DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੋਹ ਦੀਆਂ ਤੰਦਾਂ ਟੁੱਟਦੀਆਂ ਨਹੀਂ: ਸਾਂਭਣਯੋਗ ਦਸਤਾਵੇਜ਼

ਸਫ਼ਰਨਾਮਾ ਪੰਜਾਬੀ ਸਾਹਿਤ ਦੀ ਇੱਕ ਅਜਿਹੀ ਵਿਧਾ ਹੈ, ਜਿਹੜੀ ਯਾਤਰਾਵਾਂ ਨਾਲ ਸਬੰਧਿਤ ਹੈ। ਨਾਵਲ, ਕਹਾਣੀ ਜਾਂ ਕਵਿਤਾ ਵਾਂਗ ਪੰਜਾਬੀ ਸਾਹਿਤ ਦੇ ਵਿਦਵਾਨਾਂ ਨੇ ਸਫ਼ਰਨਾਮਾ ਸਾਹਿਤ ਨੂੰ ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ। ਇਸ ਦਾ ਮੁੱਖ ਕਾਰਨ ਇਹ ਹੈ ਕਿ ਬਹੁਤੇ...

  • fb
  • twitter
  • whatsapp
  • whatsapp
Advertisement

ਸਫ਼ਰਨਾਮਾ ਪੰਜਾਬੀ ਸਾਹਿਤ ਦੀ ਇੱਕ ਅਜਿਹੀ ਵਿਧਾ ਹੈ, ਜਿਹੜੀ ਯਾਤਰਾਵਾਂ ਨਾਲ ਸਬੰਧਿਤ ਹੈ। ਨਾਵਲ, ਕਹਾਣੀ ਜਾਂ ਕਵਿਤਾ ਵਾਂਗ ਪੰਜਾਬੀ ਸਾਹਿਤ ਦੇ ਵਿਦਵਾਨਾਂ ਨੇ ਸਫ਼ਰਨਾਮਾ ਸਾਹਿਤ ਨੂੰ ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ। ਇਸ ਦਾ ਮੁੱਖ ਕਾਰਨ ਇਹ ਹੈ ਕਿ ਬਹੁਤੇ ਸਫ਼ਰਨਾਮੇ ਸ਼ੌਕ ਵਜੋਂ ਹੀ ਲਿਖੇ ਜਾਂਦੇ ਹਨ। ਇਹ ਇੱਕ ਰਿਵਾਜ਼ ਜਿਹਾ ਹੀ ਬਣਿਆ ਹੋਇਆ ਹੈ। ਜਦੋਂ ਵੀ ਕੋਈ ਲੇਖਕ ਜਾਂ ਸਾਹਿਤ ਦਾ ਪਾਠਕ ਕਿਧਰੇ ਯਾਤਰਾ ਕਰਦਾ ਹੈ ਤਾਂ ਉਹ ਆਪਣੇ ਆਪ ਨੂੰ ਸਫ਼ਰਨਾਮਾ ਲਿਖਣ ਦਾ ਅਧਿਕਾਰੀ ਸਮਝਣ ਲੱਗ ਪੈਂਦਾ ਹੈ। ਤਿਆਰੀ ਕਿਵੇਂ ਹੋਈ, ਕਿੱਥੇ ਗਏ, ਕਿੱਥੇ ਰੁਕੇ, ਕੀ ਖਾਧਾ, ਕੀ ਪੀਤਾ, ਸਫ਼ਰਨਾਮੇ ਵਿੱਚ ਇਹੀ ਕੁਝ ਹੁੰਦਾ ਹੈ।

