ਸਰਦਾਰਾਂ ਵਾਲਾ ਪਿੰਡ
ਕੁਝ ਦਿਨ ਪਹਿਲਾਂ ਮੈਂ ਆਪਣੇ ਸ਼ਹਿਰ ਦੇ ਇੱਕ ਬੈਂਕ ਵਿੱਚ ਐੱਫ ਡੀ ਦੇ ਸਬੰਧ ਵਿੱਚ ਗਿਆ ਸੀ। ਲੰਚ ਬਰੇਕ ਹੋਣ ਕਾਰਨ ਮੈਂ ਬੈਂਕ ਦੇ ਅੰਦਰ ਹੀ ਮੇਨ ਗੇਟ ਕੋਲ ਪਈਆਂ ਕੁਰਸੀਆਂ ’ਤੇ ਬੈਠ ਗਿਆ। ਉੱਥੇ ਪਹਿਲਾਂ ਹੀ ਦੋ ਬਜ਼ੁਰਗ ਬੈਠੇ...
ਕੁਝ ਦਿਨ ਪਹਿਲਾਂ ਮੈਂ ਆਪਣੇ ਸ਼ਹਿਰ ਦੇ ਇੱਕ ਬੈਂਕ ਵਿੱਚ ਐੱਫ ਡੀ ਦੇ ਸਬੰਧ ਵਿੱਚ ਗਿਆ ਸੀ। ਲੰਚ ਬਰੇਕ ਹੋਣ ਕਾਰਨ ਮੈਂ ਬੈਂਕ ਦੇ ਅੰਦਰ ਹੀ ਮੇਨ ਗੇਟ ਕੋਲ ਪਈਆਂ ਕੁਰਸੀਆਂ ’ਤੇ ਬੈਠ ਗਿਆ। ਉੱਥੇ ਪਹਿਲਾਂ ਹੀ ਦੋ ਬਜ਼ੁਰਗ ਬੈਠੇ ਸਨ। ਸ਼ਾਇਦ ਉਹ ਵੀ ਲੰਚ ਬਰੇਕ ਖ਼ਤਮ ਹੋਣ ਦੀ ਉਡੀਕ ਕਰ ਰਹੇ ਸਨ। ਉਹ ਆਪਸ ਵਿੱਚ ਗੱਲਾਂ ਕਰ ਰਹੇ ਸਨ। ਮੈਂ ਵੀ ਕੋਲ ਜਾ ਕੇ ਬੈਠਣ ਕਾਰਨ ਉਨ੍ਹਾਂ ਦੀ ਗੱਲਬਾਤ ਵਿੱਚ ਸ਼ਾਮਲ ਹੋ ਗਿਆ। ਗੱਲਾਂ-ਗੱਲਾਂ ’ਚ ਇੱਕ ਬਜ਼ੁਰਗ ਨੇ ਪੁੱਛਿਆ, “ਕਾਕਾ, ਤੇਰਾ ਪਿੰਡ ਕਿਹੜਾ ਹੈ?” ਮੈਂ ਆਦਤਨ ਆਪਣੀ ਮੌਜੂਦਾ ਰਿਹਾਇਸ਼ ਵਾਲੇ ਸ਼ਹਿਰ (ਧੂਰੀ) ਅਤੇ ਆਪਣੇ ਪਿਛੋਕੜ ਵਾਲੇ ਪਿੰਡ ਦਾ ਨਾਮ ਦੱਸ ਦਿੱਤਾ। ਪਿੰਡ ਦਾ ਨਾਮ ਸੁਣਦਿਆਂ ਹੀ ਬਜ਼ੁਰਗ ਤ੍ਰਭਕ ਕੇ ਬੋਲਿਆ, “ਅੱਛਾ! ਕਾਕਾ, ਤੂੰ ਤਾਂ ਸਰਦਾਰਾਂ ਵਾਲੇ ਪਿੰਡ ਤੋਂ ਹੈਂ!” ਇਹ ਗੱਲ ਮੈਂ ਪਹਿਲਾਂ ਵੀ ਕਈ ਵਾਰ ਸੁਣੀ ਸੀ। ਆਸ-ਪਾਸ ਦੇ ਪਿੰਡਾਂ ਦੇ ਲੋਕ ਸਾਡੇ ਪਿੰਡ ਨੂੰ ਅਕਸਰ ‘ਸਰਦਾਰਾਂ ਵਾਲਾ ਪਿੰਡ’ ਕਹਿੰਦੇ ਸਨ ਪਰ ਅੱਜ ਪਿੰਡ ਦੀ ਆਰਥਿਕ ਹਾਲਤ ਉਹ ਨਹੀਂ ਰਹੀ ਜੋ ਕਦੇ ਹੋਇਆ ਕਰਦੀ ਸੀ। ਮੈਂ ਪੁੱਛਿਆ, “ਬਜ਼ੁਰਗੋ, ਤੁਸੀਂ ਕਿਹੜੇ ਸਰਦਾਰਾਂ ਦੀ ਗੱਲ ਕਰਦੇ ਹੋ?”
