DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਰਵਾਸੀ ਪੰਛੀਆਂ ਦੀ ਵਚਿੱਤਰ ਦੁਨੀਆ

ਪਰਵਾਸੀ ਪੰਛੀ ਕੁਦਰਤ ਦੇ ਅਦਭੁੱਤ ਮੁਸਾਫ਼ਰ ਹਨ, ਜੋ ਭੋਜਨ, ਪ੍ਰਜਣਨ ਅਤੇ ਅਨੁਕੂਲ ਮੌਸਮ ਦੀ ਭਾਲ ਵਿੱਚ ਹਰ ਸਾਲ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇੱਕ ਮਹਾਂਦੀਪ ਤੋਂ ਦੂਜੇ ਮਹਾਂਦੀਪ ਤੱਕ ਪਹੁੰਚਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਪੰਛੀ...

  • fb
  • twitter
  • whatsapp
  • whatsapp
Advertisement

ਪਰਵਾਸੀ ਪੰਛੀ ਕੁਦਰਤ ਦੇ ਅਦਭੁੱਤ ਮੁਸਾਫ਼ਰ ਹਨ, ਜੋ ਭੋਜਨ, ਪ੍ਰਜਣਨ ਅਤੇ ਅਨੁਕੂਲ ਮੌਸਮ ਦੀ ਭਾਲ ਵਿੱਚ ਹਰ ਸਾਲ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇੱਕ ਮਹਾਂਦੀਪ ਤੋਂ ਦੂਜੇ ਮਹਾਂਦੀਪ ਤੱਕ ਪਹੁੰਚਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਪੰਛੀ ਬਿਨਾਂ ਕਿਸੇ ਜੀ ਪੀ ਐੱਸ ਤੋਂ ਧਰਤੀ ਦੇ ਚੁੰਬਕੀ ਖੇਤਰਾਂ, ਤਾਰਿਆਂ ਅਤੇ ਸੂਰਜ ਦੀ ਦਿਸ਼ਾ ਦੀ ਮਦਦ ਨਾਲ ਆਪਣਾ ਰਸਤਾ ਲੱਭ ਲੈਂਦੇ ਹਨ। ਪਰਵਾਸੀ ਪੰਛੀਆਂ ਦਾ ਇਤਿਹਾਸ ਲੱਖਾਂ ਸਾਲ ਪੁਰਾਣਾ ਹੈ। ਪ੍ਰਸਿੱਧ ਪੰਛੀ ਵਿਗਿਆਨੀ ਡਾ. ਓਲੀਵਰ ਔਸਟਿਨ ਨੇ ਆਪਣੀ ਪ੍ਰਸਿੱਧ ਪੁਸਤਕ ‘ਬਰਡਜ਼ ਔਫ ਦਿ ਵਰਲਡ’ ਵਿੱਚ ਲਿਖਿਆ ਹੈ ਕਿ ਜੈਵਿਕ ਰਿਕਾਰਡ ਅਨੁਸਾਰ 2,50,000 ਸਾਲ ਪਹਿਲਾਂ ਦੁਨੀਆ ਵਿੱਚ ਪੰਛੀਆਂ ਦੀਆਂ ਲਗਪਗ 11,500 ਪ੍ਰਜਾਤੀਆਂ ਮੌਜੂਦ ਸਨ। ਉਨ੍ਹਾਂ ਅਨੁਸਾਰ, ਪਿਛਲੇ ਲਗਪਗ 600 ਸਾਲਾਂ ਵਿੱਚ ਇਨ੍ਹਾਂ ਵਿੱਚੋਂ 1,000 ਪ੍ਰਜਾਤੀਆਂ ਲੋਪ ਹੋ ਚੁੱਕੀਆਂ ਹਨ। ਇਸ ਦਾ ਮੁੱਖ ਕਾਰਨ ਤੇਜ਼ੀ ਨਾਲ ਬਦਲ ਰਿਹਾ ਮੌਸਮ, ਆਲਮੀ ਤਪਸ਼, ਵਾਤਾਵਰਣ ਪ੍ਰਦੂਸ਼ਣ ਅਤੇ ਕੁਦਰਤੀ ਸਰੋਤਾਂ ਦਾ ਲਗਾਤਾਰ ਹੋ ਰਿਹਾ ਉਜਾੜਾ ਹੈ।

