DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਗਲ਼ੀ ਨੰਬਰ ਕੋਈ ਨਹੀਂ...!

ਦੋ ਕੁ ਮਹੀਨੇ ਪਹਿਲਾਂ ਮੈਂ ਆਪਣੇ ਮਿੱਤਰ ਮਾਸਟਰ ਅਮਰੀਕ ਨੂੰ ਮਿਲਣ ਉਸ ਦੇ ਸਕੂਲ ਪਿੰਡ ਅਤਲਾ ਖੁਰਦ ਗਿਆ। ਉਹ ਪ੍ਰਾਇਮਰੀ ਦੇ ਬੱਚਿਆਂ ਨੂੰ ਪੜ੍ਹਾਉਦਾ ਹੈ। ਸਕੂਲ ਪਿੰਡ ਤੋਂ ਬਾਹਰ ਫਿਰਨੀ ’ਤੇ ਹੈ। ਬੱਚੇ ਬਾਹਰ ਗਰਾਊਂਡ ਵਿੱਚ ਖੇਡ ਰਹੇ ਸਨ। ਮੈਂ...

  • fb
  • twitter
  • whatsapp
  • whatsapp
Advertisement

ਦੋ ਕੁ ਮਹੀਨੇ ਪਹਿਲਾਂ ਮੈਂ ਆਪਣੇ ਮਿੱਤਰ ਮਾਸਟਰ ਅਮਰੀਕ ਨੂੰ ਮਿਲਣ ਉਸ ਦੇ ਸਕੂਲ ਪਿੰਡ ਅਤਲਾ ਖੁਰਦ ਗਿਆ। ਉਹ ਪ੍ਰਾਇਮਰੀ ਦੇ ਬੱਚਿਆਂ ਨੂੰ ਪੜ੍ਹਾਉਦਾ ਹੈ। ਸਕੂਲ ਪਿੰਡ ਤੋਂ ਬਾਹਰ ਫਿਰਨੀ ’ਤੇ ਹੈ। ਬੱਚੇ ਬਾਹਰ ਗਰਾਊਂਡ ਵਿੱਚ ਖੇਡ ਰਹੇ ਸਨ। ਮੈਂ ਤੇ ਮੇਰਾ ਮਿੱਤਰ ਵੀ ਗਰਾਊਂਡ ਵਿੱਚ ਹੀ ਟਹਿਲ ਰਹੇ ਸਨ। ਅਸੀਂ ਆਪਣੀਆਂ ਗੱਲਾਂ ਕਰ ਰਹੇ ਸਾਂ ਕਿ ਸਕੂਲ ਦੇ ਬਾਹਰ ਗਲੀ ਵਿੱਚ ਇੱਕ ਨਿੱਕੇ ਸਪੀਕਰ ’ਤੇ ਸਾਨੂੰ ਇੱਕ ਹੋਕਾ ਸੁਣਾਈ ਦਿੱਤਾ, ‘‘ਸਿਲਾਈ ਮਸ਼ੀਨਾਂ ਠੀਕ ਕਰਵਾ ਲਓ...ਗੈਸੀ ਚੁੱਲ੍ਹੇ ਠੀਕ ਕਰਵਾ ਲਓ...’’। ਅਮਰੀਕ ਨੇ ਮੈਨੂੰ ਪੁੱਛਿਆ, ‘‘ਤੂੰ ਹੋਕਾ ਸੁਣਿਆ ?’’ ‘‘ਹਾਂ’’ ਮੈਂ ਹੋਕੇ ਵੱਲ ਧਿਆਨ ਦਿੰਦਿਆਂ ਕਿਹਾ। ‘‘ਦੁਬਾਰਾ ਸੁਣ।’’ ਉਸ ਮੈਨੂੰ ਜ਼ੋਰ ਦੇ ਕੇ ਕਿਹਾ। ਜਦੋਂ ਅਗਲੀ ਵਾਰ ਹੋਕੇ ਦੀ ਆਵਾਜ਼ ਆਈ ਤਾਂ ਮੈਂ ਰਤਾ ਧਿਆਨ ਲਾ ਕੇ ਸੁਣੀ, ਪਰ ਹਾਲੇ ਵੀ ਮੇਰੇ ਪੱਲੇ ਕੋਈ ਖ਼ਾਸ ਗੱਲ ਨਾ ਪਈ। ‘‘ਕੀ ਪਤਾ ਲੱਗਿਆ...।’’ ਜੋ ਮੈਨੂੰ ਮਹਿਸੂਸ ਹੋਇਆ ਮੈਂ ਕਹਿ ਦਿੱਤਾ, ‘‘ਆਵਾਜ਼ ਕਾਫ਼ੀ ਪੱਕੀ ਹੈ ਤੇ ਕੁਝ ਸ਼ਬਦ ਨੱਕ ਵਿੱਚੋਂ ਬੋਲੇ ਗਏ ਹਨ।’’ ‘‘ਤੈਨੂੰ ਆਵਾਜ਼ ਦੀ ਪਛਾਣ ਨ੍ਹੀਂ ਆਈ...?’’ ਮੈਂ ਮੁੜ ਧਿਆਨ ਨਾਲ ਆਵਾਜ਼ ਸੁਣੀ। ਆਵਾਜ਼ ਜਾਣੀ-ਪਛਾਣੀ ਤਾਂ ਲੱਗ ਰਹੀ ਸੀ, ਪਰ ਹਾਲੇ ਵੀ ਸਿਆਣ ਨ੍ਹੀਂ ਸੀ ਆਈ। ਮੇਰੇ ਮਿੱਤਰ ਨੇ ਦੱਸਿਆ, ‘‘ਵੀਰ ਇਹ ਹੋਕਾ ‘ਗਲੀ ਨੰਬਰ ਕੋਈ ਨਹੀਂ’ ਦੇ ਰਿਹਾ ਹੈ।’’ ਮੇਰੇ ਦਿਮਾਗ ਦੇ ਘੋੜੇ ਦੌੜਨ ਲੱਗੇ, ‘‘ਹੈਂ... ਇਹ ਅਨੇਮਨ ਸਿੰਘ ਐ...। ਪੈਂਤੀ ਕਿਤਾਬਾਂ ਦਾ ਲੇਖਕ ਗਲੀਆਂ ਵਿੱਚ ਹੋਕੇ ਦਿੰਦਾ ਫਿਰਦੈ। ਕਿੰਨਾ ਉਹਦਾ ਪੰਜਾਬੀ ਮਾਂ ਬੋਲੀ ਲਈ ਸਾਹਿਤ ’ਤੇ ਕੀਤਾ ਕੰਮ ਬੋਲਦਾ ਹੈ।’’ ਥੋੜ੍ਹੀ ਦੇਰ ਲਈ ਤਾਂ ਮੈਂ ਸੁੰਨ ਹੀ ਹੋ ਗਿਆ ਸੀ। ਅਮਰੀਕ ਨੇ ਉਸ ਨੂੰ ਬੁਲਾਉਣ ਬਾਰੇ ਸੁਲ੍ਹਾ ਮਾਰੀ, ਪਰ ਮੈਂ ਰੋਕ ਦਿੱਤਾ। ਉਹ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਮਿਹਨਤ ਦਾ ਹੋਕਾ ਦੇ ਰਿਹਾ ਸੀ। ਅਮਰੀਕ ਨੇ ਦੱਸਿਆ ਕਿ ਉਹ ਅਕਸਰ ਉਸ ਨੂੰ ਸਕੂਲ ਮਿਲਣ ਆ ਜਾਂਦਾ ਸੀ ਤੇ ਪਲ ਦੋ ਪਲ ਆਰਾਮ ਕਰਕੇ ਚਾਹ-ਪਾਣੀ ਪੀ ਕੇ ਚਲਾ ਜਾਂਦਾ ਸੀ।

