ਸਬਰ ਦੀ ਜਿੱਤ
ਲੋਹੜਿਆਂ ਦਾ ਸੁਹੱਪਣ। ਬਿਲਕੁਲ ਮਾਂ ’ਤੇ ਹੀ ਮੜ੍ਹੰਗਾ ਗਿਆ। ਉਹ ਖਿੜਖਿੜਾ ਕੇ ਹੱਸਦੀ ਤਾਂ ਮੋਤੀਆਂ ਵਰਗੇ ਚਿੱਟੇ ਦੰਦਾਂ ’ਚੋਂ ਜਿਵੇਂ ਫੁੱਲ ਕਿਰਦੇ ਹੋਣ, ਗੋਰਾ ਨਿਛੋਹ ਉਸ ਦਾ ਰੰਗ, ਲੰਮੇ-ਲੰਮੇ ਵਾਲ, ਏਨੀ ਸੋਹਣੀ ਲੱਗਦੀ, ਜਿਵੇਂ ਕੋਈ ਫਿਲਮੀ ਅਦਾਕਾਰਾ ਹੋਵੇ। ਕਿੰਨੇ ਹੀ...
ਲੋਹੜਿਆਂ ਦਾ ਸੁਹੱਪਣ। ਬਿਲਕੁਲ ਮਾਂ ’ਤੇ ਹੀ ਮੜ੍ਹੰਗਾ ਗਿਆ। ਉਹ ਖਿੜਖਿੜਾ ਕੇ ਹੱਸਦੀ ਤਾਂ ਮੋਤੀਆਂ ਵਰਗੇ ਚਿੱਟੇ ਦੰਦਾਂ ’ਚੋਂ ਜਿਵੇਂ ਫੁੱਲ ਕਿਰਦੇ ਹੋਣ, ਗੋਰਾ ਨਿਛੋਹ ਉਸ ਦਾ ਰੰਗ, ਲੰਮੇ-ਲੰਮੇ ਵਾਲ, ਏਨੀ ਸੋਹਣੀ ਲੱਗਦੀ, ਜਿਵੇਂ ਕੋਈ ਫਿਲਮੀ ਅਦਾਕਾਰਾ ਹੋਵੇ।
ਕਿੰਨੇ ਹੀ ਵਰ੍ਹੇ ਪਹਿਲਾਂ, ਭਾਵੇਂ ਨਾਨਕਿਆਂ ਨੇ ਉਸ ਦਾ ਨਾਂ ਚਰਨਜੀਤ ਕੌਰ ਰੱਖਿਆ ਸੀ, ਪਰ ਮਾਤਾ ਜੰਗੀਰ ਕੌਰ ਅਤੇ ਪਿਤਾ ਬੰਤ ਸਿੰਘ ਲਾਡ ਨਾਲ ਉਸ ਨੂੰ ਚੰਨੋ ਆਖ ਕੇ ਹੀ ਬੁਲਾਉਂਦੇ। ਪੜ੍ਹਾਈ ਵਿੱਚ ਬਹੁਤ ਹੁਸ਼ਿਆਰ। ਸਕੂਲੋਂ ਆ ਕੇ ਮਾਂ ਨੂੰ ਖ਼ੁਸ਼ੀ ਨਾਲ ਗਲਵੱਕੜੀ ਪਾ ਕੇ ਦੱਸਣਾ, ‘‘ਮੰਮੀ ਜੀ, ਮੈਂ ਜਮਾਤ ਵਿੱਚੋਂ ਪਹਿਲੇ ਨੰਬਰ ’ਤੇ ਆਈ ਹਾਂ।’’ ਮਾਂ ਨੇ ਬਾਹਾਂ ਵਿੱਚ ਘੁੱਟ ਕੇ ਮੱਥਾਂ ਚੁੰਮਣਾ। ਪਿਉ ਨੇ ਬੁੱਕਲ ਵਿੱਚ ਲੈ ਕੇ ਪਿਆਰ ਦੇਣਾ। ਉਸ ਦਾ ਛੋਟਾ ਭਰਾ ਪਰਗਟ ਹਾਲੇ ਪੜ੍ਹਾਈ ਵਿੱਚ ਪਿੱਛੇ ਸੀ।
ਦਸਵੀਂ ਕਲਾਸ ਵਿੱਚੋਂ ਪਹਿਲੇ ਨੰਬਰ ’ਤੇ ਆਉਣ ਕਰਕੇ ਸਾਰੇ ਅਧਿਆਪਕ ਚੰਨੋਂ ਨੂੰ ਮਣਾਂ ਮੂੰਹੀਂ ਪਿਆਰ ਕਰਦੇ। ਸਕੂਲ ਦਾ ਸਟਾਫ ਉਸ ’ਤੇ ਮਾਣ ਕਰਦਾ ਕਿ ਚਰਨਜੀਤ ਆਪਣੇ ਸਕੂਲ ਤੇ ਮਾਪਿਆਂ ਦਾ ਨਾਂ ਰੋਸ਼ਨ ਕਰੇਗੀ। ਬੜੀ ਫੁਰਤੀਲੀ, ਕਬੱਡੀ ਵਿੱਚ ਵੀ ਚੰਗਾ ਪ੍ਰਦਰਸ਼ਨ ਕਰਦੀ। ਮਾਂ ਉਸ ਨੂੰ ਪਿਆਰ ਨਾਲ ਸਮਝਾਉਦੀ। ‘‘ਮੇਰੀ ਲਾਡੋ ਧੀਏ, ਪੜ੍ਹਾਈ ਅਤੇ ਖੇਡਾਂ ਵਿੱਚ ਤੂੰ ਚੰਗਾ ਨਾਂ ਬਣਾ ਲਿਆ। ਇਸੇ ਤਰ੍ਹਾਂ ਪਿਤਾ ਬੰਤ ਸਿੰਘ ਦਾ ਨਾਂ ਵੀ ਰੋਸ਼ਨ ਕਰਦੀ ਰਹੀਂ।’’ ਮਾਂ ਨੇ ਚੰਨੋ ਨੂੰ ਪਿਆਰ ਨਾਲ ਕਿਹਾ ਤੇ ਉਹ ਹੱਸਦੀ-ਹੱਸਦੀ ਸਕੂਲ ਨੂੰ ਤੁਰ ਗਈ।
ਕੁਝ ਦਿਨਾਂ ਬਾਅਦ ਚੰਨੋ ਦੀਆਂ ਸਹੇਲੀਆਂ ਵਿੱਚੋਂ ਗੁਆਂਢੀਆਂ ਦੀ ਸਰਬੋ ਨੇ ਉਸ ਦੀ ਮਾਤਾ ਨੂੰ ਦੱਸਿਆ, ‘‘ਚਾਚੀ ਜੀ, ਅੱਜ ਆਪਣੀ ਚੰਨੋ ਨੇ ਛਿੰਦੇ ਬਲੈਕੀਏ ਦੇ ਪੋਤੇ ਦੇ ਕੰਨ ’ਤੇ ਥੱਪੜ ਜੜ ਦਿੱਤਾ। ਉਹ ਨੀਵੀਂ ਪਾ ਕੇ ਤੁਰ ਗਿਆ। ਚਾਚੀ ਜੀ ਉਹ ਪਹਿਲਾਂ ਵੀ ਗ਼ਲਤ ਹਰਕਤਾਂ ਕਰਦਾ ਸੀ।’’
ਜੰਗੀਰ ਕੌਰ ਦੇ ਦਿਮਾਗ਼ ’ਤੇ ਸੋਚਾਂ ਦੇ ਬੱਦਲ ਮੰਡਰਾਉਣ ਲੱਗੇ ਕਿ ਜਵਾਨ ਧੀ ਹੈ, ਜੇ ਇਸ ਦੇ ਬਾਪ ਨੂੰ ਪਤਾ ਲੱਗ ਗਿਆ ਤਾਂ ਕੁੜੀ ਦੀ ਪੜ੍ਹਾਈ ਅਧੂਰੀ ਹੀ ਨਾ ਰਹਿ ਜਾਵੇ ਕਿਉਂਕਿ ਉਸ ਦਾ ਸੁਭਾਅ ਅੜਬ ਹੈ। ਰਾਤ ਨੂੰ ਰੋਟੀ ਬਣਾਉਂਦਿਆਂ ਚੰਨੋ ਦੀ ਮਾਂ ਨੇ ਉਸ ਨੂੰ ਆਵਾਜ਼ ਮਾਰੀ, ‘‘ਚੰਨੋ ਧੀਏ, ਆ ਜਾ। ਮੇਰੇ ਕੋਲ ਬੈਠ ਕੇ ਰੋਟੀ ਖਾ ਲੈ,’’ ਕੋਲ ਬੈਠਦੀ ਨੂੰ ਹੀ ਪੁੱਛ ਲਿਆ, ‘‘ਪੜ੍ਹਾਈ ਅਤੇ ਖੇਡ ਕਿਵੇਂ ਚੱਲਦੀ ਹੈ?’’
