DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇੰਜ ਵੀ ਟੁੱਟਦੀ ਹੈ ਦੋਸਤੀ

ਕਰਨ ਸਿੱੱਧੇ ਤੌਰ ’ਤੇ ਮੇਰਾ ਦੋਸਤ ਨਹੀਂ ਸੀ। ਉਸ ਦੀ ਮੇਰੇ ਨਾਲ ਦੋਸਤੀ ਮੇੇਰੇ ਪੁਰਾਣੇ ਦੋਸਤ ਹਰਮੀਤ ਰਾਹੀਂ ਹੋਈ ਸੀ, ਜਿਸ ਨਾਲ ਮੇਰੇ ਪੁਰਾਣੇ ਪਰਿਵਾਰਕ ਸਬੰਧ ਸਨ। ਉਹ ਮੈਨੂੰ ਦੋ-ਤਿੰਨ ਵਾਰ ਹਰਮੀਤ ਨਾਲ ਹੀ ਆਪਣੇ ਪਰਿਵਾਰ ਸਮੇਤ ਮਿਲਿਆ ਸੀ। ਸਾਡੇ...

  • fb
  • twitter
  • whatsapp
  • whatsapp
Advertisement

ਕਰਨ ਸਿੱੱਧੇ ਤੌਰ ’ਤੇ ਮੇਰਾ ਦੋਸਤ ਨਹੀਂ ਸੀ। ਉਸ ਦੀ ਮੇਰੇ ਨਾਲ ਦੋਸਤੀ ਮੇੇਰੇ ਪੁਰਾਣੇ ਦੋਸਤ ਹਰਮੀਤ ਰਾਹੀਂ ਹੋਈ ਸੀ, ਜਿਸ ਨਾਲ ਮੇਰੇ ਪੁਰਾਣੇ ਪਰਿਵਾਰਕ ਸਬੰਧ ਸਨ। ਉਹ ਮੈਨੂੰ ਦੋ-ਤਿੰਨ ਵਾਰ ਹਰਮੀਤ ਨਾਲ ਹੀ ਆਪਣੇ ਪਰਿਵਾਰ ਸਮੇਤ ਮਿਲਿਆ ਸੀ। ਸਾਡੇ ਬੱਚੇ ਇੱਕੋ ਜਿਹੀ ਉਮਰ ਦੇ ਸਨ, ਉਹ ਆਪਸ ਵਿੱਚ ਚੰਗਾ ਘੁਲ-ਮਿਲ ਗਏ ਅਤੇ ਸਾਡੀਆਂ ਪਤਨੀਆਂ ਦੇ ਸੁਭਾਅ ਵੀ ਆਪਸ ਵਿੱਚ ਮਿਲਦੇ ਸਨ, ਜਿਸ ਕਰਕੇ ਸਾਡਾ ਮਿਲਣਾ-ਜੁਲਣਾ ਸ਼ੁਰੂ ਹੋ ਗਿਆ। ਮੈਨੂੰ ਕਰਨ ਦਾ ਸੁਭਾਅ ਠੀਕ ਲੱਗਦਾ ਸੀ ਪਰ ਕਈ ਵਾਰ ਗੱਲਾਂ ਬਾਤਾਂ ਤੋਂ ਲੱਗਦਾ ਸੀ ਕਿ ਉਹ ਖੁੰਦਕੀ ਜਿਹਾ ਬੰਦਾ ਹੈ। ਉਹ ਆਪਣੇ ਜਾਣ-ਪਛਾਣ ਵਾਲਿਆਂ ਜਾਂ ਦੋਸਤਾਂ ਤੋਂ ਕਾਫ਼ੀ ਜ਼ਿਆਦਾ ਉਮੀਦ ਰੱਖਦਾ ਸੀ। ਉਸ ਨੂੰ ਲੱਗਦਾ ਸੀ ਕਿ ਸਾਹਮਣੇ ਵਾਲੇ ਨੂੰ ਉਸ ਦੀ ਮਦਦ ਲਾਜ਼ਮੀ ਤੌਰ ’ਤੇ ਹੀ ਕਰਨੀ ਚਾਹੀਦੀ ਹੈ। ਹਾਲਾਂਕਿ ਇਹ ਨਹੀਂ ਪਤਾ ਕਿ ਉਹ ਆਪ ਵੀ ਕਿਸੇ ਦੇ ਕਿੰਨਾ ਕੁ ਕੰਮ ਆਉਂਦਾ ਸੀ ਕਿਉਂਕਿ ਮੈਨੂੰ ਉਸ ਤੋਂ ਅਜਿਹੀ ਮਦਦ ਦੀ ਕਦੇ ਲੋੜ ਨਹੀਂ ਸੀ ਪਈ।

