ਦੇਸ਼ ਵੰਡ ਦਾ ਦੁਖਾਂਤ
ਬਰਤਾਨਵੀ ਅਫ਼ਸਰ ਸਰ ਸਾਇਰਲ ਰੈੱਡਕਲਿਫ ਦੀ ਖਿੱਚੀ ਲਕੀਰ ਨੇ ਅੱਜ ਤੋਂ 79 ਵਰ੍ਹੇ ਪਹਿਲਾਂ ਪੰਜਾਬ ਦੇ ਦੋ ਟੁਕੜੇੇ ਕਰ ਦਿੱਤੇ ਸਨ। ਉਸ ਸਮੇਂ ਸਿਆਸੀ ਤੌਰ ’ਤੇ ਵਾਪਰੀਆਂ ਘਟਨਾਵਾਂ ਭਾਵੇਂ ਇਤਿਹਾਸ ਦੀਆਂ ਪੁਸਤਕਾਂ ਅਤੇ ਦਸਤਾਵੇਜ਼ਾਂ ’ਚ ਦਰਜ ਹਨ, ਪਰ ਵੰਡ ਦਾ ਸੰਤਾਪ ਹੰਢਾਉਣ ਵਾਲੇ ਬਹੁਤ...
ਬਰਤਾਨਵੀ ਅਫ਼ਸਰ ਸਰ ਸਾਇਰਲ ਰੈੱਡਕਲਿਫ ਦੀ ਖਿੱਚੀ ਲਕੀਰ ਨੇ ਅੱਜ ਤੋਂ 79 ਵਰ੍ਹੇ ਪਹਿਲਾਂ ਪੰਜਾਬ ਦੇ ਦੋ ਟੁਕੜੇੇ ਕਰ ਦਿੱਤੇ ਸਨ। ਉਸ ਸਮੇਂ ਸਿਆਸੀ ਤੌਰ ’ਤੇ ਵਾਪਰੀਆਂ ਘਟਨਾਵਾਂ ਭਾਵੇਂ ਇਤਿਹਾਸ ਦੀਆਂ ਪੁਸਤਕਾਂ ਅਤੇ ਦਸਤਾਵੇਜ਼ਾਂ ’ਚ ਦਰਜ ਹਨ, ਪਰ ਵੰਡ ਦਾ ਸੰਤਾਪ ਹੰਢਾਉਣ ਵਾਲੇ ਬਹੁਤ ਸਾਰੇ ਲੋਕਾਂ ਦੀਆਂ ਆਪਬੀਤੀਆਂ ਵਕਤ ਦੇ ਪੰਨਿਆਂ ਹੇਠ ਦਬ ਗਈਆਂ। ਹਥਲੇ ਲੇਖ ਵਿੱਚ ਲੇਖਕ ਨੇ ਅਜਿਹੇ ਹੀ ਕੁਝ ਲੋਕਾਂ ਨਾਲ ਕੀਤੀਆਂ ਗੱਲਾਂ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਹਨ।
ਸੁਰਤ ਸੰਭਾਲਦਿਆਂ ਹੀ ਦੇਸ਼ ਵੰਡ ਦੇ ਦੁਖਾਂਤ ਨੇ ਮੇਰੀ ਸੁਰਤ ਨੂੰ ਕਿਸੇ ਤਾਕਤਵਰ ਚੁੰਬਕ ਵਾਂਗ ਖਿੱਚਿਆ। ਸਾਡਾ ਪਰਿਵਾਰ ਲਾਇਲਪੁਰ ਦੇ ਚੱਕ ਨੰਬਰ 531 ਤੋਂ ਉੱਠ ਕੇ ਆਇਆ ਸੀ। ਵੰਡ ਸਮੇਂ ਮੇਰੇ ਪਿਤਾ ਤੇ ਚਾਚਾ ਜੀ ਦਸਵੀਂ ਤੇ ਅੱਠਵੀਂ ਜਮਾਤ ਦੇ ਵਿਦਿਆਰਥੀ ਸਨ। ਉਸ ਸਮੇਂ ਘਰ ਛੱਡਣ ਅਤੇ ਕਾਫ਼ਲਿਆਂ ਦੇ ਸਫ਼ਰ ਦੇ ਅਥਾਹ ਦੁੱਖ ਦਾਦੀ ਮਾਂ ਝੋਲੀ ’ਚ ਪੁਆ ਕੇ ਲਿਆਈ, ਜੋ ਉਸ ਅੰਤ ਤੱਕ ਹੰਢਾਏ। ਉਹ ਸਾਰੀ ਜ਼ਿੰਦਗੀ ਕਾਫ਼ਲਿਆਂ ਦੇ ਸਫ਼ਰ ਵਿੱਚ ਹੀ ਰਹੀ। ਕੋਈ ਨਿੰਬੂ ਤੇ ਮਾਲਟੇ ਵੇਚਣ ਵਾਲਾ ਆ ਜਾਂਦਾ ਜਾਂ ਦੀਵਾਲੀ ਦੇ ਦਿਨਾਂ ਵਿੱਚ ਕ੍ਰਿਸ਼ਨਾ ਤਾਈ ਦੀਵੇ ਦੇਣ ਆ ਜਾਂਦੀ ਤਾਂ ਦਾਦੀ ਹਰ ਵਸਤ ਦੀ ਤੁਲਨਾ ਪੁਰਾਣੇ ਪਿੰਡ ਦੀਆਂ ਵਸਤਾਂ ਨਾਲ ਹੀ ਕਰਦੀ। ਅਸੀਂ ਆਖੇ ਨਾ ਲੱਗਦੇ, ਖੇਡਦੇ-ਖੇਡਦੇ ਉਸ ਨੂੰ ਖਿਝਾ ਦਿੰਦੇ ਜਾਂ ਮਾਂ ਤੇ ਚਾਚੀ ਉਲਝ ਪੈਂਦੀਆਂ ਤਾਂ ਹਰ ਮੁਸ਼ਕਿਲ ਅਤੇ ਹਰ ਮੁਹਾਜ਼ ’ਤੇ ਉਹ ਉਨ੍ਹਾਂ ਦੁੱਖਾਂ ਦਾ ਹੀ ਸਹਾਰਾ ਲੈਂਦੀ। ਆਪ ਹੀ ਬੋਲਦੀ ਰਹਿੰਦੀ, ਉਸ ਨੂੰ ਕਿਸੇ ਹੁੰਗਾਰੇ ਦੀ ਲੋੜ ਨਹੀਂ ਸੀ। ਬੋਲਦਿਆਂ-ਬੋਲਦਿਆਂ ਉਸ ਦੀ ਆਵਾਜ਼ ਭਾਰੀ ਹੋ ਜਾਂਦੀ ਤੇ ਅੱਖਾਂ ਨਮ ਹੋ ਜਾਂਦੀਆਂ। ਇਸ ਮਾਨਸਿਕਤਾ ਤਹਿਤ ਉਸ ਦਾ ਬੋਲਿਆ ਹਰ ਸ਼ਬਦ ਰਚ-ਮਿਚ ਪੈਂਦੇ ਮੀਂਹ ਵਾਂਗ ਬਚਪਨ ਵਿੱਚ ਮੇਰੇ ਅੰਦਰ ਸਮਾਉਂਦਾ ਰਿਹਾ।
* * *
