ਅਧੂਰਾ ਖ਼ਾਬ
ਰੂਹ ਦੇ ਰਿਸ਼ਤੇ ਤਾਂ ਮੁੱਕ ਈ ਗਏ। ਜਾਣੀ ਮੇਰਾ ਇਸ ਘਰ ਵਿੱਚ ਰਹਿਣ ਨੂੰ ਹੁਣ ਜੀਅ ਨ੍ਹੀਂ ਕਰਦਾ। ਵੱਡਾ ਵੀਰ ਨਿਰਮਲ ਆਇਆ ਸੀ... ਬੱਸ...!’’ ਜਸਵਿੰਦਰ ਨੇ ਆਪਣੀ ਭੈਣ ਬਿੰਦਰ ਨੂੰ ਕਿਹਾ। ‘‘ਅੱਜ ਤੂੰ ਇਹ ਕੀ ਕਹਿ ਰਹੀ ਐਂ ਭੈਣ ਮੇਰੀਏ?...
ਰੂਹ ਦੇ ਰਿਸ਼ਤੇ ਤਾਂ ਮੁੱਕ ਈ ਗਏ। ਜਾਣੀ ਮੇਰਾ ਇਸ ਘਰ ਵਿੱਚ ਰਹਿਣ ਨੂੰ ਹੁਣ ਜੀਅ ਨ੍ਹੀਂ ਕਰਦਾ। ਵੱਡਾ ਵੀਰ ਨਿਰਮਲ ਆਇਆ ਸੀ... ਬੱਸ...!’’ ਜਸਵਿੰਦਰ ਨੇ ਆਪਣੀ ਭੈਣ ਬਿੰਦਰ ਨੂੰ ਕਿਹਾ। ‘‘ਅੱਜ ਤੂੰ ਇਹ ਕੀ ਕਹਿ ਰਹੀ ਐਂ ਭੈਣ ਮੇਰੀਏ? ਜੱਦੀ-ਪੁਸ਼ਤੀ ਘਰ... ਇੱਥੇ ਆਪਾਂ ਜੰਮੇ, ਪਲੇ, ਖੇਡੇ ਤੇ ਵੱਡੇ ਹੋਏ ਹਾਂ। ਹੁਣ ਤੇਰਾ ਜੀਅ ਕਿਉਂ ਨਹੀਂ ਲੱਗਦਾ?’’ ਬਿੰਦਰ ਨੇ ਪੁੱਛਿਆ। ‘‘ਫੋਨ ’ਤੇ ਨ੍ਹੀਂ ਗੱਲਾਂ ਹੁੰਦੀਆਂ, ਮੈਂ ਆਊਂਗੀ ਤੈਨੂੰ ਮਿਲਣ, ਚੰਗਾ ਫੇਰ।’’ ਫੋਨ ਕੱਟਿਆ ਤਾਂ ਜਸਵਿੰਦਰ ਦਾ ਜਿਵੇਂ ਕਾਲਜਾ ਧੂਹਿਆ ਗਿਆ। ‘ਕੀਹਨੂੰ ਦੱਸਾਂ ਦੁੱਖੜਾ, ਕੋਈ ਸੁਣਨ ਲਈ ਤਿਆਰ ਨਹੀਂ।’ ਹਾਰ ਕੇ ਉਹ ਚੁੱਪ ਹੋ ਗਈ। ਇਹ ਚੁੱਪ ਵੀ ਕੈਸੀ ਸੀ। ਜਸਵਿੰਦਰ ਅਤੀਤ ਵਿੱਚ ਗੁਆਚ ਗਈ: ‘‘ਬੇਬੇ, ਮੈਂ ਵਿਆਹ ਨ੍ਹੀਂ ਕਰਵਾਉਣਾ।’’ ‘‘ਕਿਉਂ, ਤੈਨੂੰ ਕੋਠੇ ਜਿੱਡੀ ਨੂੰ ਕਿਹੜੀ ਖੱਲ ’ਚ ਲੁਕੋ ਲਵਾਂ ਮੈਂ?’’ ਉਸ ਵੇਲੇ ਤਾਂ ਬੇਬੇ ਦੀ ਗੱਲ ਅਣਸੁਣੀ ਕਰ ਕੇ ਮੈਂ ਭੱਜ ਕੇ ਕਾਲਜ ਦੀ ਬੱਸ ਚੜ੍ਹ ਗਈ...! ਹੁਣ ਕਿੱਧਰ ਭੱਜਾਂ? ਕਾਲਜ ਵੀ ਸੁਪਨਿਆਂ ਦਾ ਘਰ ਸੀ। ਮੁਖਤਿਆਰ ਵੀ ਸੁਪਨਾ ਹੀ ਸੀ। ਉਹ ਸੁਪਨੇ ਵਾਂਗ ਆਇਆ ਤੇ ਸੁਪਨਾ ਹੀ ਬਣ ਕੇ ਰਹਿ ਗਿਆ। ਬੇਬੇ ਵੀ ਜਿਵੇਂ ਜਾਣੀਜਾਣ ਸੀ। ਜਦੋਂ ਕਾਲਜ ਨੂੰ ਤੁਰਨਾ ਤਾਂ ਆਵਾਜ਼ ਮਾਰ ਕੇ ਕਹਿਣਾ, ‘‘ਸੁਪਨਿਆਂ ਮਗਰ ਨ੍ਹੀਂ ਭੱਜੀਦਾ...!’’ ਕਈ ਵਾਰ ਬੇਬੇ ਦੀ ਆਵਾਜ਼ ਤੀਰ ਵਾਂਗ ਦਿਲ ਵਿੱਚ ਖੁੱਭ ਜਾਂਦੀ। ਉਸ ਦਿਨ ਮੈਂ ਮੁਖਤਿਆਰ ਦੇ ਮੋਟਰਸਾਈਕਲ ’ਤੇ ਨਾ ਬੈਠਦੀ। ਰੁੱਸ ਜਾਂਦੀ ਜਾਂ ਫੇਰ ਉਸ ਨੂੰ ਅਣਗੌਲਿਆ ਕਰ ਦਿੰਦੀ। ਅਜਿਹਾ ਹੁੰਦਾ ਤਾਂ ਕਦੇ ਕਦਾਈਂ ਸੀ। ਅੱਗੇ ਉਹ ਗੇਟ ’ਤੇ ਖੜ੍ਹਾ ਹੁੰਦਾ। ਫੇਰ ਕਾਲਜ ਨਹੀਂ, ਦੋਵੇਂ ਆਰਤੀ ਸਿਨੇਮਾ ਜਾ ਵੜਦੇ। ਸੁਪਨਿਆਂ ਵਰਗੇ ਦਿਨ ਪਲਾਂ ਵਿੱਚ ਗੁਜ਼ਰ ਗਏ। ਬੀ ਏ ਦੇ ਪਰਚੇ ਹੋ ਗਏ। ਇੱਕ ਦਿਨ ਅਖ਼ਬਾਰ ਵਿੱਚ ਪੜ੍ਹਿਆ ਕਿ ਮੁਖਤਿਆਰ ਦੇ ਮੋਟਰਸਾਈਕਲ ਦਾ ਐਕਸੀਡੈਂਟ ਹੋ ਗਿਆ। ਫਿਰ ਇੱਕ ਦਿਨ ਅਖ਼ਬਾਰ ਵਿੱਚ ਪੜ੍ਹਿਆ ਕਿ ਉਨ੍ਹਾਂ ਦੇ ਘਰ ’ਤੇ ਗੋਲੀਆਂ ਚੱਲ ਗਈਆਂ। ਬਹੁਤ ਭੱਜੀ। ਪਿੰਡ ਤੱਕ ਗਈ। ਸਾਡੀ ਜਮਾਤਣ ਰਾਜਬੀਰ ਨੇ ਜੋ ਕੁਝ ਦੱਸਿਆ, ਸੁਣ ਕੇ ਹੋਸ਼ ਉੱਡ ਗਏ। ਹਵੇਲੀ ਨੂੰ ਜਿੰਦਾ ਲੱਗਿਆ ਹੋਇਆ ਸੀ। ਪਿੰਡ ਦੀ ਧੂੜ ਨਾਲ ਮੂੰਹ-ਮੱਥਾ ਭਰ ਗਿਆ। ਆਖ਼ਰ ਸਹੇਲੀਆਂ ਨਾਲ ਬੀ ਐੱਡ ਕਰਨ ਜਾ ਲੱਗੀ। ਮੁਖਤਿਆਰ ਭੂਤ ਬਣ ਕੇ ਮੇਰੇ ਨਾਲ ਤੁਰਿਆ ਫਿਰਦਾ ਸੀ। ਘਰ ਉੱਤੇ ਹਮਲੇ ਤੋਂ ਬਾਅਦ ਪਰਿਵਾਰ ਕੂੰਜ ਉਡਾਰੀ ਭਰ ਗਿਆ। ਸਮੇਂ ਦੇ ਗੁਬਾਰ ਵਿੱਚ ਬੇਬੇ ਗੁਆਚ ਗਈ। ਬਾਪੂ ਤਾਂ ਪਹਿਲਾਂ ਹੀ ਕਾਰਗਿਲ ਦੀ ਬਰਫ਼ ਵਿੱਚ ਗੂੜ੍ਹੀ ਨੀਂਦ ਸੁੱਤਾ ਪਿਆ ਸੀ। ਜ਼ਿੰਦਗੀ ਦੇ ਸੁਪਨਿਆਂ ਵਿੱਚ ਵਿਆਹ ਵੀ ਸੁਪਨਾ ਹੋ ਗਿਆ। ‘‘ਭੂਆ... ਭੂਆ...!’’ ‘‘ਆ ਜਾ ਮਿੰਦਰ, ਤੂੰ ਅੱਜ ਪੜ੍ਹਨ ਨ੍ਹੀਂ ਗਈ?’’ ‘‘ਬੇਬੇ ਢਿੱਲੀ ਜਿਹੀ ਐ। ਬੁਖ਼ਾਰ ਹੋ ਗਿਆ। ਥਰਮਾਮੀਟਰ ਚਾਹੀਦੈ।’’ ‘‘ਉਹ ਤਾਂ ਲੈ ਜਾ। ਮੇਰੀ ਬੇਬੇ ਤਾਂ ਵੱਡੀ ਲੈਚੀ ਵਾਲੀ ਚਾਹ ਪੀ ਕੇ ਗਰਮੀ ਲੈ ਲੈਂਦੀ ਸੀ। ਬਸ ਫੇਰ ਨੌਂ ਬਰ ਨੌਂ। ਨੀਂ, ਮਿੰਦਰ ਇੱਕ ਗੱਲ ਤਾਂ ਦੱਸ? ਉਹ ਮੁੰਡਾ ਕੌਣ ਐ, ਜਿਹੜਾ ਤੈਨੂੰ ਛੱਡਣ ਆਉਂਦੈ?’’ ‘‘ਭੂਆ ਜੀ...’’ ਕਹਿੰਦੀ ਮਿੰਦਰ ਚਲੀ ਗਈ।