ਇੱਕ ਦਿਨ ਮੈਨੂੰ ਪਤਾ ਲੱਗਾ ਕਿ ਕਰਨ ਦੀ ਹਰਮੀਤ ਨਾਲ ਕਿਸੇ ਨਾਰਾਜ਼ਗੀ ਕਰਕੇ ਬੋਲਚਾਲ ਬੰਦ ਹੋ ਗਈ ਸੀ। ਉਹ ਦੋਵੇਂ ਇੱਕੋ ਮਹਿਕਮੇ ਵਿੱਚ ਨੌਕਰੀ ਕਰਦੇ ਸਨ। ਪਤਾ ਲੱਗਾ ਕਿ ਕਰਨ ਦੇ ਕਿਸੇ ਰਿਸ਼ਤੇਦਾਰ ਨੇ ਪਟਿਆਲਾ ਵਿੱਚ ਕਿਸੇ ਨੌਕਰੀ ਸਬੰਧੀ ਇਮਤਿਹਾਨ ਦੇਣ ਜਾਣਾ ਸੀ ਤੇ ਹਰਮੀਤ ਦਾ ਵੱਡਾ ਭਰਾ ਉਸ ਇਮਤਿਹਾਨ ਲੈਣ ਵਾਲੇ ਦਫ਼ਤਰ ਵਿੱਚ ਨੌਕਰੀ ਕਰਦਾ ਸੀ ਅਤੇ ਇਨਵਿਜੀਲੇਟਰ ਵਜੋਂ ਡਿਊਟੀ ’ਤੇ ਵੀ ਸੀ। ਕਰਨ ਨੇ ਆਪਣੇ ਰਿਸ਼ਤੇਦਾਰ ਨੂੰ ਕਹਿ ਰੱਖਿਆ ਸੀ ਕਿ ਹਰਮੀਤ ਦਾ ਵੱਡਾ ਭਰਾ ਉਸ ਦੀ ਪੇਪਰਾਂ ਵਿੱਚ ਮਦਦ ਕਰੇਗਾ। ਮੈਂ ਸੋਚਣ ਲੱਗਿਆ ਕਿ ਅਜਿਹੇ ਮੁਕਾਬਲੇ ਵਾਲੀ ਪ੍ਰੀਖਿਆ ਵਿੱਚ ਕੀ ਕੋਈ ਇਨਵਿਜੀਲੇਟਰ ਕਿਸੇ ਦੀ ਮਦਦ ਕਰ ਸਕਦਾ ਹੈ? ਇਸ ਵਿੱਚ ਕਿਸੇ ਦੀਆਂ ਨੌਕਰੀ ਸਬੰਧੀ ਮਜਬੂਰੀਆਂ ਅਤੇ ਇਖਲਾਕੀ ਪਾਬੰਦੀਆਂ ਹੁੰਦੀਆਂ ਹਨ। ਇਸ ਬਾਰੇ ਤਾਂ ਕਰਨ ਵੀ ਭਲੀ-ਭਾਂਤ ਜਾਣੂ ਹੋਵੇਗਾ। ਗੱਲ ਕੀ, ਹਰਮੀਤ ਦੇ ਭਰਾ ਨੇ ਕਰਨ ਦੇ ਰਿਸ਼ਤੇਦਾਰ ਦੀ ਇਮਤਿਹਾਨ ਵਿੱਚ ਕੋਈ ਮਦਦ ਨਾ ਕੀਤੀ ਜਾਂ ਕਰ ਨਾ ਸਕਿਆ। ਸਿਰਫ਼ ਇਸ ਗੱਲ ਕਰਕੇ ਕਰਨ ਨੇ ਹਰਮੀਤ ਤੇ ਉਸ ਦੇ ਵੱਡੇ ਭਰਾ ਨਾਲ ਨਾਰਾਜ਼ਗੀ ਪ੍ਰਗਟ ਕੀਤੀ ਅਤੇ ਹੌਲੀ ਹੌਲੀ ਉਨ੍ਹਾਂ ਦੀ ਬੋਲ-ਚਾਲ ਵੀ ਬੰਦ ਹੋ ਗਈ। ਇਸ ਗੱਲ ਦਾ ਪਤਾ ਲੱਗਣ ’ਤੇ ਮੈਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕਈ ਵਾਰ ਅਸੀਂ ਕਿਸੇ ਦੀ ਮਦਦ ਕਰਨ ਦੇ ਚਾਹਵਾਨ ਹੁੰਦੇ ਹੋਏ ਵੀ ਮਦਦ ਨਹੀਂ ਕਰ ਸਕਦੇ। ਉਸ ਨੇ ਕਿਹਾ ਕਿ ਹਰਮੀਤ ਦੇ ਭਰਾ ਨੇ ਉਸ ਦੇ ਰਿਸ਼ਤੇਦਾਰ ਦੀ ਮਦਦ ਨਾ ਕਰਕੇ ਰਿਸ਼ਤੇਦਾਰੀ ਵਿੱਚ ਉਸ ਦੀ ਬੇਇੱਜ਼ਤੀ ਕਰਵਾ ਦਿੱਤੀ ਹੈ। ਮੈਂ ਇਸ ਵਿੱਚ ਹੋਰ ਦਖਲਅੰਦਾਜ਼ੀ ਨਾ ਕੀਤੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਮੈਂ ਆਪਣੇ ਦੋਸਤ ਹਰਮੀਤ ਅਤੇ ਉਸ ਦੇ ਭਰਾ ਦਾ ਪੱਖ ਪੂਰ ਰਿਹਾ ਹਾਂ।