ਜੁਲਾਈ 1994 ’ਚ ਮੇਰੀ ਤਾਇਨਾਤੀ ਨਵਾਂਸ਼ਹਿਰ ਵਿਖੇ ਹੋਈ। ਰਾਹੋਂ ਦੇ ਸਰਕਾਰੀ ਸਕੂਲ ਵਿੱਚ ਲੋਕਾਂ ਨੂੰ ਮਿਲਣ ਮਗਰੋਂ ਮੈਂ ਵੱਡੀ ਉਮਰ ਦੇ ਲੋਕਾਂ ਨਾਲ ਦੇਸ਼ ਵੰਡ ਸਮੇਂ ਦੀਆਂ ਯਾਦਾਂ ਸਾਂਝੀਆਂ ਕਰਨ ਲੱਗਾ। ਉੱਥੋਂ ਦਾ ਇੱਕ ਵਿਅਕਤੀ, ਜੋ ਹੁਣ ਸੂਬੇਦਾਰ ਪੈਨਸ਼ਨ ਆ ਗਿਆ ਸੀ, ਉਦੋਂ ਨੌਵੀਂ ਜਮਾਤ ਦਾ ਵਿਦਿਆਰਥੀ ਸੀ। ‘‘ਪਹਿਲਾ ਹਮਲਾ ਖਮਾਚੋ ਹੋਇਆ ਫੇਰ ਕਰਿਆਮ, ਸਲੋਹ ਪਿੰਡ ਕਈ ਘਰਾਂ ਨੂੰ ਅੱਗ ਲੱਗੀ। ਰਾਹੋਂ ਤੇ ਸਤਲੁਜ ਦੇ ਨੇੜੇ ਵਸੇ ਛੋਟੇ-ਛੋਟੇ ਪਿੰਡਾਂ ਦੇ ਮੁਸਲਮਾਨ ਪਰਿਵਾਰ ਔੜ ਪਿੰਡ ਇਕੱਠੇ ਹੋ ਗਏ ਸਨ। ਉਨ੍ਹਾਂ ਕੋਲ ਬੰਦੂਕਾਂ ਸਨ। ਸਲੋਹ ਪਿੰਡ ਦੇ ਦੋ ਬੰਦੇ ਮਾਰੇ ਗਏ। ਦੋ ਦਿਨ ਘੇਰਾ ਪਿਆ ਰਿਹਾ। ਸਾਡੀ ਮੁੰਡਿਆਂ ਦੀ ਡਿਊਟੀ ਚਾਹ ਤੇ ਰੋਟੀਆਂ ਪਹੁੰਚਾਉਣ ਦੀ ਸੀ। ਤੀਜੇ ਦਿਨ ਹਮਲਾ ਕੀਤਾ, ਤਿੰਨ ਹਜ਼ਾਰ ਦੇ ਲਗਭਗ ਮੁਸਲਮਾਨ ਮਾਰੇ ਗਏ। ਇੱਕ ਪਰਿਵਾਰ ਵੀਰਾਨ ਪਏ ਮੁਸਲਮਾਨਾਂ ਦੇ ਘਰੋਂ ਇੱਕ ਸੱਜਰ ਸੂਈ ਮੱਝ ਬੰਨ੍ਹ ਲਿਆਇਆ। ਮੱਝ ਦਾ ਲੇਵਾ ਆਕੜ ਗਿਆ ਸੀ। ਥਣਾਂ ਵਿੱਚੋ ਦੁੱਧ ਸਿੰਮਣ ਲੱਗਾ, ਪਰ ਉਹ ਦੁਲੱਤੇ ਮਾਰੇ। ਉਸ ਦੇ ਥੱਲੇ ਬੈਠਣਾ ਦੂਰ ਦੀ ਗੱਲ, ਉਹ ਨੇੜੇ ਵੀ ਢੁਕਣ ਨਾ ਦੇਵੇ। ਸਵੇਰੇ ਸੁਵਖਤੇ ਇੱਕ ਹੋਰ ਸੂਈ ਮੱਝ ਦੀ ਕੱਟੀ ਹੌਲੀ ਜਿਹੀ ਉਸ ਦੇ ਨੇੜੇ ਲਿਆਂਦੀ। ਮੱਝ ਕੱਟੀ ਨੂੰ ਚੱਟਣ ਲੱਗੀ। ਸੁਆਣੀ ਨੇ ਦਬਾਦਬ ਦੁੱਧ ਦੀ ਬਾਲਟੀ ਭਰ ਲਈ।’’ ਇਹ ਬਿਰਤਾਂਤ ਸੁਣਾਉਣ ਵਾਲਾ ਵਿਅਕਤੀ ਤਿੰਨ ਹਜ਼ਾਰ ਬੇਕਸੂਰ ਵਿਅਕਤੀਆਂ ਦੇ ਕਤਲ ਅਤੇ ਮੱਝ ਨੂੰ ਚੋਣ ਦੀ ਘਟਨਾ ਨੂੰ ਇੱਕੋ ਲੈਅ ’ਚ ਕਿਵੇਂ ਸੁਣਾ ਗਿਆ, ਇਸ ਗੱਲ ਨੇ ਮੈਨੂੰ ਕਈ ਦਿਨ ਪਰੇਸ਼ਾਨ ਕਰੀ ਰੱਖਿਆ।
* * *
ਸਾਲ 1998 ’ਚ ਵਾਪਰੀ ਸੰਗਰੂਰ ਜ਼ਿਲ੍ਹੇ ਦੀ ਇੱਕ ਘਟਨਾ ਵੀ ਸਾਂਝੀ ਕਰਨੀ ਬਣਦੀ ਹੈ। ਕਈ ਪਾਕਿਸਤਾਨੀ ਨਾਗਰਿਕ ਸ਼ਹਿਰ ਮਾਲੇਰਕੋਟਲਾ ਅਤੇ ਆਸੇ-ਪਾਸੇ ਦੇ ਪਿੰਡਾਂ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਉਂਦੇ। ਇਨ੍ਹਾਂ ਵਿੱਚੋ ਬਹੁਤੇ ਪਰਿਵਾਰ ਉਹ ਹੁੰਦੇ, ਜੋ ਵੰਡ ਸਮੇਂ ਇਧਰੋਂ ਉੱਠ ਕੇ ਉੱਧਰ ਗਏ ਸਨ। ਵਿਦੇਸ਼ੀ ਨਾਗਰਿਕਾਂ ਦੀ ਆਮਦ ਰਿਪੋਰਟ ਅਤੇ ਵੀਜ਼ਾ ਪਰਮਿਟ ਦੇ ਆਰਜ਼ੀ ਵਾਧੇ ਸਬੰਧੀ ਮੇਰੀ ਉਨ੍ਹਾਂ ਨਾਲ ਮੁਲਾਕਾਤ ਹੁੰਦੀ। ਮੈਂ ਉਨ੍ਹਾਂ ਤੋਂ ਦੇਸ਼ ਵੰਡ ਸਮੇਂ ਏਧਰੋਂ ਜਾਣ ਦੇ ਸਫ਼ਰ ਦੀਆਂ ਗੱਲਾਂ ਸੁਣਦਾ। ਅਜਿਹੀ ਇੱਕ ਘਟਨਾ ਦਾ ਜ਼ਿਕਰ ਕਰਨ ਲੱਗਾ ਹਾਂ। ਇਸ ਵਿਅਕਤੀ ਦਾ ਪਰਿਵਾਰ ਲੁਧਿਆਣੇ ਦੀ ਜਗਰਾਉਂ ਤਹਿਸੀਲ ਦੇ ਪਿੰਡ ਲੰਮੇ-ਜੱਟ ਪੁਰੇ ਤੋਂ ਉੱਠ ਕੇ ਗਿਆ ਸੀ। ਦਫ਼ਤਰ ਦਾ ਕੰਮ ਮੁਕੰਮਲ ਹੋਣ ਮਗਰੋਂ ਮੈਂ ਉਸ ਨੂੰ ਪੁੱਛਿਆ ਕਿ ਮੈਂ ਤੁਹਾਡੀ ਕੀ ਮਦਦ ਕਰ ਸਕਦਾ ਹਾਂ? ਉਹ ਕੁਰਸੀਆਂ ਦੀ ਪਹਿਲੀ ਕਤਾਰ ਵਿੱਚੋਂ ਉੱਠ ਕੇ ਤੀਜੀ ਤੇ ਆਖ਼ਰੀ ਕਤਾਰ ਵਿੱਚ ਜਾ ਬੈਠਾ। ਕੁਝ ਸੋਚਦਾ ਰਿਹਾ ਤੇ ਅਚਾਨਕ ਬੋਲਿਆ, ‘‘ਪਿੰਡ ਲੰਮੇ ਤੋਂ ਅਜੀਤਵਾਲ ਕੈਂਪ ਤੱਕ ਮੈਂ ਉਹੀ ਸਫ਼ਰ ਪੈਦਲ ਕਰਨਾ ਚਾਹੁੰਦਾ ਹਾਂ। ਸਿਰ ’ਤੇ ਕੱਪੜਿਆਂ ਦੀ ਪੰਡ ਰੱਖਣੀ ਹੈ, ਝੋਲੇ ਵਿੱਚ ਆਟਾ ਪਾ ਕੇ ਮੋਢੇ ਟੰਗਣਾ ਹੈ, ਕਮਾਲਪੁਰੇ ਸੂਏ ਵਿੱਚੋਂ ਪਾਣੀ ਪੀਣਾ ਹੈ, ਅਖਾੜਾ ਨਹਿਰ ਉੱਤੇ ਨਲਕੇ ਤੋਂ ਅੱਖਾਂ ’ਚ ਠੰਢੇ ਪਾਣੀ ਦੇ ਛਿੱਟੇ ਮਾਰਨੇ ਹਨ।’’ ਫਿਰ ਉਹ ਅਚਾਨਕ ਭੁੱਬਾਂ ਮਾਰ ਕੇ ਰੋਣ ਲੱਗਿਆ। ਨਹਿਰ ਦੇ ਪੁਲ ਤੋਂ ਅਜੀਤਵਾਲ ਤੱਕ ਦੇ 4-5 ਮੀਲ ਸਫ਼ਰ ਦੌਰਾਨ ਉਸ ਦਾ ਅੱਬਾ ਮਾਰਿਆ ਗਿਆ ਸੀ।
* * *
ਦੇਸ਼ ਵੰਡ ਸਮੇਂ ਵਿਛੜੀ ਧੰਨੋ ਪੈਂਹਟ ਵਰ੍ਹਿਆਂ ਬਾਅਦ ਸਾਲ 2012 ’ਚ ਆਪਣੇ ਮਾਂ ਜਾਇਆਂ ਨੂੰ ਪਿੰਡ ਡਰੋਲੀ ਭਾਈ ਅਚਾਨਕ ਆਣ ਮਿਲੀ ਸੀ। ਵੰਡ ਸਮੇਂ ਉਸ ਦੀ ਉਮਰ 22 ਵਰ੍ਹੇ ਸੀ ਤੇ ਉਹ ਸਹੁਰੇ ਪਰਿਵਾਰ ਨਾਲ ਪਾਕਿਸਤਾਨ ਚਲੀ ਗਈ ਜਦੋਂਕਿ ਪੇਕਾ ਪਰਿਵਾਰ ਇੱਧਰ ਹੀ ਟਿਕਿਆ ਰਿਹਾ। ਉਸ ਨੇ ਡਰੋਲੀ ਭਾਈ ਪਹੁੰਚਣ ਤੋਂ ਪਹਿਲਾਂ ਡਗਰੂ ਰੇਲਵੇ ਸਟੇਸ਼ਨ ਨੂੰ ਸਿਜਦਾ ਕੀਤਾ, ਜਿੱਥੋਂ ਰੇਲਵੇ ਲਾਈਨ ਦੇ ਨਾਲ-ਨਾਲ ਉਹ ਫਿਰੋਜ਼ਪੁਰ ਹੋ ਕੇ ਗੰਡਾ ਸਿੰਘ ਵਾਲਾ ਤੋਂ ਪਾਕਿਸਤਾਨ ਦਾਖ਼ਲ ਹੋਏ ਸਨ। ਪਿੰਡ ਪਹੁੰਚ ਕੇ ਉਹ ਭਾਈਆਂ ਦੇ ਪਰਿਵਾਰਾਂ ਨੂੰ ਮਿਲੀ ਤੇ ਫਿਰ ਪਿੰਡ ਵਿੱਚ ਛੱਪੜ ਕਿਨਾਰੇ ਬੋਹੜਾਂ ਤੇ ਪਿੱਪਲਾਂ ਥੱਲੇ ਜਾ ਬੈਠੀ, ਜਿੱਥੇ ਉਹ ਬਚਪਨ ਵਿੱਚ ਸਹੇਲੀਆਂ ਨਾਲ ਖੇਡਿਆ ਕਰਦੀ ਸੀ। ਵੱਗ ਦੇ ਬੈਠਣ ਵਾਲੀ ਥਾਂ ਉਸ ਨੇ ਲੱਭ ਲਈ ਸੀ। ਅਚਾਨਕ ਉਸ ਦਾ ਹੱਥ ਮੱਥੇ ’ਤੇ ਪਈਆਂ ਤਿਉੜੀਆਂ ਨੂੰ ਜਾ ਛੋਹਿਆ। ਪਿੰਡ ਦੀਆਂ ਬੀਹੀਆਂ ਵਿੱਚ ਘੁੰਮਦਿਆਂ ਮੀਰਜ਼ਾਦਿਆਂ ਦੀ ਧੀ ਨੇ ਸਾਰੇ ਪਿੰਡ ਵਿੱਚ ਭਾਈਚਾਰਕ ਸਾਂਝ ਦੀ ਖੁਸ਼ਬੋ ਦਾ ਛਿੱਟਾ ਦੇ ਦਿੱਤਾ। ਇਸ ਬਾਰੇ ਉਦੋਂ ਮੈਂ ਇੱਕ ਲੇਖ ਲਿਖਿਆ ਸੀ ‘ਭੂਆ ਧੰਨੋ’। ਮੈਂ ਲਿਖਿਆ ਸੀ ਕਿ ਦੇਸ਼ ਵੰਡ ਸਮੇਂ ਵਿੱਛੜ ਗਏ ਪਰਿਵਾਰਾਂ ਦੇ ਮਿਲਾਪ ਦੀ ਇਹ ਆਖ਼ਰੀ ਘਟਨਾ ਜਾਪਦੀ ਹੈ। ਪਰ ਇਮਲੀ ਦਾ ਬੀਜ ਜਿਵੇਂ 35-40 ਵਰ੍ਹਿਆਂ ਬਾਅਦ ਵੀ ਧਰਤੀ ਦੀ ਸਤ੍ਵਾ ਪਾਸੇ ਕਰਕੇ ਉੱਗ ਪੈਂਦਾ ਹੈ, ਇਉਂ ਹੀ ਦੇਸ਼ ਵੰਡ ਤੋਂ ਸੱਤ ਦਹਾਕਿਆਂ ਬਾਅਦ (2018) ਅਜਿਹੀ ਇੱਕ ਹੋਰ ਘਟਨਾ ਨੇ ਦਸਤਕ ਦਿੱਤੀ।