ਮੈਨੂੰ ਜਾਪਿਆ ਕਿ ਇਹ ਸੁਪਨੇ ਹਰ ਕਿਸੇ ਨੂੰ ਆਉਂਦੇ ਨੇ। ਮੇਰੇ ਸੁਪਨੇ ਤਾਂ ਰਾਹਾਂ ਦੀ ਧੂੜ ਬਣ ਗਏ। ਜਿਹੜਾ ਸੁਪਨਾ ਸੱਚ ਵਰਗਾ ਸੀ। ਉਹ ਤਾਂ ਅੱਜ ਵੀ ਮੇਰੇ ਨਾਲ ਸੌਂਦਾ ਅਤੇ ਜਾਗਦਾ ਹੈ। ਉਸ ਦਿਨ ਦੀ ਗੱਲ ਹੈ। ਮੇਰੀ ਪਹਿਲੀ ਪੋਸਟਿੰਗ ਗੁੱਜਰਵਾਲ ਹੋਈ। ਪਹਿਲੇ ਦਿਨ ਜੁਆਇਨ ਕੀਤਾ ਤੇ ਟਾਈਮ ਟੇਬਲ ਮਿਲ ਗਿਆ। ਪੀਰੀਅਡ ਸ਼ੁਰੂ ਹੋ ਗਏ। ਮੈਂ ਸੋਸ਼ਲ ਸਟੱਡੀ ਪੜ੍ਹਾ ਰਹੀ ਸੀ। ਨਾਲ ਦੇ ਕਮਰੇ ਵਿੱਚੋਂ ਗਾਉਣ ਦੀ ਆਵਾਜ਼ ਆ ਰਹੀ ਸੀ। ਬੱਚਾ ਨਹੀਂ ਸੀ ਗਾ ਰਿਹਾ, ਅਧਿਆਪਕ ਗਾ ਰਿਹਾ ਸੀ। ਮੈਂ ਚੁੱਪ-ਚਾਪ ਕਿਤਾਬ ਮੇਜ਼ ’ਤੇ ਰੱਖ ਦਿੱਤੀ। ‘‘ਮੈਮ ਜੀ ‘ਜਗਤਾਰ ਸਰ’ ਗਾ ਰਹੇ ਆ।’’ ਜਮਾਤ ਦਾ ਮੋਨੀਟਰ ਸੁੱਖੀ ਖੜ੍ਹਾ ਹੋ ਕੇ ਬੋਲਿਆ। ‘‘ਮੁਖਤਿਆਰ?’’ ‘‘ਨਹੀਂ ਜੀ ਜਗਤਾਰ।’’ ਘੰਟੀ ਵੱਜ ਗਈ। ਜਗਤਾਰ ਜਾਂ ਫਿਰ ਮੁਖਤਿਆਰ? ਮੈਨੂੰ ਲੱਗਿਆ ਕਿ ਆਵਾਜ਼ ਤਾਂ ਮੁਖਤਿਆਰ ਦੀ ਹੀ ਹੈ। ਅਸੀਂ ਬੀ ਏ ਤੱਕ ਇਕੱਠੇ ਪੜ੍ਹੇ ਸਾਂ। ਮੈਂ ਤਾਂ ਸੁਪਨਿਆਂ ਵਿੱਚ ਵੀ ਉਸ ਦੇ ਨਾਲ ਰਹਿੰਦੀ ਹਾਂ, ਪਰ ਉਹ ਤਾਂ ਚਲਿਆ ਗਿਆ ਸੀ। ਕਿਵੇਂ ਮੁੜ ਸਕਦਾ ਹੈ ਉਹ? ਹੁਣ ਉਹ ਇੱਥੇ ਕਿਵੇਂ ਪਹੁੰਚ ਗਿਆ? ਆਪੇ ਨਾਲ ਗੱਲਾਂ ਕਰਦੀ ਮੈਂ ਦਫ਼ਤਰ ਵੱਲ ਤੁਰ ਪਈ। ਬੱਚੇ ਪਿੱਛੇ ਆ ਗਏ। ‘‘ਮੈਮ, ਪੀਰੀਅਡ ਐ।’’ ‘‘ਮੈਂ ਆ ਰਹੀ ਆਂ।’’ ਪਾਣੀ ਦੀ ਤ੍ਰੇਹ ਲੱਗੀ ਸੀ। ਆਰ ਓ ਤੋਂ ਪਾਣੀ ਦੀ ਬੋਤਲ ਭਰ ਕੇ ਮੈਂ ਜਮਾਤ ਵਿੱਚ ਪਹੁੰਚ ਗਈ। ਸੱਤਵੀਂ ਜਮਾਤ ਸੀ। ਅੰਗਰੇਜ਼ੀ ਦਾ ਪੀਰੀਅਡ ਸੀ। ਬੱਚਿਆਂ ਨੂੰ ਪਾਠ ਪੜ੍ਹਾਇਆ। ਮਨ ਤਾਂ ਉਸ ਆਵਾਜ਼ ਦੇ ਪਿੱਛੇ ਤੁਰਿਆ-ਫਿਰਦਾ ਸੀ। ਆਵਾਜ਼ ਮਿਲ ਵੀ ਸਕਦੀ ਹੈ! ਕੋਈ ਹੋਰ ਹੋ ਸਕਦਾ ਹੈ! ‘ਨਹੀਂ ਮਿਲ ਸਕਦੀ ਆਵਾਜ਼। ਇਹ ਮੁਖਤਿਆਰ ਦੀ ਆਵਾਜ਼ ਐ’। ਮਨ ਡਟ ਗਿਆ। ਮਨ ਨਹੀਂ, ਮੈਂ ਹੀ ਮੰਨਣ ਲਈ ਤਿਆਰ ਨਹੀਂ ਸੀ। ਪਾਠ ਪੂਰਾ ਹੋਇਆ ਤਾਂ ਪ੍ਰਸ਼ਨਾਂ ਦੇ ਉੱਤਰ ਦੀ ਥਾਂ ਮੈਂ ਕਿਹਾ, ‘ਤੁਹਾਡੇ ਵਿੱਚੋਂ ਕੋਈ ਗੀਤ ਗਾਉਂਦੈ?’ ‘ਹਾਂ ਜੀ,’ ਜੰਟਾ ਉੱਠ ਕੇ ਖੜ੍ਹਾ ਹੋ ਗਿਆ, ‘ਸੁਣਾਵਾਂ ਜੀ?’
