DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਹਾਨਤਾ ਵੱਲ ਲਿਜਾਂਦੀ ਸੋਚ

ਉੱਘੇ ਪ੍ਰਚਾਰਕ ਸੰਤ ਸਿੰਘ ਮਸਕੀਨ ਕਹਿੰਦੇ ਸਨ ਕਿ ਦੁਨੀਆ ਭਰ ਵਿੱਚ ਅਜਿਹਾ ਕੋਈ ਸਕੂਲ ਨਹੀਂ ਬਣਿਆ, ਜੋ ਮਨੁੱਖ ਨੂੰ ਮਹਾਨ ਬਣਾ ਸਕੇ, ਸਗੋਂ ਮਨੁੱਖ ਨੂੰ ਮਹਾਨ ਬਣਾਉਣ ਵਾਲੇ ਉਸ ਦੀ ਸੋਚ, ਬੋਲਬਾਣੀ ਅਤੇ ਉਸ ਦੇ ਕਰਮ ਹੁੰਦੇ ਹਨ। ਮਨੁੱਖ ਦੀ...

  • fb
  • twitter
  • whatsapp
  • whatsapp
Advertisement

ਉੱਘੇ ਪ੍ਰਚਾਰਕ ਸੰਤ ਸਿੰਘ ਮਸਕੀਨ ਕਹਿੰਦੇ ਸਨ ਕਿ ਦੁਨੀਆ ਭਰ ਵਿੱਚ ਅਜਿਹਾ ਕੋਈ ਸਕੂਲ ਨਹੀਂ ਬਣਿਆ, ਜੋ ਮਨੁੱਖ ਨੂੰ ਮਹਾਨ ਬਣਾ ਸਕੇ, ਸਗੋਂ ਮਨੁੱਖ ਨੂੰ ਮਹਾਨ ਬਣਾਉਣ ਵਾਲੇ ਉਸ ਦੀ ਸੋਚ, ਬੋਲਬਾਣੀ ਅਤੇ ਉਸ ਦੇ ਕਰਮ ਹੁੰਦੇ ਹਨ। ਮਨੁੱਖ ਦੀ ਸੋਚ ਨਾਲ ਉਸ ਦੇ ਵਿਚਾਰ ਜੁੜੇ ਹੁੰਦੇ ਹਨ। ਨਕਾਰਾਤਮਕ ਸੋਚ ਮਨੁੱਖ ਨੂੰ ਤੰਗਦਿਲੀ, ਸਵਾਰਥ, ਲਾਲਚ, ਖੁਦਗਰਜ਼ੀ, ਕਰਨੀ ਤੇ ਕਥਨੀ ਵਿੱਚ ਫ਼ਰਕ ਰੱਖਣ ਦੇ ਰਾਹ ਤੋਰ ਦਿੰਦੀ ਹੈ, ਪਰ ਸਕਾਰਾਤਮਕ ਸੋਚ ਵਾਲਾ ਮਨੁੱਖ ਨਿੰਦਾ, ਚੁਗਲੀ ਅਤੇ ਆਲੋਚਨਾ ਤੋਂ ਦੂਰ ਰਹਿੰਦਾ ਹੈ। ਉਹ ਫਰਾਖ਼ਦਿਲ ਹੁੰਦਾ ਹੈ, ਉਸ ਦੀ ਸੋਚ ਉਸਾਰੂ ਹੁੰਦੀ ਹੈ। ਉਹ ਜ਼ਿੰਦਗੀ ਦੇ ਮਾੜੇ ਹਾਲਾਤ ਵਿੱਚ ਵੀ ਹੌਸਲੇ ਅਤੇ ਧੀਰਜ ਦਾ ਪੱਲਾ ਨਹੀਂ ਛੱਡਦਾ। ਉਹ ਸਭ ਦਾ ਹੁੰਦਾ ਹੈ, ਸਾਰੇ ਉਸ ਦੇ ਹੁੰਦੇ ਹਨ। ਉਸਾਰੂ ਸੋਚ ਵਾਲੇ ਲੋਕ ਭਵਿੱਖ ਦੇ ਸੁਪਨੇ ਵੇਖ ਕੇ ਆਪਣੇ ਆਪ ਨੂੰ ਉਲਝਾਉਣ ਅਤੇ ਅਤੀਤ ਦੇ ਮਾੜੇ ਸਮੇਂ ਨੂੰ ਯਾਦ ਕਰ ਕੇ ਪਛਤਾਉਣ ਨਾਲੋਂ ਆਪਣੇ ਦਿਮਾਗ਼ ਨੂੰ ਵਰਤਮਾਨ ’ਚ ਕੇਂਦਰਿਤ ਕਰ ਕੇ ਜ਼ਿੰਦਗੀ ਦਾ ਆਨੰਦ ਮਾਣਦੇ ਹਨ। ਮਹਾਤਮਾ ਬੁੱਧ ਕਹਿੰਦੇ ਹਨ ਕਿ ਸਕਾਰਾਤਮਕ ਅਤੇ ਨਕਾਰਾਤਮਕ ਵਿਚਾਰਾਂ ਵਾਲੇ ਲੋਕਾਂ ’ਚ ਇਹ ਫ਼ਰਕ ਹੁੰਦਾ ਹੈ ਕਿ ਹਾਂ-ਪੱਖੀ ਵਿਚਾਰਧਾਰਾ ਵਾਲੇ ਲੋਕ ਆਪਣੇ ਮਨ ਉੱਤੇ ਕਾਬੂ ਪਾ ਲੈਂਦੇ ਹਨ, ਇਸ ਲਈ ਉਹ ਸੁਖ ’ਚ ਹੰਕਾਰ ਨਹੀਂ ਕਰਦੇ ਅਤੇ ਦੁੱਖ ’ਚ ਨਿਰਾਸ਼ ਨਹੀਂ ਹੁੰਦੇ। ਮਨੁੱਖ ਨੂੰ ਮਾੜੀ ਸੋਚ ਤੋਂ ਮੁਕਤ ਹੋਣ ਦਾ ਹੌਸਲਾ ਕਰਨਾ ਚਾਹੀਦਾ ਹੈ। ਜਿੱਥੋਂ ਤੱਕ ਹੋ ਸਕੇ ਆਪਣੀ ਸੋਚ ਨੂੰ ਉਸਾਰੂ ਬਣਾਉਣਾ ਚਾਹੀਦਾ ਹੈ ਅਤੇ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਚਾਹੀਦਾ ਹੈ। ਮਨੁੱਖ ਦੀ ਸੋਚ ਹੀ ਇਹ ਤੈਅ ਕਰਦੀ ਹੈ ਕਿ ਉਸ ਨੇ ਆਪਣੀਆਂ ਗ਼ਲਤੀਆਂ ਨੂੰ ਪੌੜੀਆਂ ਬਣਾ ਕੇ ਉਨ੍ਹਾਂ ਤੋਂ ਸਿੱਖਣਾ ਹੈ ਜਾਂ ਫੇਰ ਨਕਾਰਾਤਮਕ ਸੋਚ ਨਾਲ ਗ਼ਲਤੀਆਂ ਦੇ ਸਮੁੰਦਰ ਵਿੱਚ ਡੁੱਬ ਕੇ ਆਪਣਾ ਅੱਗੇ ਵਧਣ ਦਾ ਰਾਹ ਬੰਦ ਕਰਨਾ ਹੈ।

