ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਦੇ ਤਿੰਨ ਅਨਿੰਨ ਸਿੱਖ
ਗੁਰੂ ਤੇਗ਼ ਬਹਾਦਰ ਸਾਹਿਬ ਦੇ ਅਨਿੰਨ ਸਿੱਖ: ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ’ ਡਾ. ਮਨਮੋਹਨ ਦੀ ਨਵੀਂ ਪੁਸਤਕ ਹੈ। ਡਾ. ਮਨਮੋਹਨ ਪੰਜਾਬੀ ਦੀ ਸਮਕਾਲੀ ਪ੍ਰਬੁੱਧ ਚਿੰਤਨਸ਼ੀਲ ਧਾਰਾ ਦਾ ਪ੍ਰਸਿੱਧ ਬਹੁ-ਪੱਖੀ ਲੇਖਕ ਹੈ। ਉਸ ਦੀ ਸਾਹਿਤਕ ਸਾਧਨਾ ਵਿੱਚ...
ਗੁਰੂ ਤੇਗ਼ ਬਹਾਦਰ ਸਾਹਿਬ ਦੇ ਅਨਿੰਨ ਸਿੱਖ: ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ’ ਡਾ. ਮਨਮੋਹਨ ਦੀ ਨਵੀਂ ਪੁਸਤਕ ਹੈ। ਡਾ. ਮਨਮੋਹਨ ਪੰਜਾਬੀ ਦੀ ਸਮਕਾਲੀ ਪ੍ਰਬੁੱਧ ਚਿੰਤਨਸ਼ੀਲ ਧਾਰਾ ਦਾ ਪ੍ਰਸਿੱਧ ਬਹੁ-ਪੱਖੀ ਲੇਖਕ ਹੈ। ਉਸ ਦੀ ਸਾਹਿਤਕ ਸਾਧਨਾ ਵਿੱਚ ਨਾਵਲ ਤੇ ਕਵਿਤਾ ਤੋਂ ਇਲਾਵਾ ਸਾਹਿਤ ਆਲੋਚਨਾ ਵੀ ਸ਼ਾਮਲ ਹੈ। ਇਸ ਪੁਸਤਕ ਵਿੱਚ ਉਸ ਨੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਲਾਸਾਨੀ ਸ਼ਹਾਦਤ ਦੇ ਵੱਖ-ਵੱਖ ਗੌਰਵਮਈ ਇਤਿਹਾਸਕ ਪਾਸਾਰਾਂ ਨੂੰ ਉਜਾਗਰ ਕੀਤਾ ਹੈ ਅਤੇ ਨਾਲ ਹੀ ਸਿੱਖ ਸ਼ਹਾਦਤ ਦੇ ਨਿਆਰੇ ਤੇ ਉੱਚਤਮ ਸਰੂਪ ਦੀ ਵਿਲੱਖਣਤਾ ਨੂੰ ਵੀ ਉਭਾਰਿਆ ਹੈ। ਇਸ ਪੁਸਤਕ ਦੀ ਵਿਸ਼ੇਸ਼ਤਾ ਇਹ ਹੈ ਕਿ ਗੁਰੂ ਜੀ ਨਾਲ ਸ਼ਹੀਦ ਹੋਏ ਤਿੰਨ ਅਨਿੰਨ ਸਿੱਖ- ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੀ ਹਿਰਦੇਵੇਦਕ ਸ਼ਹਾਦਤ ਨੂੰ ਢੁੱਕਵੇਂ ਅਤੇ ਪ੍ਰਮਾਣਿਕ ਇਤਿਹਾਸਕ ਹਵਾਲਿਆਂ ਰਾਹੀਂ ਸਨਮੁਖ ਲਿਆਂਦਾ ਗਿਆ ਹੈ। ਇਸ ਤਰ੍ਹਾਂ ਲੇਖਕ ਨੇ ਗੁਰੂ ਤੇਗ਼ ਬਹਾਦਰ ਸਾਹਿਬ ਦੇ ਸਮੇਂ ਸਿੱਖ ਲਹਿਰ ਦੇ ਉਭਾਰ, ਨੌਵੇਂ ਗੁਰੂ ਦੀ ਸ਼ਹਾਦਤ ਅਤੇ ਮੁਗ਼ਲ ਹਕੂਮਤ, ਖ਼ਾਸਕਰ ਔਰੰਗਜ਼ੇਬ ਦੀ ਜ਼ਾਲਮਾਨਾ ਨੀਤੀ ਦੀ ਪੇਸ਼ਕਾਰੀ ਕੀਤੀ ਹੈ ਤੇ ਉਸ ਬੇਕਿਰਕ ਦੌਰ ਨੂੰ ਬਹੁਤ ਸੰਜੀਦਗੀ, ਬਾਰੀਕੀ ਤੇ ਸੱਚੇ-ਸੁੱਚੇ ਲਗਾਅ ਨਾਲ ਪੁਨਰ-ਪਰਿਭਾਸ਼ਿਤ ਕਰਨ ਦਾ ਉੱਦਮ ਕੀਤਾ ਹੈ।
ਪੁਸਤਕ ਦੇ ਅੱਠ ਅਧਿਆਏ ਹਨ। ਅੱਠਵੇਂ ਅਧਿਆਏ ਤੋਂ ਬਾਅਦ ਨਿਸ਼ਕਰਸ਼ ਤੇ ਅੰਤ ਉੱਤੇ ਸਹਾਇਕ ਪੁਸਤਕਾਂ ਦੀ ਸੂਚੀ ਇਸ ਪੁਸਤਕ ਦੀ ਸੁਚੱਜੀ ਵਿਉਂਤ ਤੇ ਖੋਜ ਵਿਧੀ ਦੇ ਮਿਆਰੀ ਮਾਪਦੰਡਾਂ ਦੀ ਸੂਚਕ ਹੈ। ਲੇਖਕ ਨੇ ਸਿਰਫ਼ ਪ੍ਰਮਾਣਿਕ ਇਤਿਹਾਸਕ ਸਰੋਤਾਂ ਨੂੰ ਹੀ ਆਧਾਰ ਬਣਾਇਆ ਹੈ। ਪਾਠਕ ਦੀ ਸਹੂਲਤ ਖ਼ਾਤਰ ਸਰੋਤ ਪੁਸਤਕ ਦਾ ਜ਼ਰੂਰੀ ਵੇਰਵਾ ਉਸ ਪ੍ਰਸੰਗ ਵਿੱਚ ਹੀ ਦਰਜ ਕੀਤਾ ਹੈ। ਪੁਸਤਕ ਦੀ ਵਿਉਂਤ, ਵਿਸ਼ਲੇਸ਼ਣ ਵਿਧੀ ਅਤੇ ਸੰਤੁਲਿਤ ਪਹੁੰਚ ਇਸ ਨੂੰ ਇੱਕ ਮਿਆਰੀ ਖੋਜ ਪੁਸਤਕ ਬਣਾਉਂਦੇ ਹਨ। ਡਾ. ਮਨਮੋਹਨ ਨੇ ਸਿੱਖ ਫਲਸਫ਼ੇ ਦੀ ਰੌਸ਼ਨੀ ਵਿੱਚ ਅਤੇ ਨਾਲ ਹੀ ਸਿੱਖ ਲਹਿਰ ਦੇ ਸਬੰਧਿਤ ਗੌਰਵਮਈ ਇਤਿਹਾਸਕ ਸੰਦਰਭਾਂ ਨੂੰ ਵਿਵੇਕਸ਼ੀਲ ਇਤਿਹਾਸਕਾਰੀ ਦੀ ਦ੍ਰਿਸ਼ਟੀ ਤੋਂ ਸਮਝਿਆ-ਸਮਝਾਇਆ ਹੈ। ਵਿਸ਼ਲੇਸ਼ਣ ਉਪਰੰਤ ‘ਨਿਸ਼ਕਰਸ਼’ ਸਿਰਲੇਖ ਅਧੀਨ ਸੰਖੇਪ ਰੂਪ ਵਿੱਚ ਮੂਲ ਧਾਰਨਾਵਾਂ ਦਰਜ ਕੀਤੀਆਂ ਹਨ। ਇਹ ਪੁਸਤਕ ਲੇਖਕ ਦੀ ਪ੍ਰੌਢ ਸਮਝ, ਵਿਸ਼ੇ ਨਾਲ ਲਗਾਅ ਅਤੇ ਲਿਖਣ ਵਿਧੀ ਦਾ ਸੁਚੱਜਾ ਪ੍ਰਮਾਣ ਹੈ।
ਡਾ. ਮਨਮੋਹਨ ਨੇ ਸਿਧਾਂਤਕ ਦ੍ਰਿਸ਼ਟੀ ਤੋਂ ਸਿੱਖ ਧਰਮ ਵਿੱਚ ਸ਼ਹਾਦਤ ਦੇ ਸਰੂਪ, ਉਦੇਸ਼ ਅਤੇ ਇਤਿਹਾਸਕ ਧਾਰਾ ਨੂੰ ਮਿਆਰੀ ਸਰੋਤਾਂ ਦੇ ਹਵਾਲੇ ਅਤੇ ਵਿਵੇਕਸ਼ੀਲ ਢੰਗ ਨਾਲ ਨਿਖੇੜਿਆ ਤੇ ਸਮਝਿਆ ਹੈ। ਉਹ ਸਿੱਖ ਸ਼ਹਾਦਤ ਦੇ ਵਿਲੱਖਣ ਸਰੂਪ ਨੂੰ ਸਪੱਸ਼ਟ ਕਰਨ ਹਿਤ ਯਹੂਦੀ, ਇਸਾਈ, ਇਸਲਾਮ, ਹਿੰਦੂ, ਬੁੱਧ ਤੇ ਜੈਨ ਧਰਮ ਦੇ ਸ਼ਹਾਦਤ ਦੇ ਸੰਕਲਪ ਅਤੇ ਹੋਈਆਂ ਸ਼ਹਾਦਤਾਂ ਨੂੰ ਮੂਲ ਮਾਨਵੀ ਸਮਾਜਿਕ ਉਦੇਸ਼ਾਂ ਦੇ ਹਵਾਲੇ ਨਾਲ ਨਿਖੇੜਦਾ ਤੇ ਸਮਝਦਾ ਹੈ। ਇਸੇ ਸੰਦਰਭ ਵਿੱਚ ਸ਼ਹਾਦਤ ਤੇ ਸਿੱਖ ਸ਼ਹਾਦਤ ਦੇ ਵਿਲੱਖਣ ਅਤੇ ਮੌਲਿਕ ਮੰਤਵਾਂ ਨੂੰ ਵੀ ਸਥਾਪਿਤ ਕਰਦਾ ਹੈ। ਲਾਸਾਨੀ ਸ਼ਹੀਦੀਆਂ ਨੂੰ ਕੇਂਦਰ ਵਿੱਚ ਰੱਖਦਾ ਹੈ ਤੇ ਇਸ ਨੂੰ ਕੁਰਬਾਨੀ, ਬਲਿਦਾਨ, ਦੇਹ ਤਿਆਗ, ਬਲੀ ਆਦਿ ਸੰਕਲਪਾਂ ਤੋਂ ਵਖਰਿਆਉਂਦਾ ਹੈ। ਬੇਲੋੜੇ ਵਾਦ-ਵਿਵਾਦ ਪੈਦਾ ਕਰਨ ਦੀ ਥਾਂ ਲੇਖਕ ਸੰਜੀਦਾ ਚਿੰਤਨ ਦੀ ਰਵਾਇਤ ਨੂੰ ਅੱਗੇ ਤੋਰਨ ਅਤੇ ਆਪਣੇ ਵਿਰਸੇ ਨੂੰ ਉਸ ਦੇ ਸਹੀ ਤੇ ਸੱਚੇ ਇਤਿਹਾਸਕ ਸਿਧਾਂਤਕ ਸੰਦਰਭਾਂ ਵਿੱਚ ਸਮਝਣ ਲਈ ਸੰਜੀਦਾ ਉੱਦਮ ਕਰਦਾ ਜਾਪਦਾ ਹੈ।