ਮਾਲੇਰਕੋਟਲਾ ਕੈਂਪ ਵਿੱਚ ਸ਼ਰੀਫ਼ਾਂ ਨੂੰ ਪੇਕਾ ਪਰਿਵਾਰ ਵੀ ਮਿਲ ਗਿਆ ਸੀ। ਕੈਂਪ ਵਿੱਚ ਉਨ੍ਹਾਂ ਨੂੰ ਪਤਾ ਲੱਗਿਆ ਕਿ ਮਾਲੇਰਕੋਟਲਾ ਰਿਆਸਤ ਦੇ ਪਿੰਡਾਂ ਵਿੱਚ ਮੁਸਲਮਾਨ ਪਰਿਵਾਰਾਂ ਨੂੰ ਉਠਾਇਆ ਤੇ ਮਾਰਿਆ ਨਹੀਂ ਜਾਂਦਾ। ਉਸ ਦਾ ਪੇਕਾ ਪਰਿਵਾਰ ਮਾਲੇਰਕੋਟਲਾ ਰਿਆਸਤ ਦੇ ਪਿੰਡ ਹਥਨ ਆਪਣੇ ਰਿਸ਼ਤੇਦਾਰਾਂ ਕੋਲ ਰੁਕ ਗਿਆ ਤੇ ਇਧਰ ਹੀ ਰਹਿ ਗਿਆ, ਪਰ ਸ਼ਰੀਫ਼ਾਂ ਖਾਵੰਦ ਦਾ ਪੱਲਾ ਫੜ ਰੇਲ ਗੱਡੀ ਵਿੱਚ ਜਾ ਬੈਠੀ, ਜੋ ਲਾਹੌਰ ਜਾਣ ਲਈ ਤਿਆਰ ਖੜ੍ਹੀ ਸੀ। ਦਿਨ ਛਿਪ ਚੁੱਕਿਆ ਸੀ।
ਲਾਹੌਰ ਉਹ ਪਰਿਵਾਰ ਸਮੇਤ ਤਿੰਨ ਮਹੀਨੇ ਕੈਂਪ ਵਿੱਚ ਰਹੀ। ਉਸ ਦਾ ਪਰਿਵਾਰ ਇੱਕ ਥਾਂ ਤੋਂ ਦੂਜੀ ਥਾਂ ਬਾਗ਼ਾਂ ਦੇ ਠੇਕੇ ਲੈਂਦਿਆਂ-ਲੈਂਦਿਆਂ ਸੂਬਾ ਸਿੰਧ ਦੇ ਸ਼ਹਿਰ ਮੀਰਪੁਰ ਜਾ ਵਸਿਆ। ਉਸ ਨੇ ਵਿਛੜੇ ਪੇਕਾ ਪਰਿਵਾਰ ਨਾਲ ਰਾਬਤਾ ਕਾਇਮ ਕਰਨ ਲਈ ਕਈ ਯਤਨ ਕੀਤੇ, ਪਰ ਮਿਲਾਪ ਦੀ ਕਿਸੇ ਵੀ ਆਸ ਨੂੰ ਬੂਰ ਨਾ ਪਿਆ। ਉਸ ਦੀਆਂ ਪਾਈਆਂ ਚਿੱਠੀਆਂ ਰਿਆਸਤਾਂ ਦੀ ਅਦਲਾ-ਬਦਲੀ ਕਾਰਨ ਆਪਣੀ ਮੰਜ਼ਿਲ ਤੱਕ ਨਾ ਪਹੁੰਚ ਸਕੀਆਂ। ਜ਼ਿੰਦਗੀ ਦੇ ਅੰਤਲੇ ਪੜਾਅ ’ਤੇ ਸ਼ਰੀਫ਼ਾਂ ਦੀ ਤਾਂਘ ਤੇ ਯਤਨ ਸਫ਼ਲ ਹੋਏ। ਮਾਲੇਰਕੋਟਲਾ ਦੇ ਪਿੰਡਾਂ ਵਿੱਚ ਆਪਣੀਆਂ ਰਿਸ਼ਤੇਦਾਰੀਆਂ ’ਚ ਮਿਲਣ ਆਉਂਦੇ-ਜਾਂਦੇ ਪਾਕਿਸਤਾਨੀ ਵਸਨੀਕਾਂ ਦੇ ਹੱਥ ਨਿਰੰਤਰ ਸੁਨੇਹਿਆਂ ਦੀ ਮਦਦ ਨਾਲ ਉਸ ਨੇ ਆਪਣੇ ਭਾਈਆਂ ਨੂੰ ਲੱਭ ਲਿਆ।
ਉਸ ਨਾਲ ਗੱਲਾਂ ਕਰਦਿਆਂ ਮੈਂ ਪੁੱਛਿਆ, ‘‘ਅੰਮਾ, ਵੰਡ ਵੇਲੇ ਜਦੋਂ ਤੁਸੀਂ ਮਾਲੇਰਕੋਟਲਾ ਤੋਂ ਰੇਲਗੱਡੀ ਰਾਹੀਂ ਲਾਹੌਰ ਪਹੁੰਚੇ ਉਦੋਂ ਦੀ ਕੋਈ ਗੱਲ ਯਾਦ ਕਰੋ?’’ ਉਹ ਕਹਿੰਦੀ, ‘‘ਅਸੀਂ ਤਿੰਨ ਮਹੀਨੇ ਤੰਬੂਆਂ ਵਿੱਚ ਲਾਹੌਰ ਰਹੇ, ਬਹੁਤ ਇਕੱਠ ਸੀ, ਕਹਿੰਦੇ ਸਨ ਕਿ ਉਸ ਦੇਸ਼ ਦਾ ਰਾਜਾ ਇਸੇ ਫ਼ਿਕਰ ਨਾਲ ਮਰ ਗਿਆ ਸੀ ਕਿ ਇੰਨੇ ਲੋਕਾਂ ਨੂੰ ਕਿਵੇਂ ਸਾਂਭਾਂਗਾ।’’ ਪਰ ਉਸ ਨੂੰ ਇਸ ਬਾਰੇ ਕੁਝ ਵੀ ਨਹੀਂ ਸੀ ਪਤਾ ਕਿ ਮੁਹੰਮਦ ਅਲੀ ਜਿਨਾਹ ਕੌਣ ਸਨ। ਆਪਣੇ ਪੇਕੇ ਪਿੰਡ ਹਰਚੰਦਪੁਰੇ (ਧੂਰੀ) ਪਹੁੰਚ ਕੇ ਉਸ ਨੇ ਪੁਰਾਣਾ ਦਰਵਾਜ਼ਾ ਲੱਭ ਲਿਆ, ਜਿੱਥੇ ਉਹ ਬਚਪਨ ਵਿੱਚ ਸਹੇਲੀਆਂ ਨਾਲ ਖੇਡਿਆ ਕਰਦੀ ਸੀ। ਦਰਵਾਜ਼ੇ ਵੜਦਿਆਂ ਉਸ ਨੇ ਜੁੱਤੀ ਲਾਹ ਦਿੱਤੀ ਤਾਂ ਕਿ ਉਸ ਦੇ ਪੈਰ ਉਸ ਦੀ ਜਨਮਭੂਮੀ ਨੂੰ ਛੂਹ ਸਕਣ, ਹੱਥਾਂ ਦੀਆਂ ਉਂਗਲਾਂ ਨੂੰ ਦਰਵਾਜ਼ੇ ਵਿੱਚ ਬਣੇ ਆਲ਼ਿਆਂ ਵਿੱਚ ਘੁਮਾਇਆ ਤਾਂ ਜੋ ਉਸ ਦੇ ਹੱਥ ਸੁੱਚੇ ਹੋ ਜਾਵਣ ਤੇ ਫਿਰ ਉਸ ਨੇ ਕਿਸੇ ਨਿੱਘ ਦੀ ਆਸ ਵਿੱਚ ਦਰਵਾਜ਼ੇ ਦੇ ਥਮਲੇ ਦੁਆਲੇ ਆਪਣੀ ਬਾਂਹ ਵਲ ਲਈ ਸੀ।