ਦੁਨੀਆ ਭਰ ਦੀਆਂ ਪੰਛੀ ਪ੍ਰਜਾਤੀਆਂ ਵਿੱਚੋਂ ਲਗਪਗ 50 ਫ਼ੀਸਦੀ ਪ੍ਰਜਾਤੀਆਂ ਪਰਵਾਸ ਕਰਦੀਆਂ ਹਨ, ਜਿਸ ਕਾਰਨ ਇਨ੍ਹਾਂ ਨੂੰ ਧਰਤੀ ਦੇ ਸਾਰੇ ਜੰਗਲੀ ਜੀਵਾਂ ਵਿੱਚੋਂ ਸਭ ਤੋਂ ਵੱਧ ਘੁੰਮਣ-ਫਿਰਨ ਅਤੇ ਸਾਲਾਨਾ ਯਾਤਰਾਵਾਂ ਕਰਨ ਵਾਲੇ ਜੀਵ ਮੰਨਿਆ ਜਾਂਦਾ ਹੈ। ਇਕੱਲੇ ਦੱਖਣੀ ਅਫ਼ਰੀਕਾ ਵਿੱਚ ਹੀ ਪਰਵਾਸੀ ਪੰਛੀਆਂ ਦੀਆਂ 100 ਤੋਂ ਵੱਧ ਪ੍ਰਜਾਤੀਆਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 44 ‘ਪੈਲੇਆਰਕਟਿਕ’ ਪਰਵਾਸੀ ਪ੍ਰਜਾਤੀਆਂ ਹਨ, ਜੋ ਯੂਰੋਪ, ਏਸ਼ੀਆ, ਉੱਤਰੀ ਅਫ਼ਰੀਕਾ ਅਤੇ ਅਰਬ ਪ੍ਰਾਇਦੀਪ ਦੇ ਉੱਤਰੀ ਤੇ ਕੇਂਦਰੀ ਖੇਤਰਾਂ ਤੋਂ ਉੱਥੇ ਪਹੁੰਚਦੀਆਂ ਹਨ। ਪੂਰੀ ਦੁਨੀਆ ਵਿੱਚ ਮੁੱਖ ਤੌਰ ’ਤੇ ਤਿੰਨ ਅਜਿਹੇ ਹਵਾਈ ਲਾਂਘੇ ਹਨ, ਜਿਨ੍ਹਾਂ ਦੀ ਵਰਤੋਂ ਇਹ ਪਰਵਾਸੀ ਪੰਛੀ ਆਪਣੀ ਯਾਤਰਾ ਦੌਰਾਨ ਕਰਦੇ ਹਨ। ਇਹ ਹਨ: ਅਮਰੀਕੀ ਹਵਾਈ ਲਾਂਘਾ, ਅਫ਼ਰੀਕਨ-ਯੂਰੇਸ਼ੀਅਨ ਹਵਾਈ ਲਾਂਘਾ ਤੇ ਪੂਰਬੀ ਏਸ਼ਿਆਈ-ਆਸਟਰੇਲਿਆਈ ਹਵਾਈ ਲਾਂਘਾ। ਭਾਰਤ ਲਈ ਸਭ ਤੋਂ ਮਹੱਤਵਪੂਰਨ ‘ਕੇਂਦਰੀ ਏਸ਼ਿਆਈ ਹਵਾਈ ਲਾਂਘਾ’ ਹੈ, ਜੋ ਸਾਇਬੇਰੀਆ ਦੇ ਖੇਤਰਾਂ ਨੂੰ ਭਾਰਤੀ ਉਪ-ਮਹਾਂਦੀਪ ਨਾਲ ਜੋੜਦਾ ਹੈ। ਇਸ ਹਵਾਈ ਮਾਰਗ ਦੇ ਘੇਰੇ ਵਿੱਚ ਭਾਰਤ ਸਮੇਤ ਲਗਪਗ 30 ਦੇਸ਼ ਆਉਂਦੇ ਹਨ।

