ਡਾ. ਸਤਨਾਮ ਸਿੰਘ ਜੱਸਲ
ਰਵਿੰਦਰ ਰਵੀ ਪੰਜਾਬੀ ਸਾਹਿਤ ਵਿਚ ਸਥਾਪਿਤ ਨਾਂ ਹੈ। ਉਹ ਬਹੁ-ਵਿਧਾਈ ਲੇਖਕ ਹੈ। ‘ਚੌਕ ਨਾਟਕ ਤੇ ਸਿਫਰ ਨਾਟਕ’ (ਸੰਪਾਦਕ: ਰਵਿੰਦਰ ਰਵੀ, ਕੀਮਤ: 550 ਰੁਪਏ; ਨੈਸ਼ਨਲ ਬੁੱਕ ਸ਼ਾਪ, ਦਿੱਲੀ) ਨਵੀਂ ਸੰਪਾਦਿਤ ਕਿਤਾਬ ਹੈ। ਨਾਟਕ ਦਾ ਸਿਰਲੇਖ ‘ਚੌਕ ਨਾਟਕ’ ਹੈ ਅਤੇ ਨਾਟਕ ਦਾ ਸਮੁੱਚਾ ਕਾਰਜ ਚੌਕ ਵਿਚ ਵਾਪਰਦਾ ਹੈ। ਨਾਟਕ ਦਾ ਆਦਿ ਦ੍ਰਿਸ਼ ਸੂਤਰਧਾਰ ਨਾਲ ਖੁੱਲ੍ਹਦਾ ਹੈ ਅਤੇ ਇਸ ਸੂਤਰਧਾਰ ਦੀ ਭੂਮਿਕਾ ਨਿਰਦੇਸ਼ਕ ਵੀ ਨਿਭਾਅ ਸਕਦਾ ਹੈ। ਨਾਟਕਕਾਰ ਚਾਹੁੰਦਾ ਹੈ ਕਿ ਸੂਤਰਧਾਰ ਦਰਸ਼ਕ ਨੂੰ ਨਾਟਕ ਦਾ ਬਰਾਬਰ ਦਾ ਸ਼ਰੀਕ ਬਣਾ ਲਵੇ। ਉਹ ਦਰਸ਼ਕਾਂ ’ਤੇ ਇਕ ਜ਼ਿੰਮੇਵਾਰੀ ਵੀ ਸੁੱਟਦਾ ਹੈ ਕਿ ਉਹ ਚੇਤੰਨ ਹੋ ਕੇ ਨਾਟਕ ਵੇਖਣ। ਨਾਟਕ ਦੇ ਮੁੱਢ ਵਿਚ ਦਰਸ਼ਕ ਨੂੰ ਨਾਟਕ ਨਾਲ ਜੋੜਣ ਲਈ ਪੰਜਾਬੀ ਰਹੁ-ਰੀਤਾਂ ਨਾਲ ਜੋੜਦਾ ਹੈ। ਨਾਟਕਕਾਰ ਨਾਟਕ ਵਿਚ ਇਹ ਵੀ ਦਰਸਾਉਂਦਾ ਹੈ ਕਿ ਵਿਅਕਤੀ ਬੰਦਸ਼ਾਂ ਵਿਚ ਵਿਚ ਰਹਿ ਕੇ ਦਿਸ਼ਾਹੀਣ ਹੋ ਜਾਂਦਾ ਹੈ ਅਤੇ ਦਿਸ਼ਾਹੀਣ ਮਨੁੱਖ ਖ਼ਿਆਲਾਂ, ਵਾਦਾਂ-ਵਿਵਾਦਾਂ, ਮੱਤ-ਮਤਾਂਤਰ ਆਦਿ ਦੀਆਂ ਜ਼ੰਜੀਰਾਂ ਵਿਚ ਜਕੜਿਆ ਜਾਂਦਾ ਹੈ। ਚੌਰਾਹੇ ਦੇ ਸ਼ੈਤਾਨ ਨੇ ਹਵਾ ਤੇ ਮਨੁੱਖ ਨੂੰ ਵੱਖ ਵੱਖ ਕਰ ਦਿੱਤਾ ਹੈ। ਉਹ ਸੁੰਨੇ ਖਲਾਅ ਵਿਚ ਭਟਕਣ ਲਈ ਮਜਬੂਰ ਹਨ। ਪ੍ਰਕ੍ਰਿਤੀ ਆਜ਼ਾਦ ਜੀਵਨ ਵਿਚ ਵਿਚਰ ਰਹੀ ਹੈ ਜਦੋਂਕਿ ਮਨੁੱਖ ਗ਼ੁਲਾਮੀ ਦਾ ਜੀਵਨ ਜਿਉਂ ਰਿਹਾ। ਨਾਟਕਕਾਰ ਮਨੁੱਖ ਦੀ ਸਥਿਤੀ ਨੂੰ ਚਿੰਤਾ ਦਾ ਵਿਸ਼ਾ ਬਣਾਉਂਦਾ ਹੈ। ਉਸ ਦਾ ਮੰਨਣਾ ਹੈ ਕਿ ਗਿਆਨਵਾਨ ਵਿਅਕਤੀ ਮਾਰਗ ਦਰਸ਼ਨ ਕਰ ਕੇ ਅਜਿਹੀ ਸਥਿਤੀ ਤੋਂ ਛੁਟਕਾਰਾ ਦਿਵਾ ਸਕਦਾ ਹੈ। ਸਥਿਤੀ ਦਾ ਦੁਖਾਂਤ ਇਹ ਹੈ ਕਿ ਬੱਧੀਜੀਵੀ ਚੁੱਪ ਹਨ। ਉਹ ਸੱਤਾ ਦੀਆਂ ਚਾਲਾਂ ਨੂੰ ਸਮਝਦੇ ਹਨ, ਪਰ ਵਿਰੋਧ ਨਹੀਂ ਕਰਦੇ। ਸਮੁੱਚਾ ਨਾਟਕ ਬੀਮਾਰ ਮਾਨਸਿਕਤਾ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਹੈ ਅਤੇ ਜ਼ਿੰਦਗੀ ਦੀ ਪਛਾਣ ਕਰਨ ਸੰਬੰਧੀ ਪ੍ਰੇਰਿਤ ਕਰਦਾ ਹੈ। ਨਹੀਂ ਤਾਂ ਇਹ ਜ਼ਿੰਦਗੀ ਮੌਤ ਤੋਂ ਮੌਤ ਤੱਕ ਦਾ ਸਫ਼ਰ ਹੀ ਰਹਿ ਜਾਵੇਗੀ, ਚੌਕ ਵਾਂਗ ਸਥਿਰ ਗਤੀਹੀਣ ਹੀ ਰਹੇਗੀ। ਅਜਿਹੇ ਜੀਵਨ ਦਾ ਕੋਈ ਮੁੱਲ ਨਹੀਂ, ਨਾਟਕਕਾਰ ਮੁੱਲਵਾਨ ਜੀਵਨ ਚਾਹੁੰਦਾ ਹੈ।