ਭਾਵੇਂ ਉਸ ਨੇ 71 ਵਰ੍ਹਿਆਂ ਬਾਅਦ ਆਪਣੇ ਮਾਂ ਜਾਇਆਂ ਨੂੰ ਲੱਭ ਲਿਆ ਸੀ, ਪਰ ਉਸ ਦੇ ਮਨ ਅੰਦਰ ਗੁਆਚ ਜਾਣ ਦਾ ਡਰ ਸੀ। ਇੱਧਰ ਆਉਣ ਤੋਂ ਪਹਿਲਾਂ ਉਸ ਨੇ ਮੀਰਪੁਰ-ਮਾਲੇਰਕੋਟਲਾ ਇਹ ਦੋਵੇਂ ਨਾਮ ਆਪਣੇ ਚੇਤਿਆਂ ਵਿੱਚ ਪੱਕੇ ਖੁਣ ਲਏ ਸਨ। ਚੱਲਣ ਤੋਂ ਪਹਿਲਾਂ ਉਸ ਨੇ ਦੋਵੇਂ ਪਤਿਆਂ ਦੀਆਂ ਦੋ-ਦੋ ਕਾਪੀਆਂ ਕਰਵਾ ਕੇ ਆਪਣੇ ਪਹਿਰਾਵੇ ਅੰਦਰ ਵੱਖ-ਵੱਖ ਸਾਂਭ ਲਈਆਂ ਸਨ। ਮੇਰੇ ਨਾਲ ਗੱਲਾਂ ਕਰਦੀ-ਕਰਦੀ ਉਹ ਕੋਲ ਬੈਠੀ ਆਪਣੀ ਧੀ ਬਸ਼ੀਰਾਂ ਨੂੰ ਪੁੱਛਣ ਲੱਗੀ, ‘‘ਲਾਹੌਰ ਟੇਸ਼ਨ ਦਾ ਪਤੈ ਤੈਨੂੰ, ਆਪਾਂ ਗੁਆਚ ਤਾਂ ਨਹੀਂ ਜਾਮਾਂਗੀਆਂ?’’ ਮੈਂ ਉਸ ਨੂੰ ਕਰੰਸੀ ਨੋਟ ਪਾਸੇ ਰੱਖ ਕੇ ਪਤੇ ਵਾਲੀਆਂ ਪਰਚੀਆਂ ਦੀਆਂ ਤਹਿਆਂ ਲਾਉਂਦੀ ਵੇਖਿਆ।
* * *
ਅੰਦਰੇਟੇ ਦੀ ਧਰਤੀ ਨੂੰ ਮਾਣ ਹੈ ਕਿ ਪ੍ਰਸਿੱਧ ਚਿੱਤਰਕਾਰ ਸੋਭਾ ਸਿੰਘ ਅਤੇ ਪੰਜਾਬ ਨਾਟ ਮੰਚ ਦਾ ਨੀਂਹ ਪੱਥਰ ਰੱਖਣ ਵਾਲੀ ਨੋਰਾ ਰਿਚਰਡ ਨੇ ਇੱਥੇ ਆਪਣੇ ਘਰ ਬਣਾਏ। ਇਹ ਦੋਵੇਂ ਕਲਾਕਾਰ ਵੰਡ ਤੋਂ ਪਹਿਲਾਂ ਹੀ ਅੰਦਰੇਟੇ ਆ ਵਸੇ ਸਨ। ਇਸ ਲਈ ਜਿੱਥੇ ਇਹ ਧਰਤੀ ਲੰਮਾ ਸਮਾਂ ਕਲਾ ਦਾ ਕੇਂਦਰ ਬਣੀ ਰਹੀ, ਉੱਥੇ ਇਨ੍ਹਾਂ ਪਹਾੜੀ ਢਲਾਣਾਂ ਵਿੱਚ ਸਾਂਝੇ ਪੰਜਾਬ ਦੀਆਂ ਯਾਦਾਂ ਅਤੇ ਕਈ ਦੁਖਦਾਇਕ ਘਟਨਾਵਾਂ ਦੀ ਦਾਬ ਦੱਬੀ ਪਈ ਹੈ।
ਦੇਸ਼ ਵੰਡ ਸਮੇਂ ਰਹਿਮਤੀ ਦੀ ਉਮਰ 27-28 ਵਰ੍ਹਿਆਂ ਦੀ ਸੀ। ਅੰਦਰੇਟੇ ਤੋਂ ਇੱਕ ਪਹਾੜੀ ਪਾਰ ਕਰਕੇ ਨੈਣਾ ਨਾਮੀ ਖੱਡ ਦੇ ਕਿਨਾਰੇ ਇਸ ਪਰਿਵਾਰ ਦੇ ਤਿੰਨ-ਚਾਰ ਘਰ ਸਨ। ਅਗਸਤ 1947 ਦੀ ਇੱਕ ਚੰਨ ਚਾਨਣੀ ਰਾਤ ਨੂੰ ਕੁਝ ਵਿਅਕਤੀਆਂ ਨੇ ਤੇਜ਼ ਹਥਿਆਰਾਂ ਨਾਲ ਇਨ੍ਹਾਂ ਘਰਾਂ ’ਤੇ ਹਮਲਾ ਕਰ ਦਿੱਤਾ। ਰਹਿਮਤੀ ਦੀਆਂ ਅੱਖਾਂ ਸਾਹਮਣੇ ਉਸ ਦਾ ਪਰਿਵਾਰ ਮਾਰਿਆ ਗਿਆ। ਉਸ ਸਮੇਂ ਰਹਿਮਤੀ ਗਰਭਵਤੀ ਸੀ। ਭੀੜ ਵਿੱਚੋਂ ਕਿਸੇ ਨੇ ਆਖਿਆ ਕਿ ਗਰਭਵਤੀ ਔਰਤ ਨੂੰ ਮਾਰਨਾ ਪਾਪ ਹੋਵੇਗਾ। ਕੂਹਣੀਆਂ ਦੇ ਜੋੜ ਕੋਲੋਂ ਉਸ ਦੀਆਂ ਦੋਵੇਂ ਬਾਹਾਂ ਵੱਢ ਦੇਣ ਦਾ ਫ਼ੈਸਲਾ ਲਿਆ ਗਿਆ। ਲਹੂ-ਲੁਹਾਣ ਹੋਈ ਰਹਿਮਤੀ ਖੱਡ ਦੇ ਨਾਲ-ਨਾਲ ਤੁਰਦੀ ਆਈ ਤੇ ਨੋਰਾ ਦੇ ਘਰ ਦੇ ਪਿਛਲੇ ਪਾਸੇ ਲੁਕ ਗਈ। ਵੱਡੀ ਰਾਤ ਰਹਿਮਤੀ ਦੇ ਦਰਦ ਨਾਲ ਕਰਾਹੁਣ ਦੀ ਆਵਾਜ਼ ਨੋਰਾ ਦੇ ਕੰਨਾਂ ਵਿੱਚ ਪਈ। ਉਸ ਨੇ ਲੰਮੀ ਸੀਟੀ ਮਾਰੀ ਤੇ ਉਸ ਦਾ ਨੌਕਰ ਸਾਬਰ ਝੱਟ ਆ ਪਹੁੰਚਿਆ। ਦੋਵਾਂ ਨੇ ਲਾਲਟੈਨ ਜਗਾ ਕੇ ਬਗੀਚੀ ਵਿੱਚ ਵੇਖਿਆ ਤਾਂ ਰਹਿਮਤੀ ਦੋਵੇਂ ਬਾਹਵਾਂ ਕੱਟ ਜਾਣ ਦੀ ਪੀੜ ਕਾਰਨ ਕੁਰਲਾ ਰਹੀ ਸੀ। ਨੋਰਾ ਨੇ ਝਟਪਟ ਆਪਣੇ ਨੀਰੂ ਨਾਮੀ ਘੋੜੇ ’ਤੇ ਰਹਿਮਤੀ ਨੂੰ ਲਿਟਾ ਕੇ ਆਪਣੀ ਬੁੱਕਲ ਵਿੱਚ ਲੈ ਲਿਆ। ਘੋੜੇ ਦੀ ਲਗਾਮ ਸਾਬਰ ਨੂੰ ਫੜਾ ਦਿੱਤੀ। ਉਸ ਖ਼ੌਫ਼ਨਾਕ ਰਾਤ ਨੂੰ ਨੋਰਾ ਅਤੇ ਉਸ ਦੇ ਨੌਕਰ ਨੇ ਰਹਿਮਤੀ ਨੂੰ ਮਿਸ਼ਨ ਹਸਪਤਾਲ, ਪਾਲਮਪੁਰ ਦਾਖਲ ਕਰਵਾ ਦਿੱਤਾ। ਉਸ ਦੀਆਂ ਬਾਹਾਂ ਦੇ ਜ਼ਖ਼ਮ ਸੀਤੇ ਗਏ ਅਤੇ ਅਗਲੇ ਦਿਨ ਉਸ ਨੇ ਇੱਕ ਬੱਚੇ ਨੂੰ ਜਨਮ ਦਿੱਤਾ, ਜਿਸ ਦਾ ਨਾਮ ਕਰਮਦੀਨ ਰੱਖਿਆ ਗਿਆ।
ਮੈਂ 1996 ਵਿੱਚ ਸਾਬਰ ਦੇ ਪੁੱਤਰ ਸਰਬਜੀਤ ਨੂੰ ਪੁੱਛਿਆ, ‘‘ਕੀ ਰਹਿਮਤੀ ਜਿਊਂਦੀ ਹੈ?’’ ਉਸ ਨੇ ਰੁੱਖਾਂ ਤੇ ਵੇਲਾਂ ਵਿਚਦੀ ਢਲਾਣ ਵੱਲ ਇਸ਼ਾਰਾ ਕੀਤਾ ਕਿ ਉਸ ਨਲਕੇ ਤੋਂ ਪਸ਼ੂਆਂ ਨੂੰ ਪਾਣੀ ਪਿਲਾਉਂਦੀ ਔਰਤ ਰਹਿਮਤੀ ਹੈ। ਅਸੀਂ ਝਟਪਟ ਉਸ ਕੋਲ ਜਾ ਪਹੁੰਚੇ। ਕੂਹਣੀਆਂ ਤੋਂ ਮੋਢੇ ਤੱਕ ਕੱਪੜੇ ਵਲ੍ਹੇਟ ਕੇ ਰੱਸੀਆਂ ਬੰਨੀਆਂ ਹੋਈਆਂ ਸਨ। ਇਸੇ ਮਦਦ ਨਾਲ ਉਹ ਦੋਵੇਂ ਪਾਸੇ ਦੀਆਂ ਅੱਧੀਆਂ-ਅੱਧੀਆਂ ਬਾਹਾਂ ਨਾਲ ਨਲਕਾ ਗੇੜ ਰਹੀ ਸੀ। ਮੈਂ ਰਹਿਮਤੀ ਨੂੰ ਨੋਰਾ ਰਿਚਰਡ ਬਾਰੇ ਪੁੱਛਿਆ, ਉਹ ਮੂੰਹੋਂ ਕੁਝ ਨਾ ਬੋਲ ਸਕੀ। ਉਸ ਨੇ ਸਿਰਫ਼ ਆਪਣੇ ਖੱਬੇ ਪਾਸੇ ਵਾਲੀ ਅੱਧੀ ਬਾਂਹ ਨੂੰ ਧਰਤੀ ਨਾਲ ਰਗੜਿਆ ਅਤੇ ਅੰਦਰੇਟੇ ਦੀ ਮਿੱਟੀ ਨੂੰ ਆਪਣੇ ਮੱਥੇ ਨਾਲ ਲਾਇਆ ਜਿਸ ਵਿੱਚ ਨੋਰਾ ਦੀ ਮਹਿਕ ਰਲੀ ਹੋਈ ਸੀ।
* * *
ਪਿੰਡ ਕੁਠਿਆਲਾ ਵਿਰਕਾਂ ਤਹਿਸੀਲ ਮੁਰੀਦਕੇ ਜ਼ਿਲ੍ਹਾ ਸ਼ੇਖ਼ੂਪੁਰਾ ਵਿਖੇ ਵਿਰਕ ਸਿੱਖ ਪਰਿਵਾਰਾਂ ਦਾ ਦੇਸ਼ ਵੰਡ ਸਮੇਂ ਅਥਾਹ ਨੁਕਸਾਨ ਹੋਇਆ। ਇਸ ਦੇ ਦੋ ਮੂਲ ਕਾਰਨ ਸਨ: ਪਹਿਲਾ, ਪਿੰਡ ਵਾਸੀ ਸੋਚਦੇ ਰਹੇ ਕਿ ਨਨਕਾਣਾ ਸਾਹਿਬ ਤੱਕ ਤਾਂ ਹਿੰਦੋਸਤਾਨ ਦੀ ਹੱਦ ਰਹੇਗੀ ਹੀ, ਇਹ ਸੋਚ 25 ਅਗਸਤ ਤੱਕ ਲਮਕ ਗਈ ਅਤੇ ਘਾਤਕ ਸਿੱਧ ਹੋਈ। ਦੂਜਾ ਮੁਸਲਮਾਨ ਖ਼ਾਸ ਤੌਰ ’ਤੇ ਪਠਾਣ ਆਸੇ-ਪਾਸੇ ਲੁੱਟ-ਮਾਰ ਕਰਕੇ ਵਿਹਲੇ ਹੋ ਗਏ ਸਨ। ਉਨ੍ਹਾਂ ਦਾ ਵੱਡਾ ਸ਼ਿਕਾਰ ਕੁਠਿਆਲਾ ਵਿਰਕਾਂ ਹੁਣ ਚੱਕਰ ਰੂਪੀ ਘੇਰੇ ਦੇ ਅੰਦਰ ਸੀ। ਉਦੋਂ ਗੁਰਦੀਪ ਸਿੰਘ ਪਿੰਡ ਦਾ ਜ਼ੈਲਦਾਰ ਸੀ। ਉਸ ਦਾ ਚਚੇਰਾ ਭਰਾ ਫਕੀਰ ਸਿੰਘ (13) ਅਤੇ ਭਤੀਜਾ ਸੂਰਤ ਸਿੰਘ (12) ਇਸ ਘਟਨਾ ਦੇ ਚਸ਼ਮਦੀਦ ਗਵਾਹ ਹਨ। ਉਨ੍ਹਾਂ ਨਾਲ ਪਿੰਡ ਲੱਖਮੜੀ ਜ਼ਿਲ੍ਹਾ ਕੁਰੂਕਸ਼ੇਤਰ ਵਿਖੇ ਕੀਤੀ ਗਈ ਗੱਲਬਾਤ (22-03-2025) ਦੇ ਕੁਝ ਅੰਸ਼ ਸਾਂਝੇ ਕੀਤੇ ਜਾ ਰਹੇ ਹਨ:
ਤੁਹਾਡਾ ਨਾਮ ਪਤਾ? ਪਿੰਡ ਵਿੱਚ ਸਕੂਲ ਹੈ ਸੀ?
ਫਕੀਰ ਸਿੰਘ ਵਲਦ ਮਾਨ ਸਿੰਘ ਵਲਦ ਸੰਤ ਸਿੰਘ ਪਿੰਡ ਕੁਠਿਆਲਾ ਵਿਰਕਾਂ ਤਹਿਸੀਲ ਮੁਰੀਦਕੇ ਜ਼ਿਲ੍ਹਾ ਸ਼ੇਖ਼ੂਪੁਰਾ। ਪਿੰਡ ਵਿੱਚ ਪ੍ਰਾਇਮਰੀ ਸਕੂਲ ਹੈ ਸੀ। ਉਦੋਂ ਪ੍ਰਾਇਮਰੀ ਸਿੱਖਿਆ ਚੌਥੀ ਤੱਕ ਹੁੰਦੀ ਸੀ। ਮੈਂ ਚੌਥੀ ਜਮਾਤ ਵਿੱਚ ਸਾਂ ਤੇ ਇਹ (ਸੂਰਤ ਸਿੰਘ ਵੱਲ ਇਸ਼ਾਰਾ ਕਰਕੇ) ਤੀਜੀ ਜਮਾਤ ਵਿੱਚ ਸੀ। ਮੈਨੂੰ ਉਦੋਂ ਪੂਰੀ ਸੁਰਤ ਸੀ।
ਪਿੰਡ ਕਦੋਂ ਤੇ ਕਿਸ ਮਾਹੌਲ ਵਿੱਚ ਛੱਡਿਆ?
