ਡਾ. ਜਸਵਿੰਦਰ ਸਿੰਘ*
ਡਾ. ਸੁਖਦੇਵ ਸਿੰਘ ਨੇ ਆਪਣੀ ਇਸ ਅਠਾਰ੍ਹਵੀਂ ਆਲੋਚਨਾ ਪੁਸਤਕ ‘ਸੁਰ ਪੀਰੋ’ ਵਿੱਚ ਉੱਨੀਵੀਂ ਸਦੀ ਦੀ ਨਾਮਵਰ, ਪਰ ਨਜ਼ਰਅੰਦਾਜ਼ ਸ਼ਾਇਰਾ ਪੀਰੋ ਦੇ ਸਾਰੇ ਕਲਾਮ ਦਾ ਪ੍ਰਮਾਣਿਕ ਪਾਠ ਪੇਸ਼ ਕਰਨ ਦੇ ਸਮਵਿੱਥ ਪਾਠਮੂਲਕ ਤੇ ਇਤਿਹਾਸਕ ਸਾਹਿਤ-ਖੋਜ ਪੱਖੋਂ ਮਿਸਾਲੀ ਉੱਦਮ ਕੀਤਾ ਹੈ। ਸਿੰਘ ਬ੍ਰਦਰਜ਼ ਅੰਮ੍ਰਿਤਸਰ ਵੱਲੋਂ 206 ਪੰਨਿਆਂ ਦੀ ਛਾਪੀ ਸੁੰਦਰ ਪੁਸਤਕ ਵਰਤੇ ਤੇ ਘੋਖੇ ਗਏ ਮੂਲ ਸ੍ਰੋਤਾਂ ਪੱਖੋਂ ਪੀਰੋ ਦੀ ਮਹਾਨ ਦੇਣ ਦੇ ਇਤਿਹਾਸਕ ਤੇ ਵਿਸ਼ਾਲ ਮਾਨਵੀ ਪ੍ਰਸੰਗਾਂ ਪੱਖੋਂ ਮਰਦਾਵੇਂ ਤੰਤਰ ’ਚ ਸਬਾਲਟਰਨ ਦੀਆਂ ਖ਼ਾਮੋਸ਼ ਕਰ ਦਿੱਤੀਆਂ ਆਵਾਜ਼ਾਂ ਨੂੰ ਉਜਾਗਰ ਕਰਨ ਪੱਖੋਂ ਨਵੀਆਂ ਪੈੜਾਂ ਪਾਉਣ ਵਾਲੀ ਪੁਸਤਕ ਹੈ। ਇਹ ਪੁਸਤਕ ਡਾ. ਸੁਖਦੇਵ ਸਿਘ ਦੀ ਉਚੇਰੀ ਤੇ ਸੁਚੱਜੀ ਵਿਚਾਰਧਾਰਕ ਪ੍ਰਤਬਿੱਧਤਾ, ਲੰਮੀ ਮਿਹਨਤ, ਲੋਕਾਈ ਦੀ ਹੱਕੀ-ਸੱਚੀ ਬੰਦਖ਼ਲਾਸੀ ਦੀ ਲਗਨ ਦਾ ਸੁੰਦਰ ਪ੍ਰਮਾਣ ਹੈ। ਮੁੱਖਵਰਕ ਉੱਤੇ ਸੰਤ ਗੁਲਾਬ ਦਾਸ ਤੇ ਮਾਤਾ ਪੀਰੋ ਦੀ ਤਖ਼ਤ ਉੱਤੇ ਸਾਥ-ਸਾਥ ਬੈਠਿਆਂ ਦੀ ਫੱਬਵੀਂ ਤਸਵੀਰ ਬਹੁਤ ਕੁਝ, ਜੋ ਹਾਸ਼ੀਆਗਤ ਕਰ ਦਿੱਤਾ ਗਿਆ, ਨੂੰ ਉਜਾਗਰ ਕਰ ਰਹੀ ਹੈ।
ਡਾ. ਸੁਖਦੇਵ ਸਿੰਘ ਨੇ ਨਿੱਗਰ ਤੇ ਉਚੇਰੇ ਮਾਨਵੀ ਤਰਕਾਂ, ਅਕੱਟ ਇਤਿਹਾਸਕ ਸ੍ਰੋਤਾਂ ਤੇ ਤੱਥਾਂ-ਪ੍ਰਮਾਣਾਂ ਰਾਹੀਂ ਪੀਰੋ ਦੇ ਜੀਵਨ, ਰਚਨਾਵਾਂ ਤੇ ਉਸ ਦੇ ਯੋਗਦਾਨ/ਮੌਲਿਕਤਾ ਬਾਰੇ ਠੋਸ ਧਾਰਨਾਵਾਂ ਪੇਸ਼ ਕੀਤੀਆਂ ਹਨ। ਇਨ੍ਹਾਂ ਨਾਲ ਪਾਠਕ ਸਿਰਫ਼ ਸਹਿਮਤ ਹੀ ਨਹੀਂ ਹੁੰਦਾ ਸਗੋਂ ਉਸ ਦੀ ਜੀਵੰਤ ਜੀਵਨ ਦ੍ਰਿਸ਼ਟੀ, ਅਧਿਐਨ ਵਿਧੀ ਦੀ ਇਕਸੁਰਤਾ ਦੇ ਨਾਲ-ਨਾਲ ਸਾਹਿਤ-ਸੱਭਿਆਚਾਰ ਦੇ ਸਿਹਤਮੰਦ, ਉਸਾਰੂ ਰੋਲ ਪ੍ਰਤਿ ਵੀ ਜਾਗਰੂਕ ਹੋਈ ਜਾਂਦਾ ਹੈ। ਉਸ ਨੇ ਪੰਜਾਬੀ ਰਚਨਾ ’ਚ ਪਿਤਰਕੀ ਤੰਤਰ ਦੀਆਂ ਅੰਨ੍ਹੀਆਂ ਵਾੜਾਂ ਤੇ ਉੱਚੀਆਂ ਦੀਵਾਰਾਂ ਵਿਚਕਾਰੋਂ ਸੰਨ੍ਹ ਲਾ ਕੇ ਪੀਰੋ ਦੇ ਰੂਪ ਵਿੱਚ ਦਮਿਤ ਔਰਤ ਦੇ ਪ੍ਰੇਮਮਈ, ਮਾਣਮੱਤਾ ਜੀਵਨ ਜੀਣ ਦੀ ਪ੍ਰਬਲ ਕਦੀਮੀ ਜੁਸਤਜੂ ਤੇ ਦੁਖਾਵੇਂ, ਪਰ ਸਾਹਸਮਈ ਸਫ਼ਰ ਦਾ ਬਿਰਤਾਂਤ ਅਤੇ ਕਲਾਮ ਢੂੰਡਿਆ, ਘੋਖਿਆ ਤੇ ਇਸ ਦੇ ਸੁਪਨੇ ਲੈਂਦੀ ਲੋਕਾਈ ਸਨਮੁੱਖ ਪੁਸਤਕ ਰੂਪ ਵਿੱਚ ਪਰੋਸਣ ਦਾ ਚੰਗਾ ਉਪਰਾਲਾ ਕੀਤਾ ਹੈ।
