ਰਾਵੀ ਦਿਆ ਪਾਣੀਆਂ...
ਰਾਵੀ ਦਿਆ ਪਾਣੀਆਂ ਕਹਾਣੀ ਦਿਲਾਂ ਦੀ ਸੁਣਾ ਦੇ, ਸੁਣੇ ਗੀਤ ਜੋ ਤੂੰ ਸੂਫ਼ੀਆਂ ਦੇ ਫਿਰ ਤੋਂ ਗੁਣਗੁਣਾ ਦੇ। ਮਿੱਠੀਆਂ ਓ ਧੁਨਾਂ ਤੇਰੀਆਂ ਲਹਿਰਾਂ ’ਚ ਸਮਾਈਆਂ ਨੇ, ਫੁੱਲਾਂ ਦੀਆਂ ਸੁਗੰਧੀਆਂ ਜੁ ਸ਼ਹਿਦ ’ਚ ਮਿਲਾਈਆਂ ਨੇ। ਤੇਰੇ ਪਾਣੀਆਂ ਛੋਹ ਪਾਈ ਹੈ ਗੁਰੂਆਂ...
ਰਾਵੀ ਦਿਆ ਪਾਣੀਆਂ ਕਹਾਣੀ ਦਿਲਾਂ ਦੀ ਸੁਣਾ ਦੇ,
ਸੁਣੇ ਗੀਤ ਜੋ ਤੂੰ ਸੂਫ਼ੀਆਂ ਦੇ ਫਿਰ ਤੋਂ ਗੁਣਗੁਣਾ ਦੇ।
ਮਿੱਠੀਆਂ ਓ ਧੁਨਾਂ ਤੇਰੀਆਂ ਲਹਿਰਾਂ ’ਚ ਸਮਾਈਆਂ ਨੇ,
ਫੁੱਲਾਂ ਦੀਆਂ ਸੁਗੰਧੀਆਂ ਜੁ ਸ਼ਹਿਦ ’ਚ ਮਿਲਾਈਆਂ ਨੇ।
ਤੇਰੇ ਪਾਣੀਆਂ ਛੋਹ ਪਾਈ ਹੈ ਗੁਰੂਆਂ ਤੇ ਫ਼ਕੀਰਾਂ ਦੀ,
ਮਿਟਾ ਦੇਵੇ ਦਰਦ ਬਦਲ ਦੇਵੇ ਕਿਸਮਤ ਲਕੀਰਾਂ ਦੀ।
ਕਿਵੇਂ ਸਾਂਭਿਐ ਏਹ ਖ਼ਜ਼ਾਨਾ ਥੋੜ੍ਹਾ ਚਾਨਣ ਤਾਂ ਪਾ ਦੇ,
ਰਾਵੀ ਦਿਆ ਪਾਣੀਆਂ ਕਹਾਣੀ ਦਿਲਾਂ ਦੀ ਸੁਣਾ ਦੇ।
ਝਲਕ ਤੇਰੇ ਪਾਣੀਆਂ ਦੀ ਦਰਦ ਰੂਹਾਂ ਵਿੱਚ ਛੇੜਦੀ,
ਯਾਦਾਂ ਹੋ ਜਾਣ ਤਾਜ਼ਾ ਤੰਦਾਂ ਵਕਤ ਦੀਆਂ ਉਧੇੜਦੀ।
ਦਿਲ ਵਿੱਚ ਸਾਂਭਿਆ ਜੋ ਰਾਜ਼ ਅੱਜ ਮੁਖ ਤੋਂ ਸੁਣਾ ਦੇ,
ਪ੍ਰੇਮ ਮੁਹੱਬਤਾਂ ਦੇ ਓਹ ਕਿੱਸੇ ਫੇਰ ਝਨਾਂ ਤੋਂ ਮੰਗਵਾ ਦੇ।
ਦੋ ਘੁੱਟ ਪ੍ਰੇਮ ਦੇ ਲਿਆ ਵਿਛੜੇ ਯਾਰਾਂ ਨੂੰ ਪਿਲਾ ਦੇ,
ਰਾਵੀ ਦਿਆ ਪਾਣੀਆਂ ਕਹਾਣੀ ਦਿਲਾਂ ਦੀ ਸੁਣਾ ਦੇ।
ਤੇਰੀ ਛੋਹ ਨੂੰ ਤਰਸਦੇ ਨੀਰ ਅੱਖਾਂ ’ਚੋਂ ਵਹਾਉਂਦੇ ਹਾਂ,
ਖੇਲ ਏਹ ਕਰਮਾਂ ਦਾ ਨਾ ਦੋਸ਼ ਕਿਸੇ ’ਤੇ ਲਗਾਉਂਦੇ ਹਾਂ।
ਯਾਦ ਕਰ ਪੀਰਾਂ ਤੇ ਫ਼ਕੀਰਾਂ ਨੂੰ ਮਨ ਸਮਝਾਉਂਦੇ ਹਾਂ।
ਬੀਤ ਗਏ ਪਲਾਂ ਦਾ ਅਹਿਸਾਸ ਖ਼ੁਦ ਨੂੰ ਕਰਾਉਂਦੇ ਹਾਂ।
ਕਿਵੇਂ ਪਾਈਏ ‘ਸੁਖ’ ਰੂਹ ਦਾ ਥੋੜ੍ਹਾ ਵੱਲ ਤਾਂ ਸਮਝਾ ਦੇ,
ਰਾਵੀ ਦਿਆ ਪਾਣੀਆਂ ਕਹਾਣੀ ਦਿਲਾਂ ਦੀ ਸੁਣਾ ਦੇ।
ਸੁਣੇ ਗੀਤ ਸੂਫ਼ੀਆਂ ਤੇ ਫ਼ਕੀਰਾਂ ਦੇ ਫਿਰ ਤੋਂ ਦੁਹਰਾ ਦੇ,
ਰਾਵੀ ਦਿਆ ਪਾਣੀਆਂ ਵੇ ਕਹਾਣੀ ਦਿਲਾਂ ਦੀ ਸੁਣਾ ਦੇ।
* * *