‘‘ਹਾਂ ਮੰਮੀ ਜੀ, ਦੋਵੇਂ ਹੀ ਵਧੀਆ ਨੇ।’’
‘‘ਹੈਂ ਪੁੱਤ? ਮੈਨੂੰ ਪਤਾ ਲੱਗਿਆ ਤੇਰੀ ਸਹੇਲੀ ਕੋਲੋਂ, ਤੂੰ ਕਿਸੇ ਮੁੰਡੇ ਦੇ ਥੱਪੜ ਮਾਰਿਆ, ਕੀ ਇਹ ਸੱਚ ਹੈ?’’ ਜੰਗੀਰ ਕੌਰ ਨੇ ਚਿੰਤਾ ਵਿੱਚ ਪੁੱਛਿਆ। ‘‘ਹਾਂ ਮੰਮੀ ਜੀ, ਮੈਂ ਤੁਹਾਨੂੰ ਦੱਸਣਾ ਹੀ ਸੀ। ਜਦੋਂ ਮੈਂ ਸਕੂਲ ਤੋਂ ਵਾਪਸ ਆਈ ਤਾਂ ਤੁਸੀਂ ਕੰਮ ਵਿੱਚ ਰੁੱਝੇ ਹੋਏ ਸੀ। ਚਾਚੇ ਕੀ ਸਰਬੋ ਮੇਰੇ ਨਾਲ ਸੀ। ਉਸ ਮੁੰਡੇ ਨੇ ਪਹਿਲਾਂ ਵੀ ਛੇੜਖਾਨੀ ਕੀਤੀ ਸੀ ਤਾਂ ਮੈਂ ਚੁੱਪ ਕਰ ਗਈ। ਅੱਜ ਫੇਰ ਅੱਗੇ ਵਧਿਆ ਤਾਂ ਮੈਂ ਗਲਮਾ ਫੜ ਕੇ ਉੁਸ ਦੇ ਦੋ-ਤਿੰਨ ਘਸੁੰਨ ਜੜ ਦਿੱਤੇ। ਉਹ ਮਸਾਂ ਹੀ ਛੁੱਟ ਕੇ ਭੱਜਿਆ। ਸਾਡੇ ਅਧਿਆਪਕ ਨੇ ਹਾਲੇ ਪਰਸੋਂ ਹੀ ਇੱਕ ਕਹਾਣੀ ਸੁਣਾਈ ਸੀ ਕਿ ਕਹਿੰਦੇ ਭੱਖੜਾ ਉੱਗਦਾ ਪੱਟ ਦੇਈਏ ਨਹੀਂ ਤਾਂ ਇਹ ਸਾਰੀ ਉਮਰ ਪੈਰ ਹੀ ਪਰੁੰਨਦਾ ਰਹਿੰਦੈ। ਫੇਰ ਮੈਂ ਵੀ ਇਹ ਹੀ ਸੋਚਿਆ, ਬਈ ਕਿਉਂ ਨਾ ਉੱਗਦਾ ਹੀ ਪੱਟ ਦੇਈਏ, ਫੇਰ ਕਦੇ ਵੀ ਪੈਰ ਨਹੀਂ ਪਰੁੰਨੇਗਾ।’’
‘‘ਕਮਲੀਏ, ਤੂੰ ਮੁਟਿਆਰ ਧੀ। ਕਿਸੇ ਮੁੰਡੇ ਨਾਲ ਹੱਥੋਪਾਈ ਹੋਣਾ ਠੀਕ ਨਹੀਂ।’’ ਮਾਂ ਨੇ ਧੀ ਨੂੰ ਵਰਜਦਿਆਂ ਕਿਹਾ।
‘‘ਹੋਰ ਮੰਮੀ ਜੀ, ਉਸ ਦੀਆਂ ਹਰਕਤਾਂ ਜਰ ਕੇ ਬਾਪ ਦਾ ਨਾਂ ਅਤੇ ਪੱਗ ਮਿੱਟੀ ਵਿੱਚ ਰੋਲ ਦਿੰਦੀ? ਮੰਮੀ ਜੀ, ਉਹ ਵੇਲਾ ਹੋਰ ਸੀ, ਜਦ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਹੁਣ ਹਰੇਕ ਧੀ ਨੂੰ ਜਿਊਣ ਦਾ ਹੱਕ ਹੈ। ਸਾਡੀਆਂ ਭੈਣਾਂ ਜੱਜ, ਪਾਇਲਟ, ਨਰਸਾਂ, ਅਧਿਆਪਕਾਵਾਂ ਬਣ ਗਈਆਂ ਤੇ ਜਵਾਨ ਧੀਆਂ ਬਾਰਡਰਾਂ ’ਤੇ ਦੇਸ਼ ਦੀ ਰਾਖੀ ਕਰਦੀਆਂ ਨੇ, ਕਲਪਨਾ ਚਾਵਲਾ ਵਰਗੀਆਂ ਚੰਦ ’ਤੇੇ ਪਹੁੰਚ ਗਈਆਂ। ਸਾਡੇ ਪੁਰਖਿਆਂ ਨੇ ਸਾਨੂੰ ਜਬਰ ਦਾ ਵਿਰੋਧ ਕਰਨਾ ਦੱਸਿਆ ਹੈ। ਅਸੀਂ ਮਾਤਾ ਭਾਗੋ ਜੀ ਦੀਆਂ ਵਾਰਿਸ ਹਾਂ, ਜਬਰ ਨਹੀਂ ਸਹਿ ਸਕਦੀਆਂ।’’ ਚੰਨੋ ਨੇ ਪੂਰੇ ਜੋਸ਼ ਨਾਲ ਆਪਣੀ ਗੱਲ ਮਾਂ ਅੱਗੇ ਰੱਖੀ।
ਧੀ ਦੀ ਦਲੇਰੀ ਅਤੇ ਉਸ ਦੇ ਬੋਲ ਸੁਣ ਕੇ ਮਾਂ ਨੇ ਉਸ ਨੂੰ ਬੁੱਕਲ ਵਿੱਚ ਲੈ ਲਿਆ। ਚੰਨੋ ਨੇ ਮਾਂ ਨੂੰ ਪੁੱਛਿਆ, ‘‘ਹੈਂ, ਮੰਮੀ ਜੀ, ਗਿੱਲ, ਸਿੱਧੂ, ਢਿੱਲੋਂ ਅਤੇ ਹੋਰ ਬਥੇਰੇ ਗੋਤ ਤਾਂ ਸੁਣੇ ਨੇ, ਆਹ ਬਲੈਕੀਏ ਗੋਤ ਕਿਨ੍ਹਾਂ ਦਾ ਹੁੰਦੈ?’’ ‘‘ਤੈਨੂੰ ਕੀਹਨੇ ਕਿਹਾ ਬਲੈਕੀਏ ਗੋਤ ਬਾਰੇ?’’ ਮਾਂ ਨੇ ਪੁੱਛਿਆ। ‘‘ਆਪਣੀ ਸਰਬੋ ਦੱਸਦੀ ਸੀ ਇਹ ਬਲੈਕੀਆਂ ਦਾ ਮੁੰਡਾ ਹੈ।’’
‘‘ਕਮਲੀਏ, ਇਨ੍ਹਾਂ ਦੇ ਪਿਉ ਦਾਦੇ ਅਫ਼ੀਮ ਤੇ ਪੋਸਤ ਦਾ ਧੰਦਾ ਕਰਦੇ ਸਨ। ਉੱਥੋਂ ਹੀ ਉਨ੍ਹਾਂ ਦੀ ਬਲੈਕੀਆਂ ਵਾਲੀ ਅੱਲ ਪੈ ਗਈ।’’ ਮਾਂ ਨੇ ਸਮਝਾਇਆ। ‘‘ਮੰਮੀ ਪੁਲੀਸ ਨਹੀਂ ਫੜਦੀ ਇਨ੍ਹਾਂ ਨੂੰ?’’ ‘‘ਨਹੀਂ ਪੁੱਤ ਪੁਲੀਸ ਤਾਂ ਬੱਸ ਅੱਖਾਂ ਪੂੰਝਣ ਦਾ ਕੰਮ ਕਰਦੀ ਹੈ। ਪੁਲੀਸ ਨਾਲ ਇਨ੍ਹਾਂ ਦੀ ਭਾਈਵਾਲੀ ਹੁੰਦੀ ਹੈ। ਤੇਰਾ ਡੈਡੀ ਦੱਸਦਾ ਹੁੰਦਾ ਸੀ, ਪੁਲੀਸ ਵਾਲੇ ਆਉਂਦੇ ਅਤੇ ਮੂੰਹ ਕਰਾਰਾ ਕਰਕੇ ਵਾਪਸ ਪਰਤ ਜਾਂਦੇ ਨੇ। ਤੂੰ ਛੱਡ ਇਨ੍ਹਾਂ ਗੱਲਾਂ ਨੂੰ। ਅਸੀਂ ਕੀ ਲੈਣੈ!’’ ਮਾਂ ਨੇ ਚੰੰਨੋ ਨੂੰ ਅਗਲਾ ਸਵਾਲ ਪੁੱਛਣ ਤੋਂ ਰੋਕਣ ਲਈ ਕਿਹਾ।