Advertisement

ਸੰਯੁਕਤ ਰਾਸ਼ਟਰ ਵੱਲੋਂ ਸਾਲ 2006 ਤੋਂ ਹਰ ਸਾਲ ਮਈ ਅਤੇ ਅਕਤੂਬਰ ਦੇ ਦੂਜੇ ਸ਼ਨਿੱਚਰਵਾਰ ਨੂੰ ‘ਵਿਸ਼ਵ ਪਰਵਾਸੀ ਪੰਛੀ ਦਿਵਸ’ ਮਨਾਇਆ ਜਾਂਦਾ ਹੈ। ਇਸ ਵਰ੍ਹੇ ਇਹ ਦਿਹਾੜਾ 9 ਮਈ ਨੂੰ ਮਨਾਇਆ ਗਿਆ ਹੈ, ਜਿਸ ਦਾ ਮੁੱਖ ਉਦੇਸ਼ ਇਨ੍ਹਾਂ ਪੰਛੀਆਂ ਦੇ ਰੈਣ-ਬਸੇਰਿਆਂ ਦੀ ਸੰਭਾਲ ਲਈ ਜਾਗਰੂਕਤਾ ਫੈਲਾਉਣਾ ਸੀ। ਦੁਨੀਆ ਭਰ ਵਿੱਚ ਪੰਛੀਆਂ ਦੀਆਂ ਲਗਪਗ 2,000 ਪ੍ਰਜਾਤੀਆਂ (ਕੁੱਲ ਆਬਾਦੀ ਦਾ 20 ਫ਼ੀਸਦੀ) ਨਿਯਮਿਤ ਤੌਰ ’ਤੇ ਹਵਾਈ ਲਾਂਘੇ ਰਾਹੀਂ ਪਰਵਾਸ ਕਰਦੀਆਂ ਹਨ। ਇੱਕ ਵਾਰ ਸਫ਼ਲ ਯਾਤਰਾ ਕਰਨ ਤੋਂ ਬਾਅਦ ਪੰਛੀ ਉਮਰ ਭਰ ਉਸੇ ਨਿਸ਼ਚਿਤ ਰਸਤੇ ਆਉਂਦੇ ਜਾਂਦੇ ਹਨ। ਹਰ ਸਾਲ ਅਕਤੂਬਰ ਤੋਂ ਮਾਰਚ ਦੌਰਾਨ ਸਾਇਬੇਰੀਆ ਅਤੇ ਮੱਧ ਏਸ਼ੀਆ ਤੋਂ ‘ਸਾਈਬੇਰੀਅਨ ਕਰੇਨ’ ਅਤੇ ‘ਫਲੈਮਿੰਗੋ’ ਵਰਗੇ ਪੰਛੀ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਭਾਰਤ ਦੀਆਂ ਜਲਗਾਹਾਂ ਵਿੱਚ ਪਹੁੰਚਦੇ ਹਨ। ਕੈਨੇਡਾ, ਬਰਤਾਨੀਆ ਅਤੇ ਸਕੈਂਡੇਨੇਵੀਅਨ ਮੁਲਕਾਂ ਵਰਗੇ ਠੰਢੇ ਇਲਾਕਿਆਂ ਦੇ ਪੰਛੀ (ਖ਼ਾਸ ਕਰਕੇ ਕੀਟ-ਪਤੰਗੇ ਖਾਣ ਵਾਲੇ) ਬਸੰਤ ਰੁੱਤ ਵਿੱਚ ਭੋਜਨ ਦੀ ਭਾਲ ਵਿੱਚ ਪਰਵਾਸ ਕਰਦੇ ਹਨ ਜਦੋਂਕਿ ਐਮੇਜ਼ੋਨ ਵਰਗੇ ਗਰਮ ਜੰਗਲਾਂ ਵਿੱਚ ਭੋਜਨ ਦੀ ਨਿਰੰਤਰਤਾ ਕਾਰਨ ਪੰਛੀ ਇੱਥੋਂ ਘੱਟ ਪਰਵਾਸ ਕਰਦੇ ਹਨ।

