ਤਿੰਨ ਯਾਦਗਾਰਾਂ ਰਾਵੀ ਪਾਰ ਦੀਆਂ

ਤਿੰਨ ਯਾਦਗਾਰਾਂ ਰਾਵੀ ਪਾਰ ਦੀਆਂ

ਸੁਭਾਸ਼ ਪਰਿਹਾਰ

ਇਤਿਹਾਸ

ਲਹਿੰਦੇ ਪੰਜਾਬ ਵਿਚ ਸ਼ਾਨਦਾਰ ਇਤਿਹਾਸਕ ਇਮਾਰਤਾਂ ਹਨ ਜਿਨ੍ਹਾਂ ਵਿਚ ਮੁਗ਼ਲ ਕਾਲ ਨਾਲ ਸਬੰਧਿਤ ਯਾਦਗਾਰਾਂ ਵੀ ਸ਼ਾਮਲ ਹਨ। ਇਹ ਲੇਖ ਜਹਾਂਗੀਰ, ਨੂਰਜਹਾਂ ਅਤੇ ਆਸਫ਼ ਖ਼ਾਨ ਦੇ ਮਕਬਰਿਆਂ ਬਾਰੇ ਜਾਣਕਾਰੀ ਦਿੰਦਾ ਹੈ।  

ਮੁਗ਼ਲ ਰਾਜਧਾਨੀ ਦਿੱਲੀ ਵਿਚ ਪੂਰਬ ਵੱਲੋਂ ਪ੍ਰਵੇਸ਼ ਕਰਨ ਤੋਂ ਪਹਿਲਾਂ ਜਿਵੇਂ ਸ਼ਾਹਦਰਾ ਆਉਂਦਾ ਹੈ ਅਤੇ ਦੋਹਾਂ ਥਾਵਾਂ ਵਿਚਕਾਰ ਦਰਿਆ ਜਮੁਨਾ ਵਹਿੰਦਾ ਹੈ ਉਸੇ ਤਰ੍ਹਾਂ ਰਾਜਧਾਨੀ ਲਾਹੌਰ ਵਿਚ ਉੱਤਰ-ਪੱਛਮ ਵੱਲੋਂ ਪ੍ਰਵੇਸ਼ ਕਰਨ ਤੋਂ ਪਹਿਲਾਂ ਵੀ ਸ਼ਾਹਦਰਾ ਆਉਂਦਾ ਹੈ ਅਤੇ ਦੋਹਾਂ ਥਾਵਾਂ ਵਿਚਕਾਰ ਰਾਵੀ ਦਰਿਆ ਵਹਿੰਦਾ ਹੈ। ਜਿੱਥੇ ਦਿੱਲੀ ਵਾਲੇ ਸ਼ਾਹਦਰਾ ਵਿਖੇ ਕੋਈ ਵਿਸ਼ੇਸ਼ ਇਤਿਹਾਸਕ ਯਾਦਗਾਰ ਨਹੀਂ ਹੈ, ਲਾਹੌਰ ਵਾਲਾ ਸ਼ਾਹਦਰਾ ਇਤਿਹਾਸਕ ਪੱਖੋਂ ਕਾਫ਼ੀ ਮਹੱਤਵਪੂਰਨ ਹੈ। ਇਹ ਜਹਾਂਗੀਰ ਬਾਦਸ਼ਾਹ ਦੇ ਵਸਾਏ ਸ਼ਹਿਰ ਸ਼ੇਖ਼ੂਪੁਰੇ ਨਾਲ ਜੋੜਨ ਵਾਲੇ ਰਾਹ ’ਤੇ ਸਥਿਤ ਹੈ।

ਕੁਦਰਤ ਪ੍ਰੇਮੀ ਬਾਦਸ਼ਾਹ ਜਹਾਂਗੀਰ ਕਸ਼ਮੀਰ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਅਕਸਰ ਉੱਥੇ ਜਾਂਦਾ ਰਹਿੰਦਾ ਸੀ। ਇਸੇ ਲਈ ਉਸ ਨੇ ਆਗਰੇ ਤੋਂ ਲਾਹੌਰ ਜਾਂਦੇ ਸ਼ਾਹਰਾਹ ਨੂੰ ਸਹੂਲਤਾਂ ਭਰਪੂਰ ਬਣਾਉਣ ਦਾ ਵਿਸ਼ੇਸ਼ ਯਤਨ ਵੀ ਕੀਤਾ। ਉਂਜ ਵਾਰ ਵਾਰ ਆਗਰੇ ਤੋਂ ਆਉਣ ਦੇ ਝੰਜਟ ਤੋਂ ਬਚਣ ਲਈ ਉਸ ਨੇ ਲਾਹੌਰ ਨੂੰ ਇਕ ਤਰ੍ਹਾਂ ਨਾਲ ਆਪਣੀ ਦੂਜੀ ਰਾਜਧਾਨੀ ਹੀ ਬਣਾ ਰੱਖਿਆ ਸੀ। ਉਸ ਦਾ ਦੇਹਾਂਤ ਵੀ 28 ਅਕਤੂਬਰ 1627 ਨੂੰ ਕਸ਼ਮੀਰ ਤੋਂ ਲਾਹੌਰ ਮੁੜਦਿਆਂ ਰਸਤੇ ਵਿਚ ਭਿੰਬਰ ਨੇੜੇ ਹੋਇਆ ਸੀ।