ਇਹ ਪੁਸਤਕ ਪੀਰੋ ਦੇ ਔਖੇ, ਪਰ ਅਟੰਕ ਸਫ਼ਰ ਅਤੇ ਸਗਵਾਂ ਹਾਣ ਦਾ ਜੀਵਨ ਸਿਰਜਣ ਦੀ ਵਾਸਤਵਿਕ ਤੇ ਸ਼ਾਇਰੀ ਸਿਰਜਣ ਦੀ ਸਮਰੱਥਾ ਵਾਲੀ ਮੁੱਲਵਾਨ ਦਸਤਾਵੇਜ਼ ਹੈ। ਪੀਰੋ ਦੇ ਮੁਸਲਮਾਨ ਕਿਰਸਾਨ ਪਰਿਵਾਰ ਦੇ ਮਰਦਾਵੇਂ ਬੰਦ ਵਿਧਾਨ ਦੀ ਅੰਨ੍ਹੀ ਕੈਦ ’ਚੋਂ ਭੱਜਣ, ਵੇਸਵਾਗਿਰੀ ਦਾ ਨਰਕ ਭੋਗਣ ਤੋਂ ਉਸ ਦੇ ਸਾਹਸ, ਸਿਦਕ ਤੇ ਇਸ਼ਕ ਦੇ ਪੈਸ਼ਨ ਦੀ ਬਦੌਲਤ ਸਿਰਜੇ ਬਦਲਾਂ ਦੀ ਇਹ ਇੱਕ ਪ੍ਰੇਰਨਾਮਈ ਰਚਨਾ ਹੈ। ਇਹ ਪੀਰੋ ਦੇ ਨਾਲ-ਨਾਲ ਸੰਤ ਗੁਲਾਬ ਦਾਸ ਦੀ ਸੱਚੀ, ਦਲੇਰ, ਮਾਨਵੀ ਸੰਵੇਦਨਾ ਦੀ ਲੀਹ ਤੋੜਵੀਂ ਕਹਾਣੀ ਵੀ ਹੈ। ਜਿਵੇਂ ਸਾਡੇ ਸਮਾਜ ਵਿੱਚ ਸਾਧ-ਸੰਤ ਤੇ ਹੋਰ ਰੱਬ, ਭਗਵਾਨ, ਖ਼ੁਦਾ ਦੇ ਨਾਮ ’ਤੇ ਵਪਾਰ ਜ਼ੋਰਾਂ ’ਤੇ ਹੈ। ਇਹ ਸਾਧ ਲਾਣਾ ਚਕਮੇ ਭਰੇ ਓਹਲਿਆਂ ’ਚ ਹਰ ਕੁਕਰਮ ਕਰ ਕੇ ਵੀ ਮੂਰਖ ਲੋਕਾਂ ਦੇ ਅੱਖੀਂ ਘੱਟਾ ਪਾਉਂਦੇ ਤੇ ‘ਚਿੱਟੇ ਬਗਲੇ’ ਬਣੇ ਰਹਿੰਦੇ ਹਨ। ਸੰਤ ਗੁਲਾਬ ਦਾਸ ਧਰਮ ਦੇ ਓਡਣ ਵਿੱਚ ਉਸ ਅਖੌਤੀ, ਦੋਗਲੀ ਮਰਦਾਵੀਂ ਨੈਤਿਕਤਾ ਨੂੰ ਤਿਆਗ ਸੱਚੇ-ਸੁੱਚੇ ਮਨ ਤੇ ਸਾਹਸੀ ਕਰਮ ਦੇ ਪ੍ਰਤੀਕ ਬਣੇ ਹਨ। ਤਦੇ ਮਰਦਾਵੀਂ ਦੋਗਲੀ ਨੈਤਿਕਤਾ ਦਾ ਸ਼ਿਕਾਰ ਕਈ ਲੇਖਕਾਂ ਨੇ ਉਸ ਦੀ ਭੰਡੀ ਕੀਤੀ; ਉਸ ਨੂੰ ਬਦਨਾਮ ਕੀਤਾ ਤੇ ਅਪਮਾਨਜਨਕ ਸ਼ਬਦ ਵਰਤੇ। ਡਾ. ਸੁਖਦੇਵ ਸਿੰਘ ਨੇ ਭੂਮਿਕਾ ਵਿੱਚ ਇਸ ਵਰਤਾਰੇ ਨੂੰ ਬਾਦਲੀਲ ਸਮਝਾਇਆ ਹੈ। ਪੀਰੋ ਤੇ ਸੰਤ ਗੁਲਾਬ ਦਾਸ ਦੀ
ਸਾਂਝੀ ਰਚਨਾ ਇਸ ਅਨੂਠੀ ਇਕਸੁਰਤਾ ਦਾ ਹੋਰ ਉੱਜਵਲ ਪ੍ਰਮਾਣ ਬਣਦੀ ਹੈ, ਇਸ ਕਾਵਿ ਰਚਨਾ ਦਾ ਸਿਰਲੇਖ ਹੈ, ‘ਸਾਂਝੀ ਬਾਣੀ ਸ੍ਰੀ ਗੁਰੂ ਗੁਲਾਬ ਦਾਸ ਤੇ ਮਾਤਾ ਪੀਰੋ ਜੀ ਕੀ।’