ਮਰਹੂਮ ਰਾਸ਼ਟਰਪਤੀ ਡਾ. ਏ ਪੀ ਜੇ ਅਬਦੁਲ ਕਲਾਮ ਦੀ ਜ਼ਿੰਦਗੀ ਦੇ ਅਨੁਭਵ ਅਤੇ ਸੋਚ ਵਿੱਚੋਂ ਨਿਕਲੇ ਕੁਝ ਵਿਚਾਰ ਜਿਵੇਂ ਜਲਦੀ ਉੱਠੋ, ਆਰਾਮ ਨਾਲ ਬੋਲੋ, ਤਮੀਜ਼ ਨਾਲ ਖਾਓ, ਚੰਗੇ ਕੰਮ ਕਰੋ, ਸ਼ਾਂਤੀ ਨਾਲ ਕਮਾਓ, ਇਮਾਨਦਾਰੀ ਨਾਲ ਬਚਾਓ, ਸੋਚ ਕੇ ਖ਼ਰਚ ਕਰੋ, ਸਾਦੀ ਜ਼ਿੰਦਗੀ ਜੀਓ ਅਤੇ ਤਣਾਅ ਤੋਂ ਦੂਰ ਰਹੋ ਆਦਿ ਉਸਾਰੂ ਸੋਚ ਨੂੰ ਦਰਸਾਉਂਦੇ ਹਨ। ਹਰ ਇਨਸਾਨ ਨੂੰ ਉਨ੍ਹਾਂ ਦੀ ਇਸ ਸੋਚ ਉੱਤੇ ਅਮਲ ਕਰਨਾ ਚਾਹੀਦਾ ਹੈ। ਮਨੁੱਖ ਦੇ ਦੂਜਿਆਂ ਨਾਲ ਚੰਗੇ ਮਾੜੇ ਸੰਬੰਧ, ਉਸ ਦੀ ਦੋਸਤੀ, ਦੁਸ਼ਮਣੀ, ਰਿਸ਼ਤੇ ਨਿਭਾਉਣਾ, ਤੋੜਨਾ, ਈਰਖਾ ਕਰਨਾ, ਸਬਰ ਸੰਤੋਖ ਰੱਖਣਾ ਆਦਿ ਮਨੁੱਖ ਦੀ ਚੰਗੀ ਮਾੜੀ ਸੋਚ ਉੱਤੇ ਹੀ ਨਿਰਭਰ ਕਰਦੇ ਹਨ। ਸੋਚ ਕੇ ਬੋਲਣਾ ਅਤੇ ਚੰਗੇ ਕਰਮ ਕਰਨ ’ਤੇ ਹੀ ਸਾਡਾ ਭਵਿੱਖ ਨਿਰਭਰ ਕਰਦਾ ਹੈ। ਨਿਮਰਤਾ, ਸਤਿਕਾਰ ਅਤੇ ਇਨਸਾਨੀਅਤ ਦੇ ਗੁਣ ਮਨੁੱਖ ਵਿੱਚ ਉਸ ਦੀ ਚੰਗੀ ਸੋਚ ਹੀ ਪੈਦਾ ਕਰ ਸਕਦੀ ਹੈ। ਮਾੜੀ ਸੋਚ ਮਨੁੱਖ ਦੇ ਦਿਮਾਗ਼ ਨੂੰ ਉਸ ਦੇ ਕਾਬੂ ਵਿੱਚ ਨਹੀਂ ਰਹਿਣ ਦਿੰਦੀ, ਜਿਸ ਨਾਲ ਉਹ ਕ੍ਰੋਧ, ਗ਼ਲਤਫਹਿਮੀ ਅਤੇ ਚੰਗੇ ਮਾੜੇ ਵਿੱਚ ਫ਼ਰਕ ਕਰਨ ਦੀ ਸੂਝ-ਬੂਝ ਗੁਆ ਬੈਠਦਾ ਹੈ ਅਤੇ ਮਾੜੇ ਪਾਸੇ ਤੁਰ ਪੈਂਦਾ ਹੈ। ਦੁਰਯੋਧਨ ਆਪਣੀ ਮਾੜੀ ਸੋਚ, ਬੋਲਬਾਣੀ ਅਤੇ ਮਾੜੇ ਕਰਮਾਂ ਕਾਰਨ ਸਮਾਜ ਵਿੱਚ ਦੁਰਕਾਰਿਆ ਗਿਆ ਅਤੇ ਯੁਧਿਸ਼ਟਰ ਦੀ ਚੰਗੀ ਸੋਚ, ਬੋਲਬਾਣੀ ਅਤੇ ਚੰਗੇ ਕਰਮਾਂ ਨੇ ਉਸ ਨੂੰ ਸਨਮਾਨ ਦਾ ਪਾਤਰ ਬਣਾਇਆ। ਆਈਜ਼ੈੱਕ ਨਿਊਟਨ ਦੇ ਗੁਰੂਤਾ ਆਕਰਸ਼ਣ ਦੇ ਨਿਯਮ ਪਿੱਛੇ ਉਸ ਦੀ ਸੋਚ ਇਹ ਸੀ ਕਿ ਬਗ਼ੈਰ ਯਤਨ ਤੋਂ ਤੁਸੀਂ ਹੇਠਾਂ ਡਿੱਗ ਸਕਦੇ ਹੋ, ਉੱਚੇ ਨਹੀਂ ਉੱਠ ਸਕਦੇ। ਚੰਗੀ ਸੋਚ, ਬੋਲਬਾਣੀ ਅਤੇ ਚੰਗੇ ਕਰਮ ਮਨੁੱਖ ਦੀ ਸਮਾਜ ਵਿੱਚ ਵੱਖਰੀ ਪਛਾਣ ਬਣਾਉਂਦੇ ਹਨ। ਮਾੜੀ ਸੋਚ ਅਤੇ ਮਾੜੀ ਬੋਲਬਾਣੀ ’ਤੇ ਮਾੜੇ ਕਰਮਾਂ ਵਾਲੇ ਲੋਕਾਂ ਦੀ ਸੰਗਤ ਚੰਗੇ ਬੰਦੇ ਨੂੰ ਵੀ ਮਾੜਾ ਬਣਾ ਦਿੰਦੀ ਹੈ। ਸਮੁੰਦਰ ਦੇ ਖਾਰੇ ਪਾਣੀ ਵਿੱਚ ਮਿੱਠੇ ਪਾਣੀ ਵਾਲੀਆਂ ਨਦੀਆਂ ਵੀ ਆਪਣੀ ਹੋਂਦ ਗੁਆ ਬੈਠਦੀਆਂ ਹਨ। ਕੰਧਾਂ ਅਤੇ ਪੁਲ ਇੱਕੋ ਜਿਹੀਆਂ ਚੀਜ਼ਾਂ ਨਾਲ ਬਣੇ ਹੁੰਦੇ ਹਨ, ਪਰ ਪੁਲ ਜੋੜਦੇ ਹਨ ਅਤੇ ਦੀਵਾਰਾਂ ਵੰਡਦੀਆਂ ਹਨ। ਬੁੱਧੀ ਸਭ ਕੋਲ ਹੁੰਦੀ ਹੈ ਪਰ ਚੰਗੇ ਜਾਂ ਮਾੜੇ ਕਰਮ, ਇਮਾਨਦਾਰੀ ਜਾਂ ਬੇਈਮਾਨੀ ਮਨੁੱਖ ਕੋਲੋਂ ਉਸ ਦੀ ਸੋਚ ਹੀ ਕਰਵਾਉਂਦੀ ਹੈ। ਸਕਾਰਾਤਮਕ ਅਤੇ ਨਕਾਰਾਤਮਕ ਵਿਚਾਰਾਂ ਦਾ ਫ਼ਰਕ ਇਸ ਤੱਥ ਨੂੰ ਪ੍ਰਮਾਣਿਤ ਕਰਦਾ ਹੈ ਕਿ ਜ਼ਿੱਦ, ਗੁੱਸਾ, ਗ਼ਲਤੀ, ਲਾਲਚ ਅਤੇ ਅਪਮਾਨ ਖਰਾਦ ਵਾਂਗ ਹੁੰਦੇ ਹਨ, ਜੇਕਰ ਦੂਜਾ ਕਰੇ ਤਾਂ ਚੁਭਦੇ ਹਨ ਪਰ ਜੇਕਰ ਖ਼ੁਦ ਕਰੋ ਅਹਿਸਾਸ ਨਹੀਂ ਹੁੰਦਾ। ਅਮਰੀਕਾ ਦੇ ਮਰਹੂਮ ਰਾਸ਼ਟਰਪਤੀ ਅਬਰਾਹਮ ਲਿੰਕਨ ਕਹਿੰਦੇ ਸਨ ਕਿ ਜ਼ਿੰਦਗੀ ’ਚ ਇਹ ਸੋਚ ਬਣਾ ਕੇ ਰੱਖੋ ਕਿ ਉੱਡਣ ਲਈ ਇਜਾਜ਼ਤ ਦੀ ਲੋੜ ਨਹੀਂ ਕਿਉਂਕਿ ਖੰਭ ਮੇਰੇ ਹਨ ਅਤੇ ਆਸਮਾਨ ਕਿਸੇ ਦਾ ਨਹੀਂ। ਫੁੱਲਾਂ ਨੂੰ ਜਦੋਂ ਮਧੋਲਿਆ ਜਾਂਦਾ ਹੈ ਤਾਂ ਉਹ ਪਹਿਲਾਂ ਨਾਲੋਂ ਵੀ ਕਮਾਲ ਦੀ ਸੁਗੰਧ ਛੱਡਦੇ ਹਨ। ਸਫ਼ਲ ਇਨਸਾਨ ਦੀ ਨੀਂਹ ਉਸ ਦੀ ਅਗਾਂਹਵਧੂ ਸੋਚ ਹੀ ਹੁੰਦੀ ਹੈ। ਲੋਕ ਸ਼ੂਗਰ ਅਤੇ ਬਲੱਡ ਪ੍ਰੈੱਸ਼ਰ ਆਦਿ ਰੋਗਾਂ ਤੋਂ ਡਰਦੇ ਨਮਕ ਅਤੇ ਮਿੱਠਾ ਛੱਡ ਦਿੰਦੇ ਹਨ, ਪਰ ਚੰਗੀ ਸੋਚ ਲਈ ਮਾੜੀਆਂ ਆਦਤਾਂ ਨਹੀਂ ਛੱਡਦੇ। ਜ਼ਿੰਦਗੀ ਦੇ ਸਾਰੇ ਹਾਲਾਤ ਵਿੱਚ ਆਪਣੀ ਸੋਚ ਨੂੰ ਸੰਤੁਲਿਤ ਰੱਖੋ ਕਿਉਂਕਿ ਇਸ ਨਾਲ ਤੁਹਾਡੀ ਸ਼ਖ਼ਸੀਅਤ ਦਾ ਪ੍ਰਗਟਾਵਾ ਹੁੰਦਾ ਹੈ। ਸਫ਼ਲ ਹੋਣ ਦੀ ਸੋਚ ਰੱਖਣ ਵਾਲੇ ਲੋਕ ਨਤੀਜਿਆਂ ਦੀ ਯੋਜਨਾ ਨਹੀਂ ਬਣਾਉਂਦੇ ਸਗੋਂ ਉਹ ਸਹੀ ਸ਼ੁਰੂਆਤ ਦੀ ਯੋਜਨਾ ਬਣਾਉਂਦੇ ਹਨ। ਸਹੀ ਸ਼ੁਰੂਆਤ ਦੇ ਹੀ ਸਹੀ ਨਤੀਜੇ ਨਿਕਲਦੇ ਹਨ।

Advertisement

ਸੰਪਰਕ: 98726-27136

Advertisement

Advertisement
×