Advertisement

ਪੰਛੀਆਂ ਦੇ ਸਰੀਰ ਵਿੱਚ ਮੌਜੂਦ ਗ੍ਰੰਥੀਆਂ ਖ਼ਾਸ ਮੌਸਮ ਵਿੱਚ ਹਾਰਮੋਨ ਛੱਡਦੀਆਂ ਹਨ, ਜੋ ਉਨ੍ਹਾਂ ਨੂੰ ਪਰਵਾਸ ਅਤੇ ਪ੍ਰਜਣਨ ਲਈ ਉਤਸ਼ਾਹਿਤ ਕਰਦੀਆਂ ਹਨ। ਸਫ਼ਰ ਦੌਰਾਨ ਇਹ ਪੰਛੀ ਪਹਾੜਾਂ, ਨਦੀਆਂ ਅਤੇ ਸਮੁੰਦਰੀ ਕਿਨਾਰਿਆਂ ਵਰਗੀਆਂ ਭੂਗੋਲਿਕ ਨਿਸ਼ਾਨੀਆਂ ਦੀ ਮਦਦ ਲੈਂਦੇ ਹਨ। ਹਾਲਾਂਕਿ ਇਸ ਲੰਮੀ ਯਾਤਰਾ ਦੌਰਾਨ ਰੇਤਲੇ ਤੂਫ਼ਾਨ, ਜੰਗਲਾਂ ਦੀ ਅੱਗ, ਖ਼ਰਾਬ ਮੌਸਮ ਅਤੇ ਸਮੁੰਦਰੀ ਝੱਖੜ ਇਨ੍ਹਾਂ ਲਈ ਵੱਡਾ ਖ਼ਤਰਾ ਬਣਦੇ ਹਨ, ਜਿਸ ਕਾਰਨ ਕਈ ਵਾਰ ਨਵੇਂ ਪੰਛੀ ਰਸਤੇ ਤੋਂ ਭਟਕ ਵੀ ਜਾਂਦੇ ਹਨ।

ਮਨੁੱਖ ਦੁਆਰਾ ਬਣਾਈਆਂ ਗਈਆਂ ਉੱਚੀਆਂ ਸ਼ੀਸ਼ੇਦਾਰ ਇਮਾਰਤਾਂ, ਬਿਜਲੀ ਦੀਆਂ ਤਾਰਾਂ ਅਤੇ ਪੌਣ-ਚੱਕੀਆਂ ਪਰਵਾਸੀ ਪੰਛੀਆਂ ਦੇ ਉਡਾਣ ਮਾਰਗਾਂ ਵਿੱਚ ਸਭ ਤੋਂ ਵੱਡੀ ਰੁਕਾਵਟ ਬਣ ਰਹੀਆਂ ਹਨ। ਰਸਤੇ ਵਿੱਚ ਸ਼ਿਕਾਰੀਆਂ ਦਾ ਡਰ ਅਤੇ ਜਲਗਾਹਾਂ ਵਰਗੀਆਂ ਸੁਰੱਖਿਅਤ ਪਨਾਹਗਾਹਾਂ ਦਾ ਉੱਜੜਨਾ ਇਨ੍ਹਾਂ ਲਈ ਊਰਜਾ ਬਹਾਲੀ ਅਤੇ ਆਰਾਮ ਦੇ ਰਸਤੇ ਬੰਦ ਕਰ ਰਿਹਾ ਹੈ। ਇਸੇ ਕਾਰਨ ਕੋਇਲ, ਘੁੱਗੀ, ਅਬਾਬੀਲ (ਸਵਿਫਟ) ਅਤੇ ਘਰੇਲੂ ਅਬਾਬੀਲ (ਹਾਊਸ ਮਾਰਟਿਨ) ਵਰਗੇ ਮਨਮੋਹਕ ਪੰਛੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ ਅਤੇ ਇਨ੍ਹਾਂ ਨੂੰ ਬਚਾਅ ਪੱਖੋਂ ਲਾਲ ਸੂਚੀ ਵਿੱਚ ਸ਼ਾਮਿਲ ਕਰਨਾ ਪਿਆ ਹੈ। ਇਸ ਗਿਰਾਵਟ ਪਿੱਛੇ ਜਲਵਾਯੂ ਪਰਿਵਰਤਨ ਅਤੇ ਰੈਣ-ਬਸੇਰਿਆਂ ਦਾ ਖ਼ਤਮ ਹੋਣਾ ਮੁੱਖ ਕਾਰਨ ਹਨ। ਦੂਜੇ ਪਾਸੇ, ਪਰਵਾਸੀ ਪੰਛੀਆਂ ਦੀ ਦੁਨੀਆ ਬਹੁਤ ਅਦਭੁੱਤ ਹੈ। ‘ਹਮਿੰਗਬਰਡ’ (ਗੁੰਜਨ ਪੰਛੀ ਜਾਂ ਸ਼ਹਿਦ ਚੂਸਣੀ) ਸਭ ਤੋਂ ਛੋਟਾ ਪਰਵਾਸੀ ਪੰਛੀ ਹੈ, ਜੋ ਸਫ਼ਰ ਦੌਰਾਨ 48 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਡ ਸਕਦਾ ਹੈ। ਕਈ ਪੰਛੀ ਲਗਪਗ 25,000 ਕਿਲੋਮੀਟਰ ਤੋਂ ਵੱਧ ਲੰਮੀ ਯਾਤਰਾ ਕਰਦੇ ਹਨ ਅਤੇ ਰੋਜ਼ਾਨਾ ਅੱਠ ਘੰਟੇ ਉੱਡ ਕੇ ਵੀ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ 66 ਦਿਨ ਤੱਕ ਦਾ ਸਮਾਂ ਲੈਂਦੇ ਹਨ। ਹੰਸ ਅਤੇ ਗਿਰਝਾਂ ਵਰਗੇ ਪੰਛੀ ਤਾਂ 24,000 ਤੋਂ 37,000 ਫੁੱਟ ਦੀ ਆਸਮਾਨੀ ਉਚਾਈ ’ਤੇ ਉੱਡਦੇ ਵੇਖੇ ਗਏ ਹਨ। ਪੰਛੀ ਵਿਗਿਆਨੀਆਂ ਅਨੁਸਾਰ, ਉਹ ਅਜਿਹਾ ਹਵਾ ਦੇ ਵਹਾਅ ਨਾਲ ਗਲਾਈਡ (ਬਿਨਾਂ ਖੰਭ ਹਿਲਾਇਆਂ ਉੱਡਣ) ਕਰਨ ਅਤੇ ਆਪਣੀ ਊਰਜਾ ਬਚਾਉਣ ਲਈ ਕਰਦੇ ਹਨ। ਇਸ ਲੰਮੇ ਸਫ਼ਰ ਦੀ ਤਿਆਰੀ ਲਈ ਪੰਛੀ ਯਾਤਰਾ ਤੋਂ ਪਹਿਲਾਂ ਆਪਣੇ ਸਰੀਰ ਵਿੱਚ ਚਰਬੀ ਦੇ ਰੂਪ ਵਿੱਚ ਕਾਫ਼ੀ ਊਰਜਾ ਜਮ੍ਹਾਂ ਕਰ ਲੈਂਦੇ ਹਨ।