ਇਸ ਪੁਸਤਕ ਦੇ ਕਈ ਪਾਸਾਰ ਇਸ ਦੀ ਪ੍ਰਮਾਣਿਕਤਾ ਤੇ ਮੁੱਲਵਾਨ ਹੋਣ ਨੂੰ ਸੁੱਤੇ-ਸਿੱਧ ਉਜਾਗਰ ਕਰ ਜਾਂਦੇ ਹਨ। ਭੂਮਿਕਾ ਵਿੱਚ ਸੁਖਦੇਵ ਸਿੰਘ ਨੇ ਪੀਰੋ ਦਾ ਸੰਖੇਪ ਜੀਵਨ ਬਿਰਤਾਂਤ ਤੇ ਰਚਨਾ ਦਾ ਮੁਲਾਂਕਣ ਪੇਸ਼ ਕਰਕੇ ਪੀਰੋ ਨੂੰ ਪੰਜਾਬੀ ਦੀ ਪਹਿਲੀ ਨਹੀਂ, ਪਰ ਬੇਹੱਦ ਅਹਿਮ ਔਰਤ ਸ਼ਾਇਰ ਮੰਨਿਆ ਹੈ। ਪੀਰੋ ਨੂੰ ਪਹਿਲੀ ਸ਼ਾਇਰ ਮੰਨਣ ਦੇ ਮਤ ਨੂੰ ਉਹ ਪ੍ਰਮਾਣਾਂ ਸਹਿਤ ਅਪ੍ਰਵਾਨ ਕਰ, ਸਹਿਜੋ ਬਾਈ ਤੇ ਦਯਾ ਬਾਈ ਨੂੰ ਪਹਿਲੀਆਂ ਸ਼ਾਇਰਾਂ ਤਸਲੀਮ ਕਰਦਾ ਹੈ। ਹਾਂ, ਉਹ ਪੀਰੋ ਦੀ ਕਾਵਿ ਰਚਨਾ, ਜਿਸ ਵਿੱਚ ਉਹ ਆਪਣਾ ਜੀਵਨ ਬਿਰਤਾਂਤ ਕਾਵਬਿੱਧ ਕਰਦੀ ਹੈ, 160 ਕਾਫ਼ੀਆਂ ਵਿੱਚ, ਉਸ ਨੂੰ ਉਹ ਪੰਜਾਬੀ ਦੀ ਪਹਿਲੀ ਜੀਵਨੀਕਾਰ (ਸਵੈਜੀਵਨੀ ਲੇਖਕ) ਪ੍ਰਵਾਨ ਕਰਦਾ ਹੈ। ਪੀਰੋ ਬਾਰੇ ਏਨੇ ਉਮਾਹ ਤੇ ਪ੍ਰਤਬਿੱਧਤਾ ਨਾਲ ਲੰਮੀ ਖੋਜ ਕਰ ਲਿਖਦੇ ਵੇਲੇ ਉਹ ਭੋਰਾ ਉਲਾਰ ਜਾਂ ਬੇਲੋੜਾ ਪ੍ਰਸ਼ੰਸਕ ਨਹੀਂ ਬਣਿਆ। ਇੱਕ ਜ਼ਿੰਮੇਵਾਰ ਤੇ ਪ੍ਰਤਬਿੱਧ ਚਿੰਤਕ ਵਾਂਗ ਨਿੱਗਰ ਤੱਥਾਂ ਤੇ ਅਕੱਟ ਤਰਕਾਂ ਉੱਪਰ ਆਪਣੀਆਂ ਠੋਸ ਧਾਰਨਾਵਾਂ ਉਸਾਰਦਾ ਹੈ। ਪ੍ਰਮਾਣਿਕ ਖੋਜ-ਆਲੋਚਨਾ ਲਈ ਇਹ ਵੱਡੀ ਵੰਗਾਰ ਹੁੰਦੀ ਹੈ।
ਉਸ ਨੇ ਪੂਰਬਲੇ ਖੋਜੀਆਂ, ਚਿੰਤਕਾਂ ਨਾਲ ਸੰਤੁਲਿਤ, ਬਾਦਲੀਲ ਸੰਵਾਦ ਰਚਾਇਆ ਹੈ। ਪ੍ਰਮਾਣਿਕ ਤੇ ਮੰਨਣਯੋਗ ਨੂੰ ਮੁਕਤ ਮਨ ਨਾਲ ਹਵਾਲਾ ਦੇ ਕੇ ਪ੍ਰਵਾਨ ਕੀਤਾ ਹੈ। ਸਾਰੇ ਅਜੋਕੇ ਵੱਡੀ ਪੱਧਰ ’ਤੇ ਸਵੈ-ਕੇਂਦਰਿਤ ਖੋਜਕਾਰਾਂ-ਆਲੋਚਕਾਂ ਤੋਂ ਉਲਟ; ਜੋ ਜਿੱਥੋਂ ‘ਚੱਕਦੇ’ ਹਨ, ਕਦੇ ਭੁੱਲ ਕੇ ਹਵਾਲਾ-ਫੁੱਟਨੋਟ ਨਹੀਂ ਦਿੰਦੇ। ਅਖੌਤੀ ਚੋਰੀ ਰੋਕੂ ‘ਓਰਕੁੰਡ’ ਲੱਖ ਪਾਖੰਡ-ਤਰੱਦਦ ਕਰਦੇ ਰਹਿਣ! ਮੂਲ ਲੇਖਕਾਂ ਜਾਂ ਉਨ੍ਹਾਂ ਦੀਆਂ ਆਤਮਾਵਾਂ ਸੌ ਕੂਕਦੀਆਂ ਰਹਿਣ! ਉਸ ਨੇ ਪੀਰੋ ਦੇ ਨਾਂ ਦੇ ਪ੍ਰਚੱਲਿਤ ਇੱਕ ਪੈਂਤੀ ਅੱਖਰੀ ਬਾਰੇ ਸਾਫ਼ ਲਿਖਿਆ ਹੈ, “ਸਾਡੀ ਜਾਚੇ ਪੈਂਤੀ ਅੱਖਰੀ ਸਿਰਲੇਖ ਵਾਲੀ ਇਹ ਰਚਨਾ ਪੀਰੋ ਦੀ ਨਹੀਂ…।” (ਪੰਨਾ 187)
ਸੰਪਾਦਕ ਨੇ ਪੀਰੋ ਦੀ ਕਾਵਿ ਰਚਨਾ ਦਾ ਨਿੱਠ ਕੇ ਅਧਿਐਨ ਪੇਸ਼ ਕਰਦਿਆਂ, ਇਸ ਨੂੰ ਨਿੱਗਰ ਇਤਿਹਾਸਕ ਪ੍ਰਸੰਗ (ਪੀਰੋ 1815 ਈ. ਤੋਂ 1872 ਈ.) ਵਿੱਚ ਅੰਗਰੇਜ਼ੀ ਰਾਜ ਦੇ ਸਮੇਂ ਦੀ ਉੱਭਰ ਰਹੀ ਬਸਤੀਵਾਦੀ ਵਿਵਸਥਾ ਨਾਲ ਜੋੜ ਕੇ ਸਮਝਿਆ ਹੈ। ਪਰੰਪਰਕ ਸਮਾਜਾਂ ਵਿੱਚ ਧਰਮ, ਮਰਦ-ਸੱਤਾ ਤੇ ਪ੍ਰੇਮ ਦੇ ਆਪਸੀ ਸੰਬੰਧਾਂ-ਦਵੰਦਾਂ-ਡਟਵੇਂ ਵਿਰੋਧਾਂ ਨੂੰ ਰੇਖਾਂਕਿਤ ਕੀਤਾ ਹੈ। ਸਭ ਤੋਂ ਵੱਡੀ ਵਿਡੰਬਣਾ ਤੇ ਭਖਵਾਂ ਮਸਲਾ ਪੀਰੋ ਨਾਲੋਂ ਵੀ ਵੱਧ ਸੰਤ ਗੁਲਾਬ ਦਾਸ ਦੇ ਇਸ ਕਦਮ, ਹਿੰਮਤ ਤੇ ਲੀਹਪਾੜ ਉੱਦਮ ਦਾ ਹੈ; ਜੋ ਸ਼ਰੇਆਮ ਪੀਰੋ ਨਾਲ ਪ੍ਰੇਮ ਸੰਬੰਧ ਕਬੂਲ ਕਰਦਾ ਹੈ। ਪੀਰੋ ਜੋ ਇੱਕ ਖਾਂਦੇ ਪੀਂਦੇ ਮੁਸਲਮਾਨ ਪਰਿਵਾਰ ਵਿੱਚੋਂ ਹੈ; ਦੀ ਜ਼ਬਰਦਸਤੀ ਸ਼ਾਦੀ ਕੀਤੀ ਜਾਂਦੀ ਹੈ, ਉਹ ਘਰੋਂ ਭੱਜ ਕੇ ਲਾਹੌਰ ਵੇਸਵਾ ਬਣਨ ਲਈ ਮਜਬੂਰ ਹੈ। ਉਸ ਨਰਕ ’ਚੋਂ ਨਿਕਲਣ ਦਾ ਰਾਹ ਗੁਲਾਬ ਦਾਸ ਦੀ ਸ਼ਰਨ ’ਚੋਂ ਮਿਲਿਆ। ਏਸ ਚਰਨ ਛੁਹ ’ਚੋਂ ਉਹ ਸੱਚੀ ਪ੍ਰੇਮਿਕਾ ਤੇ ਕੁਚਲੀ ਔਰਤ ਦੇ ਹੱਕ-ਸੱਚ ਦੀ ਆਵਾਜ਼ ਬਣ ਉੱਠੀ। ਪਰਦੇ ਪਾੜ ਪ੍ਰੇਮ ਦਾ ਗੀਤ ਗਾਇਆ, ਲਿਖਿਆ। ਉਸ ਦਾ ਪ੍ਰੇਮ ਸੰਕਲਪ ‘ਸੋਹੰ’ ਹੈ, ਭਾਵ ‘ਮੈਂ ਉਹੀ ਹਾਂ’। ਇਕਤਾ ਦਾ ਭਾਵ ਹੈ। ਉਹ ਇਸ ਨੂੰ ‘ਬਿਹੱਦ’ ਹੱਦਾਂ ਤੋਂ ਪਾਰ ਦਾ ਸਾਕ-ਸਾਥ ਅਨੁਭਵ ਮੰਨਦੀ ਹੈ।
* ਸੋਹੰ ਨਾਮ ਪੁਕਾਰਦਾ ਮੈਂ ਜਾਂਨਿਯੋ ਤਿਸ ਕੋ।
* ਸੋਹੰ ਆਪੇ ਜਾਂਨ ਕੇ ਮੈਂ ਆਪੇ ਹੋਈ।
* ਮਿਲੋ ਬਿਹੱਦੀ ਆਰਫ਼ਾਂ ਛੱਡ ਮਜ਼ਬਾਂ ਵਾਲੇ।
* ਦਾਸ ਗੁਲਾਬ ਬਿਹੱਦ ਹੈ ਮੈਂ ਤਿਸ ਕੀ ਦਾਸੀ।
ਏਸੇ ਸੁਰ ਨੂੰ ਅੱਗੇ ਤੋਰਦੀ ਉਹ ਹੋਰਾਂ ਨੂੰ ਜੀਵਨ ਦੇ ਸੱਚੇ ਪ੍ਰੇਮ ਮਾਰਗ ਵੱਲ ਪ੍ਰੇਰਦੀ ਹੈ:
* ਪੀਰੋ ਬੰਦੀਏ ਜਾਗ ਲੈ ਹੁਣ ਜਾਗਣ ਵੇਲਾ।
* ਪੀਰੋ ਕਹੇ ਸਹੇਲੀਓ ਮੈਂ ਸਹੁਥੇ ਚੱਲੀ।
ਭੁੱਖ ਨੰਗ ਕਬੂਲ ਕੇ ਦਰਵੇਸੀ ਰੱਲੀ।
* ਪੀਰੋ ਤੁਰਕਾਂ ਸਾਂਮਣੇ ਕਰ ਮਸਲੇ ਤਾੜੇ।
ਦੀਨ ਤੁਮਾਰਾ ਵੇਖਿਆ ਜਿਉਂ ਭੇਡਾਂ ਵਾੜੇ।
* ਆਇ ਮਬੂਬ ਦਾ ਦਰਸ ਪਾਇਯਾ, ਸੱਯਾਂ ਰੋਂਦੀਆਂ ਘਰਾਂ ਨੂੰ ਘੱਲੀਆਂ ਮੈਂ।
ਸੱਚਾ ਤੌਰ ਮਬੂਬ ਦਾ ਦੇਖਣੇਂ ਨੂੰ, ਬਦੀਆਂ ਕੁੱਲ ਜਹਾਂਨ ਦੀ ਝੱਲੀਆਂ ਮੈਂ।
ਜਾਤੀ ਵਲਗਣਾਂ ਤੋੜ, ਧਾਰਮਿਕ ਵੰਡ ਤੇ ਰਸਮਵਾਦੀ ਭੈੜਾਂ ਨੂੰ ਤਿਆਗ, ਹਰ ਅਮਾਨਵੀ ਵੰਡ ਨੂੰ ਉਲੰਘ ਕੇ ਪੀਰੋ ਨੇ ਜੀਵਨ ਵਿੱਚ ਤੇ ਕਲਾਮ ਵਿੱਚ ਸੱਚੇ ਪ੍ਰੇਮ ਮਾਰਗ ਦੀ ਪੈਰਵਾਈ ਕੀਤੀ।
ਉਸ ਦੌਰ ਵਿੱਚ ਇੱਕ ਪ੍ਰਭਾਵੀ ਧਾਰਮਿਕ ਮਤ ਵਿੱਚ ਇੱਕ ਔਰਤ ਵੱਲੋਂ ਉਸ ਦੇ ਮੁਖੀ ਇੱਕ ਨਾਮੀ-ਗਰਾਮੀ ਸੰਤ ਨਾਲ ਐਸੇ ਸਾਕ ਦਾ ਇਜ਼ਹਾਰ ਤੇ ਫਿਰ ਸ਼ਾਇਰੀ ਵੱਡਾ ਕ੍ਰਾਂਤੀਕਾਰੀ ਕਦਮ ਸੀ। ਅਖੌਤੇ ਪਰਪੰਚੀ ਸਾਧਾਂ ਨੂੰ ਏਹ ਕਿਵੇਂ ਪਚਦਾ-ਪ੍ਰਵਾਨ ਹੁੰਦਾ। ਏਸ ਦਾ ਵਿਰੋਧ ਹੋਇਆ। ‘ਸਾਧ ਹੋ ਰਾਖੈ ਰੰਡੀ।’ ਪਰ ਸੰਤ ਗੁਲਾਬ ਦਾਸ ਧੁਨ ਦੇ ਪੱਕੇ ਰਹੇ ਤੇ ਪੀਰੋ ਨੇ ਆਪਣੀ ਖ਼ਲਾਸੀ ਤੇ ਅਨੂਠੀ ਪ੍ਰਾਪਤੀ ਨੂੰ ਕਾਵਿ ਜਾਮਾ ਪਹਿਨਾ ਕੇ ਅਗਲੀਆਂ ਪੁਸ਼ਤਾਂ ਲਈ ਸਾਂਭ ਦਿੱਤਾ। ਦੱਬੀ-ਕੁਚਲੀ ਲੋਕਾਈ, ਖ਼ਾਸਕਰ ਔਰਤ ਨੂੰ ਸੁਣਾਇਆ।
ਏਸ ਦਮਿਤ-ਦਲਿਤ ਨਾਰੀ ਸੁਰ ਨੂੰ ਡਾ. ਸੁਖਦੇਵ ਸਿੰਘ ਨੇ ਉਚੇਰੇ ਸਮਾਨਤਾ, ਨਿਆਂ ਤੇ ਜੀਣ ਦੇ ਹੱਕ ਦੇ ਪੈਗ਼ਾਮ ਵਜੋਂ ਸਾਂਭਣ, ਸੰਪਾਦਨ ਕਰਨ ਤੇ ‘ਹਾਸ਼ੀਆਗਤ ਧਿਰ’ ਦੇ ਪ੍ਰਤਿਨਿਧ ਉਸਾਰ ਵਜੋਂ, ਜਿਸ ਸੂਝ, ਦਲੇਰੀ ਤੇ ਸੁਚੱਜਤਾ ਨਾਲ ਪੇਸ਼ ਕੀਤਾ ਹੈ; ਇਹ ਇੱਕ ਪੱਖੋਂ ਨਹੀਂ, ਦਰਜਨਾਂ ਪਹਿਲੂਆਂ ਤੋਂ ਮਿਸਾਲੀ ਹੈ। ਇਤਿਹਾਸ ਵਿੱਚ ਦਮਿਤ-ਦਲਿਤ ਦੀਆਂ ਖ਼ਾਮੋਸ਼ ਕਰ ਦਿੱਤੀਆਂ, ਦਬਾ-ਬਦਨਾਮ ਕਰ ਦਿੱਤੀਆਂ ਆਵਾਜ਼ਾਂ ਨੂੰ ਮੁੜ ਜਿਵਾਲਣ ਤੇ ਹੂਲਵੇਂ ਦਮਿਤ-ਦਲਿਤ-ਹਾਸ਼ੀਆਗਤਾਂ ਨੂੰ ਨਵੇਂ ਰਾਹ, ਨਵੇਂ ਦਿਸਹੱਦੇ, ਨਵੇਂ ਸਾਹਸ ਦੇਣਾ ਹੁੰਦਾ ਹੈ। ਮਨੁੱਖੀ ਕਰਮ-ਅਮਲ-ਪ੍ਰਵਚਨ ਨੂੰ ਬਣਦੀ ਬੁਲੰਦੀ ਬਖ਼ਸ਼ਣੀ ਹੁੰਦੀ ਹੈ। ਸੱਚੇ-ਸੁੱਚੇ ਕਰਮਾਂ-ਅਮਲਾਂ-ਲਿਖਤਾਂ ਵਿੱਚ ਵਿਸ਼ਵਾਸ ਬਣਾਈ ਰੱਖਣਾ ਹੁੰਦਾ ਹੈ; ਵਰਨਾ ਵਕਤ ਦੇ ਹੁਕਮਰਾਨਾਂ ਦਾ ਕੂੜ ਵਿਕਦਾ ਰਹਿੰਦਾ ਹੈ; ਭਾਰੂ ਰਹਿੰਦਾ ਹੈ! ਲੋਕਾਈ ਦਾ ਹੱਡੀਂ ਜਰਿਆ ਸੱਚ ਉਨ੍ਹਾਂ ਨਾਲ ਹੀ ਦਫ਼ਨ ਹੋ ਜਾਂਦਾ ਹੈ!
