ਪੰਜਾਬੀਆਂ ਦੇ ਸੁਪਨਿਆਂ ਦੇ ਦੇਸ਼ ਅੰਦਰਲਾ ਸੱਚ ‘ਕਾਲੀ ਕੰਬਲੀ’
ਡਾ. ਸੁਰਜੀਤ ਬਰਾੜ ਨੇ ਹੁਣ ਨਾਵਲ ‘ਕਾਲੀ ਕੰਬਲੀ’ ਨਾਲ ਆਪਣੇ ਪਾਠਕਾਂ ਦੀ ਅਦਾਲਤ ਵਿੱਚ ਦਸਤਕ ਦਿੱਤੀ ਹੈ। ਇਹ ਉਸ ਦਾ ਚੌਥਾ ਨਾਵਲ ਹੈ। ਉਂਜ, ਉਸ ਨੇ ਕਵਿਤਾ, ਅਨੁਵਾਦ, ਸੰਪਾਦਨਾ, ਕਹਾਣੀਆਂ, ਵਾਰਤਕ ਤੇ ਆਲੋਚਨਾ ਦੀਆਂ ਕੁੱਲ ਮਿਲਾ ਕੇ 35 ਦੇ ਕਰੀਬ...
ਡਾ. ਸੁਰਜੀਤ ਬਰਾੜ ਨੇ ਹੁਣ ਨਾਵਲ ‘ਕਾਲੀ ਕੰਬਲੀ’ ਨਾਲ ਆਪਣੇ ਪਾਠਕਾਂ ਦੀ ਅਦਾਲਤ ਵਿੱਚ ਦਸਤਕ ਦਿੱਤੀ ਹੈ। ਇਹ ਉਸ ਦਾ ਚੌਥਾ ਨਾਵਲ ਹੈ। ਉਂਜ, ਉਸ ਨੇ ਕਵਿਤਾ, ਅਨੁਵਾਦ, ਸੰਪਾਦਨਾ, ਕਹਾਣੀਆਂ, ਵਾਰਤਕ ਤੇ ਆਲੋਚਨਾ ਦੀਆਂ ਕੁੱਲ ਮਿਲਾ ਕੇ 35 ਦੇ ਕਰੀਬ ਪੁਸਤਕਾਂ ਲਿਖੀਆਂ ਹਨ।
‘ਕਾਲੀ ਕੰਬਲੀ’ ਪੰਜਾਬ ’ਚੋਂ ਪਰਵਾਸ ਕਰ ਗਏ ਪੰਜਾਬੀਆਂ ਦੀ ਗੱਲ ਕਰਦਾ ਹੈ। ਵਿਦੇਸ਼ਾਂ ਵਿੱਚ ਜਾ ਕੇ ਜੋ ਕੁਝ ਉਹ ਭੋਗਦੇ ਹਨ, ਜੋ ਮਹਿਸੂਸ ਕਰਦੇ ਹਨ, ਵਿਦੇਸ਼ੀ ਸਭਿਆਚਾਰ ਵਿੱਚ ਉਨ੍ਹਾਂ ਦੀ ਦੇਸੀ/ਪੇਂਡੂ ਜੀਵਨ ਜਾਚ ’ਤੇ ਕੀ ਪ੍ਰਭਾਵ ਪੈਂਦਾ ਹੈ ਤੇ ਉਨ੍ਹਾਂ ਦੇ ਸੁਪਨੇ ਕਿਵੇਂ ਟੁੱਟਦੇ ਹਨ, ਇਹ ਨਾਵਲ ਉਕਤ ਵਰਤਾਰਿਆਂ ਦੀ ਖ਼ੂਬਸੂਰਤ ਅਤੇ ਯਥਾਰਥਕ ਪੇਸ਼ਕਾਰੀ ਹੈ।
ਮੌਜੂਦਾ ਦੌਰ ਵਿੱਚ ਭਾਵੇਂ ਸੋਸ਼ਲ ਮੀਡੀਆ ਨੇ ਦੇਸ-ਪ੍ਰਦੇਸ ਨੂੰ ਖਿੱਚ ਕੇ ਇੰਨਾ ਨੇੜੇ ਕਰ ਦਿੱਤਾ ਹੈ ਕਿ ਹਰ ਕੋਈ ਜਿਸ ਕੋਲ ਸਹੂਲਤ ਹੈ, ਉਹ ਆਪਣੇ ਨੇੜਲੇ ਮਿੱਤਰਾਂ ਨੂੰ, ਰਿਸ਼ਤੇਦਾਰਾਂ ਨੂੰ ਕੰਮ ਕਰਦੇ ਜਾਂ ਆਪਣੇ ਘਰਾਂ ਵਿੱਚ ਉਹ ਕਿਵੇਂ ਰਹਿੰਦੇ, ਵਰਤਦੇ ਹਨ, ਲਾਈਵ ਵੇਖ ਸਕਦਾ ਹੈ, ਪਰ ਪ੍ਰਦੇਸਾਂ ਦੀ ਖਿੱਚ ਘਟਣ ਨਾਲੋਂ ਵਧੀ ਹੈ। ‘ਕਾਲੀ ਕੰਬਲੀ’ ਅਜਿਹੀਆਂ ਪ੍ਰਸਥਿਤੀਆਂ ਦੀ ਹਕੀਕਤ ਨੂੰ ਆਪਣਾ ਵਿਸ਼ਾ-ਵਸਤੂ ਬਣਾਉਂਦਾ ਹੈ ਤੇ ਨਾਵਲ ਪੜ੍ਹ ਕੇ ਕਈਆਂ ਦੇ ਸੁਪਨੇ ਟੁੱਟਦੇ ਹਨ।
ਨਾਵਲ ਵਿੱਚ ਕੈਨੇਡਾ ਜਾਣ ਦਾ ਚਾਹਵਾਨ ਇੱਕ ਪਾਤਰ ਕੈਨੇਡਾ ਰਹਿੰਦੇ ਆਪਣੇ ਇੱਕ ਮਿੱਤਰ ਨੂੰ ਫ਼ੋਨ ਕਰਦਾ ਹੈ, ‘‘ਕੈਨੇਡਾ ਵਿੱਚ ਗਏ ਬੰਦੇ ਦਾ ਹਾਲ ਪੁੱਛਣ ਦੀ ਕੀ ਲੋੜ ਹੈ। ਸੁਣਿਆ ਹੈ ਕੈਨੇਡਾ ਵਿੱਚ ਤਾਂ ਮੌਜਾਂ ਹੀ ਮੌਜਾਂ ਨੇ, ਐਸ਼ਾਂ ਈ ਐਸ਼ਾਂ।’’ ਉਹ ਗੱਲਾਂ ਕਰਦੇ ਹਨ, ‘‘ਦੂਰ ਦੇ ਢੋਲ ਹੀ ਸੁਹਾਵਣੇ ਲੱਗਦੇ ਹਨ, ਪਤਾ ਉਦੋਂ ਲੱਗਦੈ, ਜਦੋਂ ਹਕੀਕਤਾਂ ਨਾਲ ਵਾਹ ਪੈਂਦੈ।’’ ਇਹੀ ਨਾਵਲ ਦਾ ਮੁੱਖ ਥੀਮ ਹੈ। ਜੋ ਵਿਦੇਸ਼ਾਂ ਵਿੱਚ ਨਹੀਂ ਗਿਆ, ਉਸ ਲਈ ਤਾਂ ਉਹ ਧਰਤੀ ਸਵਰਗ ਹੈ ਤੇ ਜਿਹੜਾ ਉੱਥੇ ਰਹਿੰਦਾ ਹੈ, ਉੱਥੋਂ ਦੀਆਂ ਦੁਸ਼ਵਾਰੀਆਂ ਸਹਿੰਦਾ ਹੈ, ਉਸ ਲਈ ਵਿਦੇਸ਼ ਵਿੱਚ ਟਿਕੇ ਰਹਿਣਾ ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਵਾਲੀ ਗੱਲ ਹੈ।
ਲਗਪਗ ਹਰੇਕ ਨੇ ਜ਼ਮੀਨ ਗਹਿਣੇ ਧਰ ਕੇ ਜਾਂ ਕਰਜ਼ਾ ਚੁੱਕ ਕੇ ਵਿਦੇਸ਼ ਜਾਣ ਦਾ ਜੁਗਾੜ ਲਾਇਆ ਹੁੰਦਾ ਹੈ। ਬਾਪੂ ਉਡੀਕਦਾ ਹੈ, ਬੱਚੇ ਕਦੋਂ ਡਾਲਰ ਭੇਜਣਗੇ, ਸਿਰ ਦਾ ਭਾਰ ਕੁਝ ਹੌਲਾ ਹੋਵੇਗਾ ਤੇ ਵਿਦੇਸ਼ ਗਏ ਬੱਚੇ ਰਾਤ-ਦਿਨ ਦੀਆਂ ਸ਼ਿਫਟਾਂ ਲਾਉਣ ਲਈ ਮਜਬੂਰ ਹੁੰਦੇ ਹਨ।
ਜਦੋਂ ਕੈਨੇਡਾ ਵਾਸੀ ਉੱਥੋਂ ਦੇ ਖਰਚੇ ਦੱਸਦਾ ਹੈ ਕਿ ਉੱਥੇ ਹਰੇਕ ਨੂੰ ਕੋਈ ਨਾ ਕੋਈ ਜੌਬ ਕਰਨੀ ਪੈਂਦੀ ਹੈ ਤਾਂ ਇੱਧਰੋਂ ਪੰਜਾਬ ਵਿੱਚੋਂ ਜਾਣ ਵਾਲਾ ਕਹਿੰਦਾ ਹੈ, ‘‘ਮੈਂ ਹੈੱਡਮਾਸਟਰ ਸੇਵਾਮੁਕਤ ਹੋਇਆਂ, ਮੇਰੇ ਰੁਤਬੇ ਮੁਤਾਬਕ ਕੋਈ ਜੌਬ ਵੇਖ ਰੱਖੀ।’’ ਕੈਨੇਡਾ ਵਾਲਾ ਮਿੱਤਰ ਦੱਸਦਾ ਹੈ, ‘‘ਇੱਥੇ ਗਧਾ, ਘੋੜਾ ਇੱਕ ਬਰਾਬਰ ਨੇ, ਹੈੱਡਮਾਸਟਰ ਹੋਵੇ ਜਾਂ ਪ੍ਰਿੰਸੀਪਲ, ਸਿਪਾਹੀ ਹੋਵੇ ਜਾਂ ਥਾਣੇਦਾਰ, ਐੱਸ ਡੀ ਐੱਮ ਹੋਵੇ ਜਾਂ ਡੀ ਸੀ ਸਾਰੇ ਹੀ ਬੇਰੀਆਂ ਤੋੜਦੇ ਨੇ ਤੇ ਲੁਕ ਛਿਪ ਕੇ ਸਕਿਓਰਿਟੀ ਗਾਰਡ ਦੀ ਜੌਬ ਕਰਦੇ ਨੇ।’’ ਇਹ ਸੁਣ ਕੇ ਪੰਜਾਬ ਵਿੱਚੋਂ ਕੈਨੇਡਾ ਜਾਣ ਦਾ ਚਾਹਵਾਨ ਆਖਦਾ ਹੈ, ‘‘ਫੇਰ ਤਾਂ ਪੰਗਾ ਹੀ ਲੈ ਲਿਆ, ਬੋਕ ਦੇ ਸਿੰਗਾਂ ਨੂੰ ਹੱਥ ਲਾ ਕੇ।’’
ਨਾਵਲ ਪੜ੍ਹਦਿਆਂ ਕੈਨੇਡਾ ਦੀ ਜੀਵਨ ਜਾਚ ਬਾਰੇ ਵੀ ਭਰਪੂਰ ਜਾਣਕਾਰੀ ਮਿਲਦੀ ਹੈ। ਉੱਥੇ ਨਾ ਬੱਚਿਆਂ ਨੂੰ ਪਿਆਰ ਕਰਨ ਦਾ ਸਮਾਂ ਮਿਲਦਾ ਹੈ, ਨਾ ਉਨ੍ਹਾਂ ਦੀ ਪਰਵਰਿਸ਼ ਦਾ ਧਿਆਨ ਰਹਿੰਦਾ ਹੈ। ਦਿਨ-ਰਾਤ ਸ਼ਿਫਟਾਂ ਵਿੱਚ ਕੰਮ ਕਰਨਾ ਪੈਂਦਾ ਹੈ। ‘ਜੌਬ ’ਤੇ ਚੱਲਿਆਂ, ਜੌਬ ’ਤੇ ਹਾਂ, ਜੌਬ ਤੋਂ ਆ ਰਿਹਾਂ।’ ਇਨ੍ਹਾਂ ਤਿੰਨ ਗੱਲਾਂ ਦੇ ਗਧੀਗੇੜ ਵਿੱਚੋਂ ਕੈਨੇਡਾ ਵਿੱਚ ਲੇਬਰ ਕਰਦਾ ਬੰਦਾ ਨਿਕਲ ਨਹੀਂ ਸਕਦਾ।
ਨਾਵਲ ਦਾ ਇੱਕ ਪਾਤਰ ਜਿਹੜਾ ਉੱਥੋਂ ਦੀ ਰਹਿਤਲ ਦਾ ਜਾਣੂ ਹੋ ਜਾਂਦਾ ਹੈ, ਆਪਣੇ ਮਿੱਤਰ ਨੂੰ ਦੱਸਦਾ ਹੈ, ‘‘ਕੈਨੇਡਾ ਉਹ ਨਹੀਂ ਹੈ, ਜੋ ਸਾਨੂੰ ਨਜ਼ਰ ਆ ਰਿਹਾ ਹੈ। ਇਹ ਅੰਦਰੋਂ ਬਹੁਤ ਕੁਝ ਹੋਰ ਹੈ, ਪਰ ਅਸੀਂ ਪੰਜਾਬੀ ਲੋਕ ਕੈਨੇਡਾ ਨੂੰ ਉਵੇਂ ਸਮਝ ਨਹੀਂ ਸਕੇ, ਜਿਵੇਂ ਸਮਝਣਾ ਚਾਹੀਦਾ ਸੀ। ਸਾਡੇ ਲਈ ਕੈਨੇਡਾ ਡਾਲਰਾਂ ਦੀ ਖਾਣ ਹੈ। ਸਾਡੇ ਲਈ ਕੈਨੇਡਾ ਚਕਾਚੌਂਧ ਜ਼ਿੰਦਗੀ ਹੈ।’’ (ਪੰਨਾ 214)
ਹਕੀਕਤ ਕੁਝ ਹੋਰ ਹੈ। ਡਾਲਰ ਕਮਾਉਣੇ ਬਹੁਤ ਮੁਸ਼ਕਿਲ ਹਨ। ਮਹਿੰਗਾਈ ਭਾਰਤ ਨਾਲੋਂ ਵੀ ਵੱਧ ਹੈ, ਹੁਣ ਤਾਂ ਭ੍ਰਿਸ਼ਟਾਚਾਰ ਵੀ ਵੱਡੀ ਪੱਧਰ ’ਤੇ ਹੈ। ਸ਼ਾਇਦ ਆਪਣੇ ਲੋਕਾਂ ਨੇ ਸਿਖਾ ਦਿੱਤਾ ਹੈ।
ਫਿਰ ਵੀ ਸਭ ਕੁਝ ਜਾਣਦੇ ਹੋਏ ਸਾਡੇ ਪੰਜਾਬੀ ਪਾਸਪੋਰਟ ਜਾਂ ਵੀਜ਼ੇ ਲਈ ਟਰੈਵਲ ਏਜੰਸੀਆਂ ਕੋਲ ਅਜੇ ਵੀ ਭੀੜਾਂ ਕਰਦੇ ਵੇਖੇ ਜਾ ਸਕਦੇ ਹਨ। ‘ਕਾਲੀ ਕੰਬਲੀ’ ਦਾ ਪਾਤਰ ਤਨਜ਼ ਨਾਲ ਦੱਸਦਾ ਹੈ, ‘‘ਬਾਈ ਜੀ ਕੈਨੇਡਾ ਕਿਸੇ ਦਾ ਨਹੀਂ ਬਣਦਾ। ਕੈਨੇਡਾ ਅਜਿਹੀ ਕੁੱਤੀ ਸ਼ੈਅ ਐ, ਜੋ ਇੱਥੇ ਆ ਜਾਂਦੈ, ਫਿਰ ਉਹ ਬੰਦੇ ਦੀਆਂ ਲੱਤਾਂ ਨੂੰ ’ਜੇਹਾ ਜੂੜ ਪਾਉਂਦਾ ਐ, ਬੰਦਾ ਚਾਹੁੰਦਾ ਹੋਇਆ ਵੀ ਉਸ ਜੂੜ ਤੋਂ ਮੁਕਤੀ ਨਹੀਂ ਪਾ ਸਕਦਾ।’’ (ਪੰਨਾ 217)
