ਨੇਹਾ ਦੇ ਅਕਸ ’ਚੋਂ ਖ਼ੁਦ ਨੂੰ ਦੇਖਦਾ ਨੌਜਵਾਨ ਵਰਗ
ਜੰਤਰ-ਮੰਤਰ ’ਤੇ ਹੋਏ ਅੰਦੋਲਨ ਅਤੇ ਨੌਜਵਾਨ ਵਰਗ ਦੀ ਬੇਚੈਨੀ ’ਚੋਂ ਉੱਭਰਦਾ ਇੱਕ ਲੜਕੀ ਦਾ ਚਿਹਰਾ। ਨਾਅਰੇ ਲਾਉਂਦੀਆਂ ਕੁੜੀਆਂ ਦੀ ਭੀੜ ’ਚੋਂ ਵਾਰ-ਵਾਰ ਵੱਖਰੀ ਸੁਣਾਈ ਦਿੰਦੀ ਇੱਕ ਆਵਾਜ਼। ਆਵਾਜ਼ ਵਿੱਚ ਸਿਰਫ਼ ਗੁੱਸਾ ਹੀ ਨਹੀਂ ਸਗੋਂ ਸਵਾਲ ਹਨ, ਅਸਹਿਮਤੀ ਹੈ ਅਤੇ ਆਪਣੇ...
ਜੰਤਰ-ਮੰਤਰ ’ਤੇ ਹੋਏ ਅੰਦੋਲਨ ਅਤੇ ਨੌਜਵਾਨ ਵਰਗ ਦੀ ਬੇਚੈਨੀ ’ਚੋਂ ਉੱਭਰਦਾ ਇੱਕ ਲੜਕੀ ਦਾ ਚਿਹਰਾ। ਨਾਅਰੇ ਲਾਉਂਦੀਆਂ ਕੁੜੀਆਂ ਦੀ ਭੀੜ ’ਚੋਂ ਵਾਰ-ਵਾਰ ਵੱਖਰੀ ਸੁਣਾਈ ਦਿੰਦੀ ਇੱਕ ਆਵਾਜ਼। ਆਵਾਜ਼ ਵਿੱਚ ਸਿਰਫ਼ ਗੁੱਸਾ ਹੀ ਨਹੀਂ ਸਗੋਂ ਸਵਾਲ ਹਨ, ਅਸਹਿਮਤੀ ਹੈ ਅਤੇ ਆਪਣੇ ਭਵਿੱਖ ਨੂੰ ਲੈ ਕੇ ਬੇਚੈਨੀ ਵੀ ਹੈ। ਇਹ ਆਵਾਜ਼ ਹੈ ਨੇਹਾ ਬੋਰਾ ਦੀ। 29 ਸਾਲਾ ਨੇਹਾ ਅੱਜ ਭਾਰਤ ਦੀ ਵਿਦਿਆਰਥੀ ਰਾਜਨੀਤੀ ਵਿੱਚ ਤੇਜ਼ੀ ਨਾਲ ਉੱਭਰ ਰਹੇ ਨੌਜਵਾਨ ਚਿਹਰਿਆਂ ’ਚੋਂ ਇੱਕ ਹੈ। ਉਹ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਕੌਮੀ ਪ੍ਰਧਾਨ ਹੈ। ਉਹ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਪੀਐੱਚ.ਡੀ. ਕਰ ਰਹੀ ਹੈ। ਵਿਦਿਆਰਥੀ ਅੰਦੋਲਨਾਂ ਦੇ ਮੰਚ ਤੋਂ ਲੈ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਣ ਵਾਲੇ ਵਿਰੋਧ ਪ੍ਰਦਰਸ਼ਨਾਂ ਤੱਕ ਉਸ ਦੀ ਸਰਗਰਮ ਮੌਜੂਦਗੀ ਨੇ ਉਸ ਨੂੰ ਯੂਨੀਵਰਸਿਟੀ ਕੰਪਲੈਕਸ ਦੇ ਬਾਹਰ ਇੱਕ ਵਿਸ਼ੇਸ਼ ਪਛਾਣ ਦਿੱਤੀ ਹੈ, ਪਰ ਨੇਹਾ ਦੀ ਕਹਾਣੀ ਸਿਰਫ਼ ਇੱਕ ਵਿਦਿਆਰਥੀ ਆਗੂ ਦੇ ਉਭਾਰ ਦੀ ਕਹਾਣੀ ਨਹੀਂ ਹੈ। ਇਸ ਵਿੱਚ ਇੱਕ ਦਿਲਚਸਪ ਵਿਰੋਧਾਭਾਸ ਵੀ ਹੈ ਕਿ ਭਾਰਤੀ ਫ਼ੌਜ ਵਿੱਚ ਰਹੇ ਉਸ ਦੇ ਪਿਤਾ ਸੱਜੇ-ਪੱਖੀ ਰੁਝਾਨ ਰੱਖਦੇ ਹਨ ਜਦੋਂਕਿ ਨੇਹਾ ਨੇ ਆਪਣੇ ਲਈ ਖੱਬੇ-ਪੱਖੀ ਵਿਦਿਆਰਥੀ ਸਿਆਸਤ ਦਾ ਰਾਹ ਚੁਣਿਆ ਹੈ। ਉਹ ਮੰਨਦੀ ਹੈ ਕਿ ਉਸ ਦੀ ਸਿਆਸੀ ਸੋਚ ਅਤੇ ਪਰਿਵਾਰ ਦੀ ਸਿਆਸੀ ਸਮਝ ਵਿੱਚ ਵੱਡਾ ਫ਼ਰਕ ਹੈ। ਇਹੋ ਵਿਰੋਧਾਭਾਸ ਉਸ ਦੀ ਸ਼ਖ਼ਸੀਅਤ ਨੂੰ ਸਮਝਣ ਦੀ ਪਹਿਲੀ ਕੁੰਜੀ ਹੈ।