ਚਰਨਜੀਤ ਕੌਰ ਬਹੁਤ ਅੱਗੇ ਤੱਕ ਪੜ੍ਹਨਾ ਚਾਹੁੰਦੀ ਸੀ। ਜਦੋਂ ਉਸ ਨੇ 12ਵੀਂ ਪਾਸ ਕੀਤੀ ਤਾਂ ਬੰਤ ਸਿੰਘ ਨੂੰ ਕਿਸੇ ਨੇ ਮੁੰਡੇ ਦੀ ਦੱਸ ਪਾਈ। ਪਿੰਡ ਚੱਕਾਂ ਵਾਲਾ ਦਾ ਗੁਰਮੁਖ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਜਾਇਦਾਦ ਚੰਗੀ ਦੱਸੀ ਗਈ। ਦੇਖਣ ਗਏ ਤਾਂ ਮੁੰਡਾ ਤੇ ਘਰ ਪਸੰਦ ਆ ਗਿਆ। ਪੁੱਛਣ ’ਤੇ ਮੁੰਡੇ ਦੇ ਪਿਤਾ ਬਖ਼ਤੌਰ ਸਿੰਘ ਨੇ ਦੱਸਿਆ ਕਿ ਮੁੰਡੇ ਨੂੰ ਕਿਸੇ ਨਸ਼ੇ ਦਾ ਕੋਈ ਐਬ ਨਹੀਂ, ਬਸ ਵਿਆਹ ਸ਼ਾਦੀ ਵਿੱਚ ਕਦੇ ਕਦੇ ਮਨੋਰੰਜਨ ਕਰ ਲੈਂਦੈ ਯਾਰਾਂ ਦੋਸਤਾਂ ਦੀ ਜੁੰਡਲੀ ਨਾਲ। ‘‘ਚਲੋ ਕੋਈ ਨਾ,’’ ਕਹਿ ਕੇ ਗੱਲ ਆਈ ਗਈ ਕਰ ਦਿੱਤੀ ਗਈ। ਲੜਕੀ ਦੀ ਦੇਖ ਦਿਖਾਈ ਤੋਂ ਬਾਅਦ ਵਿਆਹ ਦੇ ਦਿਨ ਬੰਨ੍ਹੇ ਗਏ ਅਤੇ ਦਿਨ ਆਉਣ ’ਤੇ ਕਾਰਜ ਫ਼ਤਹਿ ਹੋ ਗਿਆ। ਬੰਤ ਸਿੰਘ ਨੇ ਆਪਣੀ ਪਹੁੰਚ ਮੁਤਾਬਿਕ ਦਾਜ ਨਾਲ ਮੁੰਡੇ ਵਾਲਿਆਂ ਦਾ ਘਰ ਭਰ ਦਿੱਤਾ। ਸੱਸ ਬਿਸ਼ਨ ਕੌਰ, ਸਹੁਰਾ ਬਖਤੌਰ ਸਿੰਘ ਨੂੰ ਘਰ ਸਵਰਗ ਵਰਗਾ ਜਾਪਦਾ। ਚਾਰੇ ਪਾਸੇ ਖ਼ੁਸ਼ੀਆਂ ਹੀ ਖ਼ੁਸ਼ੀਆਂ ਨਜ਼ਰ ਆਉਂਦੀਆਂ। ਗੁਰਮੁਖ ਦੀ ਵੱਡੀ ਭੈਣ ਕਮਲਜੀਤ ਕੌਰ ਚੂੰਘੀਂ ਵਿਆਹੀ ਹੋਈ ਸੀ। ਸਮਾਂ ਆਪਣੀ ਚਾਲ ਚਲਦਾ ਗਿਆ।
ਨਵੀਂ ਵਿਆਹੀ ਜੋੜੀ ਕਦੇ ਕਮਲਜੀਤ ਕੋਲ, ਕਦੇ ਬੱਲਾਂ, ਸਭ ਰਿਸ਼ਤੇਦਾਰੀਆਂ ਵਿੱਚ ਖ਼ੁਸ਼ੀ-ਖ਼ੁਸ਼ੀ ਮਿਲਣ-ਗਿਲਣ ਗਏ। ਪਤਾ ਹੀ ਨਾ ਲੱਗਿਆ ਕਦੋਂ ਡੇਢ-ਦੋ ਸਾਲ ਲੰਘ ਗਏੇ। ਇਸ ਦੌਰਾਨ ਚਰਨਜੀਤ ਦੀ ਕੁੱਖੋਂ ਇੱਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਮ ਸੋਨੂੰ ਰੱਖਿਆ ਗਿਆ। ਨਾਨਕਿਆਂ ਦਾਦਕਿਆਂ ਅਤੇ ਹੋਰ ਰਿਸ਼ਤੇਦਾਰੀਆਂ ਵਿੱਚ ਖ਼ੁਸ਼ੀਆਂ ਦਾ ਮਾਹੌਲ ਬਣ ਗਿਆ। ਦਰਾਂ ਵਿੱਚ ਨਿੰਮ ਬੰਨ੍ਹੀ ਗਈ, ਖੁਸਰੇ ਨਚਾਏ ਗਏ, ਲਾਗੀਆਂ ਦੀਆਂ ਝੋਲੀਆਂ ਭਰ ਦਿੱਤੀਆਂ। ਘਰ ਵਿੱਚ ਕਈ ਦਿਨ ਸ਼ਰਾਬ ਦਾ ਦੌਰ ਚੱਲਿਆ। ਮਹੀਨੇ-ਮਹੀਨੇ ਕਰ ਕੇ ਸਾਲ ਲੰਘ ਗਿਆ। ਗੁਰਮੁਖ ਨੂੰ ਸ਼ਰਾਬ ਦੀ ਐਸੀ ਲ਼ਲਕ ਲੱਗੀ ਕਿ ਉਹ ਹਰ ਦਿਨ ਅੱਗ ਦੀ ਲਾਟ ਵਾਂਗ ਵਧਦਾ ਹੀ ਗਿਆ। ਹਸਦੇ-ਵਸਦੇ ਘਰ ਨੂੰ ਗ੍ਰਹਿਣ ਲੱਗ ਗਿਆ। ਗੁਰਮੁਖ ਪੁਰਾਣੀ ਜੁੰਡਲੀ ਦਾ ਭਾਗੀ ਬਣ ਗਿਆ। ਘਰ ਵਿੱਚ ਕਲੇਸ਼ ਰਹਿਣ ਲੱਗਿਆ। ਚਰਨਜੀਤ ਨੇ ਆਪਣੇ ਸੱਸ-ਸਹੁਰੇ ਕੋਲ ਬੈਠ ਕੇ ਦੱਸਿਆ, ‘‘ਸੋਨੂੰ ਦਾ ਪਾਪਾ ਲੱਗਦੈ ਦਾਰੂ ਦੇ ਨਾਲ ਹੋਰ ਵੀ ਕੋਈ ਨਸ਼ਾ ਕਰਦੈ। ਕੁਝ ਦਿਨਾਂ ਤੋਂ ਉਸ ਦੇ ਹਾਲਾਤ ਠੀਕ ਨਹੀਂ ਜਾਪਦੇ, ਉਸ ਨੂੰ ਸਮਝਾਓ। ਨਹੀਂ ਤਾਂ ਮੈਂ ਮੰਮੀ-ਡੈਡੀ ਜੀ ਨੂੰ ਸਾਰੀ ਗੱਲ ਦੱਸ ਦੇਵਾਂਗੀ।’’