ਪੰਜਾਬੀ ਸਾਹਿਤ ਵਿੱਚ ਚੰਗੇ ਸਾਹਿਤਕ ਸਫ਼ਰਨਾਮਿਆਂ ਦੀ ਗਿਣਤੀ ਉਂਗਲਾਂ ’ਤੇ ਗਿਣੀ ਜਾ ਸਕਦੀ ਹੈ। ਕਿਸੇ ਵੀ ਦੇਸ਼ ਜਾਂ ਖੇਤਰ ਦੀ ਯਾਤਰਾ ਬਾਰੇ ਜੇ ਉੱਥੋਂ ਦੇ ਭੂਗੋਲਿਕ, ਸੱਭਿਆਚਾਰਕ, ਸਮਾਜਿਕ, ਰਾਜਨੀਤਕ, ਆਰਥਿਕ, ਧਾਰਮਿਕ ਤੇ ਇਤਿਹਾਸਕ ਆਦਿ ਵੇਰਵੇ ਨਹੀਂ ਹਨ ਤਾਂ ਇਹ ਇੱਕ ਯਾਤਰਾ ਤਾਂ ਹੋ ਸਕਦੀ ਹੈ, ਇਸ ਤਰ੍ਹਾਂ ਦੀ ਰਚਨਾ ਨੂੰ ਸਫ਼ਰਨਾਮਾ ਨਹੀਂ ਕਿਹਾ ਜਾ ਸਕਦਾ।

Advertisement

ਇੱਥੇ ਭਾਵੇਂ ਇਹ ਕਥਨ ਪ੍ਰਸੰਗਿਕ ਨਹੀਂ ਹੈ, ਸਫ਼ਰਨਾਮਾ ਸਾਹਿਤ ਵਾਂਗ, ਸਵੈ-ਜੀਵਨੀ ਸਾਹਿਤ ਵੀ ਬਹੁਤ ਕਰਕੇ ਗ਼ੈਰ-ਜ਼ਿੰਮੇਵਾਰਾਨਾ ਢੰਗ ਨਾਲ ਲਿਖਿਆ ਜਾਂਦਾ ਹੈ। ਭਾਵੇਂ ਮੈਨੂੰ ਇਹ ਟਿੱਪਣੀ ਕਰਨ ਦਾ ਕੋਈ ਹੱਕ ਨਹੀਂ ਹੈ, ਪਰ ਇੱਕ, ਦੋ ਜਾਂ ਤਿੰਨ ਪੁਸਤਕਾਂ ਦਾ ਲੇਖਕ ਵੀ ਆਪਣੀ ਸਵੈ-ਜੀਵਨੀ ਲਿਖਣ ਬੈਠ ਜਾਂਦਾ ਹੈ, ਜਿਸ ਵਿੱਚ ਸਵੈ-ਪ੍ਰਸ਼ੰਸਾ ਤੋਂ ਬਿਨਾਂ ਕੁਝ ਨਹੀਂ ਹੁੰਦਾ। ਸਵੈ-ਆਲੋਚਨਾ ਜਾਂ ਆਪਣੀਆਂ ਕਮਜ਼ੋਰੀਆਂ ਜ਼ਾਹਿਰ ਕਰਨ ਦੀ ਦਲੇਰੀ ਕੋਈ ਵਿਰਲਾ ਲੇਖਕ ਹੀ ਦਿਖਾਉਂਦਾ ਹੈ।