‘ਵਧੀਆ ਗਾਉਂਦੈ ਮੈਮ... ਸੁਣੋ।’ ਬਲਜੀਤ ਉੱਠ ਕੇ ਬੋਲੀ। ਮੇਰੇ ਬੋਲਣ ਤੋਂ ਪਹਿਲਾਂ ਹੀ ਉਸ ਨੇ ਆਵਾਜ਼ ਕੱਢੀ। ਮੈਨੂੰ ਡਰ ਲੱਗਿਆ। ਮੇਰਾ ਸਕੂਲ ਵਿੱਚ ਪਹਿਲਾ ਹੀ ਦਿਨ ਐ। ਸੁਣਿਆ ਹੈੱਡਮਾਸਟਰ ਸਰਦੂਲ ਸਿੰਘ ਬੜੇ ਸਖ਼ਤ ਨੇ। ਅੱਧੀ ਛੁੱਟੀ ਦੀ ਘੰਟੀ ਵੱਜੀ ਤਾਂ ਮੈਂ ਕੁਝ ਸਹਿਜ ਹੋਈ। ਮਿਡਲ ਸਕੂਲ ਸੀ। ਸੱਤ ਅਧਿਆਪਕ ਸਨ। ਬੈਠ ਕੇ ਰੋਟੀ ਖਾਣ ਲਈ ਜਗ੍ਹਾ ਦੇਖਣ ਲੱਗੀ। ਸੋਚ ਰਹੀ ਸੀ ਕਿੱਥੇ ਬੈਠ ਕੇ ਰੋਟੀ ਖਾਵਾਂ। ‘ਜਸਵਿੰਦਰ, ਆ ਜੋ ਸਾਇੰਸ ਰੂਮ ਵਿੱਚ ਬੈਠ ਜਾਓ। ਮੈਂ ਸੁਮਨ, ਸਾਇੰਸ ਪੜ੍ਹਾਉਂਦੀ ਹਾਂ। ਮੈਂ ਤੁਹਾਡੇ ਪਿੰਡ ਦੇ ਕੋਲੋਂ ਰਤਨਾ ਤੋਂ ਆਉਂਦੀ ਆ।’ ਮਨ ਵਿੱਚ ਆਇਆ ਬੰਨਾ-ਚੰਨਾ। ਅਪਣੱਤ ਉਮੜ੍ਹ ਆਈ। ਅੱਗੇ ਗਈ ਤਾਂ ਹੈਰਾਨ-ਪ੍ਰੇਸ਼ਾਨ ਹੋ ਗਈ। ਤਿੰਨ ਅਧਿਆਪਕ ਹੋਰ ਬੈਠੇ ਸਨ। ਮੈਂ ਵੀ ਬੈਠ ਗਈ। ਸਾਰੇ ਆਪੋ- ਆਪਣਾ ਖਾਣਾ ਖੋਲ੍ਹ ਕੇ ਸਾਂਝਾ ਕਰਨ ਲੱਗੇ। ਮੈਂ ਵੀ ਰਸਮੀ ਕਿਹਾ। ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗਿਆ। ਆਵਾਜ਼ ਸੁਣੀ। ਕੀ ਇਹ ਵੀ ਸੁਪਨਾ ਹੀ ਹੈ?
