲੈਂਸਰ ਗੂੰਜਦੇ ਸਨ। ਜਿੱਥੇ ਸੱਥ ਵਿੱਚ ਦਸ ਬੰਦੇ ਬੈਠ ਕੇ ਇੱਕ ਗੱਲ ਕਰਦੇ ਸਨ, ਉੱਥੇ ਹੁਣ ਵੀਹ ਬੰਦੇ ਆਪੋ-ਆਪਣੇ ਫੋਨਾਂ ਵਿੱਚ ਵੱਖੋ-ਵੱਖਰੀ ਦੁਨੀਆ ਵਿੱਚ ਬੈਠੇ ਸਨ। ਉਂਜ, ਗੁਰਦੁਆਰੇ ਦੇ ਬਾਹਰ ਬਜ਼ੁਰਗ ਬੈਠਦੇ ਸਨ, ਪਰ ਗੱਲਾਂ ਘੱਟ ਹੋ ਗਈਆਂ ਸਨ। ਹੱਥਾਂ ਵਿੱਚ ਮੋਬਾਈਲ ਵੱਧ ਸਨ। ਪਹਿਲਾਂ ਕੋਈ ਕਹਿੰਦਾ, “ਚਾਹ ਪੀਣੀ?” ਹੁਣ ਪੁੱਛਦਾ, “ਵਾਈ-ਫਾਈ ਦਾ ਪਾਸਵਰਡ ਕੀ ਐ?” ਬਾਬਾ ਇਹ ਸਭ ਦੇਖਦਾ ਤੇ ਨਿੰਮ ਨਾਲ ਗੱਲਾਂ ਕਰਦਾ, “ਵੇ ਨਿੰਮਾ, ਤੂੰ ਤਾਂ ਬਚ ਗਿਆ।” ਨਿੰਮ ਹਵਾ ਵਿੱਚ ਪੱਤੇ ਹਿਲਾਉਂਦਾ। “ਕੀ ਬਚਿਆ?” ਬਾਬਾ ਆਪ ਹੀ ਪੁੱਛਦਾ। ਫਿਰ ਆਪ ਹੀ ਜਵਾਬ ਦਿੰਦਾ, “ਤੇਰੇ ਪੱਤੇ ਅਜੇ ਵੀ ਇੱਕ-ਦੂਜੇ ਨਾਲ ਗੱਲ ਕਰਦੇ ਨੇ।”
ਇੱਕ ਦਿਨ ਡਾਕੀਆ ਆਇਆ। ਹੁਣ ਡਾਕੀਆ ਵੀ ਕਦੇ-ਕਦੇ ਹੀ ਆਉਂਦਾ ਸੀ। ਉਸ ਨੇ ਇਹ ਕਹਿੰਦਿਆਂ ਬਾਬੇ ਦੇ ਹੱਥ ਇੱਕ ਲਿਫ਼ਾਫ਼ਾ ਦਿੱਤਾ, “ਕੈਨੇਡਾ ਤੋਂ ਆਇਐ।” ਬਾਬੇ ਦੇ ਹੱਥ ਕੰਬ ਗਏ। ਉਸ ਨੇ ਲਿਫ਼ਾਫ਼ਾ ਸੀਨੇ ਨਾਲ ਲਾ ਕੇ ਪੁੱਛਿਆ, “ਮੇਰੇ ਪੁੱਤ ਦਾ?” ਜਵਾਬ ਮਿਲਿਆ, “ਹਾਂ।” ਬਾਬਾ ਮੰਜੀ ਉੱਤੇ ਬੈਠ ਗਿਆ। ਲਿਫ਼ਾਫ਼ਾ ਖੋਲ੍ਹਣ ਲੱਗਾ। ਅੰਦਰ ਇੱਕ ਕਾਗਜ਼ ਸੀ ਅਤੇ ਇੱਕ ਫੋਟੋ। ਫੋਟੋ ਵਿੱਚ ਜਗਸੀਰ ਖੜ੍ਹਾ ਸੀ, ਉਸ ਦੇ ਨਾਲ ਉਸ ਦੀ ਪਤਨੀ ਸੀ ਤੇ ਦੋ ਬੱਚੇ ਸਨ। ਪਿੱਛੇ ਬਰਫ਼ ਪਈ ਸੀ। ਬਾਬਾ ਫੋਟੋ ਨੂੰ ਬੜੀ ਦੇਰ ਤੱਕ ਦੇਖਦਾ ਰਿਹਾ। ਫਿਰ ਨਿੰਮੀ ਜਿਹੀ ਮੁਸਕਰਾਹਟ ਆਈ। “ਮੇਰਾ ਪੁੱਤ ਬੁੱਢਾ ਹੋ ਗਿਆ,” ਡਾਕੀਆ ਹੱਸਿਆ। “ਉਹ ਤਾਂ ਜਵਾਨ ਏ ਅਜੇ।” ਬਾਬੇ ਨੇ ਫੋਟੋ ਉੱਤੇ ਉਂਗਲ ਰੱਖੀ, “ਪੁੱਤ ਜਵਾਨ ਹੋ ਜਾਵੇ ਤਾਂ ਪਿਓ ਨੂੰ ਬੁੱਢਾ ਹੋਣ ਦਾ ਪਤਾ ਲੱਗ ਜਾਂਦਾ ਏ।” ਡਾਕੀਆ ਚੁੱਪ ਹੋ ਗਿਆ।
ਕਾਗਜ਼ ਉੱਤੇ ਸਿਰਫ਼ ਦੋ ਲਾਈਨਾਂ ਸਨ, “ਬਾਬਾ, ਪਿੰਡ ਵਾਲਾ ਘਰ ਵੇਚ ਦਿਓ। ਅਸੀਂ ਇੱਥੇ ਆਪਣਾ ਘਰ ਲੈ ਲਿਆ ਹੈ।” ਬਾਬੇ ਨੇ ਕਾਗਜ਼ ਮੋੜ ਦਿੱਤਾ। ਉਸ ਨੇ ਕੋਈ ਜਵਾਬ ਨਾ ਲਿਖਿਆ। ਅਗਲੇ ਦਿਨ ਉਹ ਪਿੰਡ ਦੇ ਪਟਵਾਰੀ ਕੋਲ ਗਿਆ। “ਘਰ ਕਿੰਨੇ ਦਾ ਵਿਕੂ?” ਪਟਵਾਰੀ ਨੇ ਹਿਸਾਬ ਦੱਸਿਆ। ਬਾਬੇ ਨੇ ਸਿਰ ਹਿਲਾਇਆ। “ਠੀਕ ਏ।” “ਕਿਸੇ ਨੂੰ ਦੇਣਾ?” “ਜਿਹੜਾ ਸਭ ਤੋਂ ਵੱਧ ਦੇਵੇ।” “ਤੇ ਤੁਸੀਂ ਰਹੋਗੇ ਕਿੱਥੇ?” ਬਾਬੇ ਨੇ ਪਹਿਲੀ ਵਾਰ ਉਸ ਵੱਲ ਦੇਖਿਆ। “ਮੈਂ?” ਥੋੜ੍ਹਾ ਰੁਕ ਕੇ ਬੋਲਿਆ, “ਜਿੱਥੇ ਮੇਰਾ ਘਰ ਹੋਵੇਗਾ।” ਕੁਝ ਦਿਨਾਂ ਬਾਅਦ ਘਰ ਦੇ ਬਾਹਰ “ਵਿਕਾਊ” ਦਾ ਬੋਰਡ ਲੱਗ ਗਿਆ। ਪਿੰਡ ਦੇ ਲੋਕ ਦੇਖਣ ਆਉਣ ਲੱਗੇ। ਕਿਸੇ ਨੂੰ ਕੰਧ ਪਸੰਦ ਆਈ, ਕਿਸੇ ਨੂੰ ਵਿਹੜਾ। ਕਿਸੇ ਨੇ ਕਿਹਾ, “ਨਿੰਮ ਵੱਢ ਦਿਆਂਗੇ ਤਾਂ ਘਰ ਹੋਰ ਖੁੱਲ੍ਹਾ ਲੱਗੂ।” ਬਾਬੇ ਨੇ ਉਸ ਬੰਦੇ ਵੱਲ ਦੇਖਿਆ। ਬੰਦੇ ਨੇ ਪੁੱਛਿਆ, “ਰੁੱਖ ਦਾ ਕੀ ਕਰਨੈ?” ਬਾਬਾ ਹੌਲੀ ਜਿਹਾ ਹੱਸਿਆ, “ਤੇਰੇ ਘਰ ਨੂੰ ਛਾਂ ਦੇਣੀ ਏ।” ਉਹ ਬੰਦਾ ਸਮਝਿਆ ਨਹੀਂ। ਇੱਕ ਸ਼ਾਮ ਬਾਬੇ ਦਾ ਫੋਨ ਵੱਜਿਆ। ਜਗਸੀਰ ਸੀ। ਉਸ ਪੁੱਛਿਆ, “ਬਾਬਾ, ਘਰ ਵਿਕ ਗਿਆ?” “ਹਾਲੇ ਨਹੀਂ।” “ਜਲਦੀ ਕਰ ਦਿਓ।” “ਕਿਉਂ?” “ਬੈਂਕ ਵਿੱਚ ਪੈਸੇ ਲਾਉਣੇ ਨੇ।” ਬਾਬਾ ਕੁਝ ਪਲ ਚੁੱਪ ਰਿਹਾ। “ਪੁੱਤ।” “ਹਾਂ ਬਾਬਾ?” “ਤੂੰ ਘਰ ਲਿਆ ਏ?” “ਹਾਂ।” “ਕਿੰਨੇ ਕਮਰਿਆਂ ਦਾ?” “ਪੰਜ।” “ਵਿਹੜਾ?” “ਹਾਂ, ਛੋਟਾ ਜਿਹਾ।” “ਨਿੰਮ?” ਉਧਰੋਂ ਹਾਸਾ ਆਇਆ। “ਬਾਬਾ, ਇੱਥੇ ਨਿੰਮ ਕਿੱਥੇ?” ਬਾਬੇ ਨੇ ਅੱਖਾਂ ਬੰਦ ਕਰ ਲਈਆਂ। “ਫਿਰ ਛਾਂ ਕਿੱਥੋਂ ਮਿਲਦੀ ਏ?” ਕੁਝ ਸਕਿੰਟ ਖ਼ਾਮੋਸ਼ੀ ਰਹੀ। ਜਗਸੀਰ ਨੇ ਕਿਹਾ, “ਬਾਬਾ, ਤੁਸੀਂ ਭਾਵੁਕ ਨਾ ਹੋਇਆ ਕਰੋ।” ਫੋਨ ਕੱਟ ਗਿਆ। ਉਸ ਰਾਤ ਬਾਬੇ ਨੇ ਪਹਿਲੀ ਵਾਰ ਨਿੰਮ ਨੂੰ ਪਾਣੀ ਨਹੀਂ ਦਿੱਤਾ। ਉਹ ਮੰਜੀ ਉੱਤੇ ਪਿਆ ਰਿਹਾ। ਅੱਧੀ ਰਾਤ ਨੂੰ ਉੱਠਿਆ। ਵਿਹੜੇ ਵਿੱਚ ਗਿਆ। ਨਿੰਮ ਹੇਠਾਂ ਬੈਠ ਗਿਆ। ਚੰਦ ਦੀ ਰੌਸ਼ਨੀ ਪੱਤਿਆਂ ’ਚੋਂ ਛਣ ਕੇ ਉਸ ਦੇ ਚਿਹਰੇ ਉੱਤੇ ਪੈ ਰਹੀ ਸੀ। ਉਸ ਨੇ ਰੁੱਖ ਨੂੰ ਕਿਹਾ, “ਜੇ ਮੈਂ ਤੈਨੂੰ ਛੱਡ ਗਿਆ ਤਾਂ?” ਹਵਾ ਚੱਲੀ ਤੇ ਪੱਤੇ ਖੜਕੇ। ਬਾਬਾ ਮੁਸਕਰਾਇਆ। “ਤੂੰ ਵੀ ਮੇਰੇ ਪੁੱਤ ਵਰਗਾ ਏਂ।” ਉਹ ਹੱਸਿਆ। ਫਿਰ ਉਸ ਦੀਆਂ ਅੱਖਾਂ ਭਰ ਆਈਆਂ। “ਜਾਣਾ ਤਾਂ ਤੂੰ ਵੀ ਨਹੀਂ ਚਾਹੁੰਦਾ ਹੋਵੇਂਗਾ।” ਅਗਲੀ ਸਵੇਰ ਪਿੰਡ ਨੇ ਅਜੀਬ ਗੱਲ ਦੇਖੀ। ਬਾਬਾ ਹੱਥ ਵਿੱਚ ਕੁਹਾੜੀ ਲੈ ਕੇ ਨਿੰਮ ਕੋਲ ਖੜ੍ਹਾ ਸੀ। ਲੋਕ ਦੌੜੇ ਆਏ।
“ਬਾਬਾ! ਕੀ ਕਰਦੇ ਓ?” ਬਾਬੇ ਨੇ ਕਿਹਾ, “ਵੱਢਣਾ ਏ।” “ਨਿੰਮ?” “ਹਾਂ।” “ਕਿਉਂ?” ਬਾਬਾ ਬੋਲਿਆ, “ਘਰ ਵਿਕ ਰਿਹਾ ਏ। ਨਿੰਮ ਨਹੀਂ ਵਿਕਣਾ ਚਾਹੀਦਾ।” ਕਿਸੇ ਕੋਲ ਕੋਈ ਜਵਾਬ ਨਹੀਂ ਸੀ। ਉਸ ਨੇ ਕੁਹਾੜੀ ਚੁੱਕੀ, ਪਰ ਪਹਿਲਾ ਟੱਕ ਲਾਉਣ ਤੋਂ ਪਹਿਲਾਂ ਉਸ ਦਾ ਹੱਥ ਰੁਕ ਗਿਆ। ਤਣੇ ’ਚੋਂ ਇੱਕ ਨਿੱਕੀ ਜਿਹੀ ਕਰੂੰਬਲ ਨਿਕਲੀ ਹੋਈ ਸੀ। ਬਾਬਾ ਉਸ ਨੂੰ ਤੱਕਦਾ ਰਿਹਾ। ਫਿਰ ਕੁਹਾੜੀ ਹੇਠਾਂ ਰੱਖ ਦਿੱਤੀ। “ਇਹ ਮੇਰੇ ਤੋਂ ਪਹਿਲਾਂ ਸੋਚ ਗਿਆ।” ਕਿਸੇ ਨੇ ਪੁੱਛਿਆ, “ਕੀ?” ਬਾਬਾ ਕਹਿੰਦਾ, “ਮੈਂ ਤਾਂ ਘਰ ਬਚਾਉਣ ਲੱਗਾ ਸੀ, ਇਹ ਛਾਂ ਬਚਾਉਣ ਲੱਗ ਪਿਆ।” ਉਸੇ ਦਿਨ ਬਾਬੇ ਨੇ ਘਰ ਵੇਚਣ ਤੋਂ ਇਨਕਾਰ ਕਰ ਦਿੱਤਾ। ਪਟਵਾਰੀ ਕੋਲ ਜਾ ਕੇ ਕਿਹਾ, “ਨਹੀਂ ਵੇਚਣਾ।” “ਪੁੱਤ ਨੂੰ ਕੀ ਕਹੋਗੇ?” ਬਾਬਾ ਬੋਲਿਆ, “ਸੱਚ।” “ਕੀ ਸੱਚ?” “ਕਿ ਘਰ ਵਿਕਦਾ ਨਹੀਂ।” “ਘਰ ਤਾਂ ਵਿਕਦਾ ਏ।” ਬਾਬਾ ਹੱਸਿਆ, “ਇੱਟਾਂ ਵਿਕਦੀਆਂ ਨੇ।”
ਕੁਝ ਮਹੀਨੇ ਲੰਘ ਗਏ। ਬਾਬੇ ਦੀ ਤਬੀਅਤ ਢਿੱਲੀ ਰਹਿਣ ਲੱਗੀ। ਹੁਣ ਉਹ ਨਿੰਮ ਹੇਠਾਂ ਘੱਟ ਹੀ ਬੈਠਦਾ ਸੀ। ਮੰਜੀ ਉੱਤੇ ਲੰਮਾ ਪਿਆ ਰਹਿੰਦਾ। ਇੱਕ ਦਿਨ ਪਿੰਡ ਦਾ ਇੱਕ ਛੋਟਾ ਮੁੰਡਾ ਆਇਆ। ਉਸ ਦਾ ਨਾਮ ਮਨੂ ਸੀ। ਉਹ ਰੋਜ਼ ਸਕੂਲ ਤੋਂ ਵਾਪਸ ਆ ਕੇ ਬਾਬੇ ਕੋਲ ਬੈਠ ਜਾਂਦਾ। “ਬਾਬਾ, ਕਹਾਣੀ ਸੁਣਾ।” ਬਾਬਾ ਪੁੱਛਦਾ, “ਕਿਹੜੀ?” “ਆਪਣੇ ਪੁੱਤ ਵਾਲੀ।” ਬਾਬਾ ਹੱਸ ਪੈਂਦਾ, “ਉਹ ਕਹਾਣੀ ਨਹੀਂ।” “ਫਿਰ?” “ਉਡੀਕ।” “ਉਡੀਕ ਕੀ ਹੁੰਦੀ ਏ?” ਇਹ ਸੁਣ ਕੇ ਬਾਬਾ ਕੁਝ ਦੇਰ ਸੋਚਦਾ ਰਿਹਾ। ਫਿਰ ਕਹਿੰਦਾ, “ਜਦੋਂ ਕੋਈ ਦੂਰ ਹੋਵੇ ਤੇ ਦਿਲ ਉਸ ਨੂੰ ਨੇੜੇ ਬਿਠਾ ਕੇ ਰੱਖੇ।” ਮਨੂ ਨੇ ਪੁੱਛਿਆ, “ਤੇ ਜੇ ਉਹ ਨਾ ਆਵੇ?” ਬਾਬੇ ਨੇ ਆਸਮਾਨ ਵੱਲ ਦੇਖਦਿਆਂ ਆਖਿਆ, “ਫਿਰ ਦਿਲ ਉਸ ਦਾ ਘਰ ਬਣ ਜਾਂਦਾ ਏ।”
ਸਰਦੀਆਂ ਦੀ ਇੱਕ ਸਵੇਰ ਬਾਬਾ ਨਾ ਉੱਠਿਆ। ਮੰਜੀ ਨਿੰਮ ਹੇਠਾਂ ਪਈ ਸੀ। ਉਸ ਕੋਲ ਫੋਨ ਪਿਆ ਸੀ। ਸਕਰੀਨ ਬੰਦ ਸੀ। ਪਿੰਡ ਦੇ ਲੋਕ ਇਕੱਠੇ ਹੋਏ। ਕਿਸੇ ਨੇ ਕਿਹਾ, “ਜਗਸੀਰ ਨੂੰ ਫੋਨ ਕਰੋ।” ਫੋਨ ਕੀਤਾ ਗਿਆ। ਉਧਰੋਂ ਜਵਾਬ ਆਇਆ, “ਮੈਂ ਫਲਾਈਟ ਦੇਖਦਾ ਹਾਂ।” ਬਾਬੇ ਦੀ ਅੰਤਿਮ ਯਾਤਰਾ ਪਿੰਡ ਵਿੱਚੋਂ ਲੰਘੀ। ਜਗਸੀਰ ਨਹੀਂ ਆ ਸਕਿਆ। ਬਰਫ਼ ਪੈ ਰਹੀ ਸੀ ਕੈਨੇਡਾ ਵਿੱਚ। ਇੱਥੇ ਧੁੱਪ ਸੀ। ਕੁਝ ਦਿਨਾਂ ਬਾਅਦ ਜਗਸੀਰ ਆਇਆ। ਉਹ ਇਕੱਲਾ ਸੀ। ਪਿੰਡ ਦੇ ਬੂਹੇ ਉੱਤੇ ਪਹੁੰਚਿਆ ਤਾਂ ਉਸ ਨੇ ਸਭ ਤੋਂ ਪਹਿਲਾਂ ਨਿੰਮ ਦੇਖਿਆ। ਉਹ ਹੋਰ ਵੱਡਾ ਹੋ ਗਿਆ ਸੀ। ਉਸ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ। ਅੰਦਰ ਬਾਬੇ ਦੀ ਮੰਜੀ ਸੀ। ਕੰਧ ਉੱਤੇ ਉਸ ਦੀ ਮਾਂ ਦੀ ਪੁਰਾਣੀ ਤਸਵੀਰ। ਇੱਕ ਕੋਨੇ ਵਿੱਚ ਪੁਰਾਣਾ ਰੇਡੀਓ ਅਤੇ ਮੇਜ਼ ਉੱਤੇ ਇੱਕ ਲਿਫ਼ਾਫ਼ਾ, ਜਿਸ ’ਤੇ ਲਿਖਿਆ ਸੀ, “ਜਗਸੀਰ ਲਈ।” ਉਸ ਨੇ ਲਿਫ਼ਾਫ਼ਾ ਖੋਲ੍ਹਿਆ। ਅੰਦਰ ਇੱਕ ਕਾਗਜ਼ ਸੀ। ਸਿਰਫ਼ ਇੱਕ ਵਾਕ। “ਪੁੱਤ, ਘਰ ਨਾ ਵੇਚੀਂ। ਜਦੋਂ ਤੈਨੂੰ ਆਪਣਾ ਘਰ ਯਾਦ ਆਵੇ, ਇਹ ਘਰ ਤੈਨੂੰ ਪਛਾਣ ਲਵੇਗਾ।” ਜਗਸੀਰ ਕੁਰਸੀ ਉੱਤੇ ਬੈਠ ਗਿਆ। ਬਹੁਤ ਦੇਰ ਤੱਕ ਬੈਠਾ ਰਿਹਾ। ਫਿਰ ਉਸ ਨੇ ਫੋਨ ਕੱਢਿਆ। ਸਕਰੀਨ ਉੱਤੇ ਉਸ ਦੇ ਦੋ ਬੱਚਿਆਂ ਦੀ ਤਸਵੀਰ ਸੀ। ਉਸ ਨੇ ਪਹਿਲੀ ਵਾਰ ਫੋਨ ਬੰਦ ਕਰ ਦਿੱਤਾ। ਬਾਹਰ ਆਇਆ। ਨਿੰਮ ਹੇਠਾਂ ਖੜ੍ਹਾ ਹੋ ਗਿਆ। ਹਵਾ ਚੱਲੀ। ਇੱਕ ਪੱਤਾ ਟੁੱਟ ਕੇ ਉਸ ਦੇ ਮੋਢੇ ਉੱਤੇ ਆ ਡਿੱਗਿਆ। ਜਗਸੀਰ ਨੇ ਪੱਤਾ ਹੱਥ ਵਿੱਚ ਫੜ ਲਿਆ। ਅਚਾਨਕ ਉਸ ਨੂੰ ਬਚਪਨ ਯਾਦ ਆ ਗਿਆ। ਉਹ ਨੰਗੇ ਪੈਰੀਂ ਇਸੇ ਵਿਹੜੇ ਵਿੱਚ ਦੌੜਦਾ ਸੀ। ਮਾਂ ਪਿੱਛੇ ਭੱਜਦੀ ਸੀ। ਬਾਬਾ ਨਿੰਮ ਹੇਠਾਂ ਬੈਠ ਕੇ ਚਾਹ ਪੀਂਦਾ, ਆਰਾਮ ਕਰਦਾ ਸੀ। ਉਹ ਦੌੜ ਕੇ ਬਾਬੇ ਦੀ ਗੋਦ ਵਿੱਚ ਚੜ੍ਹ ਜਾਂਦਾ ਸੀ। ਬਾਬਾ ਕਹਿੰਦਾ, “ਓਏ, ਹੌਲੀ!” ਉਹ ਪੁੱਛਦਾ, “ਕਿਉਂ?” ਬਾਬਾ ਹੱਸ ਕੇ ਕਹਿੰਦਾ, “ਧਰਤੀ ਨੂੰ ਦਰਦ ਹੁੰਦਾ ਏ।” ਜਗਸੀਰ ਨੇ ਪਹਿਲੀ ਵਾਰ ਸਮਝਿਆ, ਬਾਬਾ ਧਰਤੀ ਨੂੰ ਨਹੀਂ, ਉਸ ਨੂੰ ਕਹਿੰਦਾ ਸੀ। ਉਸ ਸ਼ਾਮ ਜਗਸੀਰ ਨੇ ਇੱਕ ਕੰਮ ਕੀਤਾ। ਉਸ ਨੇ ਨਿੰਮ ਹੇਠਾਂ ਇੱਕ ਛੋਟੀ ਜਿਹੀ ਤਖ਼ਤੀ ਲਾਈ ਤੇ ਉੱਪਰ ਲਿਖਿਆ, “ਇਹ ਘਰ ਵਿਕਾਊ ਨਹੀਂ ਹੈ। ਇੱਥੇ ਉਡੀਕ ਰਹਿੰਦੀ ਹੈ।” ਕਈ ਸਾਲ ਬਾਅਦ ਉਸ ਘਰ ਵਿੱਚ ਬੱਚਿਆਂ ਦੀਆਂ ਆਵਾਜ਼ਾਂ ਮੁੜ ਸੁਣਾਈ ਦੇਣ ਲੱਗੀਆਂ। ਜਗਸੀਰ ਦੇ ਬੱਚੇ ਕੈਨੇਡਾ ਤੋਂ ਆਏ। ਉਹ ਨਿੰਮ ਹੇਠਾਂ ਖੇਡਣ ਲੱਗੇ। ਛੋਟੀ ਕੁੜੀ ਨੇ ਪੁੱਛਿਆ, “ਡੈਡੀ, ਇਹ ਰੁੱਖ ਇੰਨਾ ਵੱਡਾ ਕਿਵੇਂ ਹੋ ਗਿਆ?” ਜਗਸੀਰ ਨੇ ਕਿਹਾ, “ਇਸ ਨੇ ਬਹੁਤ ਉਡੀਕ ਕੀਤੀ ਏ।” “ਕਿਸ ਦੀ?” ਜਗਸੀਰ ਕੁਝ ਪਲ ਚੁੱਪ ਰਿਹਾ।
ਫਿਰ ਬੋਲਿਆ, “ਮੇਰੀ।” ਕੁੜੀ ਹੱਸ ਪਈ, “ਤੁਸੀਂ ਤਾਂ ਆ ਗਏ।” ਜਗਸੀਰ ਨੇ ਨਿੰਮ ਵੱਲ ਦੇਖਦਿਆਂ ਆਖਿਆ, “ਹਾਂ,” ਉਸ ਦੀ ਆਵਾਜ਼ ਹੌਲੀ ਹੋ ਗਈ, “ਪਰ ਇਹ ਮੇਰੇ ਇਉਂ ਆਉਣ ਦੀ ਉਡੀਕ ਨਹੀਂ ਕਰ ਰਿਹਾ ਸੀ।” “ਫਿਰ?” ਜਗਸੀਰ ਨੇ ਧਰਤੀ ਵੱਲ ਦੇਖਿਆ, “ਮੇਰੇ ਅੰਦਰਲੇ ਬੰਦੇ ਦੀ।” ਉਸ ਰਾਤ ਜਗਸੀਰ ਨਿੰਮ ਹੇਠਾਂ ਇਕੱਲਾ ਬੈਠਾ ਸੀ। ਹਵਾ ਵਿੱਚ ਪੱਤੇ ਹਿੱਲ ਰਹੇ ਸਨ। ਉਸ ਨੂੰ ਲੱਗਿਆ ਜਿਵੇਂ ਬਾਬਾ ਕੋਲ ਬੈਠਾ ਹੈ। ਉਸ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ, “ਬਾਬਾ...!” ਨਿੰਮ ਦੇ ਪੱਤੇ ਹਿੱਲੇ। ਜਗਸੀਰ ਮੁਸਕਰਾਇਆ, “ਮੈਂ ਆ ਗਿਆ।” ਕੋਈ ਜਵਾਬ ਨਾ ਆਇਆ, ਪਰ ਛਾਂ ਥੋੜ੍ਹੀ ਹੋਰ ਗਹਿਰੀ ਹੋ ਗਈ। ਜਗਸੀਰ ਨੇ ਅੱਖਾਂ ਬੰਦ ਕਰ ਲਈਆਂ। ਉਸ ਨੂੰ ਪਹਿਲੀ ਵਾਰ ਸਮਝ ਆਇਆ ਕਿ ਕਈ ਵਾਰ ਬੰਦਾ ਘਰ ਵਾਪਸ ਨਹੀਂ ਆਉਂਦਾ, ਘਰ ਬੰਦੇ ਦੇ ਅੰਦਰ ਵਾਪਸ ਆ ਜਾਂਦਾ ਹੈ। ਉਸ ਰਾਤ ਬਹੁਤ ਸਾਲਾਂ ਬਾਅਦ ਉਸ ਪੁਰਾਣੇ ਘਰ ਦੇ ਬੂਹੇ ਉੱਤੇ ਕੋਈ ਪਰਛਾਵਾਂ ਨਹੀਂ ਸੀ ਕਿਉਂਕਿ ਘਰ ਦੇ ਅੰਦਰ ਹੀ ਚਾਨਣ ਹੋ ਗਿਆ ਸੀ।
ਸੰਪਰਕ: +61-412913021