ਲੇਖਕ ਨੇ ਪ੍ਰਾਪਤ ਇਤਿਹਾਸਕ ਸਰੋਤਾਂ ਨੂੰ ਸਮਝ ਕੇ ਆਪਣੀ ਦ੍ਰਿਸ਼ਟੀ ਤੋਂ ਵਿਸ਼ਲੇਸ਼ਣ ਕੀਤਾ ਹੈ। ਉਹ ਔਰੰਗਜ਼ੇਬ ਦੇ ਕੱਟੜਪੰਥੀ ਇਸਲਾਮਿਕ ਰਵੱਈਏ, ਖ਼ਾਸ ਤੌਰ ’ਤੇ ਦਾਰ-ਉਲ-ਇਸਲਾਮ ਦੇ ਅਕੀਦੇ ਅਧੀਨ ਆਮ ਭਾਰਤੀ ਗ਼ੈਰ-ਮੁਸਲਮਾਨ ਲੋਕਾਈ ਨੂੰ ਹਰ ਹਰਬਾ ਵਰਤ ਕੇ ਇਸਲਾਮ ਧਾਰਨ ਕਰਵਾਉਣ ਦੇ ਅਣਮਨੁੱਖੀ ਹਕੂਮਤੀ ਧੱਕੇ ਨੂੰ ਨਸ਼ਰ ਕਰਦਾ ਹੈ। ਮਚੀ ਹਾਹਾਕਾਰ ਤੋਂ ਡਰੇ ਕਸ਼ਮੀਰੀ ਪੰਡਿਤਾਂ ਦੀ ਕੀਤੀ ਪੁਕਾਰ ਸੁਣਨਾ ਅਤੇ ਬਾਲ ਗੋਬਿੰਦ ਰਾਏ ਦੇ ਸਹਿਜ ਸੁਭਾਅ ਕਹੇ ਬੋਲ ਉਸ ਇਤਿਹਾਸਕ ਵੰਗਾਰ ਅਤੇ ਦਿਸ਼ਾ ਨੂੰ ਉਭਾਰਦੇ ਹਨ। ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ ਤੇ ਪੁੱਤਰ ਦੀ ਰਾਏ ਮੰਨ ਗੁਰੂ ਤੇਗ਼ ਬਹਾਦਰ ਜੀ ਔਰੰਗਜ਼ੇਬ ਨੂੰ ਮਿਲਣ ਲਈ ਤੁਰ ਪਏ। ਜ਼ਾਲਮ ਹਕੂਮਤ ਨੇ ਰਸਤੇ ਵਿੱਚ ਫੜ ਕੇ ਕੈਦ ਕਰ ਲਿਆ ਤੇ ਉਨ੍ਹਾਂ ਨੂੰ ਤਿੰਨ ਅਨਿੰਨ ਸਿੱਖਾਂ ਸਮੇਤ ਦਿੱਲੀ ਲਿਜਾਇਆ ਗਿਆ।