Advertisement

ਖ਼ੈਰ, ਮੈਂ ਇੱਥੇ ਬਲਵਿੰਦਰ ਸਿੰਘ ਭੁੱਲਰ ਦੇ ਪਾਕਿਸਤਾਨੀ ਸਫ਼ਰਨਾਮੇ ‘ਮੋਹ ਦੀਆਂ ਤੰਦਾਂ ਟੁੱਟਦੀਆਂ ਨਹੀਂ’ ਬਾਰੇ ਆਪਣੀ ਸਮਝ ਅਤੇ ਸਮਰੱਥਾ ਅਨੁਸਾਰ ਕੁੱਝ ਗੱਲਾਂ ਕਰਨੀਆਂ ਹਨ, ਭਾਵੇਂ ਕਿਸੇ ਰਚਨਾ ਦੀ ਆਲੋਚਨਾ ਜਾਂ ਮੁਲਾਂਕਣ ਕਰਨਾ ਮੇਰੇ ਅਧਿਕਾਰ ਖੇਤਰ ਵਿੱਚ ਨਹੀਂ ਹੈ। ਬਲਵਿੰਦਰ ਸਿੰਘ ਅੱਠ ਪੁਸਤਕਾਂ ਪੰਜਾਬੀ ਸਾਹਿਤ ਨੂੰ ਦੇ ਚੁੱਕਿਆ ਹੈ। ਬਲਵਿੰਦਰ ਸਿੰਘ ਨੇ ਬਠਿੰਡਾ ਦੇ ਖੇਤਰ ਵਿੱਚ ਪੱਤਰਕਾਰ ਵਜੋਂ ਆਪਣੀ ਵਿਲੱਖਣ ਪਛਾਣ ਸਥਾਪਿਤ ਕੀਤੀ ਹੈ। ਸਾਹਿਤ ਦੀ ਚੇਟਕ ਉਸ ਨੂੰ ਆਪਣੇ ਪਰਿਵਾਰ ਵਿੱਚੋਂ ਹੀ ਲੱਗੀ। ਸੁਣਿਆ ਹੈ ਕਿ ਬਲਵਿੰਦਰ ਦਾ ਦਾਦਾ ਕਵੀਸ਼ਰੀ ਕਰਦਾ ਰਿਹਾ ਹੈ। ਪਿੱਥੋ ਪਿੰਡ ਤੋਂ ਦਿੱਲੀ ਵਿੱਚ ਸਾਹਿਤ ਦੀਆਂ ਗੂੜ੍ਹੀਆਂ ਪੈੜਾਂ ਪਾਉਣ ਵਾਲਾ ਗੁਰਬਚਨ ਸਿੰਘ ਭੁੱਲਰ ਉਸ ਦਾ ਸਕਾ ਚਾਚਾ ਹੈ। ਇਸ ਤਰ੍ਹਾਂ ਸਾਹਿਤ ਰਚਣ ਦੀ ਖਾਨਦਾਨੀ ਰਵਾਇਤ ਨੂੰ ਬਲਵਿੰਦਰ ਨੇ ਅੱਗੇ ਤੋਰਿਆ ਹੈ।