ਖਟੀਮਾ ਤੋਂ ਦਿੱਲੀ ਤੱਕ: ਨੇਹਾ ਮੂਲ ਰੂਪ ਵਿੱਚ ਉੱਤਰਾਖੰਡ ਦੇ ਖਟੀਮਾ ਦੀ ਰਹਿਣ ਵਾਲੀ ਹੈ। ਫ਼ੌਜੀ ਪਿਤਾ ਦੇ ਪਰਿਵਾਰ ਵਿੱਚ ਜਨਮ ਲੈਣ ਕਰਕੇ ਉਸ ਦੇ ਬਚਪਨ ਦਾ ਇੱਕ ਹਿੱਸਾ ਵੱਖ-ਵੱਖ ਥਾਵਾਂ ’ਤੇ ਬੀਤਿਆ, ਪਰ ਉਸ ਦੀ ਅਗਲੇਰੀ ਪੜ੍ਹਾਈ ਦਿੱਲੀ ਨਾਲ ਜੁੜੀ ਰਹੀ। ਉਸ ਨੇ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਬਾਅਦ ਵਿੱਚ ਡਾ. ਬੀ ਆਰ ਅੰਬੇਡਕਰ ਯੂਨੀਵਰਸਿਟੀ, ਦਿੱਲੀ ਤੋਂ ਮਾਸਟਰਜ਼ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਉਸ ਦਾ ਅਕਾਦਮਿਕ ਸਫ਼ਰ ਉਸ ਨੂੰ ਜੇ ਐੱਨ ਯੂ ਤੱਕ ਲੈ ਆਇਆ, ਜਿੱਥੇ ਉਹ ਸਕੂਲ ਔਫ ਆਰਟਸ ਐਂਡ ਐਸਥੈਟਿਕਸ ਵਿੱਚ ਪੀਐੱਚ.ਡੀ. ਕਰ ਰਹੀ ਹੈ। ਇੰਜ ਅਕਾਦਮਿਕ ਤੌਰ ’ਤੇ ਉਹ ਥੀਏਟਰ ਅਤੇ ਪਰਫਾਰਮੈਂਸ ਸਟੱਡੀਜ਼ ਨਾਲ ਨੇੜਿਉਂ ਜੁੜੀ ਹੋਈ ਹੈ। ਥੀਏਟਰ ਹੀ ਉਸ ਦੇ ਸਿਆਸੀ ਜੀਵਨ ਦੀ ਸ਼ੁਰੂਆਤ ਦਾ ਵਸੀਲਾ ਬਣਿਆ। ਯੂਨੀਵਰਸਿਟੀ ਵਿੱਚ ਸਮਾਜਿਕ ਮੁੱਦਿਆਂ ’ਤੇ ਰੰਗਮੰਚ ਕਰਦਿਆਂ ਉਸ ਨੇ ਇਹ ਮਹਿਸੂਸ ਕੀਤਾ ਕਿ ਮੰਚ ਉੱਤੇ ਕਿਸੇ ਸਮਾਜਿਕ ਸਵਾਲ ਨੂੰ ਉਠਾਉਣਾ ਅਤੇ ਸੜਕ ’ਤੇ ਉਸੇ ਸਵਾਲ ਲਈ ਸੰਘਰਸ਼ ਕਰਨਾ, ਦੋ ਵੱਖ-ਵੱਖ ਚੀਜ਼ਾਂ ਨਹੀਂ ਹਨ।
ਥੀਏਟਰ ਤੋਂ ਅੰਦੋਲਨ ਤੱਕ: ਨੇਹਾ ਦੀ ਰਾਜਨੀਤਕ ਯਾਤਰਾ ਅਚਾਨਕ ਸ਼ੁਰੂ ਨਹੀਂ ਹੋਈ। ਸਮਾਜਿਕ ਮੁੱਦਿਆਂ ’ਤੇ ਥੀਏਟਰ ਕਰਦਿਆਂ ਉਸ ਨੇ ਯੂਨੀਵਰਸਿਟੀ ਦੇ ਅੰਦਰ ਹੋਣ ਵਾਲੀਆਂ ਬਹਿਸਾਂ ਅਤੇ ਅੰਦੋਲਨਾਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ। ਵਿਦਿਆਰਥੀ ਸਿਆਸਤ ਨਾਲ ਉਸ ਦਾ ਵਾਹ-ਵਾਸਤਾ ਵਧਿਆ ਅਤੇ ਉਹ ‘ਆਇਸਾ’ ਨਾਲ ਜੁੜ ਗਈ। ਸਾਲ 2019 ਦੇ ਨਾਗਰਿਕਤਾ ਸੋਧ ਕਾਨੂੰਨ ਯਾਨੀ ਸੀ ਏ ਏ ਵਿਰੁੱਧ ਹੋਇਆ ਅੰਦੋਲਨ ਉਸ ਦੇ ਸਿਆਸੀ ਜੀਵਨ ਵਿੱਚ ਇੱਕ ਅਹਿਮ ਮੋੜ ਸਾਬਿਤ ਹੋਇਆ। ਇੱਥੋਂ ਹੀ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਹੌਲੀ-ਹੌਲੀ ਕੁੱਲਵਕਤੀ ਵਿਦਿਆਰਥੀ ਕਾਰਕੁਨ ਦੀ ਭੂਮਿਕਾ ਨਿਭਾਉਣ ਲੱਗੀ। ਉਸ ਦੀ ਸਿਆਸੀ ਸਿੱਖਿਆ, ਵਿਦਿਆਰਥੀ ਅਧਿਕਾਰ, ਪ੍ਰੀਖਿਆ ਵਿਵਸਥਾ, ਰੁਜ਼ਗਾਰ, ਜਮਹੂਰੀ ਅਧਿਕਾਰ ਅਤੇ ਸਮਾਜਿਕ ਨਿਆਂ ਵਰਗੇ ਮੁੱਦਿਆਂ ਦੇ ਆਲੇ-ਦੁਆਲੇ ਵਿਕਸਿਤ ਹੋਈ। ‘ਆਇਸਾ’ ਵਿੱਚ ਜਥੇਬੰਦਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਉਹ ਜਥੇਬੰਦੀ ਦੀ ਕੇਂਦਰੀ ਲੀਡਰਸ਼ਿਪ ਤੱਕ ਪਹੁੰਚੀ। ਅੱਜ ਉਹ ਆਪਣੇ ਸੰਗਠਨ ਦੀ ਕੌਮੀ ਪ੍ਰਧਾਨ ਹੈ। ਇਸ ਲਈ ਉਸ ਨੂੰ ਸਿਰਫ਼ ਕਿਸੇ ਇੱਕ ਅੰਦੋਲਨ ਤੋਂ ਅਚਾਨਕ ਉੱਭਰੀ ਜਾਂ ‘ਵਾਇਰਲ’ ਹੋਈ ਵਿਦਿਆਰਥੀ ਨੇਤਾ ਵਜੋਂ ਦੇਖਣਾ ਉਸ ਬਾਰੇ ਅਧੂਰੀ ਸਮਝ ਹੋਵੇਗੀ। ਉਸ ਦੇ ਉੱਭਰਨ ਪਿੱਛੇ ਸਾਲਾਂ ਦੀ ਵਿਦਿਆਰਥੀ ਸਿਆਸਤ ਅਤੇ ਜਥੇਬੰਦਕ ਕੰਮ ਦਾ ਤਜਰਬਾ ਹੈ।
ਪਰਿਵਾਰ ਤੋਂ ਵੱਖਰਾ ਰਾਹ: ਨੇਹਾ ਦੀ ਸ਼ਖ਼ਸੀਅਤ ਦਾ ਸਭ ਤੋਂ ਦਿਲਚਸਪ ਪਹਿਲੂ ਸ਼ਾਇਦ ਇਹ ਹੈ ਕਿ ਉਹ ਜਿਸ ਪਰਿਵਾਰ ਵਿੱਚ ਜਨਮੀ ਹੈ, ਉਸ ਦਾ ਸਿਆਸੀ ਪਿਛੋਕੜ ਅਤੇ ਨੇਹਾ ਦੀ ਰਾਜਨੀਤੀ ਇੱਕੋ ਜਿਹੀ ਨਹੀਂ ਹੈ। ਇੱਕ ਪਾਸੇ ਭਾਰਤੀ ਫ਼ੌਜ ਵਿੱਚ ਰਹੇ ਉਸ ਦੇ ਪਿਤਾ ਅਨੇਕਾਂ ਹੋਰ ਭਾਰਤੀਆਂ ਵਾਂਗ ਸੱਜੇ-ਪੱਖੀ ਹਨ। ਦੂਜੇ ਪਾਸੇ, ਧੀ ਦੇਸ਼ ਦੇ ਪ੍ਰਮੁੱਖ ਖੱਬੇ-ਪੱਖੀ ਵਿਦਿਆਰਥੀ ਸੰਗਠਨਾਂ ਵਿੱਚੋਂ ਇੱਕ ਦੀ ਕੌਮੀ ਪ੍ਰਧਾਨ ਹੈ। ਨੇਹਾ ਖ਼ੁਦ ਵੀ ਇਸ ਫ਼ਰਕ ਨੂੰ ਲੁਕਾਉਂਦੀ ਨਹੀਂ ਹੈ। ਉਸ ਦਾ ਕਹਿਣਾ ਹੈ ਕਿ ਪਰਿਵਾਰ ਦੀ ਸੋਚ ਨਾਲੋਂ ਉਸ ਦੀ ਆਪਣੀ ਸਿਆਸੀ ਸੂਝ ਵੱਖਰੀ ਹੈ। ਉਸ ਨੇ ਆਪਣੇ ਵਿਸ਼ਵਾਸ ਦੇ ਆਧਾਰ ’ਤੇ ਆਪਣਾ ਰਾਹ ਚੁਣਿਆ। ਇਹੀ ਆਜ਼ਾਦੀ-ਬੋਧ ਉਸ ਦੀ ਸ਼ਖ਼ਸੀਅਤ ਦਾ ਇੱਕ ਅਹਿਮ ਪੱਖ ਹੈ। ਉਸ ਦੇ ਭਾਸ਼ਣਾਂ ਵਿੱਚ ਇੱਕ ਸਵਾਲ ਵਾਰ-ਵਾਰ ਉੱਭਰਦਾ ਹੈ- ਕੀ ਕਿਸੇ ਨੌਜਵਾਨ ਨੂੰ ਆਪਣੇ ਜੀਵਨ ਅਤੇ ਭਵਿੱਖ ਨਾਲ ਜੁੜੇ ਅਹਿਮ ਫ਼ੈਸਲਿਆਂ ਵਿੱਚ ਆਪਣੀ ਰਾਏ ਰੱਖਣ ਦਾ ਅਧਿਕਾਰ ਹੈ? ਨੇਹਾ ਲਈ ਇਹ ਸਵਾਲ ਨਿੱਜੀ ਵੀ ਹੈ ਅਤੇ ਸਿਆਸੀ ਵੀ।
ਤੇਈ ਦਿਨਾਂ ਦੀ ਭੁੱਖ ਹੜਤਾਲ: ਨੇਹਾ ਨੂੰ ਦੇਸ਼ ਭਰ ਵਿੱਚ ਸਭ ਤੋਂ ਵੱਧ ਪਛਾਣ ਜਿਸ ਸੰਘਰਸ਼ ਤੋਂ ਮਿਲੀ, ਉਹ ਹੈ ਦਿੱਲੀ ਦੇ ਜੰਤਰ-ਮੰਤਰ ’ਤੇ ਹੋਇਆ ਹਾਲੀਆ ਵਿਦਿਆਰਥੀ ਅੰਦੋਲਨ। ਪ੍ਰੀਖਿਆ ਵਿਵਸਥਾ, ਪੇਪਰ ਲੀਕ ਅਤੇ ਵਿਦਿਆਰਥੀਆਂ ਨਾਲ ਜੁੜੇ ਹੋਰ ਅਹਿਮ ਸਵਾਲਾਂ ਨੂੰ ਲੈ ਕੇ ਚੱਲੇ ਅੰਦੋਲਨ ਵਿੱਚ ਉਸ ਨੇ ਆਪਣੇ ਸੰਗਠਨ ਦੇ ਦੋ ਹੋਰ ਵਿਦਿਆਰਥੀ ਆਗੂਆਂ ਸਮੇਤ 23 ਦਿਨ ਦੀ ਭੁੱਖ ਹੜਤਾਲ ਕੀਤੀ। ਇਹ ਭੁੱਖ ਹੜਤਾਲ ਕੋਈ ਸਿਆਸੀ ਸਟੰਟ ਨਹੀਂ ਸੀ। ਤੇਈ ਦਿਨ ਭੁੱਖੇ ਰਹਿਣਾ ਕਿਸੇ ਵੀ ਉਮਰ ਵਿੱਚ ਇਨਸਾਨ ਲਈ ਬੜੀ ਗੰਭੀਰ ਸਰੀਰਕ ਚੁਣੌਤੀ ਹੈ। ਇਸ ਦੌਰਾਨ ਨੇਹਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਿਆਪਕ ਤੌਰ ’ਤੇ ਪ੍ਰਸਾਰਿਤ ਹੋਈਆਂ। ਕਮਜ਼ੋਰ ਹੁੰਦਾ ਸਰੀਰ ਪਰ ਸੱਤਾ ਦਾ ਲਗਾਤਾਰ ਜਾਰੀ ਵਿਰੋਧ ਉਸ ਦੀ ਜਨਤਕ ਪਛਾਣ ਦਾ ਹਿੱਸਾ ਬਣ ਗਿਆ। ਉਸ ਲਈ ਇਹ ਅੰਦੋਲਨ ਸਿਰਫ਼ ਉਸ ਦੇ ਸੰਗਠਨ ਦਾ ਕੋਈ ਐਕਸ਼ਨ ਨਹੀਂ ਸੀ। ਉਹ ਇਸ ਨੂੰ ਦੇਸ਼ ਭਰ ਦੇ ਵਿਦਿਆਰਥੀਆਂ ਅੰਦਰਲੀ ਵਿਆਪਕ ਬੇਚੈਨੀ ਨਾਲ ਜੋੜਦੀ ਹੈ। ਉਸ ਦਾ ਤਰਕ ਹੈ ਕਿ ਪ੍ਰੀਖਿਆ ਪ੍ਰਣਾਲੀ ’ਤੇ ਉੱਠ ਰਹੇ ਸਵਾਲ ਸਿਰਫ਼ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦਾ ਕੋਈ ਵਕਤੀ ਮਾਮਲਾ ਨਹੀਂ ਹੈ ਸਗੋਂ ਇਹ ਉਨ੍ਹਾਂ ਦੇ ਭਵਿੱਖ, ਰੁਜ਼ਗਾਰ ਅਤੇ ਜੀਵਨ ਦੀ ਦਿਸ਼ਾ ਨਾਲ ਜੁੜਿਆ ਪ੍ਰਸ਼ਨ ਹੈ। ਇਹ ਉਹ ਬਿੰਦੂ ਸੀ, ਜਿੱਥੇ ਨੇਹਾ ਦਾ ਚਿਹਰਾ ਸੰਗਠਨ ਦੀ ਹੱਦ ਤੋਂ ਬਾਹਰ ਦਿਖਾਈ ਦੇਣ ਲੱਗਾ।
ਦਾਅ ’ਤੇ ਲਾਈ ਜ਼ਿੰਦਗੀ: ਨੇਹਾ ਨੇ ਅੰਦੋਲਨ ਦੌਰਾਨ ਆਪਣੇ ਆਪ ਨੂੰ ਸਿਰਫ਼ ਭਾਸ਼ਣ ਦੇਣ ਅਤੇ ਨਾਅਰੇ ਲਾਉਣ ਤੱਕ ਸੀਮਿਤ ਨਹੀਂ ਰੱਖਿਆ ਸਗੋਂ 23 ਦਿਨ ਦੀ ਭੁੱਖ ਹੜਤਾਲ ਕਰ ਕੇ ਉਸ ਨੇ ਆਪਣਾ ਜੀਵਨ ਵੀ ਖ਼ਤਰੇ ਪਾਇਆ। ਉਹ ਮੰਨਦੀ ਹੈ ਕਿ ਸਰਕਾਰ ਖ਼ਿਲਾਫ਼ ਇਸ ਅੰਦੋਲਨ ਵਿੱਚ ਹਿੱਸਾ ਲੈਣ ਵਾਲਿਆਂ ਨੇ ‘ਆਪਣੀ ਜ਼ਿੰਦਗੀ ਦਾਅ ’ਤੇ ਲਾਈ’। ਇਹ ਵਾਕ ਉਸ ਦੀ ਸ਼ਖ਼ਸੀਅਤ ਨੂੰ ਸਮਝਣ ਲਈ ਬੜਾ ਅਹਿਮ ਹੈ। ਅੰਦੋਲਨ ਵਿੱਚ ਸਿਰਫ਼ ਮੰਚ ’ਤੇ ਭਾਸ਼ਣ ਦੇਣ ਤੱਕ ਸੀਮਿਤ ਨਾ ਰਹਿ ਕੇ ਉਹ ਖ਼ੁਦ ਸਿੱਧੇ ਤੌਰ ’ਤੇ ਉਸ ਸੰਘਰਸ਼ ਵਿੱਚ ਨਿੱਤਰੀ। ਇਸੇ ਕਾਰਨ ਹਮਾਇਤੀਆਂ ’ਚ ਉਸ ਦੀ ਸਾਖ ਇੱਕ ਅਜਿਹੀ ਨੇਤਾ ਦੀ ਬਣੀ ਹੈ, ਜੋ ‘ਦੂਜਿਆਂ ਨੂੰ ਸੰਘਰਸ਼ ਕਰਨ ਲਈ ਕਹਿਣ’ ਦੀ ਬਜਾਏ ਖ਼ੁਦ ਸੰਘਰਸ਼ ਵਿੱਚ ਉਤਰਦੀ ਹੈ।
ਸਿਆਹੀ ਤੋਂ ਬਣਿਆ ਨਵਾਂ ਪ੍ਰਤੀਕ: ਝਾਰਖੰਡ ਦੀ ਰਾਜਧਾਨੀ ਰਾਂਚੀ ’ਚ ਅੰਦੋਲਨਕਾਰੀ ਵਿਦਿਆਰਥੀਆਂ ਦੇ ਇੱਕ ਰੋਸ ਵਿਖਾਵੇ ਦੀ ਅਗਵਾਈ ਕਰਦਿਆਂ ਦੌਰਾਨ ਨੇਹਾ ਉੱਤੇ ਸੱਤਾ-ਪੱਖੀ ਵਿਅਕਤੀ ਵੱਲੋਂ ਕਾਲੀ ਸਿਆਹੀ ਸੁੱਟੇ ਜਾਣ ਦੀ ਘਟਨਾ ਨੇ ਉਸ ਦੀ ਜਨਤਕ ਸਾਖ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਚਿਹਰੇ ’ਤੇ ਸਿਆਹੀ ਪੈਣ ਤੋਂ ਬਾਅਦ ਵੀ ਉਸ ਨੇ ਪ੍ਰੇਸ਼ਾਨ ਹੋਣ ਤੇ ਅੰਦੋਲਨ ਤੋਂ ਪਿੱਛੇ ਹਟਣ ਦੀ ਬਜਾਏ ਉਸ ਸਿਆਹੀ ਨੂੰ ਵਿਰੋਧ ਦੇ ਪ੍ਰਤੀਕ ਵਜੋਂ ਪੇਸ਼ ਕੀਤਾ। ਉਸ ਨੇ ਕਿਹਾ, ‘‘ਇਸ ਸਿਆਹੀ ਨੂੰ ਮੈਂ ਮਾਣ ਨਾਲ ਕਬੂਲਦੀ ਹਾਂ ਅਤੇ ਇਸੇ ਸਿਆਹੀ ਨਾਲ ਅਸੀਂ ਨੌਜਵਾਨਾਂ ਅਤੇ ਦੇਸ਼ ਦਾ ਭਵਿੱਖ ਲਿਖਾਂਗੇ।’’ ਸਿਆਸੀ ਅੰਦੋਲਨਾਂ ਵਿੱਚ ਪ੍ਰਤੀਕ ਬੜੇ ਮਹੱਤਵਪੂਰਨ ਹੁੰਦੇ ਹਨ। ਨੇਹਾ ਦੇ ਮਾਮਲੇ ਵਿੱਚ 23 ਦਿਨ ਦੀ ਭੁੱਖ ਹੜਤਾਲ ਅਤੇ ਚਿਹਰੇ ’ਤੇ ਪਈ ‘ਸਿਆਹੀ’- ਦੋਵੇਂ ਤਸਵੀਰਾਂ ਇੱਕ ਅੰਦੋਲਨਕਾਰੀ ਵਜੋਂ ਨੇਹਾ ਦੀ ਸ਼ਖ਼ਸੀਅਤ ਦੀ ਪਛਾਣ ਬਣ ਗਈਆਂ ਹਨ।
ਆਮ ਲੜਕੀ ਦਾ ਚਿਹਰਾ: ਨੇਹਾ ਦੀ ਹਰਮਨ ਪਿਆਰਤਾ ਨੂੰ ਸਿਰਫ਼ ਉਸ ਦੇ ਆਪਣੀ ਜਥੇਬੰਦੀ ਵਿੱਚ ਇੱਕ ਪ੍ਰਮੁੱਖ ਅਹੁਦੇ ’ਤੇ ਹੋਣ ਦੇ ਆਧਾਰ ਤੋਂ ਸਮਝਣਾ ਮੁਸ਼ਕਿਲ ਹੈ। ਉਸ ਦੀ ਸਭ ਤੋਂ ਵੱਡੀ ਤਾਕਤ ਸ਼ਾਇਦ ਇਹ ਹੈ ਕਿ ਉਹ ਬਹੁਤ ਸਾਰੇ ਨੌਜਵਾਨਾਂ ਨੂੰ ‘ਆਪਣੇ ਵਰਗੀ’ ਲੱਗਦੀ ਹੈ। ਉਹ ਕਿਸੇ ਵੱਡੇ ਸੱਤਾਧਾਰੀ ਪਰਿਵਾਰ ਤੋਂ ਨਹੀਂ, ਉਸ ਦੀ ਪਛਾਣ ਸੰਸਦ ਮੈਂਬਰ, ਮੰਤਰੀ ਜਾਂ ਵਿਧਾਇਕ ਵਰਗੇ ਕਿਸੇ ਚੁਣੇ ਹੋਏ ਸਿਆਸੀ ਅਹੁਦੇ ਕਾਰਨ ਨਹੀਂ ਬਣੀ। ਉਸ ਦੀ ਪਛਾਣ ਇੱਕ ਵਿਦਿਆਰਥਣ, ਖੋਜਾਰਥੀ ਅਤੇ ਅੰਦੋਲਨਕਾਰੀ ਵਿਦਿਆਰਥੀ ਆਗੂ ਵਜੋਂ ਹੀ ਬਣੀ। ਯੂਨੀਵਰਸਿਟੀ ਵਿੱਚ ਪੜ੍ਹ ਰਹੀ ਇੱਕ ਲੜਕੀ ਦਾ ਵਿਦਿਆਰਥੀ ਜਥੇਬੰਦੀ ਦੀ ਕੌਮੀ ਪੱਧਰ ’ਤੇ ਅਗਵਾਈ ਕਰਨਾ ਆਪਣੇ ਆਪ ਵਿੱਚ ਬੜਾ ਅਹਿਮ ਹੈ। ਉਹ ਮੰਚ ਉੱਤੇ ਹਮਲਾਵਰ ਰੁਖ਼ ਅਪਣਾਉਂਦਿਆਂ ਨਾਅਰੇ ਲਾ ਸਕਦੀ ਹੈ, ਸਰਕਾਰ ਤੇ ਨਿਜ਼ਾਮ ’ਤੇ ਤਿੱਖੇ ਸਵਾਲ ਉਠਾ ਸਕਦੀ ਹੈ, ਪੁਲੀਸ ਕਾਰਵਾਈ ਦੀ ਆਲੋਚਨਾ ਕਰ ਸਕਦੀ ਹੈ, ਪਰ ਨਾਲ ਹੀ ਉਹ ਕੋਈ ਪੇਸ਼ੇਵਰ ਲੱਠਮਾਰ ਨੇਤਾ ਹੋਣ ਦੀ ਬਜਾਏ ਬਾਕਾਇਦਾ ਆਪਣੀ ਅਕਾਦਮਿਕ ਦੁਨੀਆ ਨਾਲ ਵੀ ਜੁੜੀ ਹੋਈ ਹੈ। ਇੱਕ ਖੋਜਾਰਥੀ ਅਤੇ ਇੱਕ ਅੰਦੋਲਨਕਾਰੀ ਵਜੋਂ ਇਹ ਦੂਹਰੀ ਪਛਾਣ ਉਸ ਨੂੰ ਹੋਰਨਾਂ ਨਾਲੋਂ ਨਿਖੇੜਦੀ ਹੈ।