ਅਤਿਅੰਤ ਤਣਾਅ ਭਰੇ ਮਾਹੌਲ ਵਿੱਚ 25 ਅਗਸਤ ਦੀ ਅੱਧੀ ਰਾਤ ਨੂੰ ਅਸੀਂ ਪਿੰਡ ਛੱਡਣ ਲੱਗੇ। ਸਾਡੇ ਵਡੇਰਿਆਂ ਨੇ ਨਨਕਾਣਾ ਸਾਹਿਬ ਵੱਲ ਕੂਚ ਕੀਤਾ ਜਿੱਥੇ ਕੈਂਪ ਲੱਗਿਆ ਹੋਇਆ ਸੀ। ਜਿਉਂ ਹੀ ਕਾਫ਼ਲਾ ਪਿੰਡੋਂ ਬਾਹਰ ਨਿਕਲਿਆ ਤਾਂ ਪਠਾਣ ਕਰੀਮ ਬਖ਼ਸ਼ ਨੇ ਗੋਲੀ ਚਲਾ ਦਿੱਤੀ। ਹੁਣ ਕਾਫ਼ਲੇ ਦਾ ਵੱਡਾ ਹਿੱਸਾ ਭਿਆਨਕ ਤਬਾਹੀ ਦਾ ਸਾਹਮਣਾ ਕਰਨ ਲਈ ਪਿੰਡ ਵੱਲ ਨੂੰ ਵਾਪਸ ਮੁੜ ਗਿਆ।
ਔਰਤਾਂ ਤੇ ਬੱਚਿਆਂ ਨੂੰ ਆਪਣਿਆਂ ਕਿਵੇਂ ਮਾਰਿਆ?
ਸਿੱਖ ਪਰਿਵਾਰਾਂ ਦੀਆਂ 30 ਤੋਂ ਵੱਧ ਔਰਤਾਂ ਇੱਕੋ ਥਾਂ ਇਕੱਠੀਆਂ ਬੈਠੀਆਂ ਸਨ। ਬੰਦਿਆਂ ਨੇ ਉਨ੍ਹਾਂ ਨੂੰ ਸਮਝਾਇਆ ਕਿ ਸਾਨੂੰ ਮਾਰ ਕੇ ਧਾੜਵੀ ਤੁਹਾਨੂੰ ਆਪਣੇ ਘਰਾਂ ਵਿੱਚ ਵਸਾਉਣਗੇ। ਔਰਤਾਂ ਨੇ ਤੁਰੰਤ ਫ਼ੈਸਲਾ ਕੀਤਾ ਕਿ ਤੁਸੀਂ ਸਾਨੂੰ ਆਪਣੇ ਹੱਥੀਂ ਮਾਰ ਕੇ ਬਾਰਡਰ ਵੱਲ ਭੱਜ ਜਾਓ, ਜਿੰਨੇ ਬਚ ਸਕਦੇ ਹੋ। ਅਗਲੇ ਦਸ ਮਿੰਟਾਂ ਵਿੱਚ 33 ਔਰਤਾਂ ਮੌਤ ਦੇ ਘਾਟ ਉਤਾਰ ਦਿੱਤੀਆਂ ਗਈਆਂ। ਗੁਰਦੀਪ ਸਿੰਘ ਤੇ ਲਾਭ ਸਿੰਘ ਜਦੋਂ ਔਰਤਾਂ ਨੂੰ ਮਾਰ-ਮੁਕਾ ਕੇ ਘੋੜੀਆਂ ਉੱਤੇ ਸਵਾਰ ਹੋਣ ਲੱਗੇ ਤਾਂ ਗੁਰਦੀਪ ਸਿੰਘ ਨੂੰ ਯਾਦ ਆਇਆ ਕਿ ਉਸ ਦਾ ਛੋਟਾ ਪੁੱਤਰ ਕਾਕਾ ਸਿੰਘ ਘਰ ਵਿੱਚ ਸੁੱਤਾ ਰਹਿ ਗਿਆ ਹੈ। ਪਲ ਭਰ ਵਿੱਚ ਹੀ ਉਸ ਨੇ ਇੱਕ ਟੱਕ ਨਾਲ ਬੱਚੇ ਦਾ ਸਿਰ ਵੱਢ ਦਿੱਤਾ। ਗੁਰਦੀਪ ਸਿੰਘ ਤੇ ਲਾਭ ਸਿੰਘ ਘੋੜੀਆਂ ’ਤੇ ਭੱਜੇ ਅਤੇ ਇੱਧਰ ਪਹੁੰਚ ਗਏ।
ਬੱਚਿਆਂ ਦਾ ਕੀ ਬਣਿਆ?
ਇਹ ਬੜੀ ਦੁਖਦਾਇਕ ਕਹਾਣੀ ਹੈ। ਪੀਰਾਂ ਦਿੱਤਾ ਸਾਡਾ ਮੁਜ਼ਾਰਾ ਸੀ। ਉਹਦੀ ਬੇਗ਼ਮ ਤਾਲੀਆ ਪਿੱਛੋਂ ਗੁਰਦਾਸਪੁਰ ਦੇ ਅਰਾਈਆਂ ਪਰਿਵਾਰ ਵਿੱਚੋਂ ਸੀ। ਅਸੀਂ ਉਹਨੂੰ ਫੁੱਫੀ ਕਹਿੰਦੇ। ਉਸ ਨੇ ਚੀਖ-ਚਿਹਾੜੇ ਦੌਰਾਨ ਸਾਨੂੰ ਇੱਕ ਕੋਠੜੀ ਵਿੱਚ ਬੰਦ ਕਰਕੇ ਬਾਹਰੋਂ ਜਿੰਦਰਾ ਮਾਰ ਦਿੱਤਾ। ਅਸੀਂ ਨਨਕਾਣਾ ਸਾਹਿਬ ਵੱਲ ਨੂੰ ਕੂਚ ਕੀਤਾ ਅਤੇ 10-12 ਦਿਨਾਂ ਬਾਅਦ ਆਪਣੇ ਆਪ ਨੂੰ ਇੱਕ ਮਿਲਟਰੀ ਟਰੱਕ ਵਿੱਚ ਵੇਖਿਆ।
ਕੀ ਤੁਹਾਡਾ ਕੁਠਿਆਲਾ ਵਿਰਕਾਂ ਪਿੰਡ ਜਾਣ ਨੂੰ ਦਿਲ ਕਰਦਾ ਹੈ?