ਫਿਰ ਪਾਤਰ ‘ਕਾਲੀ ਕੰਬਲੀ’ ਵਾਲੀ ਕਥਾ ਸੁਣਾਉਂਦਾ ਹੈ, ਰਿੱਛ ਨਦੀ ਵਿੱਚ ਤਰਿਆ ਜਾਂਦਾ ਸੀ, ਵੇਖਣ ਵਾਲੇ ਨੇ ਸੋਚਿਆ ਕਾਲੀ ਕੰਬਲੀ ਹੈ। ਕੱਢਣ ਲਈ ਉਸ ਨੇ ਨਦੀ ’ਚ ਛਾਲ ਮਾਰ ਦਿੱਤੀ; ਅੱਗੋਂ ਰਿੱਛ ਨੇ ਜੱਫਾ ਮਾਰ ਲਿਆ ਉਹ ਛੱਡੇ ਨਾ। ਕਿਨਾਰੇ ਖੜ੍ਹੇ ਸਨ ਜਿਹੜੇ ਉਹ ਵਾਜਾਂ ਮਾਰਨ, ਨਹੀਂ ਨਿਕਲਦੀ ਤਾਂ ਛੱਡ ਪਰ੍ਹੇ ਆ ਜਾ। ਉਹ ਦੁਹਾਈ ਦੇਵੇ, ‘‘ਮੈਂ ਤਾਂ ਛੱਡਦਾਂ, ਕੰਬਲੀ ਛੱਡੇ ਤਾਂ ਹੀ ਆਵਾਂ।’’ ਇਹੋ ਹਾਲ ਬਹੁਤੇ ਕੈਨੇਡਾ ਵਾਲਿਆਂ ਦਾ ਹੈ, ਉਹ ਉੱਥੋਂ ਨਿਕਲਣਾ ਵੀ ਚਾਹੁੰਦੇ ਹਨ ਪਰ ਕੈਨੇਡਾ ਛੱਡੇ ਤਾਂ ਹੀ ਨਾ।
ਅਖੀਰ ਵਿੱਚ ਨਾਵਲ ਸਮਝਾਉਂਦਾ ਵੀ ਹੈ, ਨਵ-ਸਾਮਰਾਜਵਾਦ ਦਾ ਸਿਸਟਮ ਇੱਕ ਦਿਓ ਹੈ, ਸਾਰੇ ਲੋਕ ਇਕੱਠੇ ਹੋ ਕੇ ਇਸ ਨੂੰ ਖ਼ਤਮ ਕਰ ਸਕਦੇ ਹਨ। ਨਾਵਲ ਵਿਸ਼ਵ ਦੇ ਵੱਡੇ ਦਿਓਆਂ ਦੀ ਨਿਸ਼ਾਨਦੇਹੀ ਵੀ ਕਰਦਾ ਹੈ, ਜਿਹੜੇ ‘ਕਾਲੀ ਕੰਬਲੀ’ ਦੇ ਪਰਦੇ ਹੇਠ ਛੁਪੇ ਹੋਏ ਹਨ।
ਨਾਵਲ ਦਾ ਬਿਰਤਾਂਤ ਰੋਚਕ ਹੈ, ਪਰ ਕਈ ਨੌਜਵਾਨਾਂ ਦੇ ਬਾਹਰ ਜਾਣ ਦੇ ਸੁਪਨੇ ਤੋੜਦਾ ਹੈ। ਨਾਵਲ ਵਿੱਚ ਲੰਮੀਆਂ ਤਕਰੀਰਾਂ ਤੋਂ ਬਚਣ ਦੀ ਲੋੜ ਹੈ। ਇਹ ਕਥਾ-ਪ੍ਰਵਾਹ ਦੇ ਵਹਾਅ ਨੂੰ ਰੋਕਦੀਆਂ ਹਨ। ਕੈਨੇਡਾ ਵਿੱਚ ਸਾਡੇ ਪੰਜਾਬੀਆਂ ਦੇ ਵਸੇਬੇ ਦਾ ਯਥਾਰਥ ਚਿਤਰਣ ਕਰਕੇ ਸੁਰਜੀਤ ਬਰਾੜ ਨੇ ਸਾਹਸ ਦਾ ਕੰਮ ਕੀਤਾ ਹੈ। ‘ਕਾਲੀ ਕੰਬਲੀ’ ਪਾਠਕਾਂ ਦੀ ਪਸੰਦ ਬਣੇਗਾ ਮੇਰਾ ਯਕੀਨ ਹੈ। ਪੰਜਾਬੀ ਨਾਵਲ ਖੇਤਰ ਵਿੱਚ ਇਸ ਮੁੱਲਵਾਨ ਵਾਧੇ ਲਈ ਲੇਖਕ ਨੂੰ ਮੁਬਾਰਕਾਂ।
ਸੰਪਰਕ: 98147-83069