ਉਹ ਹੈਰਾਨੀ ਨਾਲ ਬੋਲਿਆ, “ਕਾਕਾ, ਮੈਂ ਫਲਾਂ-ਫਲਾਂ ਸਿੰਘ ਤੇ ਫਲਾਂ ਮਾਨ ਦੀ ਗੱਲ ਕਰ ਰਿਹਾ ਹਾਂ, ਜਿਨ੍ਹਾਂ ਨੂੰ ਇਲਾਕੇ ਵਿੱਚ ਨੀਲੇ ਫੋਰਡ ਵਾਲੇ ਸਰਦਾਰ ਕਿਹਾ ਜਾਂਦਾ ਸੀ!” ਇੱਕ ਪਲ ਮੇਰੇ ਸਾਹਮਣੇ ਪਿੰਡ ਦੇ ਪੁਰਾਣੇ ਸਮੇਂ ਦੀ ਤਸਵੀਰ ਆ ਗਈ। ਮੈਂ ਸਮਝ ਗਿਆ ਕਿ ਬਜ਼ੁਰਗ ਕਿਹੜੇ ਪਰਿਵਾਰਾਂ ਦੀ ਗੱਲ ਕਰ ਰਿਹਾ ਸੀ। ਪਰ ਮੇਰੇ ਮਨ ਵਿੱਚ ਤੁਰੰਤ ਇੱਕ ਸਵਾਲ ਉੱਠਿਆ- ਅੱਜ ਤਾਂ ਇਨ੍ਹਾਂ ਪਰਿਵਾਰਾਂ ਕੋਲ ਬਹੁਤੀ ਜ਼ਮੀਨ ਨਹੀਂ। ਕੋਈ ਵਿੱਘਿਆਂ ਦਾ ਮਾਲਕ ਹੈ ਤੇ ਕੋਈ ਮਰਲਿਆਂ ਦਾ। ਫਿਰ ਇਹ ਬਜ਼ੁਰਗ ਉਨ੍ਹਾਂ ਨੂੰ ਵੀਹ-ਵੀਹ, ਤੀਹ-ਤੀਹ ਅਤੇ ਚਾਲੀ-ਚਾਲੀ ਕਿੱਲਿਆਂ ਦੇ ਮਾਲਕ ਕਿਵੇਂ ਦੱਸ ਰਿਹਾ ਹੈ? ਬਜ਼ੁਰਗ ਆਪਣੀਆਂ ਯਾਦਾਂ ’ਚੋਂ ਪੁਰਾਣਾ ਪਿੰਡ ਕੱਢ ਕੇ ਮੇਰੇ ਸਾਹਮਣੇ ਰੱਖ ਰਿਹਾ ਸੀ। ਉਹ ਦੱਸ ਰਿਹਾ ਸੀ ਕਿ ਸਾਡੇ ਪਿੰਡ ਦੇ ਜ਼ਿਮੀਦਾਰਾਂ ਕੋਲ ਆਸ-ਪਾਸ ਦੇ ਪਿੰਡਾਂ ਦੇ ਜ਼ਿਮੀਦਾਰਾਂ ਨਾਲੋਂ ਕਿਤੇ ਵੱਧ ਜ਼ਮੀਨ ਹੁੰਦੀ ਸੀ। ਉਨ੍ਹਾਂ ਦਾ ਪਿੰਡ ਵਿੱਚ ਹੀ ਨਹੀਂ ਸਗੋਂ ਪੂਰੇ ਇਲਾਕੇ ਵਿੱਚ ਰੋਅਬ ਹੁੰਦਾ ਸੀ। ਫਿਰ ਉਸ ਨੇ ਇੱਕ ਅਜਿਹਾ ਵਾਕ ਕਿਹਾ ਜੋ ਮੇਰੇ ਮਨ ਵਿੱਚ ਅੱਜ ਤੱਕ ਵੱਸਿਆ ਹੋਇਆ ਹੈ। “ਕਾਕਾ, ਤੇਰੇ ਪਿੰਡ ਦੇ ਫਲਾਂ ਸਰਦਾਰ ਦੇ ਖੇਤ ’ਚੋਂ ਤਾਂ ਹਵਾ ਵੀ ਪੁੱਛ ਕੇ ਲੰਘਦੀ ਸੀ!” ਇਹ ਵਾਕ ਸਿਰਫ਼ ਕਿਸੇ ਵਿਅਕਤੀ ਦੇ ਰੋਅਬ ਦੀ ਕਹਾਣੀ ਨਹੀਂ ਸੀ। ਇਹ ਇੱਕ ਅਜਿਹੇ ਸਮੇਂ ਦੀ ਯਾਦ ਸੀ ਜਦੋਂ ਜ਼ਮੀਨ ਹੀ ਪਿੰਡ ਦੀ ਸਭ ਤੋਂ ਵੱਡੀ ਤਾਕਤ, ਪਛਾਣ ਅਤੇ ਦੌਲਤ ਹੁੰਦੀ ਸੀ। ਬਜ਼ੁਰਗ ਨੇ ਅੱਗੇ ਦੱਸਿਆ ਕਿ ਪਿੰਡ ਦੇ ਆਲੇ-ਦੁਆਲੇ ਬਣੇ ਕਈ ਗੋਦਾਮ, ਸ਼ੈੱਲਰ, ਫੈਕਟਰੀਆਂ ਅਤੇ ਕਾਰਖਾਨੇ ਉਨ੍ਹਾਂ ਹੀ ਪਰਿਵਾਰਾਂ ਦੇ ਖੇਤਾਂ ਵਿੱਚ ਉਸਰੇ ਹੋਏ ਹਨ। ਇਹ ਗੱਲ ਮੇਰੇ ਲਈ ਨਵੀਂ ਸੀ।
ਮੈਂ ਸੋਚਣ ਲੱਗਾ- ਜਿਨ੍ਹਾਂ ਖੇਤਾਂ ਨੂੰ ਕਦੇ ਇਨ੍ਹਾਂ ਪਰਿਵਾਰਾਂ ਦੀ ਸ਼ਾਨ ਸਮਝਿਆ ਜਾਂਦਾ ਸੀ ਅੱਜ ਉਨ੍ਹਾਂ ਖੇਤਾਂ ’ਚ ਹੋਰਾਂ ਦੇ ਕਾਰਖਾਨੇ ਖੜ੍ਹੇ ਹਨ। ਜਿਨ੍ਹਾਂ ਪਰਿਵਾਰਾਂ ਕੋਲ ਕਦੇ ਤੀਹ-ਚਾਲੀ ਕਿੱਲੇ ਜ਼ਮੀਨ ਹੁੰਦੀ ਸੀ, ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਕੋਲ ਹੁਣ ਵਿੱਘੇ ਤੇ ਮਰਲੇ ਹੀ ਰਹਿ ਗਏ ਹਨ। ਕਦੇ ਜਿਹੜੀ ਜ਼ਮੀਨ ਪਰਿਵਾਰਾਂ ਦੀ ਤਾਕਤ ਸੀ, ਉਹ ਹੌਲੀ-ਹੌਲੀ ਵਿਕਦੀ ਗਈ। ਕਿਸੇ ਨੇ ਲੋੜ ਵੇਲੇ ਵੇਚੀ ਹੋਵੇਗੀ, ਕਿਸੇ ਨੇ ਕਾਰੋਬਾਰ ਲਈ ਤੇ ਕਿਸੇ ਨੇ ਸ਼ੌਕ ਲਈ। ਕਿਸੇ ਨੇ ਸ਼ਾਇਦ ਇਹ ਸੋਚ ਕੇ ਕਿ ਜ਼ਮੀਨ ਤਾਂ ਬਹੁਤ ਹੈ, ਥੋੜ੍ਹੀ ਵਿੱਕ ਗਈ ਤਾਂ ਕੀ ਹੋਇਆ। ਪਰ ਜ਼ਮੀਨ ਵਿਕਣ ਤੋਂ ਬਾਅਦ ਮੁੜ ਖ਼ਰੀਦਣੀ ਸੌਖੀ ਨਹੀਂ ਹੁੰਦੀ। ਕੌਡੀਆਂ ਦੇ ਭਾਅ ਵਿਕੀ ਜ਼ਮੀਨ ’ਤੇ ਅੱਜ ਵੱਡੀਆਂ-ਵੱਡੀਆਂ ਇਮਾਰਤਾਂ, ਸ਼ੈੱਲਰ ਅਤੇ ਫੈਕਟਰੀਆਂ ਖੜ੍ਹੀਆਂ ਹਨ। ਜਿੱਥੇ ਕਦੇ ਮੋਤੀਆਂ ਵਰਗੀ ਕਣਕ ਉੱਗਦੀ ਹੋਵੇਗੀ ਅੱਜ ਉਸ ਜ਼ਮੀਨ ਦੀ ਛਾਤੀ ਉਪਰ ਗੱਡੀਆਂ ਚਿਮਨੀਆਂ ਬਿਮਾਰੀਆਂ ਵੰਡ ਰਹੀਆਂ ਹਨ। ਉਹ ਚਿਮਨੀਆਂ ਸਿਰਫ਼ ਧੂੰਆਂ ਨਹੀਂ ਛੱਡਦੀਆਂ- ਉਹ ਸਾਨੂੰ ਇੱਕ ਸਵਾਲ ਵੀ ਪੁੱਛਦੀਆਂ ਹਨ: ਕੀ ਅਸੀਂ ਆਪਣੀ ਅਗਲੀ ਪੀੜ੍ਹੀ ਦੀ ਪੂੰਜੀ ਨੂੰ ਅੱਜ ਦੀਆਂ ਲੋੜਾਂ ਲਈ ਵੇਚ ਤਾਂ ਨਹੀਂ ਦਿੱਤਾ? ਕੁਝ ਦਿਨਾਂ ਬਾਅਦ ਮੈਂ ਪਿੰਡ ਵੱਲ ਜਾ ਰਿਹਾ ਸੀ।
ਇਸ ਵਾਰ ਜਦੋਂ ਮੈਂ ਉਨ੍ਹਾਂ ਸ਼ੈੱਲਰਾਂ, ਫੈਕਟਰੀਆਂ ਅਤੇ ਕਾਰਖਾਨਿਆਂ ਕੋਲੋਂ ਲੰਘਿਆ ਤਾਂ ਮੇਰਾ ਨਜ਼ਰੀਆ ਪਹਿਲਾਂ ਨਾਲੋਂ ਵੱਖਰਾ ਸੀ। ਇੱਕ ਫੈਕਟਰੀ ਦੇ ਅੰਦਰ ਮੇਰੇ ਪਿੰਡ ਦੇ ਬਹੁਤ ਸਾਰੇ ਲੋਕ ਮਜ਼ਦੂਰ ਵਜੋਂ ਕੰਮ ਕਰਦੇ ਹਨ। ਥੋੜ੍ਹੇ ਲੋਕ ਸੁਪਰਵਾਈਜ਼ਰ ਹਨ। ਫੈਕਟਰੀ ਵਿੱਚ ਮਜ਼ਦੂਰ, ਮਕੈਨਿਕ, ਇੰਜਨੀਅਰ ਜ਼ਿਆਦਾਤਰ ਪਰਵਾਸੀ ਹਨ। ਜਿਉਂ ਹੀ ਮੈਂ ਉਸ ਫੈਕਟਰੀ ਦੇ ਗੇਟ ਕੋਲੋਂ ਲੰਘਣ ਲੱਗਾ ਤਾਂ ਮੇਰੀ ਨਜ਼ਰ ਇੱਕ ਸਰਦਾਰ ਸੁਰੱਖਿਆ ਕਰਮੀ ’ਤੇ ਪਈ ਜੋ ਨੀਲੇ ਫੋਰਡ ਵਾਲੇ ਸਰਦਾਰਾਂ ਦੀ ਜ਼ਮੀਨ ’ਤੇ ਉੱਸਰੀ ਫੈਕਟਰੀ ਦੇ ਗੇਟ ਅੱਗੇ ਨੀਲੀ ਵਰਦੀ ਪਾਈ ਖੜ੍ਹਾ ਸੀ ਅਤੇ ਅੰਦਰ ਜਾਣ ਵਾਲੇ ਹਰ ਵਿਅਕਤੀ ਦੀ ਚੰਗੀ ਤਰ੍ਹਾਂ ਜਾਂਚ ਕਰ ਰਿਹਾ ਸੀ। ਮੇਰੇ ਮਨ ਵਿੱਚ ਤੁਰੰਤ ਬੈਂਕ ਵਾਲੇ ਬਜ਼ੁਰਗ ਦੀ ਗੱਲ ਗੂੰਜੀ, “ਤੇਰੇ ਪਿੰਡ ਦੇ ਸਰਦਾਰ ਦੇ ਖੇਤ ਵਿੱਚੋਂ ਤਾਂ ਹਵਾ ਵੀ ਪੁੱਛ ਕੇ ਲੰਘਦੀ ਸੀ।”
ਮੈਂ ਕੁਝ ਪਲ ਲਈ ਉਸ ਗੇਟ ਵੱਲ ਦੇਖਦਾ ਰਿਹਾ। ਇਹ ਉਹੀ ਜ਼ਮੀਨ ਸੀ ਪਰ ਹੁਣ ਇਸ ਜ਼ਮੀਨ ਦਾ ਮਾਲਕ ਕੌਣ ਸੀ? ਗੇਟ ’ਤੇ ਖੜ੍ਹਾ ਸੁਰੱਖਿਆ ਕਰਮੀ ਕਿਸੇ ਨੂੰ ਅੰਦਰ ਜਾਣ ਦੇ ਰਿਹਾ ਸੀ ਅਤੇ ਕਿਸੇ ਨੂੰ ਰੋਕ ਰਿਹਾ ਸੀ। ਦੂਜੇ ਪਾਸੇ ਇੱਕ ਛੋਟੇ ਜਿਹੇ ਹੋਟਲ ’ਤੇ ਟਰੱਕ ਡਰਾਈਵਰ ਚਾਹ ਪੀ ਰਹੇ ਅਤੇ ਤਾਸ਼ ਖੇਡ ਰਹੇ ਸਨ। ਨਾਲ ਹੀ ਮੋਟਰ ਦਾ ਪੁਰਾਣੀਆਂ ਇੱਟਾਂ ਵਾਲਾ ਕੋਠਾ ਢਹਿ-ਢੇਰੀ ਹੋ ਰਿਹਾ ਸੀ। ਕੋਲ ਪਿਆ ਟੁੱਟਿਆ-ਖਿੱਲਰਿਆ ਚੁਬੱਚਾ ਵੀ ਜਿਵੇਂ ਆਪਣੇ ਆਖ਼ਰੀ ਸਾਹ ਲੈ ਰਿਹਾ ਸੀ। ਇੱਕ ਪਾਸੇ ਨਵੀਂ ਫੈਕਟਰੀ ਦੀਆਂ ਉੱਚੀਆ-ਉੱਚੀਆਂ ਕੰਧਾਂ ਸਨ ਅਤੇ ਦੂਜੇ ਪਾਸੇ ਪੁਰਾਣੇ ਖੇਤੀਬਾੜੀ ਵਾਲੇ ਸਮੇਂ ਦੀਆਂ ਨਿਸ਼ਾਨੀਆਂ ਮਿੱਟੀ ਵਿੱਚ ਰਲ ਰਹੀਆਂ ਸਨ। ਇਹ ਦ੍ਰਿਸ਼ ਆਪਣੇ ਆਪ ਵਿੱਚ ਇੱਕ ਪੂਰਾ ਇਤਿਹਾਸ ਸੀ। ਮੇਰੇ ਪਿੰਡ ਦੇ ਉਨ੍ਹਾਂ ਪਰਿਵਾਰਾਂ ਦੇ ਮੁੰਡੇ ਵੀ ਅੱਜ ਇਨ੍ਹਾਂ ਫੈਕਟਰੀਆਂ ਵਿੱਚ ਕੰਮ ਕਰਦੇ ਹਨ, ਜਿਨ੍ਹਾਂ ਦੀ ਗੱਲ ਬੈਂਕ ਵਿੱਚ ਮਿਲਿਆ ਬਜ਼ੁਰਗ ਕਰ ਰਿਹਾ ਸੀ। ਉਹ ਪਰਿਵਾਰ, ਜਿਨ੍ਹਾਂ ਕੋਲ ਕਦੇ ਦਰਜਨਾਂ ਕਿੱਲੇ ਜ਼ਮੀਨ ਸੀ, ਅੱਜ ਉਨ੍ਹਾਂ ਦੀ ਆਪਣੀ ਪੁਰਾਣੀ ਜ਼ਮੀਨ ’ਤੇ ਬਣੀ ਫੈਕਟਰੀ ਵਿੱਚ ਉਹ ਰੁਜ਼ਗਾਰ ਦੀ ਤਲਾਸ਼ ਵਿੱਚ ਖੜ੍ਹੇ ਸਨ। ਕਦੇ ਜਿਨ੍ਹਾਂ ਦੇ ਖੇਤਾਂ ਵਿੱਚੋਂ ਹਵਾ ਪੁੱਛ ਕੇ ਲੰਘਦੀ ਸੀ ਅੱਜ ਉਨ੍ਹਾਂ ਦੀਆਂ ਪੀੜ੍ਹੀਆਂ ਸ਼ਾਇਦ ਉਸੇ ਜ਼ਮੀਨ ’ਤੇ ਬਣੀ ਫੈਕਟਰੀ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਗੇਟ ’ਤੇ ਆਪਣੀ ਜਾਂਚ ਕਰਵਾਉਂਦੀਆਂ ਹੋਣਗੀਆਂ। ਇਹ ਵਿਚਾਰ ਹੀ ਮਨ ਨੂੰ ਅੰਦਰ ਤੱਕ ਝੰਜੋੜ ਦਿੰਦਾ ਹੈ। ਪਰ ਇਸ ਕਹਾਣੀ ਨੂੰ ਸਿਰਫ਼ ਕਿਸੇ ਇੱਕ ਪਰਿਵਾਰ ਦੀ ਗ਼ਲਤੀ ਕਹਿ ਦੇਣਾ ਵੀ ਠੀਕ ਨਹੀਂ ਹੋਵੇਗਾ। ਸਮੇਂ ਦੇ ਹਾਲਾਤ, ਪਰਿਵਾਰਕ ਲੋੜਾਂ, ਬਦਲਦੀ ਖੇਤੀ, ਕਰਜ਼ੇ, ਕਾਰੋਬਾਰ ਅਤੇ ਬਦਲਦੀਆਂ ਸਮਾਜਿਕ ਕਦਰਾਂ-ਕੀਮਤਾਂ, ਇਹ ਸਾਰੇ ਕਾਰਨ ਰਹੇ ਹੋਣਗੇ। ਪਰ ਇੱਕ ਗੱਲ ਸਪੱਸ਼ਟ ਹੈ- ਜ਼ਮੀਨ ਵੇਚਣ ਦਾ ਫ਼ੈਸਲਾ ਇੱਕ ਵਿਅਕਤੀ ਕਰਦਾ ਹੈ ਪਰ ਉਸ ਦਾ ਪ੍ਰਭਾਵ ਕਈ ਪੀੜ੍ਹੀਆਂ ਤੱਕ ਜਾਂਦਾ ਹੈ। ਪੰਜਾਬ ਵਿੱਚ ਜ਼ਮੀਨ ਸਿਰਫ਼ ਮਿੱਟੀ ਦਾ ਟੁਕੜਾ ਨਹੀਂ। ਇਹ ਇੱਕ ਪਰਿਵਾਰ ਦੀ ਆਰਥਿਕ ਸੁਰੱਖਿਆ, ਪਛਾਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਸੰਭਾਵਨਾ ਵੀ ਰਹੀ ਹੈ।