‘ਜਗਤਾਰ... ਆਹ ਭੜਥਾ ਖਾ ਕੇ ਦੇਖੋ।’ ‘ਖਾਓ ਮੈਮ ਤੁਸੀਂ।’ ਆਵਾਜ਼ ਸੁਣ ਕੇ ਮੈਂ ਉਤਾਂਹ ਮੂੰਹ ਕੀਤਾ। ਰੋਟੀ ਦੀ ਬੁਰਕੀ ਗਲ਼ ਵਿੱਚ ਅਟਕ ਗਈ। ‘ਮੁਖਤਿਆਰ ਦੀ ਆਵਾਜ਼ ਐ ਇਹ।’ ‘ਕੁਝ ਕਿਹਾ ਮੈਡਮ?’ ਬਿਨਾਂ ਬੋਲੇ ਹੀ ਮੈਂ ਸਿਰ ਹਿਲਾਇਆ। ਪਾਣੀ ਪੀਤਾ। ਸੁਮਨ ਨੇ ਜਾਣ-ਪਛਾਣ ਕਰਵਾਈ, ‘ਇਹ ਨੇ ਪੰਜਾਬੀ ਵਾਲੇ ਸਰ ਜਗਤਾਰ ਸਿੰਘ।’ ਅੱਖਾਂ ਸਿੰਮ ਪਈਆਂ। ਫੇਰ ਸਾਰੀ ਛੁੱਟੀ ਤੱਕ ਸਿੰਮਦਿਆਂ ਰਹੀਆਂ। ਸਾਰੀ ਛੁੱਟੀ ਵੇਲੇ ਮੁਖਤਿਆਰ ਮੇਰੇ ਕਾਇਨੈਟਿਕ ’ਤੇ ਬੈਠ ਕੇ ਘਰ ਆ ਗਿਆ। ਪਹਿਲਾਂ ਵੀ ਨਾਲ ਈ ਹੁੰਦਾ ਸੀ। ਹੁਣ ਜਗਤਾਰ ਸਿੰਘ ਬਣ ਕੇ ਪ੍ਰਤੱਖ ਹੋ ਗਿਆ। ਘਰ ਆਈ ਤਾਂ ਆਥਣੇ ਜਿਹੇ ਨਿਰਮਲ ਆ ਗਿਆ। ਭਤੀਜਾ ਤੇ ਭਤੀਜੀ ਵੀ ਨਾਲ ਸਨ ਤੇ ਭਾਬੀ ਵੀ ਸੀ। ਉਂਝ ਤਾਂ ਉਹ ਬੇਬੇ-ਬਾਪੂ ਦੇ ਹੁੰਦੇ ਈ ਲੁਧਿਆਣਾ ਰਹਿਣ ਲੱਗ ਪਏ ਸਨ। ਵੀਰ ਤੇ ਭਾਬੀ ਬੈਂਕ ਵਿੱਚ ਸਨ। ਬੱਚੇ ਸਕੂਲ ਵਿੱਚ। ਦਵੀ ਦਸਵੀਂ ਪਾਸ ਕਰ ਗਿਆ ਸੀ ਤੇ ਲਵੀ ਅਜੇ ਅੱਠਵੀਂ ਜਮਾਤ ਵਿੱਚ ਸੀ। ਉਹ ਘਰ ਦੀ ਹਰ ਨੁੱਕਰ ਵਿੱਚ ਗਏ ਤੇ ਖੇਡਦੇ ਹੋਏ ਆਖ ਰਹੇ ਸਨ, ‘ਸਾਡੇ ਦਾਦੇ ਦਾ ਘਰ ਐ।’ ਅੱਖਾਂ ਤਾਂ ਪਹਿਲਾਂ ਹੀ ਸਿੰਮ ਰਹੀਆਂ ਸਨ। ਐਨੀ ਕੁ ਗੱਲ ਸੁਣ ਕੇ ਵਰ੍ਹ ਹੀ ਪਈਆਂ। ਚੁੰਨੀ ਦੇ ਪੱਲੇ ਵਿੱਚ ਲੁਕੋਈਆਂ ਬਹੁਤ, ਪਰ ਲੁਕੀਆਂ ਨਾ।
ਭਾਬੀ ਨੇ ਬੁੱਲ੍ਹ ਅਟੇਰੇ। ਵੀਰ ਦੀਆਂ ਅੱਖਾਂ ਲਾਲ-ਲਾਲ ਜਿਹੀਆਂ ਦਿਸੀਆਂ। ਬੱਚੇ ਖੇਡਦੇ ਰਹੇ। ਜਾਂਦਾ ਹੋਇਆ ਵੀਰ ਬੋਲਿਆ, ‘ਘਰ ਦੀ ਮੁਰੰਮਤ ਕਰਵਾਈਏ ਹੁਣ।’ ਮੈਂ ਚੁੱਪ ਸੀ। ਉਹ ਘਰ ਦੇ ਸਾਰੇ ਕਮਰਿਆਂ ਵਿੱਚ ਘੁੰਮੇ। ਫੇਰ ਉਹ ਕਾਰ ਵਿੱਚ ਬੈਠੇ ਤੇ ਚਲੇ ਗਏ। ਉਹ ਗਏ ਤਾਂ ਬੇਬੇ ਆ ਗਈ। ਮਾਵਾਂ-ਧੀਆਂ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਤੈਨੂੰ ਕਿਹਾ ਸੀ, ‘ਵਿਆਹ ਕਰਵਾ ਤੇ ਆਪਣੇ ਘਰ ਚਲੀ ਜਾ।’ ਮੈਂ ਚੁੱਪ ਸੀ। ਆਖ਼ਰ ਮਨ ਉੱਛਲ ਪਿਆ। ਇਹ ਮੇਰੇ ਬਾਪ ਦਾ ਘਰ ਐ। ਹੁਣ ਮੈਂ ਕਿੱਥੇ ਚਲੀ ਜਾਵਾਂ ? ... ਘਰ... ਘਰ...! ‘ਤੂੰ ਮੇਰੇ ਘਰ ਆ ਜਾ।’ ‘ਕਿੱਥੇ?’ ‘ਬੱਦੋਵਾਲ।’ ‘ਤੇਰਾ ਤਾਂ...।’ ‘ਨਹੀਂ ਮੈਂ ਧਰਤੀ ’ਤੇ ਹੀ ਆਂ... ਜਸਵਿੰਦਰ, ਮੈਂ ਹੀ ਬੋਲਦਾਂ। ਘਰ ਦੇ ਆਪਣੇ ਵਿਆਹ ਨੂੰ ਮੰਨਦੇ ਨਹੀਂ ਸੀ। ਮੈਂ ਚਲਿਆ ਤਾਂ ਗਿਆ ਸੀ ਕੈਨੇਡਾ... ਪਰ ਮੁੜ ਆਇਆ। ਤੈਨੂੰ ਪਤਾ, ਬਾਪੂ ਨੂੰ ਤਾਂ ਮਾਰ ਗਏ ਸੀ। ਉਹ ਕਹਿੰਦੇ ਸੀ, ‘ਜ਼ੈਲਦਾਰ ਸਾਡੀ ਮੁਖ਼ਬਰੀ ਕਰਦਾ।’ ਬਾਪੂ ਦਾ ਭੋਗ ਪਾ ਕੇ ਅਸੀਂ ਸਾਰਾ ਪਰਿਵਾਰ ਵੱਡੇ ਭਰਾ ਕੋਲ ਕੈਨੇਡਾ ਚਲੇ ਗਏ ਸੀ। ਮੁਖ਼ਤਿਆਰ... ਇਹ ਕੀ... ਤੂੰ ਮੈਨੂੰ ਪਰਚਾ ਰਿਹਾ ਏਂ। ਰਾਤ ਸੁਪਨਿਆਂ ਵਿੱਚ ਜਾਗਦਿਆਂ ਦੀ ਹੀ ਲੰਘ ਗਈ। ਸੱਤ ਸਾਲ ਬੀਤ ਚੁੱਕੇ ਨੇ। ਚਾਹ ਪੀ ਰਹੀ ਸੀ ਕਿ ਭੈਣ ਬਿੰਦਰ ਦਾ ਫੋਨ ਆ ਗਿਆ, ‘ਕੱਲ੍ਹ ਨਿਰਮਲ ਵੀਰ ਆਇਆ ਸੀ, ਭੈਣ! ਭਾਬੀ ਕਹਿੰਦੀ, ਘਰ ਦੀ ਮੁਰੰਮਤ ਕਰਵਾਉਣੀ ਐ।’ ‘ਕਰਵਾ ਲੈਣ ਭੈਣ, ਕੀ ਕਹਿੰਨੀ ਆਂ। ਬੜਾ ਕੁਝ ਕਹਿੰਦੇ ਨੇ ਉਹ ਤਾਂ ਪਰ ਮੈਂ ਹੁਣ ਤਿਆਰ ਹੋ ਕੇ ਸਕੂਲ ਜਾਣਾ। ਆ ਕੇ ਕਰੂੰਗੀ ਗੱਲ ਤੇਰੇ ਨਾਲ।’ ਰਸੋਈ ਸੰਭਾਲੀ। ਸਕੂਲ ਨੂੰ ਤੁਰ ਪਈ। ਰਤਨਾ ਵਿੱਚੋਂ ਹੋ ਕੇ ਜਾਣਾ ਸੀ। ਪਿੰਡ ਦੀ ਫਿਰਨੀ ’ਤੇ ਕਾਇਨੈਟਿਕ ਬੰਦ ਹੋ ਗਈ। ਕੋਈ ਦੁਕਾਨ ਪੁੱਛਣ ਲੱਗ ਪਈ। ਆਲਾ- ਦੁਆਲਾ ਦੇਖ ਰਹੀ ਸੀ ਕਿ ਇੱਕ ਕਾਰ ਆ ਰੁਕੀ। ‘ਮੈਮ ਜੀ... ਕੀ ਹੋਇਆ..? ਸਾਡੇ ਨਾਲ ਆ ਜਾਓ। ਕਾਇਨੈਟਿਕ ਔਹ ਸਾਈਕਲਾਂ ਦੀ ਮੁਰੰਮਤ ਵਾਲੀ ਦੁਕਾਨ ’ਤੇ ਖੜ੍ਹਾ ਦਿਓ। ਮੈਂ ਕਹਿ ਦਿੰਨਾ ਜੀਤ ਮਕੈਨਿਕ ਨੂੰ। ਆਪਣੇ ਆਉਂਦਿਆਂ ਨੂੰ ਠੀਕ ਕਰ ਕੇ ਰੱਖ ਦੇਊ। ਅਗਲੇ ਮੋੜ ਤੋਂ ਸੁਮਨ ਵੀ ਬੈਠੂਗੀ।’ ਮੈਂ ਡਰਨੇ ਵਾਂਗ ਅਹਿਲ ਖੜ੍ਹੀ ਸੀ। ਜਗਤਾਰ ਨੇ ਡਰਾਈਵਰ ਦੇ ਨਾਲ ਵਾਲੀ ਖਿੜਕੀ ਖੋਲ੍ਹ ਦਿੱਤੀ। ਚੁੱਪ-ਚਾਪ ਮੈਂ ਕਾਰ ਵਿੱਚ ਜਾ ਬੈਠੀ। ਸੁਮਨ ਆ ਕੇ ਬੈਠੀ ਤਾਂ ਮੇਰੇ ਚਿਹਰੇ ’ਤੇ ਰੌਣਕ ਆ ਗਈ। ਸਕੂਲ ਪਹੁੰਚ ਗਏ। ਫੇਰ ਕੀ ਸੀ। ਦਿਨੋਂ-ਦਿਨ ਮੁਖਤਿਆਰ... ਜਗਤਾਰ ਵਿੱਚ ਬਦਲਦਾ ਗਿਆ। ਸਕੂਲ ਆਪਣਾ ਘਰ ਲੱਗਣ ਲੱਗ ਪਿਆ। ਮੈਂ ਜਾਗਦਿਆਂ ਹੀ ਸੁਪਨੇ ਦੇਖਣ ਲੱਗ ਪਈ। ਫੇਰ ਮਨ ਵਿੱਚ ਆਇਆ... ਬੇਬੇ ਤਾਂ ਕਹਿੰਦੀ ਹੁੰਦੀ ਸੀ, ‘ਸੁਪਨੇ ਕਦੇ ਸੱਚ ਨਹੀਂ ਹੁੰਦੇ। ਕਮਲੀਏ ਸੁਪਨਿਆਂ ਮਗਰ ਨ੍ਹੀਂ ਭੱਜੀਦਾ।’ ਮੈਂ ਹਰ ਰੋਜ਼ ਆਪਣੀ ਕਾਇਨੈਟਿਕ ’ਤੇ ਸਕੂਲ ਆਉਂਦੀ ਸੀ। ਇੱਕ ਦਿਨ ਸੁਮਨ ਰਸਤੇ ਵਿੱਚ ਖੜ੍ਹੀ ਮੈਨੂੰ ਉਡੀਕ ਰਹੀ ਸੀ। ਉਸ ਨੂੰ ਦੇਖ ਕੇ ਮੈਂ ਰੁਕ ਗਈ। ਅੱਜ ਸਵੇਰੇ ਦੇਖਿਆ ਤਾਂ ਕਾਇਨੈਟਿਕ ਪੰਕਚਰ ਹੋਈ ਖੜ੍ਹੀ ਸੀ। ਜਗਤਾਰ ਸਿੰਘ ਵੀ ਆਇਆ ਨ੍ਹੀਂ। ਗੱਲਾਂ ਕਰਦੀ ਹੋਈ ਉਹ ਮੇਰੇ ਪਿੱਛੇ ਬੈਠ ਗਈ। ‘ਚੱਲੀਏ ਮੈਮ...!’ ਕਹਿ ਕੇ ਮੈਂ ਤੁਰ ਪਈ। ਸਮੇਂ ਸਿਰ ਸਕੂਲ ਪਹੁੰਚ ਗਏ। ਅੱਧੀ ਛੁੱਟੀ ਵੇਲੇ ਅਸੀਂ ਦੋਵੇਂ ਰਹਿ ਗਈਆਂ। ਅੱਜ ਕੋਈ ਰਸਟਿਕਟਡ ਛੁੱਟੀ ਸੀ। ਕਈ ਅਧਿਆਪਕ ਆਏ ਨਹੀਂ ਸਨ। ‘ਜਸਵਿੰਦਰ, ਬੁਰਾ ਨਾ ਮੰਨਾਵੇਂ ਤਾਂ ਇੱਕ ਗੱਲ ਕਰਾਂ...। ਤੂੰ ਵਿਆਹ ਵਾਲਾ ਲੱਡੂ ਕਿਉਂ ਨਾ ਖਾਧਾ?’ ਰੋਟੀ ਵਾਲਾ ਡੱਬਾ ਖੋਲ੍ਹਦਿਆਂ ਗੱਲ ਕਰ ਕੇ ਉਹ ਖਿੜ-ਖਿੜ ਹੱਸ ਪਈ। ‘ਕੀ ਦੱਸਾਂ ਮੈਮ, ਮੇਰਾ ਲੱਡੂ ਗੁਆਚ ਗਿਆ। ... ਲੱਭ ਗਿਆ ਤਾਂ ਜ਼ਰੂਰ ਖਾਊਂਗੀ।’ ‘ਲੱਡੂ ਤੇਰੇ ਸਾਹਮਣੇ ਪਿਆ। ’ਕੰਨ੍ਹੇ ਕੁੜੀ ਗਰਾਂ ਹੋਕਾ...! ਕਈ ਵਾਰ ਕੋਲ ਪਈ ਚੀਜ਼ ਨ੍ਹੀਂ ਦਿਸਦੀ ਹੁੰਦੀ ਬੰਦੇ ਨੂੰ।’ ਉਸ ਨੇ ਸਬਜ਼ੀ ਵਾਲਾ ਡੱਬਾ ਮੇਰੇ ਵੱਲ ਕੀਤਾ। ‘ਮੈਮ, ਮੇਰੇ ਕੋਲ ਤਾਂ ਅੱਜ ਅੰਬ ਦਾ ਅਚਾਰ ਐ।’ ਝਿਜਕਦਿਆਂ ਮੈਂ ਡੱਬਾ ਉਸ ਵੱਲ ਵਧਾਇਆ। ‘ਲੈ ਬਣ ਗਿਆ ਤੇਰਾ ਕੰਮ। ਬੇਬੇ ਕਹਿੰਦੀ ਹੁੰਦੀ ਸੀ। ਵਿਆਹ ਦੀ ਗੱਲ ਤੁਰੇ ਤਾਂ ਖਟ-ਮਿੱਠੀ ਚੀਜ਼ ਭਾਗ ਖੋਲ੍ਹ ਦਿੰਦੀ ਐ। ਕੱਲ੍ਹ ਨੂੰ ਵੀ ਲਿਆਈਂ ਅਚਾਰ। ਮੁੰਡੇ ਨੂੰ ਖਵਾ ਕੇ ਹਾਂ ਕਰਾ ਲੈਣੀ ਆ ਮੈਂ। ਮੇਰੀਆਂ ਅੱਖਾਂ ਮੂਹਰੇ ਮੁਖ਼ਤਿਆਰ ਆ ਖੜ੍ਹਾ। ਮੈਮ... ਉਹ ਤਾਂ...!’ ਘੰਟੀ ਵੱਜ ਗਈ। ਗੱਲ ਵਿਚਾਲੇ ਰਹਿ ਗਈ। ਮੈਂ ਅੱਖਾਂ ਦੁਆਲੇ ਵਾੜ ਕਰ ਲਈ। ਸੁਪਨਾ ਕੋਈ ਅੰਦਰ ਆਉਣ ਹੀ ਨਹੀਂ ਦੇਣਾ, ਪਰ ਜਗਤਾਰ ਹਰ ਰੋਜ਼ ਮੇਰੇ ਨਾਲ ਪ੍ਰਤੱਖ ਤੁਰਿਆ ਫਿਰਦਾ। ਮੈਨੂੰ ਸੰਗ ਆਉਣ ਲੱਗ ਪਈ। ਇੱਕ ਦਿਨ ਸੁਮਨ ਛੁੱਟੀ ’ਤੇ ਸੀ।