ਧੜੱਲੇਦਾਰ ਸਿਆਸੀ ਕਾਰਕੁਨ: ਭਾਰਤ ਦੀ ਵਿਦਿਆਰਥੀ ਸਿਆਸਤ ’ਚ ਲੜਕੀਆਂ ਦਾ ਲੀਡਰਸ਼ਿਪ ਵਿੱਚ ਹੋਣਾ ਕੋਈ ਨਵੀਂ ਗੱਲ ਨਹੀਂ ਹੈ, ਪਰ ਕੌਮੀ ਪੱਧਰ ’ਤੇ ਲਗਾਤਾਰ ਸੜਕਾਂ ਅਤੇ ਅੰਦੋਲਨਾਂ ’ਚ ਸਰਗਰਮ ਰਹਿਣ ਵਾਲੀਆਂ ਆਗੂ ਲੜਕੀਆਂ ਦੀ ਗਿਣਤੀ ਬੜੀ ਸੀਮਿਤ ਰਹੀ ਹੈ। ਨੇਹਾ ਇਸ ਦ੍ਰਿਸ਼ਾਵਲੀ ਵਿੱਚ ਇੱਕ ਬੇਹੱਦ ਅਹਿਮ ਚਿਹਰਾ ਬਣ ਕੇ ਸਾਹਮਣੇ ਆਈ ਹੈ। ਉਸ ਦੀ ਸਰਗਰਮੀ ਵਿੱਚ ਲੜਕੀ ਹੋਣ ਨੂੰ ਲੈ ਕੇ ਕੋਈ ਸੰਕੋਚ ਨਹੀਂ ਹੈ। ਉਹ ਮੰਚਾਂ ਉੱਤੇ ਆਪਣੇ ਸਾਥੀ ਲੜਕਿਆਂ ਨਾਲੋਂ ਵੀ ਬੇਬਾਕ ਵਕਤਾ ਦਿਖਾਈ ਦਿੰਦੀ ਹੈ। ਉਸ ਦਾ ਮੰਨਣਾ ਹੈ ਕਿ ਔਰਤਾਂ ਨੂੰ ਅਕਸਰ ਸ਼ਾਂਤ, ਸੰਕੋਚੀ ਅਤੇ ਪਿੱਛੇ ਰਹਿਣ ਵਾਲੀਆਂ ਕਾਰਕੁਨਾਂ ਵਜੋਂ ਹੀ ਦੇਖਿਆ ਜਾਂਦਾ ਹੈ। ਉਹ ਇਸ ਧਾਰਨਾ ਨੂੰ ਚੁਣੌਤੀ ਦਿੰਦੀ ਹੈ। ਇਸੇ ਕਾਰਨ ਵਿਦਿਆਰਥੀ ਅੰਦੋਲਨਾਂ ਵਿੱਚ ਉਸ ਦੀ ਮੌਜੂਦਗੀ ਸਿਰਫ਼ ‘ਆਇਸਾ’ ਦੀ ਕੌਮੀ ਪ੍ਰਧਾਨ ਵਜੋਂ ਨਹੀਂ ਸਗੋਂ ਉਹ ਇੱਕ ਅਜਿਹੀ ਲੜਕੀ ਵਜੋਂ ਵੀ ਸਾਹਮਣੇ ਆਉਂਦੀ ਹੈ, ਜੋ ਸਿਆਸੀ ਅਸਹਿਮਤੀ ਨੂੰ ਜਨਤਕ ਤੌਰ ’ਤੇ ਪ੍ਰਗਟਾਉਣ ਤੋਂ ਬਿਲਕੁਲ ਨਹੀਂ ਝਿਜਕਦੀ। ‘ਅੰਦੋਲਨ’ ਅਤੇ ‘ਰਾਜਨੀਤੀ’ ਵਿਚਾਲੇ ਨੇਹਾ ਦੀ ਸਮਝ ਸਪੱਸ਼ਟ ਤੌਰ ’ਤੇ ਵਿਚਾਰਧਾਰਕ ਹੈ। ਉਹ ਦੇਸ਼ ਦੀ ਇੱਕ ਪ੍ਰਮੁੱਖ ਖੱਬੇ-ਪੱਖੀ ਵਿਦਿਆਰਥੀ ਜਥੇਬੰਦੀ ਨਾਲ ਜੁੜੀ ਹੈ। ਇਸ ਲਈ ਉਸ ਦੀ ਸਿਆਸਤ ਨੂੰ ਗ਼ੈਰ-ਸਿਆਸੀ ਵਿਦਿਆਰਥੀ ਬੇਚੈਨੀ ਵਜੋਂ ਪੇਸ਼ ਕਰਨਾ ਸਹੀ ਨਹੀਂ ਹੋਵੇਗਾ। ਉਸ ਦੀ ਆਪਣੀ ਵਿਚਾਰਧਾਰਾ ਹੈ ਅਤੇ ਉਹ ਉਸ ਨੂੰ ਖੁੱਲ੍ਹੇਆਮ ਦੇਸ਼ ਦੇ ਸਾਹਮਣੇ ਰੱਖਦੀ ਹੈ। ਉਸ ਦੇ ਆਲੋਚਕ ਉਸ ਦੀ ਸਿਆਸਤ ਅਤੇ ਉਸ ਦੇ ਸੰਗਠਨ ਦੇ ਰੁਖ਼ ਉੱਤੇ ਸਵਾਲ ਉਠਾਉਂਦੇ ਹਨ ਜਦੋਂਕਿ ਸਮਰਥਕ ਇਸ ਨੂੰ ਜਮਹੂਰੀ ਵਿਦਿਆਰਥੀ ਰਾਜਨੀਤੀ ਅਤੇ ਅਸਹਿਮਤੀ ਦੀ ਆਵਾਜ਼ ਮੰਨਦੇ ਹਨ।
ਪਟਨਾ ਤੋਂ ਰਾਂਚੀ ਤੇ ਉਸ ਤੋਂ ਅਗਾਂਹ ਤੱਕ: ਦਿੱਲੀ ਦੇ ਜੰਤਰ-ਮੰਤਰ ਤੋਂ ਸ਼ੁਰੂ ਹੋਈ ਅਤੇ ਕੌਮੀ ਪੱਧਰ ’ਤੇ ਬਣੀ ਉਸ ਦੀ ਪਛਾਣ ਹੁਣ ਕਈ ਸੂਬਿਆਂ ਤੱਕ ਪਹੁੰਚ ਚੁੱਕੀ ਹੈ। ਬਿਹਾਰ ਵਿੱਚ ਵਿਦਿਆਰਥੀ ਅੰਦੋਲਨਾਂ ਦੌਰਾਨ ਉਸ ਦੀ ਸਰਗਰਮੀ ਦਿਖਾਈ ਦਿੱਤੀ। ਪਟਨਾ ਵਿੱਚ ਵਿਦਿਆਰਥੀ ਸੰਗਠਨਾਂ ਦੇ ਪ੍ਰੋਗਰਾਮਾਂ ਵਿੱਚ ਉਸ ਨੇ ਹਿੱਸਾ ਲਿਆ ਅਤੇ ਵਿਦਿਆਰਥੀਆਂ ਨਾਲ ਸੰਵਾਦ ਕੀਤਾ। ਝਾਰਖੰਡ ਵਿੱਚ ਪ੍ਰੀਖਿਆ ਅਤੇ ਭਰਤੀ ਨਾਲ ਜੁੜੇ ਮੁੱਦਿਆਂ ’ਤੇ ਵਿਦਿਆਰਥੀ ਅੰਦੋਲਨ ਵਿੱਚ ਵੀ ਉਸ ਨੇ ਸ਼ਮੂਲੀਅਤ ਕੀਤੀ। ਉੱਤਰ ਪ੍ਰਦੇਸ਼ ਸਮੇਤ ਦੱਖਣੀ ਭਾਰਤ ਦੇ ਹੋਰ ਸੂੁਬਿਆਂ ਵਿੱਚ ਵੀ ਨੌਜਵਾਨ ਅਤੇ ਵਿਦਿਆਰਥੀ ਅੰਦੋਲਨਾਂ ਵਿੱਚ ਉਸ ਦੀ ਮੌਜੂਦਗੀ ਰਹੀ ਹੈ। ਇਹ ਯਾਤਰਾ ਦੱਸਦੀ ਹੈ ਕਿ ਉਸ ਦਾ ਟੀਚਾ ਸਿਰਫ਼ ਜੇ ਐੱਨ ਯੂ ਜਾਂ ਦਿੱਲੀ ਤੱਕ ਸੀਮਿਤ ਨਹੀਂ ਹੈ। ਉਹ ਵਿਦਿਆਰਥੀ ਮੁੱਦਿਆਂ ਨੂੰ ਕੌਮੀ ਪੱਧਰ ’ਤੇ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ।
ਆਮ ਵਿਦਿਆਰਥੀ ਤੋਂ ਅੰਦੋਲਨ ਦੇ ਚਿਹਰੇ ਤੱਕ: ਨੇਹਾ ਦੀ ਕਹਾਣੀ ਨੂੰ ਸਿਰਫ਼ ਇੱਕ ਵਿਅਕਤੀ ਦੀ ਸਫ਼ਲਤਾ ਦੀ ਕਹਾਣੀ ਵਜੋਂ ਦੇਖਣਾ ਸ਼ਾਇਦ ਉਚਿਤ ਨਹੀਂ ਹੋਵੇਗਾ। ਉਹ ਉਸ ਸਮੇਂ ਉੱਭਰੀ ਹੈ, ਜਦੋਂ ਦੇਸ਼ ਦੇ ਵਿਦਿਆਰਥੀਆਂ ਤੇ ਨੌਜਵਾਨਾਂ ਸਾਹਮਣੇ ਸਿੱਖਿਆ, ਮੁਕਾਬਲੇ ਦੇ ਇਮਤਿਹਾਨਾਂ, ਰੁਜ਼ਗਾਰ ਅਤੇ ਭਵਿੱਖ ਦੀ ਸੁਰੱਖਿਆ ਨਾਲ ਜੁੜੇ ਕਿੰਨੇ ਹੀ ਅਹਿਮ ਸਵਾਲ ਹਨ। ਉਸ ਦੇ ਭਾਸ਼ਣਾਂ ਵਿੱਚ ਇਹੀ ਸਵਾਲ ਵਾਰ-ਵਾਰ ਵਾਪਸ ਆਉਂਦੇ ਹਨ। ਇਸੇ ਲਈ ਨਾਅਰੇ ਲਾਉਂਦੀਆਂ ਲੜਕੀਆਂ ਦੀ ਭੀੜ ਵਿੱਚ ਜਦੋਂ ਨੇਹਾ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਉਸ ਵਿੱਚ ਸਿਰਫ਼ ਇੱਕ ਵਿਦਿਆਰਥੀ ਸੰਗਠਨ ਦੀ ਸੁਰ ਨਹੀਂ ਸੁਣਾਈ ਦਿੰਦੀ ਸਗੋਂ ਉਸ ਵਿੱਚ ਇੱਕ ਆਮ ਲੜਕੀ ਦੀ ਬੇਚੈਨੀ ਵੀ ਸੁਣਦੀ ਹੈ। ਸ਼ਾਇਦ ਇਹੋ ਉਸ ਦੀ ਸਭ ਤੋਂ ਵੱਡੀ ਰਾਜਨੀਤਕ ਪੂੰਜੀ ਹੈ। ਉਹ ਆਪਣੇ ਸਮਰਥਕਾਂ ਲਈ ਸੰਘਰਸ਼ ਦਾ ਪ੍ਰਤੀਕ ਹੈ ਕਿਉਂਕਿ ਉਹ ਖ਼ੁਦ ਨੂੰ ਉਨ੍ਹਾਂ ਤੋਂ ਵੱਖਰੇ ਕਿਸੇ ਵਿਸ਼ੇਸ਼ ਵਰਗ ਵਿੱਚ ਖੜ੍ਹਾ ਨਹੀਂ ਕਰਦੀ। ਉਹ ਉਸੇ ਯੂਨੀਵਰਸਿਟੀ ਵਿਵਸਥਾ ਦਾ ਹਿੱਸਾ ਹੈ, ਜਿਸ ਦੇ ਵਿਰੁੱਧ ਬੋਲਦੀ ਹੈ। ਪ੍ਰੀਖਿਆ ਅਤੇ ਰੁਜ਼ਗਾਰ ਦੀ ਉਸੇ ਚਿੰਤਾ ਨੂੰ ਸਮਝਦੀ ਹੈ, ਜਿਸ ਨੂੰ ਲੈ ਕੇ ਵਿਦਿਆਰਥੀ ਸੜਕ ’ਤੇ ਉਤਰਦੇ ਹਨ। ਜਦੋਂ ਉਹ ਮੰਚ ਤੋਂ ਕਹਿੰਦੀ ਹੈ ਕਿ ਨੌਜਵਾਨਾਂ ਦੇ ਭਵਿੱਖ ਨਾਲ ਜੁੜੇ ਫ਼ੈਸਲੇ ਉਨ੍ਹਾਂ ਦੀ ਸ਼ਮੂਲੀਅਤ ਤੋਂ ਬਿਨਾਂ ਨਹੀਂ ਹੋ ਸਕਦੇ ਤਾਂ ਉਹ ਗੱਲ ਸਿਰਫ਼ ਇੱਕ ਰਾਜਨੀਤਕ ਨਾਅਰਾ ਨਹੀਂ ਰਹਿ ਜਾਂਦੀ ਸਗੋਂ ਇੱਕ ਪੀੜ੍ਹੀ ਦੀ ਮੰਗ ਬਣ ਜਾਂਦੀ ਹੈ।