ਪੀਰੋ ਨੇ ਜਿਸ ਨੈਤਿਕ ਦਲੇਰੀ ਨਾਲ ਦਰੜੀ, ਮਸਲੀ ਜ਼ਿੰਦਗੀ ਤੋਂ ਬਾਹਰ ਨਿਕਲ ਕੇ ਠੋਸ ਕਦਮ ਪੁੱਟੇ, ਉੱਦਮ ਕੀਤੇ, ਉਨ੍ਹਾਂ ਦੀ ਇੱਕ ਸਦੀਵੀ ਝਲਕ ਉਸ ਦੀਆਂ ਕਾਵਿ-ਰਚਨਾਵਾਂ ਹਨ। ਸ਼ਾਇਦ ਇਨ੍ਹਾਂ ਕਦਮਾਂ ਦੇ ਨਕਸ਼ ਸਮੇਂ ਦੀ ਧੂੜ ਹੇਠ ਗੁੰਮ-ਗਵਾਚ ਜਾਂਦੇ। ਆਪਣੇ ਕਾਵਿਕ ਬੋਲਾਂ ਰਾਹੀਂ ਹੁਣ ਇਹ ਮੁੜ ਮੁੜ ਜੀਂਦੇ ਹੋਣਗੇ। ਪੀਰੋ ਦੀ ਰਚਨਾ ਵਿੱਚ ਤਿੰਨ ਸੀਹਰਫ਼ੀਆਂ (ਦੋ ਉਸ ਦੀਆਂ, ਇੱਕ ਗੁਲਾਬ ਦਾਸ ਨਾਲ ਸਾਂਝੀ), 190 (30+160) ਕਾਫ਼ੀਆਂ (ਇੱਕ ਕਾਵਿ-ਜੀਵਨੀ ਵੀ), ਇੱਕ ਬਾਰਹਮਾਹ, 60 ਦੋਹੇ, ਰਾਗ-ਸਾਗਰ (ਗੁਲਾਬ ਦਾਸ ਨਾਲ ਸਾਂਝਾ), ਰਾਗ ਸਾਗਰ (ਪੰਜ ਦੋਹਰੇ, ਤੇਤੀ ਹੋਰੀਆਂ), 200 ਸ਼ਬਦ (ਜਿਨ੍ਹਾਂ ’ਚੋਂ ਕੁਝ ਹੋਰਾਂ ਦੇ ਹਨ), ਇੱਕ ਪੈਂਤੀ ਅੱਖਰੀ (ਜਿਸ ਬਾਰੇ ਵੀ ਵਾਦ-ਵਿਵਾਦ ਹੈ) ਸ਼ਾਮਲ ਹਨ। ਉਸ ਨੇ ਸੀਹਰਫੀ, ਕਾਫ਼ੀ, ਬਾਰਹਮਾਹ, ਸ਼ਬਦ, ਪਦੇ, ਕਲੀ, ਪੈਂਤੀ ਅੱਖਰੀ, ਹੋਰੀਆਂ, 8 ਸ਼ਲੋਕ ਤੇ ਦੋਹਰੇ ਵਿੱਚ ਰਚਨਾ ਕੀਤੀ।
ਪੀਰੋ ਨੇ ਖ਼ੁਦ ਆਪਣੀ ਭਾਸ਼ਾ ਨੂੰ ‘ਪੂਰਬੀ ਬੋਲੀ’ ਆਖਿਆ। ਵੈਸੇ ਉਹ ਬ੍ਰਿਜ ਭਾਸ਼ਾ ਦੇ ਰੰਗ ਵਾਲੀ ਸਾਧ ਭਾਸ਼ਾ ਦੇ ਵੱਧ ਨੇੜੇ ਹੈ। ਇਸ ਦਾ ਕਾਵਿ ਮੁਹਾਵਰਾ ਲੋਕ ਰੰਗ ਵਾਲੀ ਸਮਕਾਲੀਨ ਸੂਫ਼ੀ ਤੇ ਕਿੱਸਾ ਕਵਿਤਾ ਤੋਂ ਵੱਖਰਾ ਹੈ। ਪ੍ਰੇਮ ਭਾਵ ਨੂੰ ਗੁਰੂ ਅਰਾਧਨਾ ਦੇ ਰੰਗ ਵਿੱਚ ਰੰਗ ਕੇ ਪਰੰਪਰਕ ਭਾਵ-ਬੋਲਾਂ ਤੇ ਸੰਪੂਰਨ ਸਮਰਪਣ ਵਾਲੇ ਸ਼ਬਦਾਂ-ਭਾਵਾਂ ਵਿੱਚ ਪ੍ਰਗਟਾਇਆ ਗਿਆ ਹੈ। ਇਹ ਰੰਗ ਇੱਕ ਔਰਤ ਦੇ ਬੋਲਾਂ ਦੇ ਹੋਣ ਕਰਕੇ, (ਮੈਟਾਫ਼ਰ ਵਜੋਂ ਨਹੀਂ, ਹੱਡ-ਮਾਸ ਦੀ ਪੀਰੋ ਦੇ) ਏਹਨਾਂ ਦੀ ਆਭਾ ਤੇ ਖਿੱਚ ਅਨੂਠੀ ਹੈ। ਇੱਕ ਧਾਰਮਿਕ ਮਤ ਦੇ ਮੁਖੀ ਨਾਲ ਖੁੱਲ੍ਹਮ-ਖੁੱਲ੍ਹਾ ਸੱਚੇ ਇਸ਼ਕ ਦਾ ਇਜ਼ਹਾਰ ਇਸ ਕਲਾਮ ਦੀ ਊਰਜਾ ਹੈ। ਸਿੱਕੇਬੰਦ ਅੰਨ੍ਹੀਆਂ ‘ਹਿੰਦੂ-ਤੁਰਕੀ’ ਕੰਧਾਂ ਤੋਂ ਪਾਰ ਦਾ ਸੰਸਾਰ ਹੈ। ਪੀਰੋ ਦੇ ਬੋਲਾਂ ਵਿੱਚ ਆਪਣੇ ਹੰਢਾਏ ਦੁੱਖਾਂ, ਦਰਦਾਂ, ਜ਼ਿੱਲਤਾਂ, ਬਦਨਾਮੀਆਂ, ਹੇਚਾਂ ਸਮੇਤ, ਸਭ ਨੂੰ ਤਸਲੀਮ ਕਰ ਉੱਚ ਇਨਸਾਨੀ ਜਜ਼ਬੇ ਤੇ ਜੁਸਤਜੂ ਹੈ; ਇਨਸਾਨ ਦੀ ਆਤਮਿਕ ਬੁਲੰਦੀ ਦੇ ਬੋਲ! ਏਹੀ ਇਸ ਕਲਾਮ ਦਾ ਪ੍ਰਾਣਵੰਤ ਪਾਸਾਰ ਹੈ, ਜਿਸ ਨੂੰ ਡਾ. ਸੁਖਦੇਵ ਸਿੰਘ ਨੇ ‘ਪੀਰੋ ਦੇ ਹੋਣ-ਥੀਣ’ ਤੇ ਕਲਾਮ ਦੇ ਮੁੱਲ-ਮਹੱਤਵ ਵਜੋਂ ਪੁਨਰ ਪ੍ਰਭਾਸ਼ਿਤ ਤੇ ਪੁਨਰ-ਸਥਾਪਿਤ ਕੀਤਾ ਹੈ, ‘ਭਦਰ ਸਮਾਜ’ ਦੇ ਧਰਮ, ਸੱਤਾ ਤੇ ਵਰਣ ਵਿਵਸਥਾ ਦੀ ਬਾਗ਼ੀ ਸੁਰ ਦੇ ਚਿਹਨ ਵਜੋਂ ‘ਗੁਸਤਾਖ਼ ਭਾਸ਼ਾ’ ਦੇ ਉਚਾਰ ਵਜੋਂ!
ਕਾਵਿ ਭਾਸ਼ਾ ਤੇ ਮੁਹਾਵਰੇ ਵਜੋਂ ਪੀਰੋ ਦੀਆਂ ਰਚਨਾਵਾਂ ਹੋਰ ਵਿਸ਼ਲੇਸ਼ਣ ਦੀ ਮੰਗ ਕਰਦੀਆਂ ਹਨ। ਉਸ ਨੇ ਪ੍ਰਭੂ ਭਗਤੀ ਦੇ ਪ੍ਰਚੱਲਿਤ ਮੁਹਾਵਰੇ ਵਿੱਚ ਆਪਣੇ ਪ੍ਰੇਮ ਉਚਾਰ ਕੀਤੇ ਹਨ; ਉਹੀ ਸ਼ਬਦਾਵਲੀ, ਉਹੀ ਅੰਦਾਜ਼, ਉਹੀ ਸੰਬੋਧਨ, ਉਹੀ ਕਾਵਿ-ਭਾਸ਼ਾ ਦਾ ਪਿੰਡਾ; ਪਰ ਵਿਚਲੇ ਭਾਵ ਕੁਝ ਨਹੀਂ, ਕਾਫ਼ੀ ਵੱਖਰੇ ਹਨ। ਇਨ੍ਹਾਂ ਨੂੰ ਹੋਰ ਖੋਲ੍ਹਣਾ ਜ਼ਰੂਰੀ ਹੈ। ਡਾ. ਸੁਖਦੇਵ ਸਿੰਘ ਨੇ ਪ੍ਰਚੱਲਿਤ ਸਿਆਸੀ, ਵਿਚਾਰਧਾਰਕ ਸੰਕਲਪਾਂ ਜ਼ਰੀਏ ਪੀਰੋ ਸੁਰ ਦੇ ਪ੍ਰਸੰਗ ਤੇ ਮੁੱਖ ਮੁੱਦੇ ਦਰਸਾਏ ਹਨ। ਮੇਰੀ ਤਵੱਕੋ ਮੌਲਿਕ ਪੰਜਾਬੀ ਚਿੰਤਕ ਤੋਂ ਇਸ ਤੋਂ ਅਗਲੇਰੀ ਰਹਿੰਦੀ ਹੈ। ਮੌਲਿਕ ਸਾਹਿਤਕ ਰਚਨਾਵਾਂ ਦੇ ਅੰਦਰੂਨੀ ਭਾਵ ਪ੍ਰਬੰਧ ਤੇ ਇਸ ਦੇ ਵਕਤੀ-ਸਦੀਵੀ ਦਾਰਸ਼ਨਿਕ-ਸੱਭਿਆਚਾਰਕ ਮੁੱਲਾਂ ਨੂੰ ਖੋਲ੍ਹਿਆ ਜਾਵੇ। ਐਸੇ ਮੁੱਲਵਾਨ ਪਾਠਾਂ ਦੇ ਰਮਜ਼ੀ ਭਾਵ, ਮੂਲ ਸੱਭਿਆਚਾਰਕ ਕੀਮਤਾਂ ਦੇ ਨਿਆਰੇ ਮਾਨਵੀ ਰੰਗ, ਤੇ ਅੰਦਰਲੇ ਮਨੋਰਥਾਂ ਨੂੰ ਉਜਾਗਰ ਕਰ, ਮਨੋਵਿਗਿਆਨਕ ਰੁਚੀਆਂ, ਚਾਹਤਾਂ, ਸੁਪਨਿਆਂ, ਗੜਬੜਾਂ, ਟਕਰਾਵਾਂ ਦੀ ਨਿੱਗਰ ਨਿਸ਼ਾਨਦੇਹੀ ਕਰਨੀ ਬਣਦੀ ਹੈ। ਇਸ ਪ੍ਰਥਾਇ ਪੀਰੋ ਪਾਠ ਹੋਰ ਵਸੀਹ ਵਿਸ਼ਲੇਸ਼ਣ ਤੇ ਡੂੰਘੇ ਅਧਿਐਨਾਂ ਦਾ ਮੁਹਤਾਜ ਰਹੇਗਾ।