ਬਹੁਤ ਸਾਰੇ ਪਰਵਾਸੀ ਪੰਛੀ ਤੇਜ਼ ਧੁੱਪ ਅਤੇ ਸ਼ਿਕਾਰੀਆਂ ਤੋਂ ਬਚਣ ਲਈ ਰਾਤ ਵੇਲੇ ਸਫ਼ਰ ਕਰਦੇ ਹਨ ਕਿਉਂਕਿ ਠੰਢੀ ਹਵਾ ਕਾਰਨ ਉਨ੍ਹਾਂ ਦੇ ਸਰੀਰ ਦਾ ਤਾਪਮਾਨ ਵੀ ਕਾਬੂ ਵਿੱਚ ਰਹਿੰਦਾ ਹੈ ਜਦੋਂਕਿ ਨੀਲਕੰਠ, ਬਾਜ਼, ਬਗਲੇ ਅਤੇ ਸਾਇਬੇਰੀਅਨ ਸਾਰਸ ਵਰਗੇ ਪੰਛੀ ਦਿਨ-ਰਾਤ ਝੁੰਡਾਂ ਵਿੱਚ ਉੱਡਦੇ ਹਨ, ਜਿਸ ਨਾਲ ਹਵਾ ਦੇ ਦਬਾਅ ਦਾ ਸਾਹਮਣਾ ਕਰਨਾ ਸੌਖਾ ਹੋ ਜਾਂਦਾ ਹੈ। ਅਮਰੀਕਾ ਦਾ ਵਿਸਕੌਨਸਿਨ ਸੂਬਾ ਪਰਵਾਸੀ ਪੰਛੀਆਂ ਦਾ ਪਸੰਦੀਦਾ ਖੇਤਰ ਹੈ, ਜਿੱਥੋਂ ਮਈ ਮਹੀਨੇ ਦੌਰਾਨ ਰੋਜ਼ਾਨਾ ਲਗਪਗ 30 ਲੱਖ ਪੰਛੀ ਲੰਘਦੇ ਹਨ। ਹਾਲਾਂਕਿ ਇਸ ਲੰਮੇ ਸਫ਼ਰ ਦੌਰਾਨ ਸ਼ਿਕਾਰੀ ਪੰਛੀ, ਪੌਣ-ਚੱਕੀਆਂ, ਪਾਵਰ ਪਲਾਂਟ, ਡੀਹਾਈਡ੍ਰੇਸ਼ਨ ਅਤੇ ਜਲਵਾਯੂ ਤਬਦੀਲੀ ਵਰਗੇ ਖ਼ਤਰੇ ਇਨ੍ਹਾਂ ਲਈ ਜਾਨਲੇਵਾ ਸਾਬਿਤ ਹੁੰਦੇ ਹਨ। ਹਜ਼ਾਰਾਂ ਕਿਲੋਮੀਟਰ ਦੇ ਸਫ਼ਰ ਤੋਂ ਬਾਅਦ ਜਦੋਂ ਇਹ ਪੰਛੀ ਆਪਣੀ ਮੰਜ਼ਿਲ ’ਤੇ ਪਹੁੰਚਦੇ ਹਨ ਤਾਂ ਇਨ੍ਹਾਂ ਨੂੰ ਤੁਰੰਤ ਭੋਜਨ ਅਤੇ ਪਾਣੀ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਪਾਣੀ ਦੀ ਘਾਟ ਕਾਰਨ ਕਈ ਪੰਛੀ ਦਮ ਤੋੜ ਜਾਂਦੇ ਹਨ। ਇਸ ਤੋਂ ਬਾਅਦ ਉਹ ਆਲ੍ਹਣਾ ਬਣਾਉਣ ਲਈ ਧਾਗੇ, ਸੁੱਕੇ ਘਾਹ, ਟਾਹਣੀਆਂ ਅਤੇ ਕਾਈ ਵਰਗੀਆਂ ਕੁਦਰਤੀ ਚੀਜ਼ਾਂ ਦੀ ਭਾਲ ਕਰਦੇ ਹਨ ਤਾਂ ਜੋ ਸਮੇਂ ਸਿਰ ਅੰਡੇ ਦੇ ਸਕਣ। ਜੀਵ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਪਰਵਾਸੀ ਪੰਛੀ ਆਮ ਤੌਰ ’ਤੇ ਉਨ੍ਹਾਂ ਥਾਵਾਂ ’ਤੇ ਹੀ ਡੇਰਾ ਲਾਉਂਦੇ ਹਨ, ਜਿੱਥੇ ਪਹਿਲਾਂ ਤੋਂ ਹੀ ਇਨ੍ਹਾਂ ਦੇ ਪੁਰਖਿਆਂ ਜਾਂ ਸੰਬੰਧੀਆਂ ਦੇ ਵੰਸ਼ਜ ਮੌਜੂਦ ਹੁੰਦੇ ਹਨ।