ਆਮ ਵਾਂਙ ਬਾਦਸ਼ਾਹ ਦੀ ਮੌਤ ਮਗਰੋਂ ਗੱਦੀ ’ਤੇ ਕਾਬਜ਼ ਹੋਣ ਲਈ ਵੱਖ-ਵੱਖ ਦਾਅਵੇਦਾਰਾਂ ਦਾ ਸੰਘਰਸ਼ ਸ਼ੁਰੂ ਹੋ ਗਿਆ। ਜਹਾਂਗੀਰ ਦੇ ਪਹਿਲੇ ਦੋ ਬੇਟੇ ਸੁਲਤਾਨ ਖ਼ੁਸਰੋ ਅਤੇ ਸ਼ਹਿਜ਼ਾਦਾ ਪਰਵੇਜ਼ ਤਾਂ ਉਸ ਦੇ ਜੀਵਨ ਕਾਲ ਵਿਚ ਹੀ ਮਰ ਗਏ ਸਨ। ਗੱਦੀ ਲਈ ਲੜਾਈ ਮੁੱਖ ਤੌਰ ’ਤੇ ਤੀਜੇ ਪੁੱਤਰ ਸ਼ਹਿਜ਼ਦਾ ਖੁੱਰਮ ਅਤੇ ਚੌਥੇ ਪੁੱਤਰ ਸ਼ਹਰਯਾਰ ਵਿਚਕਾਰ ਸੀ (ਜਹਾਂਦਾਰ ਨਾਂ ਦੇ ਸਭ ਤੋਂ ਛੋਟੇ ਬੇਟੇ ਬਾਰੇ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਹੈ)।

ਜਹਾਂਗੀਰ ਦੀ ਵੀਹਵੀਂ, ਪਰ ਸਭ ਤੋਂ ਪਿਆਰੀ ਬੇਗ਼ਮ ਨੂਰਜਹਾਂ ਇਰਾਨੀ ਮੂਲ ਦੇ ਅਮੀਰ ਮਿਰਜ਼ਾ ਗਿਆਸ ਬੇਗ਼ ਦੀ ਧੀ ਸੀ।  ਪਹਿਲਾਂ ਉਹ ਬੰਗਾਲ ਦੇ ਜਾਗੀਰਦਾਰ ਸ਼ੇਰ ਅਫ਼ਗ਼ਨ ਨੂੰ ਵਿਆਹੀ ਗਈ ਸੀ, ਪਰ ਉਸ ਦੇ ਖਾਵੰਦ ਦੀ ਮੌਤ ਮਗਰੋਂ ਜਹਾਂਗੀਰ ਨੇ ਨੂਰਜਹਾਂ ਨੂੰ ਆਪਣੇ ਹਰਮ ਵਿਚ ਰੱਖ ਲਿਆ ਸੀ। ਨੂਰਜਹਾਂ ਦੀ ਜਹਾਂਗੀਰ ਤੋਂ ਕੋਈ ਔਲਾਦ ਨਹੀਂ ਸੀ, ਪਰ ਉਸ ਦੇ ਪਹਿਲੇ ਪਤੀ ਸ਼ੇਰ ਅਫ਼ਗ਼ਨ ਤੋਂ ਲਾਡਲੀ ਬੇਗ਼ਮ ਨਾਂ ਦੀ ਧੀ ਸੀ ਜੋ ਸ਼ਹਿਜ਼ਾਦੇ ਸ਼ਹਰਯਾਰ ਨੂੰ ਵਿਆਹੀ ਹੋਈ ਸੀ। ਸ਼ਹਿਜ਼ਾਦੇ ਖੁੱਰਮ ਦਾ ਵਿਆਹ ਨੂਰਜਹਾਂ ਬੇਗ਼ਮ ਦੇ ਭਰਾ ਆਸਫ਼ ਖ਼ਾਨ ਦੀ ਧੀ ਅਰਜੁਮੰਦ ਬਾਨੋ ਨਾਲ ਹੋਇਆ ਸੀ ਜਿਸ ਨੂੰ ਬਾਅਦ ਵਿਚ ਮੁਮਤਾਜ਼ ਮਹਿਲ ਦਾ ਖਿਤਾਬ ਦਿੱਤਾ ਗਿਆ ਸੀ। ਜਹਾਂਗੀਰ ਦੀ ਮੌਤ ਤੋਂ ਬਾਅਦ ਨੂਰਜਹਾਂ ਚਾਹੁੰਦੀ ਸੀ ਕਿ ਗੱਦੀ ’ਤੇ ਉਸ ਦਾ ਆਪਣਾ ਜਵਾਈ ਛੋਟਾ ਸ਼ਹਿਜ਼ਾਦਾ ਸ਼ਹਰਯਾਰ ਬੈਠੇ ਤਾਂ ਜੋ ਰਾਜਭਾਗ ਵਿਚ ਉਸ ਦਾ ਆਪਣਾ ਪ੍ਰਭਾਵ ਬਣਿਆ ਰਹੇ। ਇਸ ਦੇ ਵਿਪਰੀਤ, ਨੂਰਜਹਾਂ ਦਾ ਭਰਾ ਆਸਫ਼ ਖ਼ਾਨ ਬਾਦਸ਼ਾਹ ਦੀ ਗੱਦੀ ’ਤੇ ਆਪਣੇ ਜਵਾਈ ਸ਼ਹਿਜਾਦੇ ਖੁੱਰਮ ਨੂੰ ਬਿਰਾਜਮਾਨ ਵੇਖਣਾ ਚਾਹੁੰਦਾ ਸੀ। ਖ਼ੈਰ, ਆਖ਼ਰ ਨੂੰ ਆਸਫ਼ ਖ਼ਾਨ ਆਪਣੀ ਯੋਜਨਾ ਵਿਚ ਸਫ਼ਲ ਹੋ ਗਿਆ ਅਤੇ ਉਸਦਾ ਜਵਾਈ ਤੇ ਜਹਾਂਗੀਰ ਦਾ ਵੱਡਾ ਪੁੱਤਰ ਖੁੱਰਮ ‘ਸ਼ਾਹਜਹਾਂ’ ਦੇ ਨਵੇਂ ਨਾਂ ਨਾਲ ਮੁਗ਼ਲ ਸਾਮਰਾਜ ਦਾ ਅਗਲਾ ਬਾਦਸ਼ਾਹ ਬਣ ਗਿਆ। ਆਮ ਰਵਾਇਤ ਮੁਤਾਬਿਕ ਸ਼ਹਰਯਾਰ ਅਤੇ ਸਹਿਯੋਗੀਆਂ ਨੂੰ ਕਤਲ ਕਰ ਦਿੱਤਾ ਗਿਆ, ਪਰ ਨੂਰਜਹਾਂ ਨੂੰ ਤੰਗ ਨਹੀਂ ਕੀਤਾ ਗਿਆ ਸਗੋਂ ਬਹੁਤ ਵੱਡੀ ਪੈਨਸ਼ਨ ਲਾ ਦਿੱਤੀ। ਉਹ ਜਹਾਂਗੀਰ ਦੀ ਮ੍ਰਿਤੂ ਤੋਂ 18 ਸਾਲ ਬਾਅਦ ਤੀਕ ਜਿਉਂਦੀ ਰਹੀ। ਉਸ ਨੇ ਬਾਕੀ ਜੀਵਨ ਆਪਣੀ ਵਿਧਵਾ ਧੀ ਲਾਡਲੀ ਬੇਗ਼ਮ ਨਾਲ ਲਾਹੌਰ ਵਿਖੇ ਬਿਤਾਇਆ।

ਮੁਗ਼ਲ ਬਾਦਸ਼ਾਹ ਜਹਾਂਗੀਰ, ਬੇਗ਼ਮ ਨੂਰਜਹਾਂ ਅਤੇ ਆਸਫ਼ ਖ਼ਾਨ ਦੇ ਮਕਬਰੇ (ਖੱਬਿਉਂ ਸੱਜੇ)। ਫ਼ੋਟੋਆਂ: ਲੇਖਕ