ਡਾ. ਸੁਖਦੇਵ ਸਿੰਘ ਨੇ ਸਮੁੱਚੀ ਪੁਸਤਕ ਦੀ ਬੜੀ ਸੁਚੱਜੀ ਤੇ ਅਰਥਵਾਨ ਵਿਉਂਤਬੰਦੀ ਕੀਤੀ ਹੈ ਤੇ ਬਾਖ਼ੂਬੀ ਬਿਨ ਕਾਹਲ-ਛੜੱਪੇ ਦੇ ਨਿਭਾਈ ਹੈ। ਆਪਣੀ ਭੂਮਿਕਾ ਨਾਲ ਪ੍ਰੋ. ਲਖਵੀਰ ਸਿੰਘ ਦਾ ਪੀਰੋ ਕਾਵਿ ਬਾਰੇ ਲੇਖ ਕਈ ਕੁਝ ਦਰਸਾਉਂਦਾ ਹੈ। ਅਰਥਾਵਲੀ ਪੀਰੋ ਕਾਵਿ ਪਾਠਕ ਲਈ ਏਨਾ ਲਾਹੇਵੰਦ ਉੱਦਮ ਹੈ, ਜਿਸ ਦੀ ਤਾਰੀਫ਼ ਕਰਨੀ ਬਣਦੀ ਹੈ। ਬ੍ਰਜ ਭਾਸ਼ਾ, ਸਾਧ ਭਾਸ਼ਾ ਤੇ ਹੋਰ ਮੱਧਕਾਲੀਨ ਸ਼ਬਦਾਵਲੀ ਤੇ ਹਵਾਲੇ ਪਾਠਕ ਲਈ ਰੁਕਾਵਟ ਨਾ ਬਣਨ, ਸੰਪਾਦਕ ਨੇ ਤਕੜੀ ਮਿਹਨਤ ਭਰੀ ਕੁਸ਼ਲਤਾ ਨਾਲ ਏਹ ਅਰਥਾਵਲੀ ਦਿੱਤੀ ਹੈ।
ਹੁਣ ਜਦੋਂ ਅਗਲੀ ਪੀੜ੍ਹੀ ਬਿਨਾਂ ਬੀਜੋਂ ਹੱਥ ’ਤੇ ‘ਗੂਗਲ ਸਰ੍ਹੋਂ’ ਜਮਾਉਣ ਲਈ ਪੱਬਾਂ ਭਾਰ ਹੋ ਰਹੀ ਹੈ; ਡਾ. ਸੁਖਦੇਵ ਸਿੰਘ ਦਾ ਇਹ ਮਿਆਰੀ ਉਪਰਾਲਾ ਸਾਡੀ ਸਿਰ ਸੁੱਟ ਖਰੜੇ ਲੱਭਣ, ਬਾਰੀਕਬੀਨੀ ਨਾਲ ਨਿੱਠ ਕੇ ਨਿਖੇੜਨ, ਸਮਝਣ ਤੇ ਪ੍ਰਮਾਣਿਕ ਪਾਠ ਪਰੋਸਣ ਖਾਤਰ ਜੀਵਨ ਅਰਪਨ ਕਰਨ ਵਾਲੀ ਪੀੜ੍ਹੀ (ਪ੍ਰੋ. ਮੋਹਨ ਸਿੰਘ ਦੀਵਾਨਾ, ਡਾ. ਜੀਤ ਸਿੰਘ ਸੀਤਲ, ਪ੍ਰੋ. ਪ੍ਰੀਤਮ ਸਿੰਘ, ਪ੍ਰੋ. ਪਿਆਰਾ ਸਿੰਘ ਪਦਮ, ਸਮਸ਼ੇਰ ਸਿੰਘ ਅਸ਼ੋਕ ਤੇ ਕਈ ਹੋਰ) ਤੇ ਨਵੀਂ ਪੀੜ੍ਹੀ ਵਿਚਕਾਰ ਪੁਲ ਬਣਿਆ ਹੈ; ਕੰਮ ਪੱਖੋਂ, ਵਿਦਵਤਾ ਪੱਖੋਂ, ਮਿਸਾਲ ਪੱਖੋਂ। ਸੁਰ ਪੀਰੋ ਵਰਗੀਆਂ ਖ਼ਾਮੋਸ਼ ਕਰ ਦਿੱਤੀਆਂ ਪੁਰਾਣੀਆਂ ਹੀ ਨਹੀਂ, ਬਹੁਤ ਸਾਰੀਆਂ ਵਰਤਮਾਨ ਆਵਾਜ਼ਾਂ ਸਾਡੇ ਵੱਲ ਝਾਕ ਰਹੀਆਂ ਹਨ!
* ਸਾਬਕਾ ਡੀਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 98728-60245