ਬਖਤੌਰ ਸਿੰਘ ਅਤੇ ਬਿਸ਼ਨ ਕੌਰ ਨੇ ਚਰਨਜੀਤ ਨੂੰ ਵਾਸਤਾ ਪਾਇਆ, ‘‘ਧੀਏ ਸਬਰ ਕਰ, ਅਸੀਂ ਪਹਿਲਾਂ ਆਪ ਕਹਿ ਕੇ ਦੇਖਦੇ ਹਾਂ, ਜੇ ਨਾ ਸਮਝਿਆ ਤਾਂ ਕਮਲਜੀਤ ਤੇ ਜਗਜੀਤ ਸਿੰਹੁ ਨੂੰ ਬੁਲਾ ਲਵਾਂਗੇ।’’ ਇਸ ਮਗਰੋਂ ਗੁਰਮੁਖ ਦੀ ਭੈਣ ਅਤੇ ਭਣੋਈਏ ਨੇ ਮਾਂ-ਬਾਪ ਨੂੰ ਨਾਲ ਬਿਠਾ ਕੇ ਉਸ ਨਾਲ ਗੱਲਬਾਤ ਕੀਤੀ, ‘‘ਕਾਕਾ, ਤੇਰੇ ਹਾਲਾਤ ਠੀਕ ਨਹੀਂ ਜਾਪਦੇ। ਘਰ ਨੂੰ ਸਵਰਗ ਹੀ ਰਹਿਣ ਦੇ, ਨਰਕ ਨਾ ਬਣਾ। ਇਹ ਦਿਨ ਬਹੁਤ ਵਧੀਆ ਲੰਘ ਰਹੇ ਨੇ ਪਰ ਤੇਰੀਆਂ ਆਦਤਾਂ ਦਿਨੋਂ ਦਿਨ ਵਿਗੜ ਰਹੀਆਂ ਹਨ।’’ ਗੁਰਮੁਖ ਨੇ ਗੁੱਸੇ ਵਿੱਚ ਬਹੁਤ ਕੁਝ ਕਿਹਾ। ਮਾਂ-ਬਾਪ, ਭੈਣ-ਭਣੋਈਏ ਦਾ ਲਿਹਾਜ਼ ਕੀਤੇ ਬਿਨਾਂ ਗਾਲ੍ਹਾਂ ਕੱਢੀਆਂ। ਅੱਗੋਂ ਉਨ੍ਹਾਂ ਦੇ ਗਲ ਪੈ ਗਿਆ, ‘‘ਥੋਨੂੰ ਲੱਗਦੈ ਮੈਂ ਕੋਈ ਨਸ਼ਾ ਕਰਦਾਂ?’’ ਕੋਈ ਵੱਸ ਨਾ ਚੱਲਦਾ ਵੇਖ ਦੋਵੇਂ ਵਾਪਸ ਮੁੜ ਗਏ।
ਚਰਨਜੀਤ ਡੂੰਘੀਆਂ ਸੋਚਾਂ ਦੇ ਸਮੁੰਦਰ ਵਿੱਚ ਡੁੱਬ ਗਈ। ਮਾਪਿਆਂ ਦਾ ਇਕਲੌਤਾ ਪੁੱਤਰ ਹੈ, ਚੋਰੀ ਛੁਪੇ ਨਸ਼ਾ ਤਾਂ ਪਹਿਲਾਂ ਵੀ ਕਰਦਾ ਹੋਊ, ਹੁਣ ਜੱਗ ਜ਼ਾਹਰ ਹੋ ਗਿਆ। ਅਣਭੋਲ ਕੁੜੀਆਂ ਨੂੰ ਪਤਾ ਹੀ ਨਹੀਂ ਲੱਗਦਾ। ਵਿਚੋਲੇ ਵੀ ਚਾਰ ਛਿੱਲੜਾਂ ਦੀ ਖ਼ਾਤਰ ਕਿਵੇਂ ਅਗਲੇ ਨੂੰ ਫਰਸ਼ ਤੋਂ ਅਰਸ਼ ’ਤੇ ਪਹੁੰਚਾ ਦਿੰਦੇ ਨੇ। ਇਹ ਕਿਉਂ ਨ੍ਹੀਂ ਸੋਚਦੇ ਕਿ ਕਿਸੇ ਦੀ ਧੀ ਦੀ ਜ਼ਿੰਦਗੀ ਨਰਕ ਬਣ ਜਾਵੇਗੀ।
ਹਾਲਾਂਕਿ ਡੈਡੀ ਨੇ ਆਪਣੇ ਵੱਲੋਂ ਪੂਰੀ ਪੁਣ-ਛਾਣ ਕੀਤੀ ਸੀ ਪਰ ਕਿਹੜਾ ਕੋਈ ਕਿਸੇ ਦੇ ਦਿਲ ’ਚ ਵੜ ਕੇ ਵੇਖ ਸਕਦੈ। ਕੁੁੜੀਆਂ ਠੀਕ ਹੀ ਗੀਤ ਗਾਉਂਦੀਆਂ ਨੇ, ‘‘ਮਾਪੇ ਡੁੱਲ੍ਹਗੇ ਵੈਰੀਆ ਮੇਰੇ, ਟੂਟੀ ਵਾਲੀ ਪੱਗ ਵੇਖ ਕੇ।’’ ਉਸ ਨੂੰ ਆਪਣੇ ਭਰਾ ਦੀ ਯਾਦ ਆਈ। ਪਿਛਲੀ ਵਾਰ ਜਦੋਂ ਉਹ ਉਸ ਨੂੰ ਮਿਲਣ ਆਇਆ ਰਾਤ ਰਹਿ ਕੇ ਗਿਆ ਸੀ ਤਾਂ ਦੋਵਾਂ ਵਿੱਚ ਕੋਈ ਖ਼ਾਸ ਗੱਲਬਾਤ ਨਹੀਂ ਸੀ ਹੋ ਸਕੀ। ਗੁਰਮੁਖ ਵੀ ਉਸ ਦਿਨ ਸੰਦੇਹਾਂ ਹੀ ਕੱਪੜਾ ਨੱਪ ਕੇ ਪੈ ਗਿਆ ਸੀ। ਚੰਨੋ ਦੀਆਂ ਸੋਚਾਂ ਦੀ ਪੀਂਘ ਦਾ ਰੱਸਾ ਉਦੋਂ ਟੁੱਟਾ ਜਦੋਂ ਸੁੱਤਾ ਪਿਆ ਸੋਨੂੰ ਲਾਈਟ ਜਾਣ ਕਾਰਨ ਉੱਠ ਖਲੋਇਆ। ਬੱਚੇ ਨੂੰ ਚੁੱਕ ਮੋਢੇ ਲਾਉਂਦੀ ਚਰਨਜੀਤ ਗਰਮੀ ਕਾਰਨ ਬਿਜਲੀ ਮਹਿਕਮੇ ਨੂੰ ਕੋਸਣ ਲੱਗੀ, ‘ਇਹ ਵੀ ਚੰਦਰੇ ਪਤਾ ਨਹੀਂ ਕਾਹਤੋਂ ਘੜੀ-ਮੁੜੀ ਕੱਟ ਲਾਈ ਰੱਖਦੇ ਨੇ, ਗਰਮੀਆਂ ’ਚ ਤਾਂ ਲੱਗਦਾ ਦਿਨੇ ਹੀ ਤਾਰੇ ਦਿਖਾਉਣਗੇ।’ ਆਪਣੇ ਆਪ ਨਾਲ ਗੱਲਾਂ ਕਰਦੀ ਚੰਨੋ ਨੇ ਮੰਜੀ ਖਿੱਚ ਕੇ ਡੇਕ ਥੱਲੇ ਕੀਤੀ। ਇੰਨੇ ਨੂੰ ਬਿਸ਼ਨ ਕੌਰ ਨੇ ਚੰਨੋ ਨੂੰ ਆਵਾਜ਼ ਮਾਰੀ, ‘‘ਚੰਨੋ ਪੁੱਤ, ਲੈ ਚਾਹ ਪੀ ਲੈ ਤੇ ਸੋਨੂੰ ਨੂੰ ਦੁੱਧ ਪਿਆ ਕੇ ਮੈਨੂੰ ਫੜਾ ਦੇ।’’ ਏਨਾ ਆਖ ਬਿਸ਼ਨ ਕੌਰ ਦੋ ਗਲਾਸਾਂ ਵਿੱਚ ਚਾਹ ਪਾ ਕੇ ਬਖਤੌਰ ਸਿੰਘ ਕੋਲ ਜਾ ਬੈਠੀ। ‘‘ਮਖਿਆ ਜੀ, ਬੋਲਦਾ ਨ੍ਹੀਂ, ਮੈਨੂੰ ਸਮਝ ਨਹੀਂ ਆਉਂਦੀ। ਆਪਣੇ ਘਰ ਵਿੱਚ ਲੱਗਦੈ ਸਾੜ-ਸਤੀ ਦਾ ਪਹਿਰਾ ਹੋ ਗਿਆ। ਵਧੀਆ ਘਰ ਘੁੱਗ ਵੱਸਦਾ ਸੀ, ਪਤਾ ਨ੍ਹੀਂ ਕਿਹੜੇ ਚੰਦਰੇ ਨੇ ਪੁੱਠੀ ਆਦਤ ਪਾ ਦਿੱਤੀ ਗੁਰਮੁਖ ਨੂੰ?’’ ਮੱਥੇ ’ਤੇ ਹੱਥ ਮਾਰਦੀ ਬਿਸ਼ਨ ਕੌਰ ਬੋਲੀ।