Advertisement

ਚੱਲੋ, ਸਾਡੀ ਦੋਸਤੀ ਚਲਦੀ ਰਹੀ। ਅਸੀਂ ਇੱਕ ਦੂਜੇ ਨੂੰ ਪਰਿਵਾਰਕ ਤੌਰ ’ਤੇ ਮਿਲਦੇ-ਗਿਲਦੇ ਰਹੇ ਕਿਉਂਕਿ ਸਾਡੇ ਬੱਚਿਆਂ ਅਤੇ ਪਤਨੀਆਂ ਵਿੱਚ ਵੀ ਕਾਫ਼ੀ ਦਿਲੀ ਸਾਂਝ ਸੀ। ਕਰਨ ਅੰਮ੍ਰਿਤਸਰ ਇਲਾਕੇ ਦਾ ਰਹਿਣ ਵਾਲਾ ਸੀ। ਉਸ ਦਾ ਬਾਕੀ ਪਰਿਵਾਰ ਅਤੇ ਰਿਸ਼ਤੇਦਾਰੀਆਂ ਵੀ ਉਸ ਇਲਾਕੇ ਵਿੱਚ ਸਨ। ਇੱਕ ਵਾਰ ਉਸ ਦੀ ਅੰਮ੍ਰਿਤਸਰ ਵਿਖੇ ਬਦਲੀ ਹੋਣ ਦਾ ਸਬੱਬ ਬਣਦਾ ਸੀ। ਉਸ ਨੇ ਇਸ ਬਾਰੇ ਮੇਰੇ ਨਾਲ ਵੀ ਸਲਾਹ ਕੀਤੀ। ਉਸ ਦੇ ਬੱਚੇ ਅਤੇ ਪਤਨੀ ਪਟਿਆਲਾ ਵਿੱਚ ਹੀ ਰਹਿਣਾ ਚਾਹੁੰਦੇ ਸਨ ਕਿਉਂਕਿ ਉਨ੍ਹਾਂ ਦਾ ਇੱਥੇ ਦਿਲ ਲੱਗਾ ਹੋਇਆ ਸੀ। ਮੈਂ ਵੀ ਚਾਹੁੰਦਾ ਸਾਂ ਕਿ ਉਹ ਇੱਥੇ ਹੀ ਪਲਾਟ ਵਗੈਰਾ ਲੈ ਕੇ ਮਕਾਨ ਬਣਾ ਕੇ ਸੈਟਲ ਹੋ ਜਾਵੇ, ਪਰ ਉਸ ਨੇ ਆਪਣੀ ਮਨਮਰਜ਼ੀ ਕੀਤੀ, ਆਪਣੀ ਪਤਨੀ ਅਤੇ ਬੱਚਿਆਂ ਦੇ ਲਗਾਅ ਦੀ ਪਰਵਾਹ ਨਾ ਕਰਦੇ ਹੋਏ ਆਪਣੀ ਬਦਲੀ ਅੰਮ੍ਰਿਤਸਰ ਕਰਵਾ ਲਈ।