ਉਸ ਦਿਨ ਜਗਤਾਰ ਬੈਠਾ ਸੀ। ਮੈਂ ਵੀ ਕੋਲ ਜਾ ਬੈਠੀ। ਉਸ ਨੇ ਮੇਰੇ ਵੱਲ ਡੱਬਾ ਵਧਾਇਆ। ‘ਖਾ ਕੇ ਦੇਖੋ ਮੈਮ... ਬੇਬੇ, ਭਰਵੇਂ ਕਰੇਲੇ ਬੜੇ ਸੁਆਦ ਬਣਾਉਂਦੀ ਐ।’ ਮੈਂ ਇੱਕ ਕਰੇਲਾ ਚੁੱਕਿਆ ਤੇ ਸੁੱਕੇ ਛੋਲਿਆਂ ਦੀ ਸਬਜ਼ੀ ਉਸ ਅੱਗੇ ਕੀਤੀ। ਉਸ ਨੇ ਚਮਚੇ ਨਾਲ ਸਬਜ਼ੀ ਰੋਟੀ ’ਤੇ ਰੱਖ ਲਈ। ਬੁਰਕੀ ਤੋੜ ਕੇ ਖਾਧੀ ਤੇ ਬੋਲਿਆ। ‘ਆ... ਹਾ... ਕਮਾਲ... ਮੈਮ..! ਕਿਸੇ ਦਿਨ ਘਰ ਆਇਓ, ਬੇਬੇ ਨੂੰ ਮਿਲਿਓ। ਮੈਂ ਤੁਹਾਡੇ ਬਾਰੇ ਦੱਸਿਆ ਆਪਣੀ ਬੇਬੇ ਨੂੰ।’ ‘ਅੱਜ ਈ ਚੱਲੀਏ।’ ਮੈਂ ਮੁਸਕਰਾਈ। ਕਰੇਲਿਆਂ ਦੀ ਖ਼ੁਸ਼ਬੂ ਨੇ ਮੇਰੀ ਮੁਸਕਾਨ ਕੰਨਾਂ ਤੱਕ ਫੈਲਾ ਦਿੱਤੀ। ਏਨੇ ਨੂੰ ਉਸ ਦੇ ਫੋਨ ਦੀ ਘੰਟੀ ਵੱਜੀ। ‘ਕਿਹੜੇ ਵੇਲੇ ਫੋਨ ਆ ਗਿਆ ਇਹਦਾ। ਇਹ ਅਜੇ ਸੁੱਤਾ ਈ ਨ੍ਹੀਂ।’ ‘ਕੌਣ?’ ਮੈਂ ਸਹਿਜ ਸੁਭਾਅ ਕਹਿ ਬੈਠੀ। ‘ਮੇਰਾ ਵੱਡਾ ਭਰਾ ਮੁਖਤਿਆਰ... ਕੈਨੇਡਾ ਤੋਂ ਵਿਆਹ ਕਰਵਾਉਣ ਆਉਣਾ ਉਹਨੇ, ਮੁੱਲਾਂਪੁਰ ਤੋਂ ਪੜ੍ਹਦੀ ਸੀ ਉਹਦੇ ਨਾਲ ਕੁੜੀ। ਕਹਿੰਦਾ ਉਹਨੂੰ ਲੱਭੋ।’ ਬੁਰਕੀ ਮੇਰੇ ਗਲ਼ ਵਿੱਚ ਅੜ ਗਈ। ਮੈਂ ਪਾਣੀ ਪੀਤਾ। ਮੈਨੂੰ ਹੁੱਥੂ ਆ ਗਿਆ। ਉਹ ਉੱਠਿਆ। ਮੇਰੀ ਗਰਦਨ ਨੂੰ ਹਲਕੇ-ਹਲਕੇ ਥਾਪੜਨ ਲੱਗਿਆ। ਮੈਂ ਉਸ ਦੇ ਚਿਹਰੇ ਨੂੰ ਧਿਆਨ ਨਾਲ ਦੇਖਿਆ। ਮੈਨੂੰ ਮੁਖਤਿਆਰ ਦਾ ਚਿਹਰਾ ਦਿਸਿਆ। ਉਸ ਵਿੱਚੋਂ ਜਗਤਾਰ ਪਤਾ ਨਹੀਂ ਕਿੱਧਰ ਗਾਇਬ ਹੋ ਗਿਆ ਸੀ। ਮੈਂ ਸਹਿਜ ਹੋਣ ਲਈ ਉੱਠ ਕੇ ਖੜ੍ਹ ਗਈ। ਜਗਤਾਰ ਵਾਰ-ਵਾਰ ਪੁੱਛਦਾ ਰਿਹਾ, ‘ਤੁਸੀਂ ਠੀਕ ਓ ਮੈਮ!’ ਘੰਟੀ ਵੱਜ ਗਈ ਸੀ। ਮੈਂ ਚੁੰਨੀ ਮੱਥੇ ਤੱਕ ਸੁੱਟ ਲਈ। ਝੱਟ ਦਫ਼ਤਰ ਵਿੱਚ ਆ ਗਈ ਤੇ ਅੱਧੀ ਛੁੱਟੀ ਦੀ ਅਰਜ਼ੀ ਦੇ ਕੇ ਘਰ ਨੂੰ ਤੁਰ ਪਈ।