‘‘ਬਿਸ਼ਨ ਕੁਰੇ ਸ਼ਰਾਬ ਤਾਂ ਪਹਿਲਾਂ ਵੀ ਡੱਫਦਾ ਸੀ। ਪਤਾ ਨਹੀਂ ਹੁਣ ਕੀ ਕੁਝ ਝੁਲਸਦਾ ਹੋਊ, ਜੋ ਚੌਵੀ ਘੰਟੇ ਬੋਲੀ ਜਾਂਦੈ। ਮੈਨੂੰ ਤਾਂ ਇਹੀ ਚਿੰਤਾ ਵੱਢ-ਵੱਢ ਖਾਂਦੀ ਐ ਬਈ ਜੇ ਬੱਲਾਂ ਵਾਲਿਆਂ ਨੂੰ ਪਤਾ ਲੱਗ ਗਿਆ ਤਾਂ ਆਪਣੀ ਪੱਟੀ-ਮੇਸ ਹੋ ਜਾਣੀ ਐ। ਸਾਡਾ ਆਪਣਾ ਹੀ ਸਿੱਕਾ ਖੋਟਾ ਹੈ ਕਿਸੇ ਨੂੰ ਕੀ ਦੋਸ਼ ਦੇਈਏ। ਹਾਲੇ ਤਾਂ ਨੂੰਹ ਰਾਣੀ ਆਪਣੇ ਕਹਿਣੇ ’ਚ ਹੈ।’’ ਚਿੰਤਾ ਵਿੱਚ ਡੁੱਬੇ ਬਖਤੌਰ ਸਿੰਘ ਨੇ ਚਾਹ ਦੀ ਘੁੱਟ ਭਰਦਿਆਂ ਗੁੱਸੇ ਨਾਲ ਕਿਹਾ, ‘‘ਕਦੇ ਕਦੇ ਤਾਂ ਦਿਲ ਕਰਦੈ ਕਿ ਜਦੋਂ ਰੌਲਾ ਪਾਉਂਦੈ ਤਾਂ ਸੋਟੀ ਲੈ ਕੇ ਛਾਂਗ ਦਿਆਂ ਨਾਲਾਇਕ ਨੂੰ, ਪਰ ਫਿਰ ਸੋਚਦਾਂ ਬਰਾਬਰ ਦੇ ਨੂੰ ਕੀ ਕਹਾਂ ਹੁਣ? ਡਰਦਾਂ ਕਿਤੇ ਗੁੱਸੇ ਵਿੱਚ ਆ ਕੇ ਕੁਝ ਕਰ ਹੀ ਨਾ ਬੈਠੇ।’’
ਦੋਵੇਂ ਜੀਅ ਚਿੰਤਾ ਵਿੱਚ ਬੈਠੇ ਆਪਣੇ ਆਪਣੇ ਮਨਾਂ ਵਿੱਚ ਹਾਲਾਤ ਨੂੰ ਕਾਬੂ ਕਰਨ ਲਈ ਜੋੜ-ਘਟਾਉ ਕਰ ਰਹੇ ਸਨ।
‘‘ਦੇਖ ਲੈ ਸੁਵਖਤੇ ਦਾ ਗਿਐ ਬਿਸ਼ਨ ਕੁਰੇ, ਹਾਲੇ ਤੱਕ ਵੀ ਘਰ ਨਹੀਂ ਬਹੁੜਿਆ। ਪਤਾ ਨਹੀਂ ਕੀਹਦੇ ਮੋਢੇ ਚੜ੍ਹਿਆ ਫਿਰਦਾ ਹੋਊ... ਲੈ ਔਹ ਆ ਗਿਆ।’’ ਬਖਤੌਰ ਸਿੰੰਘ ਨੇ ਬਿਸ਼ਨ ਕੌਰ ਨੂੰ ਕਿਹਾ। ਗੁਰਮੁਖ ਦੀਆਂ ਲਾਲ ਅੱਖਾਂ ਵੇਖ ਬਿਸ਼ਨ ਕੌਰ ਨੇ ਉਸ ਨੂੰ ਕੋਲ ਸੱਦ ਕੇ ਪੁੱਛਿਆ, ‘‘ਕਿੱਥੋਂ ਆਇਐਂ ਸਵੇਰ ਦਾ ਗਿਆ ਤੂੂੰ?’’
ਗੁਰਮੁਖ ਨੇ ਗੁੱਸੇ ਨਾਲ ਕਿਹਾ, ‘‘ਤੁਸੀਂ ਸਾਰੇ ਮੇਰੇ ਦੁਸ਼ਮਣ ਬਣ ਗਏ ਓ। ਭੈਣ ਤੇ ਜੀਜੇ ਨੂੰ ਬੁਲਾ ਕੇ ਤੁਸੀਂ ਮੇਰੀ ਹੱਤਕ ਕਰਵਾਈ ਹੈ। ਕੌਣ ਕਹਿੰਦੈ ਮੈਂ ਨਸ਼ੇ ਕਰਦਾਂ?’’ ਇੰਨੇ ਨੂੰ ਚਰਨਜੀਤ ਨੇ ਪਾਣੀ ਦਾ ਗਲਾਸ ਲਿਆ ਕੇ ਗੁਰਮੁਖ ਨੂੰ ਫੜਾਇਆ। ਗੁਰਮੁਖ ਨੇ ਗਲਾਸ ਫੜ ਕੇ ਕੰਧ ਵਿੱਚ ਮਾਰਿਆ ਅਤੇ ਉਸ ਦੇ ਗਲ ਪੈ ਗਿਆ, ‘‘ਹੁਣ ਤੂੰ ਵੀ ਪਹਿਲਾਂ ਵਾਲੀ ਨ੍ਹੀਂ ਰਹੀ। ਤੂੰ ਵੀ ਇਨ੍ਹਾਂ ਨਾਲ ਰਲ ਗਈ।’’ ਉਸ ਨੇ ਆਪਣੇ ਮਾਂ-ਪਿਉ ਵੱਲ ਇਸ਼ਾਰਾ ਕਰਦਿਆਂ ਕਿਹਾ, ‘‘ਸੱਦ ਲਓ ਕੱਲ੍ਹ ਨੂੰ ਹੋਰ ਰਿਸ਼ਤੇਦਾਰ, ਕਰ ਲਓ ਮੇਰੇ ਖ਼ਿਲਾਫ਼ ਜੋ ਮਰਜ਼ੀ, ਲਾ ਲਾਓ ਘਰ ਵਿੱਚ ਅਦਾਲਤ।’’ ਚਰਨਜੀਤ ਆਪਣਾ ਗੁੱਸਾ ਪੀ ਗਈ। ਉਸ ਨੇ ਗੁਰਮੁਖ ਦੀ ਬਾਂਹ ਫੜੀ ਤੇ ਉਸ ਨੂੰ ਬੈਠਕ ਵੱਲ ਲਿਜਾਣ ਲੱਗੀ। ਗੁਰਮੁਖ ਨੇ ਉਸ ਮੂੰਹ ’ਤੇ ਧੱਫਾ ਮਾਰਿਆ ਤੇ ਚੰਨੋ ਥੱਲੇ ਡਿੱਗ ਪਈ। ਸ਼ਰਾਬ ਦੀ ਹਾਲਤ ਵਿੱਚ ਗੁਰਮੁਖ ਕਿਸੇ ਤੋਂ ਵੀ ਕਾਬੂ ਨਹੀਂ ਸੀ ਕੀਤਾ ਜਾ ਰਿਹਾ। ਨੂੰਹ ’ਤੇ ਹੱਥ ਚੁੱਕਿਆ ਦੇਖ ਬਖਤੌਰ ਸਿੰਘ ਤੇ ਬਿਸ਼ਨ ਕੌਰ ਦੋਵਾਂ ਨੇ ਗੁਰਮੁਖ ਨੂੰ ਫੜ ਕੇ ਇੱਕ ਪਾਸੇ ਵੱਲ ਧੱਕਾ ਮਾਰਿਆ। ਬਿਸ਼ਨ ਕੌਰ ਨੇ ਚੰਨੋ ਨੂੰ ਖੜ੍ਹੀ ਕੀਤਾ ਤੇ ਆਪਣੀ ਬੁੱਕਲ ਵਿੱਚ ਲੈ ਲਿਆ। ਇਸ ਮਗਰੋਂ ਘਰ ਵਿੱਚ ਮੌਤ ਵਰਗੀ ਚੁੱਪ ਪਸਰ ਗਈ।
ਬੱਲਾਂ ਵਾਲਿਆਂ ਨਾਲ ਤਾਂ ਚੰਨੋ ਦੀ ਰੋਜ਼ ਹੀ ਫੋਨ ’ਤੇ ਗੱਲਬਾਤ ਹੁੰਦੀ ਸੀ। ਅੱਜ ਜਦੋਂ ਮਾਂ ਦਾ ਫੋਨ ਆਇਆ ਤਾਂ ਚੰਨੋ ਦਾ ਦਿਲ ਕੀਤਾ ਦੱਸ ਦਿਆਂ ਕਿ ਤੁਹਾਡੀ ਸਹੇੜ ਨੇ ਮੇਰਾ ਜਿਊਣਾ ਹਰਾਮ ਕਰ ਦਿੱਤਾ ਹੈ। ਫਿਰ ਉਹ ਇਹ ਸੋਚ ਕੇ ਰੁਕ ਗਈ ਕਿ ਇਸ ਖ਼ਬਰ ਨਾਲ ਮਾਂ ਦੇ ਦਿਲ ’ਤੇ ਕੀ ਬੀਤੇਗੀ। ਉਸ ਨੂੰ ਚਿੰਤਾ ਸਤਾਉਣ ਲੱਗ ਪਈ ਕਿ ਡੈਡੀ ਜੀ ਕਿਤੇ ਫ਼ਿਕਰ ਵਿੱਚ ਬਿਮਾਰ ਹੀ ਨਾ ਹੋ ਜਾਣ, ਉਹ ਤਾਂ ਪਹਿਲਾਂ ਹੀ ਦਿਲ ਦੇ ਮਰੀਜ਼ ਹਨ। ਜੇ ਪਰਗਟ ਵੀਰੇ ਨੂੰ ਕਨਸੋਅ ਲੱਗ ਗਈ ਤਾਂ ਉਸ ਗੁਰਮੁਖ ਨੂੰ ਨਹੀਂ ਛੱਡਣਾ। ਇਨ੍ਹਾਂ ਖ਼ਿਆਲਾਂ ਨੇ ਚੰਨੋ ਦਾ ਮੂੰਹ ਬੰਨ੍ਹ ਦਿੱਤਾ। ਸੋਚਾਂ ਵਿੱਚ ਡੁੱਬੀ ਚੰਨੋ ਨੇ ਜਾਗੋ ਮੀਚੀ ਵਿੱਚ ਰਾਤ ਲੰਘਾਈ।