ਲੇਖਕ ਨੇ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੀ ਵਿਲੱਖਣਤਾ ਅਤੇ ਸਿੱਖ ਧਰਮ ਵਿੱਚ ਸ਼ਹਾਦਤ ਦੇ ਸੰਕਲਪ ਦੇ ਵੱਖਰੇਪਣ ਤੇ ਮਹਾਨਤਾ ਨੂੰ ਨਿੱਜੀ ਕਾਰਨਾਂ ਦੀ ਥਾਂ ਦੂਜਿਆਂ ਦੇ ਹੱਕਾਂ, ਨਿਆਂ ਤੇ ਮਾਨਵੀ ਅਸੂਲਾਂ ਜਾਂ ਬਚਾਅ ਲਈ ਦਿੱਤੀ ਸ਼ਹਾਦਤ ਵਜੋਂ ਪੇਸ਼ ਕਰਦਿਆਂ ਸਿੱਖ ਸ਼ਹਾਦਤ ਦੇ ਉੱਚਤਮ ਮੂਲ ਸਰੂਪ ਅਤੇ ਰੂਪਾਂ ਨੂੰ ਉਜਾਗਰ ਕੀਤਾ ਹੈ। ਗੁਰੂ ਤੇਗ਼ ਬਹਾਦਰ ਜੀ ਨੇ ਔਰੰਗਜ਼ੇਬ ਵੱਲੋਂ ਹਿੰਦੂ ਕਸ਼ਮੀਰੀ ਪੰਡਿਤਾਂ ਨੂੰ ਧਰਮ ਤਬਦੀਲ ਕਰਨ ਲਈ ਮਜਬੂਰ ਕਰਨ ਵਾਸਤੇ ਵਰਤੇ ਜ਼ਾਲਮਾਨਾ ਢੰਗ ਤਰੀਕਿਆਂ ਨੂੰ ਵੰਗਾਰਿਆ ਤੇ ਆਪਣਾ ਜੀਵਨ ਇਸ ਲਈ ਅਰਪਣ ਕਰ ਦਿੱਤਾ। ਗੁਰੂ ਜੀ ਨੂੰ ਇਸਲਾਮ ਕਬੂਲ ਕਰਨ ਅਤੇ ਕਰਾਮਾਤ ਦਿਖਾਉਣ ਤੋਂ ਇਨਕਾਰ ਕਰਨ ’ਤੇ ਅੰਤ 11 ਨਵੰਬਰ 1675 ਨੂੰ ਚਾਂਦਨੀ ਚੌਕ ਕੋਤਵਾਲੀ ਦੇ ਚਬੂਤਰੇ ਦੇ ਬਾਹਰ ਜਨਤਕ ਤੌਰ ’ਤੇ ਸ਼ਹੀਦ ਕਰ ਦਿੱਤਾ ਗਿਆ। ਇਹ ਸ਼ਹਾਦਤ ਜ਼ਾਲਮ ਹਕੂਮਤ ਮੂਹਰੇ ਸਭ ਤੋਂ ਵੱਡੀ ਵੰਗਾਰ ਬਣੀ, ਜਿਸ ਨੇ ਇਤਿਹਾਸ ਦੀ ਧਾਰਾ ਬਦਲ ਦਿੱਤੀ।
ਗੁਰੂ ਜੀ ਦਾ ਆਤਮ ਬਲ ਡੁਲਾਉਣ ਖ਼ਾਤਰ ਹਕੂਮਤ ਨੇ ਪਹਿਲਾਂ ਉਨ੍ਹਾਂ ਦੇ ਸਾਹਮਣੇ ਉਨ੍ਹਾਂ ਨਾਲ ਕੈਦ ਕੀਤੇ ਤਿੰਨ ਅਨਿੰਨ ਸਿੱਖਾਂ- ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਬੇਰਹਿਮੀ ਨਾਲ ਸ਼ਹੀਦ ਕੀਤਾ। ਇਹ ਤਿੰਨੇ ਗੁਰੂਘਰ ਦੇ ਬਹੁਤ ਕਰੀਬੀ ਤੇ ਸੱਚੇ-ਸੁੱਚੇ ਸੇਵਕ ਸਨ ਤੇ ਵਣਜਾਰਾ ਲੁਬਾਣਾ ਸਿੱਖ ਭਾਈਚਾਰੇ ਨਾਲ ਸਬੰਧ ਰੱਖਦੇ ਸਨ। ਇਸ ਭਾਈਚਾਰੇ ਦਾ ਮੁੱਖ ਪੇਸ਼ਾ ਵਪਾਰ ਸੀ। ਗੁਰੂ ਘਰ ਪ੍ਰਤੀ ਇਨ੍ਹਾਂ ਖ਼ਾਨਦਾਨਾਂ ਵਿੱਚ ਅਨਿੰਨ ਸ਼ਰਧਾ ਸੀ। ਲੇਖਕ ਹਵਾਲਿਆਂ ਸਹਿਤ ਉਭਾਰਦਾ ਹੈ ਕਿ ਤਤਕਾਲੀ ਸਿੱਖ ਲਹਿਰ ਵਿੱਚ ਇਨ੍ਹਾਂ ਦਾ ਬਹੁਤ ਯੋਗਦਾਨ ਸੀ। ਇਸ ਪੁਸਤਕ ਵਿੱਚ ਇਨ੍ਹਾਂ ਤਿੰਨ ਅਨਿੰਨ ਸਿੱਖਾਂ ਦੀ ਮਾਣਮੱਤੀ ਸ਼ਹਾਦਤ ਨੂੰ ਉਚੇਚੇ ਤੌਰ ’ਤੇ ਉਭਾਰਿਆ ਗਿਆ ਹੈ।
ਭਾਈ ਮਤੀ ਦਾਸ ਜੀ ਗੁਰੂਘਰ ਦੇ ਦੀਵਾਨ ਸਨ। ਉਨ੍ਹਾਂ ਨੂੰ ਇਸਲਾਮ ਕਬੂਲਣ ਤੋਂ ਇਨਕਾਰ ਕਰਨ ਕਰਕੇ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਗਿਆ। ਇਸ ਸ਼ਹੀਦੀ ਦੇ ਦਰਜ ਵੇਰਵੇ ਸਿੱਖ ਇਤਿਹਾਸ ਵਿੱਚ ਸ਼ਹਾਦਤਾਂ ਦੇ ਨਾ ਭੁੱਲਣ ਵਾਲੇ ਵਲੂੰਧਰੇ ਪਲ ਯਾਦ ਕਰਾਉਂਦੇ ਹਨ। ਸ਼ਹੀਦੀ ਤੋਂ ਪਹਿਲਾਂ ਜਦੋਂ ਉਨ੍ਹਾਂ ਨੂੰ ਆਖ਼ਰੀ ਖ਼ਾਹਿਸ਼ ਪੁੱਛੀ ਗਈ ਤਾਂ ਉਨ੍ਹਾਂ ਕਿਹਾ ਕਿ ਆਰੇ ਨਾਲ ਚੀਰੇ ਜਾਣ ਵੇਲੇ ਉਨ੍ਹਾਂ ਦਾ ਮੂੰਹ ਗੁਰੂ ਤੇਗ਼ ਬਹਾਦਰ ਜੀ ਵੱਲ ਹੋਵੇ। ਆਰੇ ਨਾਲ ਚੀਰਨ ਵੇਲੇ ਉਹ ‘ਜਪੁਜੀ’ ਸਾਹਿਬ ਦਾ ਪਾਠ ਕਰਦੇ ਰਹੇ। ਭਾਈ ਸਤੀ ਦਾਸ ਜੀ ਗੁਰੂਘਰ ਦੇ ਲਿਖਾਰੀ ਸਨ। ਉਨ੍ਹਾਂ ਨੂੰ ਰੂੰ ਵਿੱਚ ਲਪੇਟ ਕੇ ਅੱਗ ਲਾ ਦਿੱਤੀ ਗਈ। ਚਾਂਦਨੀ ਚੌਕ ਵਿੱਚ ਲੋਕਾਂ ਦੇ ਹਜੂਮ ਸਾਹਮਣੇ ਬਿਨਾਂ ਕਿਸੇ ਕਸੂਰ ਤੋਂ ਦਿੱਤੀਆਂ ਗਈਆਂ ਇਹ ਕਰੂਰ ਗ਼ੈਰ-ਮਨੁੱਖੀ ਮੌਤ ਦੀਆਂ ਸਜ਼ਾਵਾਂ ਔਰੰਗਜ਼ੇਬ ਦੀ ਗ਼ੈਰ-ਮੁਸਲਮਾਨ ਭਾਰਤੀ ਲੋਕਾਂ ਵਿੱਚ ਦਹਿਸ਼ਤ ਤੇ ਵਹਿਸ਼ਤ ਫੈਲਾਉਣ ਦੀ ਸੋਚੀ ਸਮਝੀ ਚਾਲ ਸਨ। ਗੁਰੂ ਜੀ ਦੇ ਤੀਸਰੇ ਸੇਵਕ ਭਾਈ ਦਿਆਲਾ ਜੀ ਨੂੰ ਪਾਣੀ ਦੀ ਉਬਲਦੀ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ। ਭਾਈ ਦਿਆਲਾ ਜੀ ਭਾਈ ਮਨੀ ਸਿੰਘ ਦੇ ਵੱਡੇ ਭਰਾ ਸਨ।
ਲੇਖਕ ਨੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਨਿੱਗਰ ਇਤਿਹਾਸਕ ਸੰਦਰਭਾਂ ਨਾਲ ਉਭਾਰਿਆ ਹੈ ਤੇ ਆਪਣੇ ਮੌਲਿਕ ਚਿੰਤਨ ਦੀ ਰੌਸ਼ਨੀ ਵਿੱਚ ਇਸ ਸ਼ਹਾਦਤ ਦੇ ਸੰਸਾਰ ਭਰ ਵਿੱਚ ਅਨੂਪਮ ਅਤੇ ਉੱਚਤਮ ਉਦੇਸ਼ ਨੂੰ ਹੋਰ ਸਾਫ਼ ਅਤੇ ਸਪੱਸ਼ਟ ਕਰਨ ਦਾ ਉਚੇਚਾ ਉੱਦਮ ਕੀਤਾ ਹੈ। ਨਾਲ ਹੀ ਲੇਖਕ ਨੇ ਗੁਰੂਘਰ ਦੇ ਤਿੰਨ ਅਨਿੰਨ ਸਿੱਖਾਂ ਦੀ ਗੁਰੂ ਜੀ ਦੇ ਨਾਲ ਹੀ ਦਿੱਤੀ ਮਾਣਯੋਗ ਸ਼ਹਾਦਤ ਨੂੰ ਸਹੀ ਸੰਦਰਭ ਅਤੇ ਉਚਿਤ ਵੇਰਵੇ ਰਾਹੀਂ ਉਜਾਗਰ ਕੀਤਾ ਹੈ। ਉਸ ਨੇ ਨਿਸ਼ਚਿਤ ਸੀਮਾ ਵਿੱਚ ਰਹਿ ਕੇ ਮਿਹਨਤ, ਸੂਝ ਤੇ ਸੁਹਿਰਦਤਾ ਨਾਲ ਇਹ ਖੋਜ ਕਾਰਜ ਕੀਤਾ ਹੈ। ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ 2025 ਵਿੱਚ ਪ੍ਰਕਾਸ਼ਿਤ ਇਸ ਪੁਸਤਕ ਦੇ 128 ਪੰਨੇ ਹਨ ਤੇ ਕੀਮਤ 115 ਰੁਪਏ ਹੈ।
ਸੰਪਰਕ: 98728-60245