ਨੂਰਜਹਾਂ ਨੇ ਸਭ ਤੋਂ ਪਹਿਲਾ ਕੰਮ ਕੀਤਾ ਲਾਹੌਰ ਸ਼ਹਿਰ ਦੇ ਬਾਹਰ ਸ਼ਾਹਦਰਾ ਵਿਖੇ ਰਾਵੀ ਦਰਿਆ ਦੇ ਪੁਰਾਣੇ ਕੰਢੇ ’ਤੇ ਆਪਣੇ ਮਰਹੂਮ ਖਾਵੰਦ ਜਹਾਂਗੀਰ ਦਾ ਮਕਬਰਾ ਉਸਾਰਣ ਦਾ। ਸੰਗਮਰਮਰ ਦੀ ਮੀਨਾਕਾਰੀ ਨਾਲ ਸਜੀ ਲਾਲ ਪੱਥਰ ਦੀ ਇਹ ਸ਼ਾਹਕਾਰ ਇਮਾਰਤ 1500 ਫੁੱਟ ਭੁਜਾ ਵਾਲੀ ਚਾਰਦੀਵਾਰੀ ਨਾਲ ਘਿਰੇ ਬਾਗ਼ ਦੇ ਦਰਮਿਆਨ ਸਥਿਤ ਹੈ। ਇਸ ਸਿਰਫ਼ ਇੱਕ-ਮੰਜ਼ਲੀ ਇਮਾਰਤ ਦੀ ਹਰ ਬਾਹੀ 325 ਫੁੱਟ ਲੰਮੀ ਹੈ ਜਿਸ ਦੇ ਚਾਰੋਂ ਕੋਨਿਆਂ ਉੱਪਰ ਇਕ ਇਕ ਲਗਭਗ 100 ਫੁੱਟ ਉੱਚਾ ਅੱਠਭੁਜਾ ਮੀਨਾਰ ਹੈ। ਇਮਾਰਤ ਦੇ ਵਿਚਕਾਰਲੇ ਚੈਂਬਰ ਵਿਚ ਜਹਾਂਗੀਰ ਦੀ ਸੰਗਮਰਮਰ ਦੀ ਬਣੀ ਖ਼ੂਬਸੂਰਤ ਕਬਰ ਹੈ ਜਿਸ ਉੱਪਰ ਅਰਧ-ਕੀਮਤੀ ਪੱਥਰਾਂ ਨਾਲ ਕਮਾਲ ਦੀ ਜੜਾਊ-ਕਲਾ ਨਾਲ ਕੀਤੀ ਸੱਜਾ ਹੈ। ਕਬਰ ਉਪਰ ਅੱਲਾਹ ਦੇ 99 ਨਾਂ ਦਰਜ ਹਨ ਅਤੇ ਨਾਲ ਹੀ ਬਾਦਸ਼ਾਹ ਦੀ ਮੌਤ ਦਾ ਵਰ੍ਹਾ 1037 (ਹਿਜਰੀ) [ਅੰਗਰੇਜ਼ੀ ਕੈਲੰਡਰ ਮੁਤਾਬਿਕ ਇਹ ਵਰ੍ਹਾ 1627 ਬਣਦਾ ਹੈ]।

ਕਬਰ ਵਾਲੇ ਕੇਂਦਰੀ ਚੈਂਬਰ ਉੱਪਰ ਕੋਈ ਛੱਤ ਨਹੀਂ ਹੈ। ਇਸ ਵਿਸ਼ੇ ’ਤੇ ਅਨੇਕਾਂ ਵਿਦਵਾਨਾਂ ਨੇ ਖੋਜ ਕਰਨ ਦਾ ਯਤਨ ਕੀਤਾ ਹੈ ਕਿ ਕੀ ਸ਼ੁਰੂ ਤੋਂ ਹੀ ਕੋਈ ਛੱਤ ਨਹੀਂ ਸੀ ਜਾਂ ਫ਼ੇਰ ਇਸ ਉੱਪਰ ਆਗਰੇ ਵਿਖੇ ਜਹਾਂਗੀਰ ਦੇ ਸਹੁਰੇ ਦੇ ਮਕਬਰੇ ਉਪਰਲੀ ਪਾਲਕੀ ਵਰਗੀ ਛਤਰੀ ਸੀ ਜੋ ਬਾਅਦ ਵਿਚ ਕਿਸੇ ਨੇ ਉਧੇੜ ਦਿੱਤੀ ਅਤੇ ਇਸ ਦਾ ਸੰਗਮਰਮਰ ਕਿਸੇ ਹੋਰ ਇਮਾਰਤ ਲਈ ਵਰਤ ਲਿਆ। ਹੁਣ ਵੀ ਖੋਜੀ ਕਿਸੇ ਅੰਤਮ ਨਿਰਣੇ ’ਤੇ ਨਹੀਂ ਅੱਪੜ ਸਕੇ। ਉਂਜ ਇਹ ਵੀ ਮੰਨਿਆ ਜਾਂਦਾ ਹੈ ਕਿ ਮਰਨ ਤੋਂ ਪਹਿਲਾਂ ਜਹਾਂਗੀਰ ਨੇ ਇੱਛਾ ਜ਼ਾਹਿਰ ਕੀਤੀ ਸੀ ਕਿ ਉਸ ਦੀ ਕਬਰ ਉੱਪਰੋਂ ਖੁੱਲ੍ਹੀ ਰੱਖੀ ਜਾਵੇ ਤਾਂ ਜੋ ਇਸ ਉਪਰ ਅੱਲਾਹ ਦੀ ਰਹਿਮਤ ਵਰ੍ਹਦੀ ਰਹੇ। ਇਸ ਦਾ ਕੋਈ ਲਿਖਤੀ ਸਬੂਤ ਤਾਂ ਮਿਲਦਾ ਨਹੀਂ।

ਸਮਕਾਲੀ ਇਤਿਹਾਸਕਾਰੀ ਵਿਚ ਜਹਾਂਗੀਰ ਦੇ ਮਕਬਰੇ ਦਾ ਕੋਈ ਬਹੁਤਾ ਜ਼ਿਕਰ ਨਹੀਂ ਆਉਂਦਾ। ਸਿਰਫ਼ ਸਮਕਾਲੀ ਇਤਿਹਾਸਕਾਰ ਮੁਹੰਮਦ ਸਾਲੇਹ ਕੰਬੋਹ ਆਪਣੀ ਕਿਤਾਬ ਅਮਲ-ਏ ਸਾਲੇਹ  ਵਿਚ ਇਸ ਦਾ ਕੁਝ ਵੇਰਵਾ ਦਿੰਦਾ ਹੈ ਅਤੇ ਲਿਖਦਾ ਹੈ ਕਿ ਇਸ ਦੀ ਉਸਾਰੀ ਵਿਚ ਦਸ ਸਾਲ ਲੱਗੇ ਸਨ। ਬਾਦਸ਼ਾਹ ਸ਼ਾਹਜਹਾਂ ਦੇ ਦਰਬਾਰੀ ਇਤਿਹਾਸਕਾਰਾਂ ਵੱਲੋਂ ਇਸ ਯਾਦਗਾਰ ਨੂੰ ਅਣਗੌਲਿਆਂ ਕਰਨਾ ਸਿੱਧ ਕਰਦਾ ਹੈ ਕਿ ਸ਼ਾਹਜਹਾਂ ਨੇ ਇਸ ਦੀ ਉਸਾਰੀ ਵਿਚ ਕੋਈ ਰੁਚੀ ਨਹੀਂ ਲਈ ਅਤੇ ਇਸ ਦੀ ਉਸਾਰੀ ਦਾ ਸਾਰਾ ਸਿਹਰਾ ਨੂਰਜਹਾਂ ਸਿਰ ਹੀ ਬੱਝਦਾ ਹੈ।

ਜਹਾਂਗੀਰ ਦੇ ਮਕਬਰੇ ਦੇ ਪੱਛਮ ਵੱਲ ਇਕ ਉਜੜਿਆ ਜਿਹਾ ਅੱਠਭੁਜਾ ਮਕਬਰਾ ਹੈ। ਲੱਗਦਾ ਹੈ ਕਿ ਇਸ ਉਪਰਲਾ ਪੱਥਰ ਕਿਸੇ ਨੇ ਉਧੇੜ ਲਿਆ ਹੈ। ਇਹ ਮਕਬਰਾ ਜਹਾਂਗੀਰ ਦੇ ਸਾਲ਼ੇ, ਸ਼ਾਹਜਹਾਂ ਦੇ ਸਹੁਰੇ ਅਤੇ ਨੂਰਜਹਾਂ ਦੇ ਭਰਾ ਆਸਫ਼ ਖ਼ਾਨ ਦਾ ਹੈ ਜਿਸ ਦਾ ਅਸਲ ਨਾਂ ਅਬੁਲ ਹਸਨ ਸੀ। ਉਂਜ ਜੇਕਰ ਇਸਦੀ ਭੰਨ-ਤੋੜ ਨਾ ਵੀ ਕੀਤੀ ਗਈ ਹੁੰਦੀ ਤਾਂ ਵੀ ਇਹ ਇਮਾਰਤ ਆਗਰੇ ਵਿਖੇ ਨੂਰਜਹਾਂ ਦੇ ਪਿਤਾ ਦੇ ਮਕਬਰੇ ਦੀ ਇਮਾਰਤ ਦੇ ਪਾਸਕੂ ਵੀ ਨਹੀਂ। ਇਸ ਦੇ ਦੋ ਕਾਰਨ ਹੋ ਸਕਦੇ ਹਨ। ਪਹਿਲਾ ਤਾਂ ਇਹ ਕਿ ਆਪਣੇ ਪਿਤਾ ਦੀ ਮ੍ਰਿਤੂ ਸਮੇਂ ਨੂਰਜਹਾਂ ਆਪਣੇ ਪੂਰੇ ਜਵਾਲ ’ਤੇ ਸੀ, ਪਰ ਆਸਫ਼ ਖ਼ਾਨ ਦੇ ਮਕਬਰੇ ਦੀ ਉਸਾਰੀ ਸਮੇਂ ਉਹ 68 ਸਾਲ ਦੀ ਬੁੱਢੀ ਸੀ ਅਤੇ ਰਾਜਸੱਤਾ ਦੇ ਗਲਿਆਰਿਆਂ ਤੋਂ ਬਾਹਰ। ਦੂਜਾ ਇਹ ਵੀ ਕਿ ਉਸ ਨੂੰ ਸੱਤਾ ਤੋਂ ਬਾਹਰ ਕਰਨ ਵਾਲਾ ਉਸ ਦਾ ਭਰਾ ਆਸਫ਼ ਖ਼ਾਨ ਹੀ ਸੀ।