ਜਾਣ ਨੂੰ! ਮੈਂ ਹਰ ਰੋਜ਼ ਹੀ ਕੁਠਿਆਲਾ ਵਿਰਕਾਂ ਰਹਿੰਦਾ ਹਾਂ। ਉੱਥੋਂ ਉੱਠ ਕੇ ਕਦੇ-ਕਦੇ ਮੁਰੀਦ ਕੇ ਮੰਡੀ, ਸ਼ੇਖ਼ੂਪੁਰਾ ਸ਼ਹਿਰ ਸੌਦਾ-ਪੱਤਾ ਖਰੀਦਣ ਚਲਿਆ ਜਾਂਦਾ ਹਾਂ।
ਦੇਸ਼ ਵੰਡ ਦਾ ਦਰਦ ਹੰਢਾ ਚੁੱਕੇ ਮੇਰੀ ਦਾਦੀ ਵਰਗੇ ਇਨ੍ਹਾਂ ਬਜ਼ੁਰਗਾਂ ਨਾਲ ਕੀਤੀਆਂ ਮੁਲਾਕਾਤਾਂ ਨੇ ਮੇਰੀਆਂ ਅੱਖਾਂ ਅੱਗੇ ਸੰਨ ਸੰਤਾਲੀ ਦੇ ਉਹ ਦਰਦਨਾਕ ਦ੍ਰਿਸ਼ ਮੁੜ ਲਿਆ ਦਿੱਤੇ। ਮੈਂ ਬਚਪਨ ਤੋਂ ਹੀ ਇਸ ਵੰਡ ਦੀਆਂ ਗੱਲਾਂ ਸੁਣਦਾ ਆ ਰਿਹਾ ਹਾਂ। ਇਸ ਲਈ ਵੰਡ ਤੋਂ ਬਾਅਦ ਦੀ ਪੀੜ੍ਹੀ ਦਾ ਹੋਣ ਦੇ ਬਾਵਜੂਦ ਧਰਮਾਂ ਦੇ ਨਾਂ ’ਤੇ ਕੀਤੀ ਗਈ ਮੁਲਕ ਦੀ ਵੰਡ ਦੀ ਪੀੜ ਮੇਰੇ ਮਨ ਵਿੱਚੋਂ ਵੀ ਕਦੇ ਨਹੀਂ ਨਿਕਲਣੀ ਅਤੇ ਮੇਰੀ ਪੀੜ੍ਹੀ ਦੇ ਹੋਰ ਬਹੁਤ ਸਾਰੇ ਲੋਕਾਂ ਦੀ ਵੀ ਇਹੋ ਹੋਣੀ ਹੈ।
ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਵੰਡ ਤੋਂ ਬਾਅਦ ਦੀਆਂ ਪੀੜ੍ਹੀਆਂ ਵੀ ਵੰਡ ਦੇ ਜ਼ਖ਼ਮਾਂ ਨੂੰ ਭੁੱਲ ਨਹੀਂ ਸਕੀਆਂ। ਨਵੀਂ ਪੀੜ੍ਹੀ ਦੇ ਕੁਝ ਨੌਜਵਾਨ ਵਿੱਛੜ ਚੁੱਕੇ ਪੰਜਾਬ ਦੇ ਇੱਕ ਹਿੱਸੇ ’ਚ ਰਹਿ ਗਏ ਪੀੜਤ ਪਰਿਵਾਰਾਂ ਦੇ ਪੁਰਾਣੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਬਾਰੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਰਾਹੀਂ ਇੱਕ ਦੂਜੇ ਨਾਲ ਰਾਬਤਾ ਕਰਨ ਦਾ ਉੱਦਮ ਕਰ ਰਹੇ ਹਨ। ਅਜਿਹੀ ਹੀ ਇੱਕ ਵੀਡੀਓ ਵਿੱਚ ਡਰੋਨ ਰਾਹੀਂ ਜਦੋਂ ਇੱਕ ਪਿੰਡ ਦਿਖਾਇਆ ਜਾਂਦਾ ਹੈ ਤਾਂ ਇਸ ਵਿੱਚ ਕੈਮਰੇ ਰਾਹੀਂ ਪਿੰਡ ਦੀਆਂ ਮਸੀਤਾਂ, ਗੁਰਦੁਆਰੇ ਦੀਆਂ ਪੁਰਾਣੀਆਂ ਇਮਾਰਤਾਂ ਆਦਿ ਦਿਖਾਉਂਦਿਆਂ ਇੱਕ ਵਿਅਕਤੀ ਹੇਠ ਲਿਖੀ ਕਵਿਤਾ ਉਚਾਰਦਾ ਸੁਣਦਾ ਹੈ:
ਜਿਨ੍ਹਾਂ ਰੋਂਦੇ ਬੱਦਲ ਵੇਖੇ,
ਹੱਥੀਂ ਚੰਨ ਖਿਡਾ ਕੇ
ਜਿਨ੍ਹਾਂ ਭਿੱਜਿਆ ਸੂਰਜ ਤੱਕਿਆ,
ਪੀੜਾਂ ਨਾਲ ਨਹਾ ਕੇ
ਜਿਨ੍ਹਾਂ ਪਿੱਟਦੀ ਧਰਤੀ ਵੇਖੀ,
ਗਲ਼ ਵਿਚ ਬਾਹਵਾਂ ਪਾ ਕੇ
ਵਿਹਲ ਮਿਲੇ ਤਾਂ ਇਕ ਦਿਨ ਬਹਿ ਕੇ,
ਝਟਕ ਹਵਾਵਾਂ ਕੋਲੋਂ
ਸਾਡੇ ਦੁੱਖ ਜੇ ਪੁੱਛਣੇ ਈ
ਤੇ ਪੁੱਛ ਦਰਿਆਵਾਂ ਕੋਲੋਂ।
ਕਿੰਜ ਕਿੰਜ ਮੱਛੀ ਵਾਂਗਰ ਤੜਫੇ,
ਅੰਬਰ, ਚੰਨ ਤੇ ਤਾਰੇ
ਉਮਰਾਂ ਭਰ ਲਈ ਹੱਸਣਾ
ਭੁੱਲ ਗਏ,
ਕਲੀਆਂ ਕੁੱਲ ਨਜ਼ਾਰੇ
ਖੌਰੇ ਕਿੰਨੇ ਅੱਖ ਵਿੱਚ ਰਹਿ ਗਏ,
ਕਸਮੀਂ ਪੀਂਘ ਹੁਲਾਰੇ
ਏਧਰ-ਓਧਰ ਰੁੱਖ ਸੀ ਵਿਛੜੇ,
ਜਿਸ ਦਿਨ ਛਾਵਾਂ ਕੋਲੋਂ
ਸਾਡੇ ਦੁੱਖ ਜੇ ਪੁੱਛਣੇ ਈ
ਤਾਂ ਪੁੱਛ ਦਰਿਆਵਾਂ ਕੋਲੋਂ।
ਉਮਰਾਂ ਭਰ ਦੀ ਸਾਂਝ ਮੁਕਾ ਕੇ,
ਤੁਰ ਗਏ ਪਿਆਰ ਪੁਰਾਣੇ
ਅੱਧੇ ਜੀਂਦੇ, ਅੱਧੇ ਮੋਏ,
ਰੁਲ ਗਏ ਬਾਲ ਨਿਆਣੇ
ਚਿੜੀਆਂ, ਕੂੰਜਾਂ ਕੀੜੇ ਖਾ ਗਏ,
ਬਾਕੀ ਅੱਲ੍ਹਾ ਜਾਣੇ
ਇੱਲਾਂ ਕਿੰਜ-ਕਿੰਜ ਬੋਟ ਸੀ ਖੋਹੇ,
ਫੱਟੜ ਮਾਵਾਂ ਕੋਲੋਂ
ਸਾਡੇ ਦੁੱਖ ਜੇ ਪੁੱਛਣੇ ਈ
ਤਾਂ ਪੁੱਛ ਦਰਿਆਵਾਂ ਕੋਲੋਂ।
ਇਕ-ਇਕ ਸਿਰ ਤੋਂ ਚੁੰਨੀ ਲੱਥੀ,
ਇਕ-ਇਕ ਪੱਗ ਲੁਟੀਜੀ
ਕੀਹਦੀ-ਕੀਹਦੀ ਲਾਡੋ ਰਾਣੀ,
ਪੈਰਾਂ ਹੇਠ ਮਧੀਜੀ
ਕਿੰਨੇ ਰਾਂਝੇ ਲੁਕਦੇ ਫਿਰਦੇ,
ਅੱਜ ਵੀ ਹੀਰ ਖਵੀਚੀ
ਹਾਲੇ ਰਾਹੀ, ਰਾਹੀਆਂ ਦਾ ਨੀ,
ਪੁੱਛਣੇ ਰਾਹੀਆਂ ਕੋਲੋਂ
ਸਾਡੇ ਦੁੱਖ ਜੇ ਪੁੱਛਣੇ ਈ
ਤਾਂ ਪੁੱਛ ਦਰਿਆਵਾਂ ਕੋਲੋਂ।
ਸੰਪਰਕ: 98158-00405