ਇੱਕ ਪਾਸੇ ‘ਨੀਲੇ ਫੋਰਡ ਵਾਲੇ ਸਰਦਾਰ’ ਹਨ, ਜਿਨ੍ਹਾਂ ਦੀਆਂ ਕਹਾਣੀਆਂ ਅੱਜ ਬਜ਼ੁਰਗਾਂ ਦੀਆਂ ਯਾਦਾਂ ਵਿੱਚ ਤਾਜ਼ਾ ਹਨ। ਦੂਜੇ ਪਾਸੇ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਹਨ ਜੋ ਕਦੇ ਆਪਣੀ ਜ਼ਮੀਨ ’ਤੇ ਬਣੇ ਕਾਰਖਾਨਿਆਂ ਵਿੱਚ ਰੁਜ਼ਗਾਰ ਲੱਭਦੀਆਂ ਹਨ। ਇਹ ਜ਼ਮੀਨ ਤੋਂ ਰੁਜ਼ਗਾਰ ਤੱਕ, ਮਾਲਕੀ ਤੋਂ ਮਜ਼ਦੂਰੀ ਤੱਕ ਅਤੇ ਖੇਤ ਤੋਂ ਫੈਕਟਰੀ ਤੱਕ ਦੇ ਬਦਲਦੇ ਪੰਜਾਬ ਦੀ ਕਹਾਣੀ ਹੈ। ਪਿੰਡ ਦੀਆਂ ਪੁਰਾਣੀਆਂ ਹਵੇਲੀਆਂ, ਢਹਿ ਰਹੇ ਮੋਟਰਾਂ ਦੇ ਕੋਠੇ, ਟੁੱਟੇ ਚੁਬੱਚੇ ਅਤੇ ਉਨ੍ਹਾਂ ਦੇ ਸਾਹਮਣੇ ਖੜ੍ਹੀਆਂ ਫੈਕਟਰੀਆਂ ਅੱਜ ਵੀ ਚੁੱਪਚਾਪ ਸਾਨੂੰ ਕੁਝ ਕਹਿ ਰਹੀਆਂ ਹਨ। ਸਵਾਲ ਸਿਰਫ਼ ਇਹ ਨਹੀਂ ਕਿ ਕਿੰਨੀ ਜ਼ਮੀਨ ਵਿਕ ਗਈ। ਸਵਾਲ ਇਹ ਹੈ ਕਿ ਉਸ ਜ਼ਮੀਨ ਦੇ ਨਾਲ ਕਿੰਨੀਆਂ ਪੀੜ੍ਹੀਆਂ ਦੀ ਤਾਕਤ ਵੀ ਵਿਕ ਗਈ? ਕਦੇ ਜਿਨ੍ਹਾਂ ਖੇਤਾਂ ਵਿੱਚ ਕਣਕ ਦੀਆਂ ਬੱਲੀਆਂ ਲਹਿਰਾਉਂਦੀਆਂ ਸਨ, ਅੱਜ ਉਨ੍ਹਾਂ ਦੀ ਹਿੱਕ ’ਤੇ ਚਿਮਨੀਆਂ ਅਤੇ ਕਾਰਖਾਨਿਆਂ ਦੀਆਂ ਕੰਧਾਂ ਖੜ੍ਹੀਆਂ ਹਨ। ਸਮਾਂ ਬਦਲ ਗਿਆ ਹੈ। ਸਰਦਾਰਾਂ ਵਾਲੇ ਪਿੰਡ ਦਾ ਉਹ ਰੁਤਬਾ ਹੁਣ ਯਾਦਾਂ ਵਿੱਚ ਰਹਿ ਗਿਆ ਹੈ ਅਤੇ ਅੱਖਾਂ ਸਾਹਮਣੇ ਇੱਕ ਹੋਰ ਸਫ਼ਰ ਹੈ- ਸਰਦਾਰਾਂ ਤੋਂ ਲਾਚਾਰਾਂ ਤੱਕ ਦਾ ਸਫ਼ਰ।
ਸੰਪਰਕ: 88726-00579