ਸਫ਼ਰਨਾਮਾ ‘ਮੋਹ ਦੀਆਂ ਤੰਦਾਂ ਟੁੱਟਦੀਆਂ ਨਹੀਂ’ ਪੜ੍ਹਨ ਤੋਂ ਪਹਿਲਾਂ ਹੀ ਮੇਰੀ ਧਾਰਨਾ ਬਣ ਗਈ ਸੀ ਕਿ ਇਸ ਵਿੱਚ ਭਾਵੁਕਤਾ ਹੋਏਗੀ। 1947 ਵਿੱਚ ਵਿਛੜਿਆਂ ਦਾ ਦਰਦ ਹੋਏਗਾ। ਮੈਂ ਖ਼ੁਦ ਦੋ ਵਾਰ ਪਾਕਿਸਤਾਨ ਜਾ ਆਇਆ ਹਾਂ। ਇੱਕ ਸਫ਼ਰਨਾਮਾ ਤਾਂ ਮੈਂ ਵੀ ਲਿਖ ਮਾਰਿਆ ਸੀ, ‘ਮੈਂ ਇਵੇਂ ਵੇਖਿਆ ਪਾਕਿਸਤਾਨ’। ਬਹੁਤ ਮਿੱਤਰ ਤਾਂ ਇਹੀ ਕਹਿੰਦੇ ਹਨ, ‘ਮੈਂ ਐਵੇਂ ਵੇਖਿਆ ਪਾਕਿਸਤਾਨ’। ਬਲਵਿੰਦਰ ਗਿਆ ਤਾਂ ਭਾਵੇਂ ਗੁਰਧਾਮਾਂ ਦੇ ਦਰਸ਼ਨ ਕਰਨ ਵਾਲੇ ਜਥੇ ਨਾਲ ਸੀ। ਉਸ ਦੇ ਦੋਸਤ ਵੀ ਨਾਲ ਸਨ। ਹਰ ਪੜਾਅ ’ਤੇ ਬਲਵਿੰਦਰ ਦੀ ਪੱਤਰਕਾਰੀ ਵਿੱਚ ਮੁਹਾਰਤ ਝਲਕਦੀ ਹੈ। ਕਿੱਥੇ ਸੰਖੇਪ ਗੱਲ ਕਰਨੀ ਹੈ, ਕਿੱਥੇ ਤਫ਼ਸੀਲ ਦੀ ਲੋੜ ਹੈ, ਉਸ ਨੂੰ ਇਸ ਦੀ ਪੂਰੀ ਸਮਝ ਹੈ। ਲਾਹੌਰ ਤੇ ਉਸ ਦੇ ਆਸ-ਪਾਸ ਦੀਆਂ ਥਾਵਾਂ ਵੇਖਣ ਦੀ ਉਸ ਦੀ ਰੀਝ ਉਦੋਂ ਪੂਰੀ ਹੁੰਦੀ ਹੈ, ਜਦੋਂ ਉਹ ਆਪਣੇ ਸਾਥੀਆਂ ਨਾਲ ਜਥੇ ਤੋਂ ਅੱਡ ਹੋ ਕੇ ਕੁਝ ਦਿਨ ਹੋਰ ਲਾਹੌਰ ਵਿੱਚ ਅਟਕਣ ਦਾ ਫ਼ੈਸਲਾ ਲੈਂਦਾ ਹੈ।

ਬਲਵਿੰਦਰ ਅਤੇ ਉਸ ਦੇ ਦੋਸਤਾਂ ਨੇ ਜਿਹੜੇ ਗੁਰਧਾਮਾਂ ਦੇ ਦਰਸ਼ਨ ਕੀਤੇ, ਉਸ ਪਵਿੱਤਰ ਅਸਥਾਨ ਦਾ ਇਤਿਹਾਸ, ਉਸ ਨਾਲ ਜੁੜੀਆਂ ਕਥਾਵਾਂ, ਘਟਨਾਵਾਂ ਜਾਂ ਅਫ਼ਵਾਹਾਂ ਦਾ ਜ਼ਿਕਰ ਬਾਖ਼ੂਬੀ ਕੀਤਾ ਹੈ। ਜਿਨ੍ਹਾਂ ਪਾਠਕਾਂ ਨੇ ਇਹ ਥਾਵਾਂ ਨਹੀਂ ਵੇਖੀਆਂ, ਉਨ੍ਹਾਂ ਲਈ ਇਸ ਪੁਸਤਕ ਵਿੱਚ ਵਡਮੁੱਲੀਆਂ ਜਾਣਕਾਰੀਆਂ ਹਨ।

ਬਲਵਿੰਦਰ ਨੇ ਪਾਕਿਸਤਾਨ ਬਣਨ ਅਤੇ ਵੰਡ ਦੇ ਕਾਰਨ ਇਤਿਹਾਸਕ ਵੇਰਵੇ ਪ੍ਰਾਪਤ ਕਰਕੇ ਦਰਜ ਕੀਤੇ ਹਨ। ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ, ਜੰਗਾਂ ਅਤੇ ਸ਼ਾਹੀ ਕਿਲ੍ਹਾ ਲਾਹੌਰ ਬਾਰੇ ਇਸ ਪੁਸਤਕ ਵਿੱਚ ਪਾਠਕਾਂ ਲਈ ਸਾਂਭਣਯੋਗ ਸਮੱਗਰੀ ਹੈ। ਬਲਵਿੰਦਰ ਨੇ ਬੜੀ ਮਿਹਨਤ ਨਾਲ ਇਤਿਹਾਸਕ ਥਾਵਾਂ ਬਾਰੇ ਪੂਰੇ ਵੇਰਵੇ ਹਾਸਲ ਕਰਕੇ ਇਹ ਸਫ਼ਰਨਾਮਾ ਲਿਖਿਆ ਹੈ। ਸਫ਼ਰਨਾਮੇ ਇਸ ਤਰ੍ਹਾਂ ਹੀ ਲਿਖੇ ਜਾਣੇ ਚਾਹੀਦੇ ਹਨ।

ਬਲਵਿੰਦਰ ਨੂੰ ਮਹਿਸੂਸ ਹੁੰਦਾ ਹੈ ਕਿ ਦੋਵੇਂ ਪੰਜਾਬਾਂ ਦੇ ਲੋਕ ਇੱਕ-ਦੂਜੇ ਨੂੰ ਬੇਹੱਦ ਪਿਆਰ ਕਰਦੇ ਹਨ, ਪਰ ਸਰਕਾਰਾਂ ਆਪਣੇ ਸਿਆਸੀ ਹਿੱਤਾਂ ਲਈ ਹਰ ਵੇਲੇ ਸਾਂਝਾਂ ਦੇ ਵਿਹੜੇ ਵਿੱਚ ਸੇਹ ਦਾ ਤੱਕਲਾ ਗੱਡੀ ਰੱਖਦੀਆਂ ਹਨ। ਭੁੱਲਰ ਨੂੰ ਇਹ ਦੁੱਖ ਵੀ ਹੈ ਕਿ ਇੱਥੋਂ ਦੇ ਸਥਾਨਕ ਲੋਕ ਆਪਣੇ ਲੋਕ-ਨਾਇਕਾਂ ਬਾਰੇ ਬਹੁਤ ਘੱਟ ਜਾਣਕਾਰੀ ਰੱਖਦੇ ਹਨ। ਪਿੰਡਾਂ ਦੀ ਹਾਲਤ ਖਸਤਾ ਹੈ, ਗਲੀਆਂ/ਰਾਹ ਕੱਚੇ ਹਨ, ਕੰਧਾਂ ’ਤੇ ਪਲੱਸਤਰ ਨਹੀਂ ਹੈ, ਪਰ ਲੋਕ ਮੋਹ ਨਾਲ ਭਰੇ ਹੋਏ ਹਨ। ਚੜ੍ਹਦੇ ਪੰਜਾਬ ਵਾਲਿਆਂ ਨੂੰ ਤੱਕ ਕੇ ਉਨ੍ਹਾਂ ਦਾ ਚਾਅ ਵੇਖਣ ਵਾਲਾ ਹੁੰਦਾ ਹੈ। ਕੁਝ ਮਹੱਤਵਪੂਰਨ ਥਾਵਾਂ ਨਾ ਵੇਖ ਸਕਣ ਦਾ ਬਲਵਿੰਦਰ ਨੂੰ ਦੁੱਖ ਹੈ, ਪਰ ਇਸ ਦੇ ਬਾਵਜੂਦ ਆਪਣੇ ਪੱਤਰਕਾਰੀ ਸੁਭਾਅ ਦੀ ਵਰਤੋਂ ਕਰਦਿਆਂ ਅਣਦੇਖੀਆਂ ਥਾਵਾਂ ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ ਹੋਈ ਹੈ। ਇਹ ਪੁਸਤਕ ਸਫ਼ਰਨਾਮਾ ਹੀ ਨਹੀਂ ਸਗੋਂ ਮੁੱਲਵਾਨ ਦਸਤਾਵੇਜ਼ ਹੈ।

ਸੰਪਰਕ: 98147-83069

Advertisement
×