‘ਸਿਫ਼ਰ’ ਨਾਟਕ ਦੀ ਸਿਰਜਨ ਪ੍ਰਕਿਰਿਆ ਦੇ ਸੰਬੰਧ ਵਿਚ ਇਸ ਨਾਟਕ ਦੀ ਭੂਮਿਕਾ ਵਿਚ ਰਵਿੰਦਰ ਰਵੀ ਨੇ ਲਿਖਿਆ ਹੈ ਕਿ ‘ਦੇਰ ਤੋਂ ਆਕਾਰ ਵਿਚ ਛੋਟਾ ਪਰ ਪ੍ਰਭਾਵ ਵਿਚ ਵੱਡਾ ਨਾਟਕ ਲਿਖਣ ਦੀ ਇੱਛਾ ਸੀ। ਸਿਫ਼ਰ ਨਾਟਕ ਦੀ ਰਚਨਾ ਨਾਲ ਇਹ ਇੱਛਾ ਪਰਵਾਨ ਚੜ੍ਹ ਰਹੀ ਜਾਪਦੀ ਹੈ। ਮੈਂ ਇਹ ਵੀ ਚਾਹੁੰਦਾ ਸੀ ਕਿ ਇਸ ਦੇ ਮੰਚਨ ਲਈ ਅਭਿਨਯ ਕਰਨ ਵਾਸਤੇ ਪਾਤਰ ਵੀ ਘੱਟ ਹੋਣ, ਇਸ ਮੰਤਵ ਦੀ ਪੂਰਤੀ ਲਈ ਆਪਣੇ ਆਪ ਨੂੰ ਨਿਰਾ ਪੁਰਾ ਸੰਵਾਦ ਜਾਂ ਵਾਰਤਾਲਾਪ ਦੀ ਭਾਸ਼ਾ ਤੱਕ ਸੀਮਤ ਕਰ ਦੇਣ ਦੀ ਥਾਂ ਮੈਂ ਚਾਹੁੰਦਾ ਸਾਂ ਕਿ ਨਾਟਕੀ ਕਾਰਜ ਦੇ ਪ੍ਰਤੀਕਾਤਮਕ ਦ੍ਰਿਸ਼ਟੀ-ਮੂਲਕ ਸਮਵੈ, ਰੌਸ਼ਨੀ, ਧੁਨੀ ਤੇ ਛਾਇਆ ਪ੍ਰਭਾਵਾਂ ਦੀ ਖੁੱਲ੍ਹ ਕੇ ਵਰਤੋਂ ਕਰਾਂ ਤਾਂ ਕਿ ਮੇਰੀ ਗੱਲ ਸੁਣਨ ਦੇ ਨਾਲ ਨਾਲ ਦਰਸ਼ਕ ਵੇਖ, ਮਹਿਸੂਸ, ਸੋਚ, ਕਲਪ, ਹੰਢਾ ਵੀ ਸਕਣ’। ਨਾਟਕ ਦੇ ਮੁੱਢ ਵਿਚ ਹੀ ਦਰਸ਼ਕਾਂ ਨੂੰ ਇਸ ਗੱਲ ਤੋਂ ਜਾਣੂੰ ਕਰਵਾਇਆ ਜਾਂਦਾ ਹੈ ਕਿ ਮਨੁੱਖ ਜਿਹੜਾ ਜੀਵਨ ਹੰਢਾ ਰਿਹਾ ਹੈ ਉਹ ਬੇਕਾਬੂ ਤੇ ਬੇਤਰਤੀਬਾ ਹੈ। ਉਹ ਜਿਸ ਰਾਹ ’ਤੇ ਤੁਰ ਰਿਹਾ ਹੈ ਉਹ ਰਾਹ ਉਸ ਨੂੰ ਉਸ ਦੀ ਮੰਜ਼ਿਲ ’ਤੇ ਪਹੰਚਾਉਣ ਤੋਂ ਅਸਮਰੱਥ ਹੈ। ਮਨੁੱਖ ਦਾ ਦੁਖਾਂਤ ਇਹ ਹੈ ਕਿ ਉਹ ਆਪਣੇ ਆਪ ਵਿਚ ਵੀ ਇਕੱਲਾ ਹੈ ਅਤੇ ਆਪਣੇ ਤੋਂ ਬਾਹਰ ਵੀ ਇਕੱਲਾ ਹੈ ਅਤੇ ਨਾਲ ਹੀ ਉਹ ਇਹ ਵੀ ਮਹਿਸੂਸ ਕਰ ਰਿਹਾ ਹੈ ਕਿ ਉਸ ਦੀ ਸਹਾਇਤਾ ਕਰਨ ਵਾਲਾ ਵੀ ਕੋਈ ਨਹੀਂ ਹੈ। ਜ਼ਿੰਦਗੀ ਜਿਉਂ ਰਹੇ ਮਨੁੱਖਾਂ ਦੇ ਹਾਵ-ਭਾਵ ਵੀ ਭਾਵ ਰਹਿਤ ਹਨ ਅਤੇ ਉਨ੍ਹਾਂ ਵਿਚ ਕੋਈ ਉਮੰਗ ਵੀ ਪੈਦਾ ਨਹੀਂ ਹੋ ਰਹੀ। ਇਸ ਸਥਿਤੀ ਅਨੁਸਾਰ ਮਨੁੱਖ ਦੀ ਜ਼ਿੰਦਗੀ ਸਿਫ਼ਰ ਹੈ। ਨਾਟਕਕਾਰ ਇਹ ਵੀ ਦਰਸਾਉਂਦਾ ਹੈ ਕਿ ਜਿਹੜੇ ਮਨੁੱਖ ਗਤੀਸ਼ੀਲ ਰਹਿੰਦੇ ਹਨ ਉਹ ਹੀ ਆਪਣੀ ਮੰਜ਼ਿਲ ਵੱਲ ਵਧਦੇ ਹਨ। ਮਨੁੱਖ ਪ੍ਰਕ੍ਰਿਤੀ ਵਾਂਗ ਕਿਉਂ ਨਹੀਂ ਵਿਕਾਸ ਕਰਦਾ, ਉਹ ਸੁਫ਼ਨਿਆਂ ਵਿਚ ਘਿਰ ਕੇ ਰਹਿ ਜਾਂਦਾ ਹੈ ਪਰ ਉਹ ਅਜਿਹੀ ਸਥਿਤੀ ਤੋਂ ਊਣਾ ਕਿਉਂ ਰਹਿ ਜਾਂਦਾ ਹੈ? ਜਿੱਥੇ ਉਸ ਨੂੰ ਸੰਤੁਸ਼ਟੀ ਮਿਲ ਜਾਵੇ। ਨਾਟਕਕਾਰ ਦਾ ਮੰਨਣਾ ਹੈ ਕਿ ਮਨੁੱਖ ਜ਼ਿੰਦਗੀ ਦੇ ਠੀਕ ਅਰਥ ਪਛਾਣਨ ਤੋਂ ਅਸਮਰੱਥ ਹੈ, ਇਸ ਲਈ ਉਸ ਦਾ ਜੀਵਨ ਸਿਫ਼ਰ ਵਾਂਗ ਹੈ। ਉਹ ਚਾਹੁੰਦਾ ਹੈ ਕਿ ਜੀਵਨ ਨੂੰ ਸਿਫ਼ਰ ਤੱਕ ਸੀਮਤ ਨਾ ਰੱਖ ਕੇ ਮੁੱਲਵਾਨ ਅਰਥ ਦੇਣ ਦੇ ਯਤਨ ਕੀਤੇ ਜਾਣ। ਨਾਟਕਾਂ ਨੂੰ ਰੰਗਮੰਚ ਦੀ ਦ੍ਰਿਸ਼ਟੀ ਤੋਂ ਵੇਖਦਿਆਂ ਪਤਾ ਲੱਗਦਾ ਹੈ ਕਿ ਰਵਿੰਦਰ ਰਵੀ ਅਤਿ-ਆਧੁਨਿਕ ਰੰਗਮੰਚੀ ਤਕਨੀਕਾਂ ਦੀ ਵਰਤੋਂ ਕਰ ਕੇ ਆਪਣੇ ਨਾਟਕ ਅਤੇ ਰੰਗਮੰਚ ਨੂੰ ਮਜ਼ਬੂਤੀ ਦੇਣ ਦਾ ਯਤਨ ਹੈ।
ਸੰਪਰਕ: 94172-25942