ਅਗਲੀ ਸਵੇਰ ਚਰਨਜੀਤ ਨੇ ਉੱਠਦੇ ਸਾਰ ਭਰੇ ਮਨ ਨਾਲ ਆਪਣੇ ਸੱਸ-ਸਹੁਰੇ ਨੂੰ ਕਿਹਾ, ‘‘ਮੈਂ ਬੱਲਾਂ ਵਾਲਿਆਂ ਨੂੰ ਫੋਨ ਕਰਦੀ ਹਾਂ, ਪੰਦਰਾਂ ਦਿਨ ਹੋ ਗਏ ਇਸ ਨੂੰ ਖਰੂਦ ਕਰਦੇ ਨੂੰ।’’ ਉਸ ਦੀ ਗੱਲ ਸੁਣ ਦੋਵਾਂ ਜੀਆਂ ਨੇ ਹਾੜੇ ਕੱਢੇ, ‘‘ਰੁਕ ਜਾ ਧੀਏ, ਕੀ ਪਤਾ ਪਾਗਲ ਸੁਧਰ ਹੀ ਜਾਵੇ।’’ ਸਾਰਾ ਦਿਨ ਘਰ ਵਿੱਚ ਮਾਤਮ ਛਾਇਆ ਰਿਹਾ। ਕਿਸੇ ਵੀ ਮੈਂਬਰ ਨੇ ਅੰਨ-ਪਾਣੀ ਮੂੰਹ ਨਾ ਲਾਇਆ।
ਸੋਨੂੰ ਦਾਦੀ ਦੀ ਬੁੱਕਲ ਵਿੱਚ ਬੈਠਾ, ਸਾਰਿਆਂ ਦੇ ਮੂੰਹ ਵੱਲ ਮੁਤਰ-ਮੁਤਰ ਤੱਕ ਰਿਹਾ ਸੀ। ਬਿਸ਼ਨ ਕੌਰ ਬੈਠੀ ਸੋਚਣ ਲੱਗੀ, ‘ਜੇ ਚੰਨੋ ਦੇ ਪੇਕੇ ਆ ਕੇ ਉਸ ਨੂੰ ਲੈ ਗਏ ਤਾਂ ਮੇਰੇ ਪੁੱਤ ਦਾ ਘਰ ਉੱਜੜ ਜਾਵੇਗਾ। ਅਸੀਂ ਲੋਕਾਂ ਨੂੰ ਕੀ ਮੂੰਹ ਦਿਖਾਵਾਂਗੇ।’ ਇੰਨੇ ਨੂੰ ਗੁਆਢਣਾਂ ਨੇ ਗੁਰਦੁਆਰਾ ਸਾਹਿਬ ਜਾਣ ਵਾਸਤੇ ਬਿਸ਼ਨ ਕੌਰ ਨੂੰ ਆਵਾਜ਼ ਮਾਰੀ। ਉਸ ਨੇ ਸਿਹਤ ਨਾ ਠੀਕ ਹੋਣ ਕਾਰਨ ਜਵਾਬ ਦੇ ਦਿੱਤਾ। ਬਖਤੌਰ ਸਿੰਘ ਨੇ ਸੱਥ ਵਿੱਚ ਜਾਣ ਲਈ ਕਦਮ ਪੁੱਟਿਆ ਤਾਂ ਗੇਟ ਕੋਲੋਂ ਹੀ ਵਾਪਸ ਆ ਗਿਆ ਤੇ ਪਸ਼ੂਆਂ ਨੂੰ ਪੱਠੇ ਪਾਉਣ ਲੱਗ ਗਿਆ। ਚਰਨਜੀਤ ਅੱਗੇ ਪਰਛਾਵਾਂ ਢਲਦੇ ਹੀ ਸੋਨੂੰ ਨੂੰ ਨੁਹਾ ਕੇ ਉਸ ਦਾ ਜੂੜਾ ਗੁੰਦ ਦਿੰਦੀ ਤੇ ਆਪ ਵੀ ਮੂੰਹ-ਮੱਥਾ ਸੰਵਾਰ ਲੈਂਦੀ ਸੀ, ਪਰ ਅੱਜ ਸੋਨੂੰ ਨੂੰ ਨੁਹਾ ਕੇ ਮੁਰਝਾਏ ਚਿਹਰੇ ਨਾਲ ਘਰ ਦਾ ਕੰਮ ਧੰਦਾ ਕਰਦੀ ਰਹੀ। ਜਿਉਂ-ਜਿਉਂ ਸੂਰਜ ਹਨੇਰੇ ਦੀ ਆਗੋਸ਼ ਵਿੱਚ ਪਰਤ ਰਿਹਾ ਸੀ, ਫ਼ਿਕਰਾਂ ਦੀ ਪੋਟਲੀ ਚਰਨਜੀਤ ਦੇ ਦਿਲ ’ਤੇ ਬੋਝ ਬਣਦੀ ਜਾ ਰਹੀ ਸੀ। ਗੁਰਮੁਖ ਦਾ ਰੋਜ਼-ਰੋਜ਼ ਨਸ਼ਾ ਕਰਨਾ ਉਸ ਤੋਂ ਬਰਦਾਸ਼ਤ ਨਹੀਂ ਸੀ ਹੁੰਦਾ। ਚੰਨੋ ਦਾ ਦੁੱਖ ਵੈਰਾਗ ਵਿੱਚ ਬਦਲ ਗਿਆ। ਉਹ ਹਰ ਵੇਲੇ ਮੁਰਝਾਈ ਰਹਿੰਦੀ, ਉਸ ਦੀਆਂ ਅੱਖਾਂ ਸਿੱਲ੍ਹੀਆਂ ਰਹਿੰਦੀਆਂ ਤੇ ਹੰਝੂਆਂ ਦੀ ਨਦੀ ਰੁਕਣ ਦਾ ਨਾਂ ਨਹੀਂ ਸੀ ਲੈਂਦੀ। ਚੰਨੋ ਨੂੰ ਆਪਣਾ ਤੇ ਆਪਣੇ ਬੱਚੇ ਦਾ ਭਵਿੱਖ ਧੁੰਦਲਾ ਹੁੰਦਾ ਜਾਪਿਆ। ਚੁੰਨੀ ਦੇ ਲੜ ਨਾਲ ਉਸ ਨੂੰ ਅੱਖਾਂ ਪੂੰਝਦੀ ਵੇਖ ਸੋਨੂੰ ਨੇ ਮਾਂ ਦੇ ਮੋਢੇ ’ਤੇ ਹੱਥ ਰੱਖਦਿਆਂ ਆਪਣੀ ਤੋਤਲੀ ਆਵਾਜ਼ ਵਿੱਚ ਪੁੱਛਿਆ, ‘‘ਮੰਮੀ ਤੂੰ ਲੋਨੀ ਏਂ, ਹੈਂ ਲੋਨੀ ਏਂ।’’ ਚਰਨਜੀਤ ਨੇ ਮੂੰਹ ਉਸ ਵੱਲ ਕਰਕੇ ਕਿਹਾ, ‘‘ਨਹੀਂ ਪੁੱਤਰਾ, ਅੱਖਾਂ ਵਿੱਚ ਧੂੰਆ ਪੈ ਗਿਆ। ਰੋਂਦੀ ਨਹੀਂ ਆਪਣੇ ਕਰਮਾਂ ਨੂੰ ਕੋਸਦੀ ਹਾਂ ਮੇਰੇ ਲਾਡਲਿਆ।’’
ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਗੁਰਮੁਖ ਨੂੰ ਨਸ਼ਾ ਕਰਨ ਤੋਂ ਕਿਵੇਂ ਰੋਕਿਆ ਜਾਵੇ। ਨਸ਼ਾ ਗੁਰਮੁਖ ਤੱਕ ਕਿਵੇਂ ਨਾ ਕਿਵੇਂ ਪਹੁੰਚ ਹੀ ਜਾਂਦਾ ਸੀ। ਉਹ ਸੋਚਣ ਲੱਗੀ ਕਿ ਪਤਾ ਨਹੀਂ ਕਿੰਨੀਆਂ ਹੀ ਮੇਰੇ ਵਰਗੀਆਂ ਨਰਕਾਂ ਜਿਹੀ ਜ਼ਿੰਦਗੀ ਜਿਊਣ ਲਈ ਮਜਬੂਰ ਹੁੰਦੀਆਂ ਹੋਣਗੀਆਂ।