ਮੈਂ ਅਨੇਮਨ ਸਿੰਘ ਨੂੰ ਉਦੋਂ ਤੋਂ ਜਾਣਦਾ ਹਾਂ ਜਦੋਂ, ਉਹ ਮਾਨਸਾ ਬੱਸ ਅੱਡੇ ਕੋਲ ਹਕੀਮ ਦੇ ਕੰਮ ਕਰਦਾ ਸੀ। ਉਸ ਵੇਲੇ ਮੈਂ ਫ਼ੌਜ ’ਚ ਸੀ। ਬਾਅਦ ਵਿੱਚ ਉਹ ਹਕੀਮ ਦਾ ਦਵਾਖਾਨਾ ਬੰਦ ਹੋ ਗਿਆ ਸੀ। ਉਸ ਵੇਲੇ ਅਨੇਮਨ ਸਿੰਘ ਦੀਆਂ ਕਹਾਣੀਆਂ ਹਰਦੀਪ ਬੋਹਾ ਦੇ ਨਾਂ ਨਾਲ ਪੰਜਾਬੀ ਦੇ ਨਾਮਵਰ ਮੈਗਜ਼ੀਨਾਂ ’ਚ ਛਪਦੀਆਂ ਸਨ। ਜਦੋਂ ਉਸ ਦੀ ਕਹਾਣੀਆਂ ਦੀ ਪਹਿਲੀ ਕਿਤਾਬ ‘ਗਲ਼ੀ ਨੰਬਰ ਕੋਈ ਨਹੀਂ...!’ ਆਈ ਤਾਂ ਉਹ ਹਰਦੀਪ ਬੋਹਾ ਤੋਂ ਅਨੇਮਨ ਸਿੰਘ ਬਣ ਗਿਆ। ਉਸ ਦੀ ਇਸ ਕਿਤਾਬ ਨੇ ਸਾਹਿਤ ਪ੍ਰੇਮੀਆਂ ਵਿੱਚ ਉਸ ਦੀ ਚੰਗੀ ਪਛਾਣ ਬਣਾਈ। ਇਸ ਕਿਤਾਬ ਦੇ ਕਈ ਐਡੀਸ਼ਨ ਛਪੇ। ਉਸ ਨੂੰ ਬਹੁਤ ਮਾਣ-ਸਨਮਾਨ ਮਿਲੇ ਸਨ। ਉਸ ਨੇ ਬਾਲ ਸਾਹਿਤ ’ਤੇ ਵੀ ਕੰਮ ਕੀਤਾ। ਅਨੁਵਾਦ ਤੇ ਸੰਪਾਦਨਾ ਵੀ ਉਸ ਨੇ ਕਾਫ਼ੀ ਕੀਤੀ ਹੈ। ਮੈਂ ਥੋੜਾ ਪ੍ਰੇਸ਼ਾਨ ਸੀ ਕਿ ਗਲ਼ੀਆਂ ’ਚ ਮਸ਼ੀਨਾਂ ਤੇ ਗੈਸ ਚੁੱਲ੍ਹੇ ਠੀਕ ਕਰਨੇ ਉਸ ਨੇ ਕਦੋਂ ਤੋਂ ਸ਼ੁਰੂ ਕੀਤੇ ਸਨ।

Advertisement

ਮੈਨੂੰ ਯਾਦ ਹੈ ਉਸ ਨੇ ਮਾਨਸਾ ਵਿਖੇ ਰੋਜ਼ਾਨਾ ਛਪਦੇ ਵੱਡੇ ਅਖ਼ਬਾਰ ਦੇ ਦਫ਼ਤਰ ਵਿੱਚ ਵੀ ਕੰਮ ਕੀਤਾ ਸੀ, ਜੋ ਉਸ ਨੂੰ ਕੁਝ ਰਾਸ ਨਹੀਂ ਸੀ ਆਇਆ ਕਿਉਂਕਿ ਉਹ ਉਜਰਤ ਪੂਰੀ ਨਹੀਂ ਸੀ ਦਿੰਦੇ। ਢਿੱਡ ਦੀ ਅੱਗ ਲਈ ਇਨਸਾਨ ਨੂੰ ਬਹੁਤ ਕੁੱਝ ਕਰਨਾ ਪੈਂਦਾ। ਕਿਰਤ ਕਰਨੀ ਸਾਨੂੰ ਬਾਬੇ ਨਾਨਕ ਨੇ ਸਿਖਾਈ ਹੈ। ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ...। ਪਰ ਜਦੋਂ ਅਨੇਮਨ ਸਿੰਘ ਵਰਗੇ ਦਰਜਨਾਂ ਕਿਤਾਬਾਂ ਲਿਖਣ ਵਾਲਿਆਂ ਦੀ ਦਸ਼ਾ ਇਹ ਹੋਵੇ ਤਾਂ ਸਾਡੇ ਸਿਸਟਮ ਲਈ ਵੱਡੇ ਸਵਾਲ ਖੜ੍ਹੇ ਹੁੰਦੇ ਹਨ। ਕੀ ਸਾਡੀਆਂ ਸਰਕਾਰਾਂ ਨੂੰ ਅਜਿਹੇ ਲੇਖਕਾਂ ਦੀ ਬਾਂਹ ਨਹੀਂ ਫੜਨੀ ਚਾਹੀਦੀ ?

Advertisement

ਅਨੇਮਨ ਵਰਗੇ ਲੇਖਕ ਗਲੀਆਂ ਦੀ ਖਾਕ ਛਾਣਦੇ ਇੱਕ ਦਿਨ ਇੰਝ ਹੀ ਦੁਨੀਆ ਤੋਂ ਕੂਚ ਕਰ ਜਾਣਗੇ। ਮਗਰੋਂ ਹੋ ਸਕਦੈ ਕੋਈ ਸਾਹਿਤ ਸਭਾ ਉਸ ਦੀ ਯਾਦ ਵਿੱਚ ਪ੍ਰੋਗਰਾਮ ਰੱਖ ਲਵੇ। ਲੋੜ ਤਾਂ ਹੁਣ ਹੈ, ਉਸ ਦੀ ਹਿੰਮਤ ਵਧਾਉਣ ਦੀ ਤਾਂ ਜੋ ਉਹ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰ ਸਕੇ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਵੀ ਜਾਰੀ ਰੱਖ ਸਕੇ। ਮੈਨੂੰ ਇਹ ਵੀ ਪਤਾ ਲੱਗਿਆ ਉਹ ਅੱਜ-ਕੱਲ੍ਹ ਮਾਨਸਾ ਵਿੱਚ ਆਪਣੇ ਪਰਿਵਾਰ ਨਾਲ ਇੱਕ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈ। ਦਿਲ ਉਦਾਸ ਹੋਇਆ ਇਹ ਸੋਚ ਕੇ ਕਿ ਜਿਸ ਕੋਲ ਆਪਣਾ ਘਰ ਹੀ ਨਹੀਂ ਉਸ ਕੋਲ ਗਲੀ ਨੰਬਰ ਕਿੱਥੋਂ ਹੋਵੇਗਾ। ਸੱਚ ਹੀ ਅਨੇਮਨ ਦਾ ਗਲ਼ੀ ਨੰਬਰ ਕੋਈ ਨਹੀਂ...!

ਸੰਪਰਕ: 98143-98762

Advertisement
×