Advertisement

ਕਰਨ ਦੇ ਅੰਮ੍ਰਿਤਸਰ ਸ਼ਿਫਟ ਹੋਣ ਤੋਂ ਬਾਅਦ ਵੀ ਸਾਡਾ ਟੈਲੀਫੋਨ ਰਾਹੀਂ ਰਾਬਤਾ ਕਾਇਮ ਰਿਹਾ। ਮੈਂ 1996-97 ਵਿੱਚ ਪਟਿਆਲਾ ’ਚ ਆਪਣਾ ਮਕਾਨ ਬਣਾ ਲਿਆ ਸੀ। ਉਸ ਸਮੇਂ ਸਾਡੇ ਘਰ ਹਾਲੇ ਲੈਂਡਲਾਈਨ ਟੈਲੀਫੋਨ ਨਹੀਂ ਲੱਗਾ ਸੀ। ਛੁੱਟੀ ਵਾਲੇ ਦਿਨ ਕਿਸੇ ਨੂੰ ਫੋਨ ਕਰਨਾ ਹੁੰਦਾ ਤਾਂ ਪੀ ਸੀ ਓ ’ਤੇ ਜਾ ਕੇ ਕਰੀਦਾ ਸੀ। ਉਸ ਸਮੇਂ ਮੋਬਾਈਲ ਫੋਨ ਦਾ ਨਾਂ ਨਿਸ਼ਾਨ ਵੀ ਨਹੀਂ ਸੀ। ਇੱਕ ਸਵੇਰ ਛੁੱਟੀ ਵਾਲੇ ਦਿਨ ਮੈਂ ਸੋਚਿਆ ਕਿ ਅੰਮ੍ਰਿਤਸਰ ਫੋਨ ਕਰਕੇ ਕਰਨ ਦਾ ਹਾਲ-ਚਾਲ ਜਾਣਿਆ ਜਾਵੇ। ਪੀ ਸੀ ਓ ਮੇਰੇ ਘਰ ਦੇ ਨੇੜੇ ਹੀ ਸੀ। ਫੋਨ ਕਰਨ ਲਈ ਮੈਂ ਆਪਣੀ ਜੇਬ ਵਿੱਚ ਵੀਹ ਰੁਪਏ ਪਾ ਕੇ ਘਰੋਂ ਚੱਲ ਪਿਆ। ਮੈਂ ਸੋਚਿਆ ਕਿ ਗੱਲਬਾਤ ਕਰਨ ਲਈ ਵੀਹ ਰੁਪਏ ਕਾਫ਼ੀ ਹਨ। ਮੈਂ ਕਰਨ ਨੂੰ ਫੋਨ ਕਰ ਕੇ ਸਾਰਿਆਂ ਦਾ ਹਾਲ-ਚਾਲ ਜਾਣਿਆ। ਹਾਲ-ਚਾਲ ਪੁੱਛਣ ਤੋਂ ਬਾਅਦ ਉਸ ਨੇ ਆਪਣੇ ਕਿਸੇ ਰਿਸ਼ਤੇਦਾਰ ਦੀ ਗੱਲ ਸ਼ੁਰੂ ਕਰ ਲਈ। ਇਹ ਸਰਸਰੀ ਜਿਹੀ ਗੱਲ ਸੀ ਪਰ ਕਾਫ਼ੀ ਲੰਮੀ ਹੁੰਦੀ ਜਾਪਦੀ ਸੀ। ਮੇਰਾ ਧਿਆਨ ਆਪਣੀ ਜੇਬ ਵਿੱਚ ਪਏ ਵੀਹ ਰੁਪਏ ਅਤੇ ਪੀ ਸੀ ਓ ਦੇ ਮੀਟਰ ’ਤੇ ਚੱਲ ਰਹੇ ਟਾਈਮ ਅਤੇ ਵਧਦੇ ਜਾਂਦੇ ਪੈਸਿਆਂ ਵੱਲ ਸੀ। ਮੈਂ ਚਾਹੁੰਦਾ ਸੀ ਕਿ ਸਾਡੀ ਗੱਲਬਾਤ ਵੀਹ ਰੁਪਏ ਦੇ ਵਿੱਚ-ਵਿੱਚ ਹੀ ਖ਼ਤਮ ਹੋ ਜਾਵੇ ਤਾਂ ਜੋ ਮੈਨੂੰ ਸਵੇਰੇ-ਸਵੇਰੇ ਪੀ ਸੀ ਓ ਵਾਲੇ ਨਾਲ ਉਧਾਰ ਨਾ ਕਰਨਾ ਪਵੇ। ਇਸ ਲਈ ਜਦੋਂ ਸਾਡੀ ਗੱਲਬਾਤ ਉੱਨੀ ਕੁ ਰੁਪਏ ਤੱਕ ਪਹੁੰਚੀ ਤਾਂ ਮੈਂ ਉਸ ਨੂੰ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਆਪਾਂ ਇਸ ਬਾਰੇ ਫਿਰ ਕਿਸੇ ਦਿਨ ਗੱਲ ਕਰਾਂਗੇ, ਹੁਣ ਮੈਨੂੰ ਕੋਈ ਕੰਮ ਹੈ। ਇਹ ਕਹਿੰਦੇ ਹੋਏ ਮੈਂ ਫੋਨ ਬੰਦ ਕਰ ਦਿੱਤਾ।