ਆਪਣੇ ਜੀਵਨ ਕਾਲ ਦੌਰਾਨ ਆਸਫ਼ ਖ਼ਾਨ ਨੇ ਸ਼ਾਨ-ਓ-ਸ਼ੌਕਤ ਦੀਆਂ ਬੁਲੰਦੀਆਂ ਮਾਣੀਆਂ ਸਨ। ਆਪਣੇ ਪਿਤਾ ਦੀ ਮੌਤ ਮਗਰੋਂ ਉਹ ਜਹਾਂਗੀਰ ਦਾ ਵਜ਼ੀਰ ਅਤੇ ਵਕੀਲ ਨਿਯੁਕਤ ਹੋ ਗਿਆ ਸੀ ਜੋ ਕਿ ਮੁਗ਼ਲ ਰਾਜ ਦੌਰਾਨ ਸਭ ਤੋਂ ਸ਼ਕਤੀਸ਼ਾਲੀ ਅਹੁਦੇਦਾਰ ਸੀ। ਉਸ ਨੇ ਲਾਹੌਰ ਵਿਚ ਆਪਣੇ ਲਈ ਇਕ ਮਹਿਲ ਦੀ ਉਸਾਰੀ ਵੀ ਕਰਵਾਈ ਸੀ ਜਿਸ ਦੀ ਪ੍ਰਸ਼ੰਸਾ ਸਮਕਾਲੀ ਯੂਰਪੀ ਯਾਤਰੀ ਵੀ ਕਰਦੇ ਸਨ। ‘ਹਾਲਾਤ-ਏ ਆਸਫ਼ ਖ਼ਾਨ’ ਨਾਂ ਦਾ ਇਕ ਖਰੜਾ ਐਡਿਨਬਰਗ ਯੂਨੀਵਰਸਿਟੀ (ਸਕਾਟਲੈਂਡ) ਵਿਚ ਮਿਲਦਾ ਹੈ ਜਿਸ ਦੇ ਲੇਖਕ ਦਾ ਨਾਂ ਨਹੀਂ ਪਤਾ। ਆਸਫ਼ ਖ਼ਾਨ ਦੀ ਪ੍ਰਸ਼ੰਸਾ ਵਿਚ ਇਕ ਕਸੀਦਾ ਉਸ ਦੇ ਸਮਕਾਲੀ ਪੰਡਤ ਰਾਜਾ ਜਗਨ ਨਾਥ ਨੇ ਵੀ ਲਿਖਿਆ ਸੀ। ‘ਆਸਫ਼-ਵਿਲਾਸ’ ਨਾਂ ਦੀ ਇਹ ਲਿਖਤ ਹੁਣ ਅਧੂਰੇ ਰੂਪ ਵਿਚ ਹੀ ਮਿਲਦੀ ਹੈ। ਉਸ ਦਾ ਦੇਹਾਂਤ 72 ਵਰ੍ਹੇ ਦੀ ਉਮਰ ਵਿਚ ਨਵੰਬਰ 1641 ਵਿਚ ਲਾਹੌਰ ਵਿਖੇ ਹੋਇਆ ਸੀ।

ਆਸਫ਼ ਖ਼ਾਨ ਦੇ ਮਕਬਰੇ ਨੇੜੇ ਹੀ ਨੂਰਜਹਾਂ ਬੇਗ਼ਮ ਦਾ ਮਕਬਰਾ ਹੈ ਜੋ ਆਪਣੇ ਭਰਾ ਦੀ ਮੌਤ ਤੋਂ ਚਾਰ ਸਾਲ ਮਗਰੋਂ 72 ਸਾਲ ਦੀ ਹੀ ਉਮਰ ਵਿਚ ਫ਼ੌਤ ਹੋਈ ਸੀ। ਨੂਰਜਹਾਂ ਮੁਗ਼ਲ ਕਾਲ ਦੀ ਸਭ ਤੋਂ ਸ਼ਕਤੀਸ਼ਾਲੀ ਬੇਗ਼ਮ ਸੀ ਅਤੇ ਜਹਾਂਗੀਰ ਦੇ ਰਾਜ ਦੇ ਅੰਤਿਮ ਸਾਲਾਂ ਦੌਰਾਨ ਬਾਦਸ਼ਾਹ ਤਾਂ ਸਿਰਫ਼ ਨਾਂ ਦਾ ਹਾਕਮ ਸੀ, ਅਸਲ ਹਾਕਮ ਨੂਰਜਹਾਂ ਬੇਗ਼ਮ ਹੀ ਸੀ। ਇਸ ਦਾ ਸਬੂਤ ਇਸ ਤੱਥ ਤੋਂ ਵੀ ਮਿਲਦਾ ਹੈ ਕਿ ਉਹ ਇਕੋ ਇਕ ਮੁਗ਼ਲ ਬੇਗ਼ਮ ਹੈ ਜਿਸ ਦੇ ਨਾਂ ਦੇ ਸਿੱਕੇ ਵੀ ਜਾਰੀ ਕੀਤੇ ਗਏ। ਨਹੀਂ ਤਾਂ ਇਹ ਅਧਿਕਾਰ ਸਿਰਫ਼ ਬਾਦਸ਼ਾਹ ਦਾ ਹੀ ਹੁੰਦਾ ਸੀ।

ਨੂਰਜਹਾਂ ਦੇ ਮਕਬਰੇ ਦੀ ਇਮਾਰਤ ਲਾਲ ਪੱਥਰ ਦੀ ਬਣੀ ਹੋਈ ਹੈ ਅਤੇ ਇਸ ਉੱਪਰ ਵੀ ਕੋਈ ਗੁੰਬਦ ਨਹੀਂ ਹੈ। ਮਕਬਰੇ ਅੰਦਰਲੀਆਂ ਮਾਂ ਅਤੇ ਧੀ ਦੀਆਂ ਸੰਗਮਰਮਰ ਦੀਆਂ ਦੋਵੇਂ ਕਬਰਾਂ ਦੀ ਉਸਾਰੀ 1912 ਵਿਚ ਦਿੱਲੀ ਦੇ ਹਕੀਮ ਅਜ਼ਮਲ ਖ਼ਾਨ ਨੇ ਕਰਵਾਈ ਸੀ 

ਜਿਨ੍ਹਾਂ ਦਾ ਡਿਜ਼ਾਈਨ ਜਹਾਂਗੀਰ ਬਾਦਸ਼ਾਹ ਦੀ ਕਬਰ ਤੋਂ ਲਿਆ ਗਿਆ ਸੀ।

ਗਿਆਸਬੇਗ਼-ਨੂਰਜਹਾਂ-ਆਸਫ਼ ਖ਼ਾਨ ਦਾ ਇਰਾਨੀ ਮੂਲ ਦਾ ਪਰਿਵਾਰ ਭਾਵੇਂ ਸ਼ੀਆ ਫ਼ਿਰਕੇ ਨਾਲ ਜੁੜਿਆ ਸੀ, ਪਰ ਇਹ ਤੱਥ ਉਨ੍ਹਾਂ ਦੇ  ਮੁਗ਼ਲ ਸਾਮਰਾਜ ਵਿਚ ਸਭ ਤੋਂ ਪ੍ਰਭਾਵਸ਼ਾਲੀ ਪਰਿਵਾਰ ਬਣਨ ਵਿਚ ਕੋਈ ਅੜਿੱਕਾ ਨਹੀਂ ਬਣਿਆ। ਸਾਰੀ ਗੱਲ ਵਿਅਕਤੀਗਤ ਯੋਗਤਾ ’ਤੇ ਖੜ੍ਹੀ ਸੀ। ਇਸ ਪਰਿਵਾਰ ਦੇ ਵੰਸ਼ਜ ਆਉਣ ਵਾਲੇ ਸਮੇਂ ਦੌਰਾਨ ਵੀ ਸੱਤਾ ਦੀਆਂ ਮੂਹਰਲੀਆਂ ਸਫ਼ਾਂ ਵਿਚ ਕ੍ਰਿਆਸ਼ੀਲ ਰਹੇ। ਤਾਜਮਹਿਲ ਵਰਗੀ ਲਾਸਾਨੀ ਇਮਾਰਤ ਆਸਫ਼ ਖ਼ਾਨ ਦੀ ਧੀ ਮੁਮਤਾਜ਼ ਦੀ ਹੀ ਯਾਦਗਾਰ ਹੈ। ਸ਼ਾਹਜਹਾਂ ਦੀ ਮੌਤ ਤੋਂ ਬਾਅਦ ਗੱਦੀ ’ਤੇ ਬੈਠਣ ਵਾਲਾ ਔਰੰਗਜ਼ੇਬ ਵੀ ਆਸਫ਼ ਖ਼ਾਨ ਦਾ ਹੀ ਦੋਹਤਾ ਸੀ ਅਤੇ ਇਹ ਲੜੀ ਅੱਗੇ ਵੀ ਚਲਦੀ ਰਹੀ।