ਪਰਵਾਸੀ ਪੰਛੀ ਦਿਨ ਵੇਲੇ ਸੂਰਜ ਦੀਆਂ ਬਦਲਦੀਆਂ ਸਥਿਤੀਆਂ ਅਤੇ ਆਪਣੇ ਸਰੀਰ ਦੀ ਜੈਵਿਕ ਘੜੀ ਦੀ ਮਦਦ ਨਾਲ ਸਹੀ ਦਿਸ਼ਾ ਦਾ ਅਨੁਮਾਨ ਲਗਾਉਂਦੇ ਹਨ। ਰਾਤ ਦੇ ਸਫ਼ਰ ਦੌਰਾਨ ਉਹ ਤਾਰਿਆਂ ਦੀ ਸਥਿਤੀ, ਧਰਤੀ ਦੇ ਚੁੰਬਕੀ ਖੇਤਰਾਂ ਅਤੇ ਆਪਣੀ ਸੁੰਘਣ ਸ਼ਕਤੀ ਦੀ ਵਰਤੋਂ ਕਰਦੇ ਹਨ। ਇਸ ਦੇ ਨਾਲ ਹੀ ਉਹ ਰਾਹ ਵਿੱਚ ਆਉਣ ਵਾਲੇ ਸਮੁੰਦਰਾਂ, ਜੰਗਲਾਂ ਅਤੇ ਪਹਾੜਾਂ ਵਰਗੀਆਂ ਕੁਦਰਤੀ ਨਿਸ਼ਾਨੀਆਂ ਨੂੰ ਵੀ ਯਾਦ ਰੱਖਦੇ ਹਨ। ਹਰ ਸਾਲ ਭਾਰਤ ਵਿੱਚ ਅਨੇਕਾਂ ਪਰਵਾਸੀ ਪੰਛੀ ਆਉਂਦੇ ਹਨ। ਸਾਇਬੇਰੀਆ ਤੋਂ ਰਾਜਸਥਾਨ ਦੀ ਭਰਤਪੁਰ ਸੈਂਕਚੁਰੀ ਵਿੱਚ ਆਉਣ ਵਾਲੀਆਂ ਕੂੰਜਾਂ ਨੂੰ ‘ਸਨੋਅ ਕਰੇਨ’ (ਸਫ਼ੈਦ ਕੂੰਜ) ਵੀ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਉੱਤਰੀ ਭਾਰਤ ਦੀਆਂ ਜਲਗਾਹਾਂ ਵਿੱਚ ਤਿੱਬਤ ਤੇ ਮੱਧ ਏਸ਼ੀਆ ਤੋਂ ‘ਬਾਰ-ਹੈਂਡਡ ਹੰਸ’ (ਸਾਵਾ ਮਘ), ਨਾਗਾਲੈਂਡ ਵਿੱਚ ‘ਅਮੂਰ ਫਾਲਕਨ’ ਅਤੇ ਗੁਜਰਾਤ ਦੇ ਕੱਛ ਤੇ ਮੁੰਬਈ ਦੇ ਥਾਣੇ ਕਰੀਕ ਖੇਤਰ ਵਿੱਚ ‘ਗ੍ਰੇਟ ਫਲੈਮਿੰਗੋ’ (ਰਾਜਹੰਸ) ਪਹੁੰਚਦੇ ਹਨ। ਗੁਲਾਬੀ ਲੰਮੀਆਂ ਲੱਤਾਂ ਅਤੇ ਖੰਭਾਂ ਵਾਲਾ ਗ੍ਰੇਟ ਫਲੈਮਿੰਗੋ ਦੇਖਣ ਵਿੱਚ ਬੇਹੱਦ ਆਕਰਸ਼ਕ ਲੱਗਦਾ ਹੈ। ਪਰਵਾਸੀ ਪੰਛੀਆਂ ਦੀ ਇਹ ਅਨੋਖੀ ਦੁਨੀਆ ਆਪਣੀ ਜੈਵ-ਵਿਭਿੰਨਤਾ, ਸੁਰੀਲੀ ਆਵਾਜ਼ ਅਤੇ ਅਦਭੁੱਤ ਉੱਡਣ ਸ਼ਕਤੀ ਕਾਰਨ ਕੁਦਰਤ ਦਾ ਇੱਕ ਅਨਮੋਲ ਤੋਹਫ਼ਾ ਹੈ। ਅੱਜ ਇਨ੍ਹਾਂ ਬੇਜ਼ੁਬਾਨ ਸੈਲਾਨੀਆਂ ਨੂੰ ਬਚਾਉਣ ਲਈ ਵਿਸ਼ਵ ਪੱਧਰੀ ਯਤਨਾਂ ਦੀ ਸਖ਼ਤ ਲੋੜ ਹੈ। ਇਹ ਪੰਛੀ ਨਾ ਸਿਰਫ਼ ਕੁਦਰਤੀ ਕੀਟ-ਨਿਯੰਤਰਣ ਰਾਹੀਂ ਸਾਡੇ ਵਾਤਾਵਰਣ ਦਾ ਸੰਤੁਲਨ ਬਣਾਈ ਰੱਖਦੇ ਹਨ ਸਗੋਂ ਧਰਤੀ ਦੀ ਵਾਤਾਵਰਣਕ ਸਿਹਤ ਦੇ ਸਭ ਤੋਂ ਵੱਡੇ ਸੰਕੇਤਕ ਵੀ ਹਨ। ਇਨ੍ਹਾਂ ਦੀ ਸੁਰੱਖਿਆ ਹੀ ਅਸਲ ਵਿੱਚ ਸਾਡੀ ਆਪਣੀ ਹੋਂਦ ਦੀ ਸੁਰੱਖਿਆ ਹੈ।

* ਸਾਬਕਾ ਸੰਪਾਦਕ, ਨੈਸ਼ਨਲ ਬੁੱਕ ਟਰੱਸਟ, ਇੰਡੀਆ।

ਸੰਪਰਕ: 72919-45654

Advertisement
×