ਗੁਰਮਖ ਨੇ ਘਰ ਵਿੱਚ ਪੈਰ ਰੱਖਦਿਆਂ ਹੀ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ। ਚੰਨੋ ਨੇ ਪਾਣੀ ਦਾ ਗਲਾਸ ਫੜਿਆ। ਉਹ ਕਮਰੇ ਵਿੱਚ ਗੁਰਮਖ ਦੇ ਮਗਰ ਹੀ ਚਲੀ ਗਈ। ਗੁਰਮੁਖ ਹਰ ਗੱਲ ’ਤੇ ਚੰਨੋ ਨਾਲ ਲੜਨ ਲੱਗ ਪਿਆ ਸੀ। ਅੱਜ ਵੀ ਉਹ ਆਨੀ-ਬਹਾਨੀ ਕਿਸੇ ਨਾ ਕਿਸੇ ਗੱਲੋਂ ਉਸ ਨੂੰ ਗਾਲ੍ਹਾਂ ਕੱਢਣ ਲੱਗ ਪਿਆ। ਚੰਨੋਂ ਨੇ ਕਿਹਾ, ‘‘ਸਰਦਾਰ ਜੀ, ਹੋਈ ਨਾ ਉਹ ਗੱਲ ਡਿੱਗੀ ਖੋਤੀ ਤੋਂ ਗੁੱਸਾ ਘੁਮਿਆਰ ’ਤੇ। ਮੈਂ ਤਾਂ ਤੁਹਾਨੂੰ ਕੁਝ ਨਹੀਂ ਕਿਹਾ। ਭੈਣ ਭਣੋਈਏ ਅਤੇ ਮਾਂ ਬਾਪ ਨੇ ਹੀ ਤੁਹਾਡੀ ਕਲਾਸ ਲਾਈ ਹੈੈ? ਮੇਰਾ ਕੀ ਕਸੂਰ ਹੈ? ਐਵੇ ਪਾਣੀ ਵਿੱਚ ਡਾਂਗਾਂ ਨਾ ਮਾਰੋ।’’
ਗੁਰਮੁਖ ਸ਼ਰਾਬ ਦੇ ਸਰੂਰ ਵਿੱਚ ਗਾਲ੍ਹਾਂ ਕੱਢਣ ਲੱਗਿਆ। ਮਾਂ ਬਾਪ ਕਾਹਲੇ ਕਦਮੀਂ ਉਸ ਕੋਲ ਆਏ। ਗੁਰਮੁਖ ਚੰਨੋ ਨੂੰ ਬਾਂਹ ਤੋਂ ਫੜ ਕੇ ਘਰੋਂ ਬਾਹਰ ਕੱਢਣ ਲਈ ਘੜੀਸਣ ਲੱਗਿਆ ਤਾਂ ਬਖਤੌਰ ਸਿੰਘ ਨੇ ਉਸ ਨੂੰ ਰੋਕਿਆ। ਮਾਂ ਨੇ ਉਸ ਨੂੰ ਰੋਕਣ ਲਈ ਉਸ ਦੀ ਛਾਤੀ ’ਤੇ ਹੱਥ ਰੱਖੇ ਤਾਂ ਗੁਰਮੁਖ ਨੇ ਹੱਥ ਪਿੱਛੇ ਧੱਕ ਦਿੱਤੇ। ਉਹ ਚੰਨੋ ਨੂੰ ਧੱਕੇ ਮਾਰਦਾ ਹੋਇਆ ਕਹਿ ਰਿਹਾ ਸੀ, ‘‘ਨਿਕਲ ਜਾ ਇਸ ਘਰ ਵਿੱਚੋਂ।’’ ਇਹ ਸਭ ਵੇਖ ਕੇ ਸੋਨੂੰ ਉੱਚੀ-ਉੱਚੀ ਰੋਣ ਲੱਗ ਪਿਆ। ਬਿਸ਼ਨ ਕੌਰ ਨੂੰ ਚੱਕਰ ਆਉਣ ਲੱਗੇ। ਬਖਤੌਰ ਸਿੰਘ ਨੇ ਗੁਰਮੁਖ ਦਾ ਹੱਥ ਫੜ ਕੇ ਰੋਕਿਆ, ‘‘... ਇਸ ਦੇਵੀ ਦਾ ਕੀ ਕਸੂਰ ਹੈ? ਬੱਸ, ਤੈਨੂੰ ਨਸ਼ੇ ਕਰਨ ਤੋਂ ਰੋਕਦੀ ਹੈ, ਇਹੋ ਸਾੜਾ।’’
ਰੌਲਾ ਪੈਂਦਾ ਦੇਖ ਆਂਢੀ-ਗੁਆਂਢੀਆਂ ਨੇ ਵੀ ਕੰਧਾਂ ਨਾਲ ਕੰਨ ਲਾ ਲਏ। ਘਰ ਅੱਗੋਂ ਤੁਰੇ ਜਾਂਦੇ ਰੁਕ ਕੇ ਦੇਖਣ ਲੱਗੇ। ਜੈਲਦਾਰਾਂ ਦੇ ਕੁੱਤਿਆਂ ਨੇ ਉੱਚੀ-ਉੱਚੀ ਭੌਂਕਣਾ ਸ਼ੁਰੂ ਕਰ ਦਿੱਤਾ। ਬਿਸ਼ਨ ਕੌਰ ਨੇ ਸੋਨੂੰ ਨੂੰ ਗੋਦੀ ਚੁੱਕਿਆ ਹੋਇਆ ਸੀ। ਉਹ ਗਸ਼ ਖਾ ਕੇ ਡਿੱਗ ਪਈ। ਗੁਰਮਖ ਦੇ ਚਾਚੇ ਦਾ ਮੁੰਡਾ ਤੇ ਨੂੰਹ ਦੌੜ ਕੇ ਆਏ। ਨੰਬਰਦਾਰਾਂ ਦਾ ਜੀਤੀ ਆਉਂਦਾ ਆਉਂਦਾ ਪਿੱਛੇ ਮੁੜ ਗਿਆ। ਉਹ ਸ਼ਰਾਬੀ ਨਾਲ ਮੱਥਾ ਮਾਰਨ ਤੋਂ ਬਚਣਾ ਚਾਹੁੰਦਾ ਸੀ। ਬਖਤੌਰ ਸਿੰੰਘ ਪੁੱਤ ਦੀਆਂ ਕਰਤੂਤਾਂ ’ਤੇ ਕਚੀਚੀਆਂ ਵੱਟ ਰਿਹਾ ਸੀ। ਗੁਰਮੁਖ ਨੂੰ ਰੋਕਦਿਆਂ ਰੋਕਦਿਆਂ ਉਹ ਖ਼ੁਦ ਸਾਹੋ ਸਾਹੀ ਹੋਇਆ ਪਿਆ ਸੀ। ਉਸ ਦੇ ਸਾਫੇ ਦਾ ਇੱਕ ਲੜ ਖੁੱਲ੍ਹ ਕੇ ਗਲ ਵਿੱਚ ਪੈ ਗਿਆ ਸੀ ਤੇ ਪੈਰਾਂ ’ਚ ਪਾਈ ਜੁੱਤੀ ਵੀ ਪਤਾ ਨਹੀਂ ਕਿੱਥੇ ਸੀ। ਚਾਚੇ ਦੇ ਮੁੰਡੇ ਤੇ ਨੂੰਹ ਨੇ ਆ ਕੇ ਦੋਵੇਂ ਜੀਆਂ ਨੂੰ ਚੁੱਕ ਕੇ ਪਾਣੀ ਪਿਲਾਇਆ ਤੇ ਬੱਚੇ ਨੂੰ ਰੋਂਦੇ ਨੂੰ ਚੁੱਪ ਕਰਵਾਇਆ।
ਗੁਰਮੁਖ ਨੇ ਜਦੋਂ ਮੁੜ ਚੰਨੋ ਨੂੰ ਧੱਕਾ ਦੇ ਕੇ ਘਰੋਂ ਬਾਹਰ ਕੱਢਣ ਦਾ ਯਤਨ ਕੀਤਾ ਤਾਂ ਚੰਨੋ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਉਸ ਨੇ ਝਟਕੇ ਨਾਲ ਗੁਰਮੁਖ ਦੀ ਬਾਂਹ ਪਿੱਛੇ ਧੱਕੀ ਤੇ ਸ਼ੀਹਣੀ ਵਾਂਗ ਦਹਾੜ ਕੇ ਕਿਹਾ, ‘‘ਇਹ ਘਰ ਤੇਰਾ ਇਕੱਲੇ ਦਾ ਨਹੀਂ, ਮੈਂ ਵੀ ਇਸ ਘਰ ਦੀ ਹੱਕਦਾਰ ਹਾਂ। ਮੈਂ ਕੋਈ ਉੱਧਲ ਕੇ ਨਹੀਂ ਆਈ। ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਸਾਹਮਣੇ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਸ ਪਵਿੱਤਰ ਰਿਸ਼ਤੇ ਦਾ ਪੱਲਾ ਫੜਿਆ ਸੀ। ਗਿਆਨੀ ਜੀ ਨੇ ਕਿਹਾ ਸੀ ਜ਼ਿੰਦਗੀ ਦੀ ਗੱਡੀ ਦੇ ਦੋ ਪਹੀਏ ਹੁੰਦੇ ਹਨ। ਜੇ ਇੱਕ ਵਿੱਚ ਨੁਕਸ ਪੈ ਜਾਵੇ ਤਾਂ ਜ਼ਿੰਦਗੀ ਡਾਵਾਂਡੋਲ ਹੋ ਜਾਂਦੀ ਹੈ। ਜੇ ਦੋਵੇਂ ਠੀਕ ਹੋਣ ਤਾਂ ਹੀ ਘਰ ਸਵਰਗ ਬਣਦੈ। ਰੱਬ ਦਿਆ ਬੰਦਿਆ, ਰੱਬ ਦਾ ਖ਼ੌਫ਼ ਖਾ। ਬਹੁਤਾ ਹੰਕਾਰ ਚੰਗਾ ਨਹੀਂ ਹੁੰਦਾ। ਜੇ ਤੈਨੂੰ ਏਨਾ ਹੀ ਚਾਅ ਹੈ ਆਪਣੀ ਮਨ ਆਈ ਕਰਨ ਦਾ ਤਾਂ ਚੱਲ ਸੱਦ ਉਹੀ ਦੋ ਸੌ ਬੰਦੇ ਜਿਨ੍ਹਾਂ ਸਾਹਮਣੇ ਮੈਨੂੰ ਲੈ ਕੇ ਆਇਆ ਸੀ। ਉਨ੍ਹਾਂ ਅੱਗੇ ਮੈਨੂੰ ਘਰੋਂ ਨਿਕਲਣ ਲਈ ਕਹਿ। ਬਹੁਤ ਦਿਨ ਹੋ ਗਏ ਤੈਨੂੰ ਝੱਜੂ ਪਾਉਂਦੇ ਨੂੰ।’’ ਚੰਨੋ ਨੂੰ ਗੁੱਸੇ ਵਿੱਚ ਬੋਲਦੀ ਵੇਖ ਸਾਰੇ ਹੀ ਹੈਰਾਨ ਸਨ।
ਉਸ ਦੀ ਗੁਆਂਢਣ ਜਠਾਣੀ ਨੇ ਚੰਨੋ ਨੂੰ ਬੈਠਕ ਵਿੱਚ ਬੈੱਡ ਉੱਪਰ ਬੈਠਾ ਦਿੱਤਾ। ਬਿਸ਼ਨ ਕੌਰ ਵੀ ਸੋਨੂੰ ਨੂੰ ਅੰਦਰ ਪਾਉਣ ਚਲੀ ਗਈ। ਸੜਕ ’ਤੇ ਜਾਂਦੇ ਟਰੈਕਟਰ ਵਿੱਚ ਗੀਤ ਚੱਲ ਰਿਹਾ ਸੀ ‘ਸਿਰ ਲੱਥਦਾ ਬੇਸ਼ੱਕ ਲੱਥ ਜਾਵੇ, ਸਿੰਘ ਪੱਗ ਨੂੰ ਹੱਥ ਨਹੀਂ ਲਾਉਣ ਦਿੰਦੇ।’ ਗੁਰਮਖ ਨੇ ਕੰਧੋਲੀ ਤੋਂ ਚੱਕ ਕੇ ਪਾਣੀ ਦਾ ਗਲਾਸ ਪੀਤਾ ਅਤੇ ਮੂੰਹ ’ਤੇ ਪਾਣੀ ਦੇ ਛਿੱਟੇ ਮਾਰੇ। ਜਿਵੇਂ ਉਸ ਦੇ ਦਿਮਾਗ਼ ਦਾ ਕਪਾਟ ਹੀ ਖੁੱਲ੍ਹ ਗਿਆ ਹੋਵੇ ਤੇ ਪਲਾਂ ਵਿੱਚ ਹੀ ਉਸ ਦੀ ਪੀਤੀ ਉੱਤਰ ਗਈ ਹੋਵੇ। ਉਸ ਨੇ ਦੋਵੇਂ ਹੱਥਾਂ ਨਾਲ ਮੱਥਾਂ ਘੁੱਟਦਿਆਂ ਕਿਹਾ, ‘‘ਓ ਮਨਾ, ਮੈਂ ਇਹ ਕੀ ਕਰ ਬੈਠਾ? ਚਰਨਜੀਤ ਵੀ ਆਪਣੇ ਬਾਪ ਦੀ ਪੱਗ ਦਾ ਜ਼ਿਕਰ ਕਰਦੀ ਹੈ। ਮੇਰਾ ਬਾਪ ਵੀ ਕਹਿੰਦੈ ਪੱਗ ਦੀ ਲਾਜ ਰੱਖ ਲੈ, ਗੀਤ ਵਾਲਾ ਗਾਇਕ ਵੀ ਇਹੋ ਹੀ ਸੁਨੇਹਾ ਦਿੰਦੈ। ਪਰ ਮੈਂ ਹੀ ਨਸ਼ੇ ਵਿੱਚ ਭੜਥੂ ਪਾ ਬਾਪ ਦੀ ਅਤੇ ਆਪਣੀ ਮਿੱਟੀ ਪਲੀਤ ਕਰਦਾ ਫਿਰਦਾਂ।’’ ਗੁਰਮਖ ਨੇ ਪੈਂਟ ਦੀ ਡੱਬ ਵਿੱਚੋਂ ਕੱਚ ਦੀ ਬੋਤਲ ਕੱਢ ਕੇ ਕੰਧ ਵਿੱਚ ਮਾਰ ਕੇ ਭੰਨ ਦਿੱਤੀ। ਖੜਾਕ ਸੁਣ ਕੇ ਘਰ ਵਿੱਚ ਸੰਨਾਟਾ ਛਾ ਗਿਆ। ਚਰਨਜੀਤ ਤ੍ਰਬਕ ਕੇ ਉੱਠੀ, ਬਿਸ਼ਨ ਕੌਰ ਪੋਤੇ ਨੂੰ ਮੰਜੇ ’ਤੇ ਛੱਡ ਕੇ ਕਾਹਲੇ ਕਦਮੀ ਵਿਹੜੇ ਵਿੱਚ ਪਹੁੰਚੀ।
ਗੁਰਮਖ ਬਾਹਾਂ ਉੱਪਰ ਕਰਕੇ ਉੱਚੀ ਬੋਲਿਆ, ‘‘ਮੈਂ ਪ੍ਰਣ ਕਰਦਾਂ, ਅੱਜ ਤੋਂ ਕਿਸੇ ਵੀ ਨਸ਼ੇ ਨੂੰ ਹੱਥ ਨਹੀਂ ਲਵਾਂਗਾ।’’ ਅੰਦਰੋਂ ਅੱਖਾਂ ਮਲਦਾ ਸੋਨੂੰ ਬਾਹਰ ਆਇਆ ਤਾਂ ਗੁਰਮੁਖ ਨੇ ਉਸ ਨੂੰ ਚੁੱਕ ਕੇ ਗਲ ਨਾਲ ਲਾ ਲਿਆ। ਬਿਸ਼ਨ ਕੌਰ ਨੇ ਚਰਨਜੀਤ ਨੂੰ ਬੁੱਕਲ ਵਿੱਚ ਲੈ ਕੇ ਢੇਰ ਸਾਰੀਆਂ ਅਸੀਸਾਂ ਦਿੰਦਿਆਂ ਕਿਹਾ, ‘‘ਮੈਨੂੰ ਨਹੀਂ ਸੀ ਲੱਗਦਾ ਇਹ ਸੁਧਰ ਜਾਵੇਗਾ। ਪਰਮਾਤਮਾ ਨੇ ਐਸੀ ਠੋਕਰ ਮਾਰੀ, ਧੀਏ ਤੇਰੇ ਸਬਰ ਦੀ ਜਿੱਤ ਹੋ ਗਈ।’’
ਬਖਤੌਰ ਸਿੰਘ ਖ਼ੁਸ਼ ਸੀ ਤੇ ਉਸ ਦੀਆਂ ਅੱਖਾਂ ਵਿੱਚ ਵਗ ਆਏ ਹੰਝੂ ਪਰਲ-ਪਰਲ ਉਸ ਦੀ ਦਾਹੜੀ ਵਿੱਚੋਂ ਡਿੱਗ ਰਹੇ ਸਨ। ਉਸ ਨੂੰ ਅਹਿਸਾਸ ਹੋਇਆ ਜਿਵੇਂ ਗੁਰਮੁਖ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਰਿਹਾ ਹੋਵੇ। ਸਾਰੇ ਜੀਆਂ ਦੇ ਚਿਹਰੇ ਸੱਜਰੀ ਸਵੇਰ ਦੇ ਫੁੱਲਾਂ ਵਾਂਗ ਖੁਸ਼ੀਆਂ ਬਖੇਰ ਰਹੇ ਸਨ।
ਸੰਪਰਕ: 97795-27418