ਸਾਡੀ ਇਸ ਗੱਲਬਾਤ ਮਗਰੋਂ ਕਾਫ਼ੀ ਦੇਰ ਮੈਨੂੰ ਕਰਨ ਦਾ ਕੋਈ ਫੋਨ ਨਾ ਆਇਆ। ਮੈਨੂੰ ਪਤਾ ਲੱਗਾ, ਇਸ ਦਰਮਿਆਨ ਉਹ ਆਪਣੇ ਪਰਿਵਾਰ ਨਾਲ ਪਟਿਆਲਾ ਆਇਆ ਪਰ ਸਾਨੂੰ ਮਿਲ ਕੇ ਨਹੀਂ ਗਿਆ। ਉਹ ਜਿਸ ਕੋਲ ਆਇਆ ਸੀ, ਉਹ ਵੀ ਮੇਰੇ ਜਾਣੂ ਸਨ। ਉਸ ਜਾਣੂ ਤੋਂ ਮੈਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਅਤੇ ਬੱਚੇ ਚਾਹੁੰਦੇ ਸਨ ਕਿ ਉਹ ਸਾਨੂੰ ਮਿਲ ਕੇ ਜਾਣ ਪਰ ਉਹ ਨਾ ਮੰਨਿਆ। ਇਸ ਉਪਰੰਤ ਦੋ-ਤਿੰਨ ਵਾਰ ਮੈਂ ਵੀ ਫੋਨ ’ਤੇ ਉਸ ਨਾਲ ਗੱਲ ਕਰਨੀ ਚਾਹੀ, ਪਰ ਉਸ ਨੇ ਮੇਰੀ ਆਵਾਜ਼ ਪਛਾਣ ਕੇ ਗੱਲ ਨਾ ਕੀਤੀ।

ਮੈਂ ਇਹ ਜਾਣ ਗਿਆ ਸੀ ਕਿ ਸਾਡੀ ਦੋਸਤੀ ਟੁੱਟਣ ਦਾ ਪੁਆੜਾ ਉਸ ਵੀਹ ਰੁਪਏ ਨੇ ਪਾਇਆ ਸੀ। ਕਈ ਵਾਰ ਸੋਚਦਾ ਹਾਂ ਕਿ ਜੇਕਰ ਉਸ ਦਿਨ ਪੀ ਸੀ ਓ ’ਤੇ ਜਾਣ ਸਮੇਂ ਮੈਂ ਆਪਣਾ ਪਰਸ ਨਾਲ ਲੈ ਜਾਂਦਾ ਤੇ ਉਸ ਦੀ ਪੂਰੀ ਗੱਲ ਸੁਣ ਲੈਂਦਾ ਤਾਂ ਸ਼ਾਇਦ ਉਹ ਦੋਸਤੀ ਨਾ ਟੁੱਟਦੀ, ਪਰ ਦਿਲ ਕਹਿੰਦਾ ਹੈ ਕਿ ਜੇਕਰ ਕੋਈ ਅਜਿਹੇ ਕਾਰਨਾਂ ਕਰਕੇ ਦੋਸਤੀ ਖ਼ਤਮ ਕਰਦਾ ਹੈ ਤਾਂ ਵੀਹ ਵਾਰ ਕਰੇ, ਕੋਈ ਅਫ਼ਸੋਸ ਨਹੀਂ।

ਸੰਪਰਕ: 98721-35264

Advertisement
×