ਅੱਗੇ ਦਾ ਰਾਹ: ਨੇਹਾ ਬੋਰਾ ਦਾ ਸਫ਼ਰ ਲੰਮਾ ਹੈ। ਉਸ ਦੀ ਉਮਰ 30 ਸਾਲ ਵੀ ਨਹੀਂ ਹੋਈ। ਉਸ ਦੇ ਸਾਹਮਣੇ ਅਕਾਦਮਿਕ ਜੀਵਨ ਹੈ, ਵਿਦਿਆਰਥੀ ਸੰਗਠਨ ਦੀ ਅਗਵਾਈ ਹੈ ਅਤੇ ਦੇਸ਼ ਭਰ ਵਿੱਚ ਵਧਦੀ ਸਿਆਸੀ ਪਛਾਣ ਹੈ। ਇਸ ਦੇ ਨਾਲ ਵੱਡੀਆਂ ਚੁਣੌਤੀਆਂ ਵੀ ਹਨ। ਕੌਮੀ ਪੱਧਰ ਦੀ ਇੱਕ ਵਿਦਿਆਰਥੀ ਆਗੂ ਵਜੋਂ ਆਪਣੀ ਹਰਮਨਪਿਆਰਤਾ ਨੂੰ ਲੰਮੇ ਸਮੇਂ ਤੱਕ ਬਰਕਰਾਰ ਰੱਖਣਾ ਆਸਾਨ ਨਹੀਂ ਹੁੰਦਾ। ਅੰਦੋਲਨ ਦੀ ਊਰਜਾ ਨੂੰ ਸੰਗਠਨ ਵਿੱਚ ਬਦਲਣਾ ਇੱਕ ਵੱਖਰੀ ਚੁਣੌਤੀ ਹੈ ਅਤੇ ਸੜਕ ਦੇ ਸੰਘਰਸ਼ ਨੂੰ ਨੀਤੀਗਤ ਬਹਿਸ ਵਿੱਚ ਬਦਲਣਾ ਉਸ ਤੋਂ ਵੀ ਵੱਡੀ ਚੁਣੌਤੀ। ਇਹ ਵੀ ਜ਼ਿਕਰਯੋਗ ਹੈ ਕਿ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਵਿਦਿਆਰਥੀ ਅਤੇ ਨੌਜਵਾਨ ਸੰਗਠਨਾਂ ਵੱਲੋਂ ਦਿੱਲੀ ਵਿੱਚ ਵਿੱਢੀ ਗਈ ਮੁਹਿੰਮ ਦੌਰਾਨ ਲਗਾਤਾਰ ਦੋ ਦਿਨ ਆਇਸਾ ਦੀ ਪ੍ਰਧਾਨ ਨੇਹਾ ਬੋਰਾ ਨੂੰ ਉਦੋਂ ਹਿਰਾਸਤ ਵਿੱਚ ਲਿਆ ਗਿਆ, ਜਦੋਂ ਉਹ ਹੋਰਨਾਂ ਪ੍ਰਦਰਸ਼ਨਕਾਰੀਆਂ ਨਾਲ ਜੰਤਰ-ਮੰਤਰ ਵੱਲ ਵਧ ਰਹੀ ਸੀ। ਤਿੰਨ ਅਕਤੂਬਰ ਨੂੰ ਨੇਹਾ ਨਾਲ ਉੱਘੇ ਆਗੂ ਕਪਿਲ ਸਿੱਬਲ, ਯੋਗੇਂਦਰ ਯਾਦਵ ਤੇ ਐਡਵੋਕੇਟ ਪ੍ਰਸ਼ਾਂਤ ਭੂਸ਼ਣ ਵੀ ਸਨ।
ਨੇਹਾ ਲਈ ਸਭ ਤੋਂ ਵੱਡਾ ਸਵਾਲ ਇਹੀ ਹੋਵੇਗਾ ਕਿ ਕੀ ਉਹ ਅੰਦੋਲਨ ਦੇ ਪ੍ਰਤੀਕ ਤੋਂ ਅੱਗੇ ਵਧ ਕੇ ਇੱਕ ਵਿਆਪਕ ਰਾਜਨੀਤਕ ਤੇ ਬੌਧਿਕ ਆਵਾਜ਼ ਬਣਦੀ ਹੈ। ਫਿਲਹਾਲ ਇਹ ਜ਼ਰੂਰ ਸਪੱਸ਼ਟ ਹੈ ਕਿ ਉਹ ਭਾਰਤੀ ਵਿਦਿਆਰਥੀ ਸਿਆਸਤ ਦੇ ਪੁਰਾਣੇ ਚਿਹਰਿਆਂ ਵਿਚਾਲੇ ਇੱਕ ਨਵੀਂ ਪੀੜ੍ਹੀ ਦੀ ਨੁਮਾਇੰਦਗੀ ਕਰਦੀ ਦਿਸਦੀ ਹੈ। ਨੇਹਾ ਬੋਰਾ ਦੀ ਅਸਲ ਕਹਾਣੀ ਸ਼ਾਇਦ ਇਹੀ ਹੈ ਕਿ ਉਸ ਨੇ ਅਜੇ ਕੋਈ ਚੋਣ ਨਹੀਂ ਜਿੱਤੀ, ਕੋਈ ਸਰਕਾਰੀ ਅਹੁਦਾ ਨਹੀਂ ਸੰਭਾਲਿਆ ਅਤੇ ਸੱਤਾ ਦੇ ਕਿਸੇ ਗਲਿਆਰੇ ਵਿੱਚ ਨਹੀਂ ਪਹੁੰਚੀ ਹੈ। ਫਿਰ ਵੀ ਉਹ ਦੇਸ਼ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਹੈ।
* ਜੇ ਐੱਨ ਯੂ ਦਾ ਸਾਬਕਾ ਵਿਦਿਆਰਥੀ ਅਤੇ ਟਾਈਮਜ਼ ਔਫ ਇੰਡੀਆ ਦਾ ਸਾਬਕਾ ਰਿਪੋਰਟਰ।
- ਪੰਜਾਬੀ ਰੂਪ: ਸੁਖਦਰਸ਼ਨ ਸਿੰਘ ਨੱਤ
ਸੰਪਰਕ: 94172-33404