ਉਨ੍ਹੀਵੀਂ ਸਦੀ ਤੀਕ ਸ਼ਾਹਦਰਾ ਦੇ ਇਨ੍ਹਾਂ ਤਿੰਨੇ ਸਮਾਰਕਾਂ ਦੀਆਂ ਵਲਗਣਾਂ ਜੁੜੀਆਂ ਹੋਈਆਂ ਸਨ, ਪਰ ਬਾਅਦ ਵਿਚ ਉਸਾਰੀ ਗਈ ਲਾਹੌਰ-ਪਿਸ਼ਾਵਰ ਰੇਲਵੇ ਲਾਈਨ ਨੇ ਨੂਰਜਹਾਂ ਦਾ ਮਕਬਰਾ ਵੱਖ ਕਰ ਦਿੱਤਾ। ਹਾਲ ਦੀ ਘੜੀ ਤਿੰਨਾਂ ਵਿਚੋਂ ਕੋਈ ਵੀ ਇਮਾਰਤ ਯੂਨੈਸਕੋ ਦੀ ਵਿਸ਼ਵ ਵਿਰਾਸਤਾਂ ਦੀ ਸੂਚੀ ਵਿਚ ਸ਼ਾਮਿਲ ਨਹੀਂ, ਪਰ ਪਾਕਿਸਤਾਨ ਸਰਕਾਰ ਜਹਾਂਗੀਰ ਦੇ ਮਕਬਰੇ ਨੂੰ ਇਸ ਸੂਚੀ ਵਿਚ ਦਰਜ ਕਰਵਾਉਣ ਲਈ ਯਤਨਸ਼ੀਲ ਹੈ।

ਸੰਪਰਕ: 98728-22417
ਈ-ਮੇਲ: sparihar48@gmail.com

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਮੁੱਖ ਖ਼ਬਰਾਂ

ਉਤਰੀ ਭਾਰਤ ਵਿਚ ਮੀਂਹ ਕਾਰਨ ਪਾਰਾ 11 ਡਿਗਰੀ ਹੇਠਾਂ ਡਿੱਗਿਆ

ਉਤਰੀ ਭਾਰਤ ਵਿਚ ਮੀਂਹ ਕਾਰਨ ਪਾਰਾ 11 ਡਿਗਰੀ ਹੇਠਾਂ ਡਿੱਗਿਆ

ਦਿੱਲੀ ਵਿਚ ਹਨੇਰੀ ਚੱਲਣ ਤੋਂ ਬਾਅਦ ਭਾਰੀ ਮੀਂਹ; ਰਾਜਸਥਾਨ, ਬਿਹਾਰ ਸਣੇ ...

ਦਿੱਲੀ ਵਿੱਚ ਭਾਰੀ ਮੀਂਹ ਕਾਰਨ 20 ਉਡਾਣਾਂ ਪ੍ਰਭਾਵਿਤ; ਕੇਦਾਰਨਾਥ ਵਿੱਚ ਬਰਫਬਾਰੀ

ਦਿੱਲੀ ਵਿੱਚ ਭਾਰੀ ਮੀਂਹ ਕਾਰਨ 20 ਉਡਾਣਾਂ ਪ੍ਰਭਾਵਿਤ; ਕੇਦਾਰਨਾਥ ਵਿੱਚ ਬਰਫਬਾਰੀ

ਘੱਟੋ ਘੱਟ ਤਾਪਮਾਨ 17.2 ਡਿਗਰੀ ’ਤੇ ਪੁੱਜਿਆ; ਦਹਾਕਿਆਂ ਦਾ ਰਿਕਾਰਡ ਟੁੱ...

ਯੂਪੀ: ਰੌਲੇ ਰੱਪੇ ਕਾਰਨ ਵਿਧਾਨ ਸਭਾ ਦੀ ਕਾਰਵਾਈ ਭਲਕ ਤਕ ਮੁਲਤਵੀ

ਯੂਪੀ: ਰੌਲੇ ਰੱਪੇ ਕਾਰਨ ਵਿਧਾਨ ਸਭਾ ਦੀ ਕਾਰਵਾਈ ਭਲਕ ਤਕ ਮੁਲਤਵੀ

ਸਮਾਜਵਾਦੀ ਪਾਰਟੀ ਦੇ ਵਿਧਾਇਕਾਂ ਵੱਲੋਂ ਕੀਤੀ ਗਈ ਸੀ ਨਾਅਰੇਬਾਜ਼ੀ

ਸ਼ਹਿਰ

View All